ਭਗਤਾ ਭਾਈ ਕਾ ਦੇ ਹਾਕੀ ਖਿਡਾਰੀ ਗੁਰਵੀਰ ਸਿੰਘ ਮੰਘੇੜਾ ਦੀ ਕੈਨੇਡਾ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਲਈ ਹੋਈ ਚੋਣ

ਭਗਤਾ ਭਾਈ ਕਾ ਦੇ ਹਾਕੀ ਖਿਡਾਰੀ ਗੁਰਵੀਰ ਸਿੰਘ ਮੰਘੇੜਾ ਦੀ ਕੈਨੇਡਾ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਲਈ ਹੋਈ ਚੋਣ

18 ਸਾਲ ਉਮਰ ਵਰਗ ਲਈ ਖੇਡੇਗਾ ਬੀ. ਸੀ. ਟੀਮ ਵੱਲੋਂ
ਵੈਨਕੂਵਰ, (ਸੀ ਪੀ ਟੀ ਨਿਊਜ਼): 29 ਜੁਲਾਈ ਤੋਂ 3 ਅਗਸਤ 2022 ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਰਵਾਸੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਸਰੀ ਵਿਖੇ ਹੋਣ ਜਾ ਰਹੀ ਕੈਨੇਡਾ ਨੈਸ਼ਨਲ ਫੀਲਡ ਹਾਕੀ ਚੈਂਪੀਅਨਸ਼ਿਪ ਲਈ ਗੁਰਵੀਰ ਸਿੰਘ ਮੰਘੇੜਾ ਬ੍ਰਿਟਿਸ਼ ਕੋਲੰਬੀਆ ਸੂਬੇ ਦੀ 18 ਸਾਲ ਤੋਂ ਘੱਟ ਉਮਰ ਵਰਗ ਦੀ ਫੀਲਡ ਹਾਕੀ ਟੀਮ ‘ਚ ਚੁਣਿਆ ਗਿਆ ਹੈ। ਗੁਰਵੀਰ ਮੰਘੇੜਾ ਭਾਰਤੀ ਪੰਜਾਬ ਦੇ ਇਤਿਹਾਸਿਕ ਪਿੰਡ ਭਗਤਾ ਭਾਈ ਕਾ ਦੇ ਦਰਸ਼ਨ ਸਿੰਘ ਫ਼ੌਜੀ ਦਾ ਪੋਤਾ ਹੈ ਜੋ ਕਿ ਆਪਣੇ ਸਮੇਂ ਵਿੱਚ ਹਾਕੀ ਦੇ ਚੰਗੇ ਨਾਮਵਰ ਖਿਡਾਰੀ ਰਹੇ ਹਨ। ਗੁਰਵੀਰ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਗੱਲਬਾਤ ਕਰਨ ਉਪਰੰਤ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕੈਨੇਡਾ ‘ਚ ਬਰਨਬੀ ਵਿਖੇ ਲੰਬੇ ਸਮੇਂ ਤੋਂ ਰਹਿ ਰਿਹਾ ਹੈ ਅਤੇ ਗੁਰਵੀਰ ਕੈਨੇਡਾ ਦਾ ਜੰਮਪਲ ਹੈ ਜਿਸ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਸ਼ੌਕ ਹੈ। ਦਾਦੇ ਦਰਸ਼ਨ ਸਿੰਘ ਫ਼ੌਜੀ ਮੁਤਾਬਕ ਹਾਕੀ ਖੇਡ ਨਾਲ ਉਨ੍ਹਾਂ ਦੇ ਪਰਿਵਾਰ ਦਾ ਹੁਣ ਤੱਕ ਚੰਗਾ ਵਾਸਤਾ ਚੱਲਿਆ ਆ ਰਿਹਾ। ਉਨ੍ਹਾਂ ਦੱਸਿਆ ਕਿ ਭਾਰਤ ‘ਚ ਰਹਿੰਦਿਆਂ ਉਨ੍ਹਾਂ ਦਾ ਬੇਟਾ ਗੁਰਪ੍ਰੀਤ ਸਿੰਘ ਵੀ ਹਾਕੀ ਖਿਡਾਰੀ ਰਿਹਾ ਹੈ ਪਰ ਕੈਨੇਡਾ ‘ਚ ਆਉਣ ਪਿੱਛੋਂ ਕੰਮਾਂ ਕਾਰਾਂ ਕਰਕੇ ਭਾਵੇਂ ਉਨ੍ਹਾਂ ਦਾ ਸੰਬੰਧ ਹਾਕੀ ਨਾਲੋਂ ਟੁੱਟਣ ਕਿਨਾਰੇ ਹੋ ਗਿਆ ਸੀ ਪਰ ਫਿਰ ਵੀ ਸਮੇਂ ਮੁਤਾਬਿਕ ਉਨ੍ਹਾਂ ਦੇ ਪੋਤੇ ਗੁਰਵੀਰ ਨੇ ਆਪਣੇ ਪਰਿਵਾਰ ਨੂੰ ਕੈਨੇਡਾ ਵਿੱਚ ਵੀ ਫੀਲਡ ਹਾਕੀ ਨਾਲ ਜੋੜ ਲਿਆ। ਗੁਰਵੀਰ ਨੇ ਹਾਕੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਹਾਕੀ ਲਈ ਸਖ਼ਤ ਮਿਹਨਤ ਕਰ ਰਿਹਾ ਹੈ ਤੇ ਇੱਕ ਦਿਨ ਕੈਨੇਡਾ ਦੀ ਨੈਸ਼ਨਲ ਟੀਮ ਦਾ ਮੈਂਬਰ ਬਣ ਕੇ ਆਪਣੇ ਪਿੰਡ ਭਗਤਾ ਭਾਈ ਕਾ ਦਾ ਨਾਂ ਚਮਕਾਉਣਾ ਚਾਹੁੰਦਾ ਹੈ।