ਪ੍ਰੈਸ ਦੀ ਆਜ਼ਾਦੀ ਦਿਹਾੜੇ ਮੌਕੇ ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ. ਵਲੋਂ ਪੱਤਰਕਾਰਾਂ ਦੇ ਹੱਕ ਵਿਚ ਕੱਢੀ ਰੈਲੀ

 

ਪ੍ਰੈਸ ਦੀ ਆਜ਼ਾਦੀ ਦਿਹਾੜੇ ਮੌਕੇ ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ. ਵਲੋਂ ਪੱਤਰਕਾਰਾਂ ਦੇ ਹੱਕ ਵਿਚ ਕੱਢੀ ਰੈਲੀ

ਸਰੀ, ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜੇ ਮੌਕੇ ਸਰੀ ਹੌਲੈਂਡ ਪਾਰਕ ਵਿੱਚ ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ. ਵਲੋਂ ਪੱਤਰਕਾਰਾਂ ਦੇ ਹੱਕ ਵਿਚ ਆਵਾਜ਼ ਚੁੱਕੀ ਗਈ ਹੈ। ਇਸ ਦੇ ਨਾਲ ਹੀ ਇਕ ਰੈਲੀ ਵੀ ਕੀਤੀ ਗਈ ਹੈ ਅਤੇ ਪੱਤਰਕਾਰਾਂ ਦੀ ਆਜ਼ਾਦੀ ਦਾ ਮੁੱਦਾ ਚੁੱਕਿਆ।
ਇਸ ਰੈਲੀ ਵਿਚ ਜਿਸ ਵਿੱਚ ਬੀ.ਸੀ. ਫੈਡਰੇਸ਼ਨ ਆਫ਼ ਲੇਬਰ ਦੇ ਸੈਕਟਰੀ ਤੇ ਖਜ਼ਾਨਚੀ ਸਸੈਨ ਸਕਿਡਮੋਰ ਤੋਂ ਇਲਾਵਾ ਮੇਅਰ ਡੋ ਮਕੈਲਮ ਅਤੇ ਸਿਟੀ ਕੌਂਸਲਰ ਮਨਦੀਪ ਨਾਗਰਾ ਵੀ ਸ਼ਾਮਲ ਹੋਏ।
ਰੋਸ ਪ੍ਰਗਟਾਵਾ ਕਰਨ ਵਾਲੇ ਬੁਲਾਰਿਆਂ ਵੱਲੋਂ ਜਿੱਥੇ ਮੌਜੂਦਾ ਸਮੇਂ ਯੂਕਰੇਨ ਵਿਚ ਪੱਤਰਕਾਰਾਂ ਦੀਆਂ ਹੋ ਰਹੀਆਂ ਹੱਤਿਆਵਾਂ ਦੀ ਨਿਖੇਧੀ ਕੀਤੀ ਗਈ, ਉਥੇ ਦੁਨੀਆਂ ਭਰ ਵਿਚ ਪੱਤਰਕਾਰਾਂ ‘ਤੇ ਹੋ ਰਹੇ ਹਮਲਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ। ਕੈਨੇਡਾ ਵਿੱਚ ਇੱਕ ਸਦੀ ਪਹਿਲਾਂ ਜਜ਼ਬੇ ਅਤੇ ਸੇਵਾ ਦੀ ਪੱਤਰਕਾਰੀ ਦਾ ਮੁੱਢ ਬੰਨ੍ਹਣ ਵਾਲੇ ਪਹਿਲੇ ਪੰਜਾਬੀ ਅਖ਼ਬਾਰ ਸੁਦੇਸ਼ ਸੇਵਕ (1910) ਦੇ ਸੰਪਾਦਕ ਸ਼ਹੀਦ ਭਾਈ ਹਰਨਾਮ ਸਿੰਘ ਕਾਹਰੀ ਸਾਹਰੀ ਗ਼ਦਰੀ ਯੋਧੇ ਸਮੇਤ, ਸਮੂਹ ਸ਼ਹੀਦ ਪੱਤਰਕਾਰਾਂ ਨੂੰ ਯਾਦ ਕੀਤਾ ਗਿਆ ਅਤੇ ਪੰਜਾਬੀ ਪ੍ਰੈੱਸ ਕਲੱਬ ਦੇ ਗੁਜ਼ਰ ਚੁੱਕੇ ਪੱਤਰਕਾਰਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ।
ਭਾਰਤ ਵਿੱਚ ਮੌਜੂਦਾ ਸਮੇਂ ਪੱਤਰਕਾਰਾਂ ਦੀ ਮਾੜੀ ਹਾਲਤ ‘ਤੇ ਵਿਚਾਰ ਦਿੰਦਿਆਂ, ਜਿੱਥੇ ਵਿਸ਼ਵ ਪੱਧਰ ‘ਤੇ 189 ਦੇਸ਼ਾਂ ਦੀ ਸੂਚੀ ਵਿਚ ਭਾਰਤ ਦਾ ਸਥਾਨ 150 ‘ਤੇ ਹੇਠਾਂ ਡਿੱਗਣ ‘ਤੇ ਗਹਿਰੀ ਚਿੰਤਾ ਪ੍ਰਗਟਾਈ ਗਈ, ਉਥੇ ਭਾਰਤ ਵਿਚ ਗੌਤਮ ਨਵਲੱਖਾ ਅਤੇ ਅਨੇਕਾਂ ਹੋਰ ਪੱਤਰਕਾਰਾਂ ਨੂੰ ਜੇਲ੍ਹਾਂ ਵਿੱਚ ਸੁੱਟਣ, ਰਾਣਾ ਆਯੂਬ, ਆਰਿਫ਼ਾ ਖ਼ਾਨੁਮ ਸ਼ੇਰਵਾਨੀ ਅਤੇ ਆਕਾਰ ਪਟੇਲ ਵਰਗੇ ਨਾਮਵਰ ਪੱਤਰਕਾਰਾਂ ਨਾਲ ਫਾਸ਼ੀਵਾਦੀ ਸਰਕਾਰ ਵੱਲੋਂ ਧੱਕੇਸ਼ਾਹੀ ਕਰਨ, ਮੱਧ ਪ੍ਰਦੇਸ਼ ਵਿਚ ਸਰਕਾਰ ਵਿਰੋਧੀ ਪੱਤਰਕਾਰਾਂ ਨੂੰ ਨੰਗਿਆਂ ਕਰਕੇ ਜੇਲ੍ਹਾਂ ‘ਚ ਕੁੱਟਮਾਰ ਕਰਨ ਆਦਿ ਸਮੇਤ ਤਾਨਾਸ਼ਾਹੀ ਸਰਕਾਰੀ ਵਧੀਕੀਆਂ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ।
ਦੱਸ ਦੇਈਏ ਕਿ ਹਰ ਸਾਲ ਤਿੰਨ ਮਈ ਨੂੰ ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ। ਇਸੇ ਸਬੰਧ ਵਿੱਚ ਕੀਤੀ ਗਈ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੀਡੀਆ ਵੱਲੋਂ ਸਮਾਜ ਵਿੱਚ ਨਿਭਾਈ ਜਾ ਰਹੀ ਜ਼ਿੰਮੇਦਾਰੀ ਬਹੁਤ ਅਹਿਮੀਅਤ ਰੱਖਦੀ ਹੈ। ਪੱਤਰਕਾਰਾਂ ਨੂੰ ਆਪਣੀਆਂ ਖ਼ਬਰਾਂ ਲਿਖਣ ਸਮੇਂ ਕਿਸੇ ਵੀ ਮਾਮਲੇ ਦੇ ਸਾਰੇ ਪਹਿਲੂਆਂ ਦਾ ਧਿਆਨ ਰੱਖਦਾ ਚਾਹੀਦਾ ਹੈ। ਸਮਾਜ ਨੂੰ ਚੌਕਸ ਰੱਖਣ ਵਿੱਚ ਮੀਡੀਆ ਦੀ ਅਹਿਮ ਭੂਮਿਕਾ ਹੈ।