ਓਪਰੇਸ਼ਨ ਬਲਿਊ ਸਟਾਰ ਦੀਆਂ ਯਾਦਾਂ ਵਿਚੋਂ ਕੁਝ ਅਭੁੱਲ ਯਾਦਾਂ

ਓਪਰੇਸ਼ਨ ਬਲਿਊ ਸਟਾਰ ਦੀਆਂ ਯਾਦਾਂ ਵਿਚੋਂ ਕੁਝ ਅਭੁੱਲ ਯਾਦਾਂ

ਫੌਜੀ ਬੂਟਾਂ ਨੇ 3 ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਵੱਲ ਆਪਣਾ ਮਾਰਚ ਸ਼ੁਰੂ ਕਰ ਦਿੱਤਾ ਸੀ। ਵੈਸੇ ਮਈ ਦੇ ਆਖਰੀ ਪੰਦਰਵਾੜੇ ਵਿਚ ਹੀ ਫੌਜ ਦੇ ਕਈ ਦਸਤੇ ਸ੍ਰੀ ਅੰਮ੍ਰਿਤਸਰ ਪਹਿਲਾਂ ਹੀ ਪਹੁੰਚ ਚੁੱਕੇ ਸਨ ਅਤੇ ਫੌਜੀ ਅਫਸਰ ਇਸ ਗੱਲ ਦਾ ਜਾਇਜ਼ਾ ਲੈ ਰਹੇ ਸਨ ਕਿ ਉਹਨਾਂ ਨੇ ਕਿਸ ਥਾਂ ‘ਤੇ ਪੁਜ਼ੀਸ਼ਨਾਂ ਲੈਣੀਆਂ ਹਨ। ਪੰਜ ਦਰਿਆਵਾਂ ਦੀ ਸਾਰੀ ਧਰਤੀ ਕਰਫਿਊ ਦੀ ਲਪੇਟ ਵਿਚ ਸੀ। ਨਾ ਕੋਈ ਪਿੰਡ ਤੇ ਨਾ ਕੋਈ ਸ਼ਹਿਰ ਕਰਫਿਊ ਦੇ ਘੇਰੇ ਵਿਚੋਂ ਬਾਹਰ ਸੀ। ਅਜਿਹਾ ਪੰਜਾਬ ਵਿਚ ਪਹਿਲੀ ਵਾਰ ਹੋਇਆ ਸੀ ਅਤੇ ਸ਼ਾਇਦ ਦੁਨੀਆਂ ਵਿਚ ਇਹੋ ਜਿਹੀ ਮਿਸਾਲ ਪਹਿਲੀ ਵਾਰ ਸੀ ਜਦੋਂ ਇਕ ਇਤਿਹਾਸਕ ਸੂਬੇ ਵਿਚ ਦੋ ਕਰੋੜ ਦੀ ਵੱਸੋਂ ਉੱਤੇ ਘਰਾਂ ਵਿਚੋਂ ਬਾਹਰ ਨਿਕਲਣ ‘ਤੇ ਪਾਬੰਦੀ ਲਾ ਦਿੱਤੀ ਗਈ ਸੀ। ਅਖ਼ਬਾਰਾਂ ਆਪਣੇ ਦਫ਼ਤਰ ਬੰਦ ਕਰ ਰਹੀਆਂ ਸਨ ਅਤੇ ਅਸੀਂ ਪੱਤਰਕਾਰ ਆਪਣੇ ਘਰਾਂ ਵੱਲ ਜਾਣ ਦੀ ਤਿਆਰੀ ਕਰ ਰਹੇ ਸੀ। ਅੰਮ੍ਰਿਤਸਰ ਤੋਂ ਸਾਡੇ ਵਿਸ਼ੇਸ਼ ਪ੍ਰਤੀਨਿਧ ਪੀ.ਪੀ.ਐਸ. ਗਿੱਲ ਦੀ ਇਕ ਨਿਊਜ਼ ਸਟੋਰੀ ਟੈਲੀਪ੍ਰਿੰਟਰ ਉੱਤੇ ਟਿਕ ਟਿਕ ਕਰ ਰਹੀ ਸੀ ਪਰ ਛੇਤੀ ਹੀ ਸਾਰਾ ਕੁਝ ਇਕਦਮ ਬੰਦ ਸੀ ਜਿਵੇਂ ਹਰ ਜਿਊਂਦੀ ਤੇ ਨਿਰਜੀਵ ਚੀਜ਼ ‘ਤੇ ਪਹਿਰਾ ਲੱਗ ਗਿਆ ਹੋਵੇ। ਸ੍ਰੀ ਦਰਬਾਰ ਸਾਹਿਬ ਵਿਚ ਆਉਣ ਵਾਲੇ ਭਿਆਨਕ ਕੱਲ੍ਹ ਦੇ ਸਾਰੇ ਦਰਦਨਾਕ ਦ੍ਰਿਸ਼ ਧੁੰਦਲੇ ਰੂਪ ਵਿਚ ਫਿਲਮ ਦੀ ਕਿਸੇ ਰੀਲ ਵਾਂਗ ਨਜ਼ਰਾਂ ਤੋਂ ਅੱਗੜ-ਪਿੱਛੜ ਲੰਘਦੇ ਜਾ ਰਹੇ ਸਨ। ਚੰਡੀਗੜ੍ਹ ਦੀਆਂ ਸੜਕਾਂ ਉੱਤੇ ਸਕੂਟਰ ਸ਼ਾਮਲ ਸੀ। ਸਕੂਟਰ ਉੱਤੇ ਜਾਂਦਿਆਂ ਮੈਂ ਵੇਖਿਆ ਕਿ 22 ਸੈਕਟਰ ਦੇ ਗੁਰਦੁਆਰੇ ਅੱਗੇ ਗਿਣਤੀ ਦੇ ਕੁਝ ਸਿੰਘ ਹੌਲੀ-ਹੌਲੀ ਗੱਲਾਂ ਕਰ ਰਹੇ ਸਨ। ਉਹਨਾਂ ਦੇ ਚਿਹਰਿਆਂ ਉੱਤੇ ਡੂੰਘੀ ਉਦਾਸੀ ਅਤੇ ਬੇਬਸੀ ਦੀ ਝਲਕ ਸਾਫ਼ ਵੇਖੀ ਜਾ ਸਕਦੀ ਸੀ। ਉਹਨਾਂ ਸਮਿਆਂ ਵਿਚ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਬਾਹਰੋਂ-ਬਾਹਰੋਂ ਵੇਖਿਆਂ ਕੁਝ ਵੀ ਵੱਖਰਾ-ਵੱਖਰਾ ਨਹੀਂ ਦਿਸਦਾ ਸੀ ਪਰ ਅੰਦਰੋ-ਅੰਦਰੀ ਦੋਵਾਂ ਦਰਮਿਆਨ ਵੰਡ ਦੀ ਇਕ ਡੂੰਘੀ ਲਕੀਰ ਖਿੱਚੀ ਗਈ ਸੀ। ਟੀ.ਵੀ. ਉਤੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਭਾਸ਼ਣ ਮਗਰੋਂ ਦੋਵਾਂ ਨੇ ਮਿੰਟਾਂ ਸਕਿੰਟਾਂ ਵਿਚ ਆਪਣੇ-ਆਪਣੇ ਮਨਾਂ ਵਿਚ ਇਕ ਵੱਡੀ ਕੰਧ ਉਸਾਰ ਲਈ ਸੀ। ਜੇ ਦੋਵੇਂ ਕੌਮਾਂ ਦੀ ਉਹਨਾਂ ਘੜੀਆਂ ਪਲਾਂ ਵਿਚ ਅੰਦਰੂਨੀ ਮਾਨਸਿਕ ਸਥਿਤੀ ਦਾ ਨਿਰਪੱਖ ਅਨੁਮਾਨ ਲਾਇਆ ਜਾਵੇ ਤਾਂ ਇਹ ਅਣਦਿਸਦੀ ਕੰਧ ਕੰਕਰੀਟ ਤੋਂ ਵੀ ਪੱਕੀ ਅਤੇ ਮਜ਼ਬੂਤ ਲੱਗਦੀ ਸੀ। ਹਾਲਾਤ ਨੂੰ ਵੇਖਣ ਦਾ ਨਜ਼ਰੀਆ ਦੋਵਾਂ ਕੌਮਾਂ ਵਿਚ ਇਕ ਦੂਜੇ ਤੋਂ ਉਲਟ ਸੀ। ਸਿੱਖਾਂ ਵਾਸਤੇ ਪੱਕੀਆਂ ਤੇ ਭਰੋਸੇਯੋਗ ਖ਼ਬਰਾਂ ਲਈ ਬੀ.ਬੀ.ਸੀ. ਹੀ ਇਕੋ ਇਕ ਸਾਧਨ ਰਹਿ ਗਿਆ ਸੀ ਪਰ ਕਿਉਂਕਿ ਵਿਦੇਸ਼ੀ ਪੱਤਰਕਾਰਾਂ ਨੂੰ ਵੀ ਪੰਜਾਬ ਛੱਡ ਦੇਣ ਲਈ ਕਹਿ ਦਿੱਤਾ ਗਿਆ ਸੀ, ਇਸ ਲਈ ਰੇਡੀਓ ਤੇ ਦੂਰਦਰਸ਼ਨ ਦੀਆਂ ਮਨਘੜ੍ਹਤ ਤੇ ਕੱਚੀਆਂ-ਪੱਕੀਆਂ ਖ਼ਬਰਾਂ ਨੂੰ ਹਰ ਕੋਈ ਪੁਣ-ਛਾਣ ਕੇ ਆਪਣੇ-ਆਪਣੇ ਹਿਸਾਬ ਨਾਲ ਕੱਚੇ ਪਿੱਲੇ ਨਤੀਜੇ ਕੱਢ ਕੇ ਤਸੱਲੀਆਂ ਹਾਸਲ ਕਰ ਰਿਹਾ ਸੀ। ਨਿੰਮੋਝੂਣ ਹੋਈਆਂ ਉਦਾਸ ਨਿਗਾਹਾਂ ਮਨ ਦੀ ਸਵਾਰੀ ਕਰਕੇ ਉਸ ਥਾਂ ਵੱਲ ਟਿਕੀਆਂ ਹੋਈਆਂ ਸਨ ਜਿਥੇ ਰੱਬ ਦੀ ਸਿਫ਼ਤ ਸਾਲਾਹ ਵਾਲੇ ਕੀਰਤਨ ਦੀ ਥਾਂ ਗੋਲੀਆਂ ਦਾ ਮੀਂਹ ਵਰ੍ਹ ਰਿਹਾ ਸੀ। ਹਰ ਸਿੱਖ ਇਹ ਜਾਣਨ ਲਈ ਹੱਦੋਂ ਵੱਧ ਉਤਾਵਲਾ ਸੀ ਕਿ ਓਥੇ ਕੀ ਹੋ ਰਿਹਾ ਹੈ? ਸਿੰਘ ਸੂਰਮੇ ਮੁਕਾਬਲਾ ਕਰ ਰਹੇ ਹਨ? ਉਨ੍ਹਾਂ ਮਰਦਾਂ, ਇਸਤਰੀਆਂ, ਬਜ਼ੁਰਗਾਂ ਤੇ ਬੱਚਿਆਂ ਨਾਲ ਕੀ ਭਾਣਾ ਬੀਤਿਆ ਹੋਇਆ ਹੋਵੇਗਾ ਜੋ ਪੰਜਵੇਂ ਗੁਰੂ ਦਾ ਸ਼ਹੀਦੀ ਦਿਵਸ ਮਨਾਉਣ ਲਈ ਇਕੱਠੇ ਹੋਏ ਹਨ? ਅਜਿਹੀ ਹਾਲਤ ਵਿਚ ਕਿੰਨੇ ਕੁ ਘਰਾਂ ਨੂੰ ਸੁੱਖੀ-ਸਾਂਦੀ ਪਰਤ ਸਕਣਗੇ? ‘ਨਵੇਂ ਅਬਦਾਲੀ’ ਨੇ ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਦੀ ਪਾਵਨ ਇਮਾਰਤ ਦਾ ਕੀ ਹਾਲ ਕਰ ਦਿੱਤਾ ਹੋਵੇਗਾ? ਗੱਲ ਕੀ ਉਸ ਸਮੇਂ ਸਾਰੀ ਕੌਮ ਦੀਆਂ ਯਾਦਾਂ ਵਿਚ ਪਿੱਛਲਾ ਸਿੱਖ ਇਤਿਹਾਸ ਸਾਕਾਰ ਹੋ ਰਿਹਾ ਸੀ। ਸਾਰੀ ਕੌਮ ਦੇ ਦਿਲ ਸੁਚੇਰੇ ਰੂਪ ਵਿਚ ਉਹਨਾਂ ਸਿੰਘਾਂ ਨਾਲ ਅਰਦਾਸ ਵਿਚ ਜੁੜੇ ਹੋਏ ਸਨ ਜਿਨ੍ਹਾਂ ਨੇ ਦੁਨੀਆਂ ਦੀ ਇਸ ਅਸਾਂਵੀਂ ਜੰਗ ਵਿਚ ਭਾਰਤੀ ਫੌਜ ਦੇ ਭਾਰੀ ਲਸ਼ਕਰਾਂ ਨੂੰ 60 ਘੰਟਿਆਂ ਤਕ ਰੋਕ ਕੇ ਰੱਖਿਆ ਸੀ।….ਤੇ ਫਿਰ ਜੰਗ ਖ਼ਤਮ ਹੋਈ। ਸੈਂਸਰ ਦੇ ਭਾਰ ਹੇਠੋਂ ਦੱਬੀਆਂ ਖ਼ਬਰਾਂ ਵਿਚੋਂ ਵੀ ਜਦੋਂ ਲੋਕਾਂ ਨੇ ਸੱਚ ਪੜ੍ਹਿਆ ਤੇ ਅੱਖੀਂ ਵੇਖਿਆ ਉਸ ਨਾਲ ਸਾਰੀ ਕੌਮ ਇਕ ਵਾਰ ਤਾਂ ਸੁੰਨ-ਮਸੁੰਨ ਹੋ ਕੇ ਰਹਿ ਗਈ ਸੀ। ਹਜ਼ਾਰਾਂ ਨੌਜਵਾਨ ਆਪਣੀਆਂ ਪੜ੍ਹਾਈਆਂ ਛੱਡ ਕੇ ਉਹਨਾਂ ਰਸਤਿਆਂ ‘ਤੇ ਪੈ ਗਏ ਸਨ ਜਿਨ੍ਹਾਂ ਰਸਤਿਆਂ ਉਤੇ ਤੁਰਨ ਦੇ ਦਰਦ ਦੀ ਸਾਚੀ ਸਾਖੀ ਹੁਣ ਇਤਿਹਾਸ ਦਾ ਹਿੱਸਾ ਹੈ। ਪਰ ਇਹ ਸਾਡੀਆਂ ਯਾਦਾਂ ਵਿਚ ਸਾਡੇ ਸਾਹਾਂ ਦੇ ਨਾਲ ਹੀ ਮੁੱਕੇਗੀ। ਅਮਰੀਕਾ ਦੀ ਇਕ ਮਹਾਨ ਕਲਾਕਾਰ ਗ੍ਰੈਂਡਮਾ ਮੌਜ਼ਿਜ਼ (1860-1961) ਯਾਦ ਦੀ ਬਰਕਤ ਤੇ ਮਹਾਨਤਾ ਬਾਰੇ ਬੜੀ ਖ਼ੂਬਸੂਰਤ ਪਰਿਭਾਸ਼ਾ ਕਰਦੀ ਹੋਈ ਸਾਨੂੰ ਦੱਸਦੀ ਹੈ ਕਿ ਯਾਦ ਅਤੇ ਉਮੀਦ ਇਕੋ ਹੀ ਤਸਵੀਰ ਦੇ ਦੋ ਪਾਸੇ ਦਾ ਮੂੰਹ ਅਗਾਂਹ ਵੱਲ ਨੂੰ। ਇਕ ਅੱਜ ਦੀ ਗੱਲ ਕਰਦਾ ਹੈ ਅਤੇ ਦੂਜੇ ਵਿਚ ਆਉਣ ਵਾਲਾ ਕੱਲ੍ਹ ਛੁਪਿਆ ਹੁੰਦਾ ਹੈ। ਯਾਦ ਇਕ ਤਰ੍ਹਾਂ ਦਾ ਇਤਿਹਾਸ ਹੈ ਜਿਹੜਾ ਸਾਡੇ ਦਿਮਾਗ਼ਾਂ ਵਿਚ ਸਾਂਭਿਆ ਜਾਂਦਾ ਹੈ। ਯਾਦ ਇਕ ਚਿੱਤਰਕਾਰ ਦੀ ਤਰ੍ਹਾਂ ਵੀ ਹੁੰਦੀ ਹੈ ਜੋ ਬੀਤੇ ਦਾ ਵੀ ਅਤੇ ਅੱਜ ਦਾ ਵੀ ਨਕਸ਼ਾ ਖਿੱਚਦੀ ਹੈ। ਆਪਣੇ ਦੇਸ਼ ਦੀਆਂ ਬਹੁਤੀਆਂ ਅਖ਼ਬਾਰਾਂ ਨੇ ਮੌਤ ਦੇ ਇਸ ਤਾਂਡਵ ਨਾਚ ਦੀ ‘ਸਫਲਤਾ’ ‘ਤੇ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਸ੍ਰੀ ਦਰਬਾਰ ਸਾਹਿਬ ਉਤੇ ਧਾਵਾ ਬੋਲਣ ਵਾਲੇ ਇਕ ਜਰਨੈਲ ਕੇ.ਐਸ. ਬਰਾੜ ਨੇ ਤਾਂ ਇਹ ਖ਼ੁਦ ਮੰਨਿਆ ਕਿ ਇਕ ਕੌਮ ਦੇ ਕੁਝ ਲੋਕ ਖੁਸ਼ੀ ਵਿਚ ਫੌਜੀਆਂ ਨੂੰ ਮਠਿਆਈਆਂ ਵੰਡਣ ਲਈ ਵੀ ਆਏ। ਇੰਝ ਹਾਲਾਤ ਦਾ ਸੱਚ ਸੱਚਮੁਚ ਹੀ ਕਿਨਾਰੇ ‘ਤੇ ਚਲਾ ਗਿਆ ਸੀ। ਪਰ ਦੂਜੇ ਪਾਸੇ ਵਿਦੇਸ਼ੀ ਅਖ਼ਬਾਰਾਂ ਸੱਚ ਨੂੰ ਜੱਗ ਜਾਹਰ ਕਰਨ ਲਈ ਇਕ ਦੂਜੇ ਤੋਂ ਅੱਗੇ ਜਾ ਰਹੀਆਂ ਸਨ। ਉਹਨਾਂ ਵਿਚੋਂ ਹੀ ਇਕ ਪ੍ਰਸਿੱਧ ਅਖ਼ਬਾਰ ‘ਡੇਲੀ ਐਕਸਪ੍ਰੈਸ’ ਲੰਡਨ ਵਲੋਂ 19 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਦੀ ਸਥਿਤੀ ਬਾਰੇ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਕੁਝ ਇਸ ਤਰ੍ਹਾਂ ਦੀ ਖ਼ਬਰ ਦਿੱਤੀ ਗਈ: ”ਹਰਿਮੰਦਰ ਦੇ ਅਸ਼ਾਂਤ ਵਾਤਾਵਰਣ ਨੂੰ ਸ਼ਾਂਤ ਕਰਨ ਲਈ ਵੀ ਕੋਈ ਵੀ ਅਰਦਾਸ ਨਹੀਂ ਹੋ ਰਹੀ….ਸੰਗੀਤ ਦੇ ਸਾਜ਼ ਜੋ ਕਿ ਸਦੀਆਂ ਤੋਂ ਆਪਣੀਆਂ ਅਨਹਦ ਧੁਨਾਂ ਨਾਲ ਅੰਮ੍ਰਿਤ ਦੀ ਵਰਖਾ ਕਰਦੇ ਆ ਰਹੇ ਸਨ, ਹੁਣ ਪੂਰੀ ਤਰ੍ਹਾਂ ਖ਼ਾਮੋਸ਼ ਹਨ। ਓਥੇ ਕੋਈ ਵੀ ਸ਼ਰਧਾਲੂ ਨਹੀਂ ਸਿਰਫ਼ ਫੌਜ ਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਵਾਲਾ ਕੋਈ ਨਹੀਂ ਰਹਿ ਗਿਆ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਵੈਟੀਕਨ (ਈਸਾਈਆਂ ਦਾ ਸਰਬਉੱਚ ਧਾਰਮਿਕ ਸਥਾਨ) ਪੋਪ ਤੋਂ ਬਿਨਾਂ ਹੋਵੇ। ਹਰਿਮੰਦਰ ਦੇ ਸਾਹਮਣੇ ਅਕਾਲ ਤਖ਼ਤ ਖ਼ਾਮੋਸ਼ ਹੈ। ਇੰਦਰਾ ਗਾਂਧੀ ਨੇ ਇਹ ਕੁਕਰਮ ਕਰਕੇ ਆਉਣ ਵਾਲੀ ਨਸਲ ਲਈ ਇਕ ਕੌੜੀ ਫਸਲ ਤਿਆਰ ਕਰ ਲਈ ਹੈ।” ਲੰਡਨ ਤੋਂ ਛਪਦੇ ‘ਟਾਈਮਜ਼’ ਨੇ 21 ਜੂਨ 1984 ਵਾਲੇ ਦਿਨ ਸੰਤ ਜਰਨੈਲ ਸਿੰਘ ਨੂੰ ਕੁਝ ਇਸ ਤਰ੍ਹਾਂ ਸ਼ਰਧਾਂਜਲੀ ਦਿੱਤੀ: ”ਸਿੱਖ ਸ਼ਹੀਦਾਂ ਦੀ ਲੰਮੀ ਕਤਾਰ ਵਿਚ ਸੰਤ ਜਰਨੈਲ ਸਿੰਘ ਨੇ ਆਪਣਾ ਨਾਂਅ ਜੋੜ ਕੇ ਪਿਛਲੇ ਹਫ਼ਤੇ ਗੋਲੀਆਂ ਦੀ ਬੁਛਾੜ ਵਿਚ ਜੋ ਸ਼ਹੀਦੀ ਪਾਈ ਹੈ ਉਹ ਹਿੰਦੁਸਤਾਨ ਦੀ ਤਾਨਾਸ਼ਾਹੀ ਹਕੂਮਤ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ਤਰਾ ਸਾਬਿਤ ਹੋ ਸਕਦੀ ਹੈ ਜਦ ਸੰਤ ਜਰਨੈਲ ਸਿੰਘ ਜਿਉਂਦੇ ਸਨ।”
– ਕਰਮਜੀਤ ਸਿੰਘ, ਚੰਡੀਗੜ੍ਹ