ਅਮਰੀਕਾ ‘ਚ ਹੁਣ ਹਸਪਤਾਲ ਵੀ ਸੁਰੱਖਿਅਤ ਨਹੀਂ?

ਅਮਰੀਕਾ ‘ਚ ਹੁਣ ਹਸਪਤਾਲ ਵੀ ਸੁਰੱਖਿਅਤ ਨਹੀਂ?

ਅਮਰੀਕਾ ਦੇ ਓਕਲਾਹੋਮਾ ਵਿੱਚ ਹਮਲਾਵਰ ਨੇ ਹਸਪਤਾਲ ਨੂੰ ਬਣਾਇਆ ਨਿਸ਼ਾਨਾ; 4 ਲੋਕਾਂ ਦੀ ਮੌਤ

ਵਾਸ਼ਿੰਗਟਨ : ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਅਮਰੀਕਾ ਦੇ ਓਕਲਾਹੋਮਾ ਸੂਬੇ ‘ਚ ਬੁੱਧਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ। ਇੱਥੋਂ ਦੇ ਟੁਲਸਾ ਸ਼ਹਿਰ ਦੇ ਸੇਂਟ ਫਰਾਂਸਿਸ ਹਸਪਤਾਲ ਵਿੱਚ ਹੋਈ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਲੋਕ ਜ਼ਖ਼ਮੀ ਹੋ ਗਏ।
ਟੁਲਸਾ ਦੇ ਉਪ ਪੁਲਿਸ ਮੁਖੀ ਜੋਨਾਥਨ ਬਰੂਕਸ ਨੇ ਹਮਲਾਵਰ ਸਮੇਤ ਪੰਜ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੂੰ ਆਪਣੀ ਹੀ ਬੰਦੂਕ ਤੋਂ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਫਿਲਹਾਲ ਹਮਲਾਵਰ ਦੀ ਪਛਾਣ ਜਾਰੀ ਨਹੀਂ ਕੀਤੀ ਗਈ। ਹਮਲਾਵਰ ਨੇ ਗੋਲੀਬਾਰੀ ਦੌਰਾਨ ਬੰਦੂਕ ਅਤੇ ਰਾਈਫਲ ਦੀ ਵਰਤੋਂ ਕੀਤੀ। ਘਟਨਾ ਤੋਂ ਬਾਅਦ ਸੇਂਟ ਫਰਾਂਸਿਸ ਹਸਪਤਾਲ ਦੀ ਨੈਟਲੀ ਬਿਲਡਿੰਗ ਨੂੰ ਬੰਦ ਕਰ ਦਿੱਤਾ ਗਿਆ।
ਡਿਪਟੀ ਚੀਫ਼ ਬਰੂਕਸ ਨੇ ਦੱਸਿਆ ਕਿ ਗੋਲੀਬਾਰੀ ਦੀ ਸੂਚਨਾ ਮਿਲਣ ਦੇ 3 ਮਿੰਟ ਦੇ ਅੰਦਰ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਨੇ ਇਮਾਰਤ ‘ਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਉਹ ਦੂਜੀ ਮੰਜ਼ਿਲ ‘ਤੇ ਪਹੁੰਚ ਗਏ। ਘਟਨਾ ਸਮੇਂ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਇਡਨ ਨੂੰ ਟੁਲਸਾ ਵਿੱਚ ਗੋਲੀਬਾਰੀ ਦੀ ਸੂਚਨਾ ਤੁਰੰਤ ਦੇ ਦਿੱਤੀ ਗਈ ਸੀ । ਜ਼ਖਮੀਆਂ ਦੀ ਮਦਦ ਲਈ ਰਾਜ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਹਿਾ ਹੈ।
ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਨਿਊ ਓਰਲੀਨਜ਼ ਵਿੱਚ ਮੰਗਲਵਾਰ ਨੂੰ ਇੱਕ ਹਾਈ ਸਕੂਲ ਗ੍ਰੈਜੂਏਸ਼ਨ ਸਮਾਰੋਹ ਵਿੱਚ ਗੋਲੀਬਾਰੀ ਦੇ ਬਾਅਦ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਅਤੇ ਦੋ ਲੋਕ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਇੱਥੇ ਟੈਕਸਾਸ ਸੂਬੇ ਦੇ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 19 ਵਿਦਿਆਰਥੀਆਂ ਸਮੇਤ ਦੋ ਅਧਿਆਪਕਾਂ ਦੀ ਮੌਤ ਹੋ ਗਈ ਸੀ।