ਅਮਰੀਕਾ ‘ਚ ਗਰਭਪਾਤ ਦਾ ਅਧਿਕਾਰ ਖ਼ਤਮ ਤਾਂ ਅਮਰੀਕੀ ਔਰਤਾਂ ਦੀ ਕੈਨੇਡਾ ਕਰੇਗਾ ਮਦਦ : ਕਰੀਨਾ ਗੋਲਡ

ਅਮਰੀਕਾ ‘ਚ ਗਰਭਪਾਤ ਦਾ ਅਧਿਕਾਰ ਖ਼ਤਮ ਤਾਂ ਅਮਰੀਕੀ ਔਰਤਾਂ ਦੀ ਕੈਨੇਡਾ ਕਰੇਗਾ ਮਦਦ : ਕਰੀਨਾ ਗੋਲਡ

ਔਟਵਾ : ਕੈਨੇਡਾ ਦੀ ਫ਼ੈਮਿਲੀਜ਼ ਮਿਨਿਸਟਰ, ਕਰੀਨਾ ਗੋਲਡ ਨੇ ਕਿਹਾ ਕਿ ਜੇ ਅਮਰੀਕਾ ਦੀ ਸੁਪਰੀਮ ਕੋਰਟ ਰੋਅ ਬਨਾਮ ਵੇਡ ਕੇਸ ਦੇ ਫ਼ੈਸਲੇ ਨੂੰ ਪਲਟ ਦਿੰਦੀ ਹੈ ਅਤੇ ਸੰਵਿਧਾਨ ਮੁਤਾਬਕ ਮਿਲਦਾ ਗਰਭਪਾਤ ਦਾ ਅਧਿਕਾਰ ਖ਼ਤਮ ਹੋਕੇ ਗਰਭਪਾਤ ਦਾ ਫ਼ੈਸਲਾ ਲੈਣ ਦੇ ਹੱਕ ਸਬੰਧੀ ਅਧਿਕਾਰ ਇੱਕ ਵਾਰੀ ਫ਼ਿਰ ਸਟੇਟ ਕੋਲ ਆਉਂਦਾ ਹੈ, ਤਾਂ ਅਮਰੀਕੀ ਔਰਤਾਂ ਕੈਨੇਡਾ ਆਕੇ ਆਪਣਾ ਗਰਭਪਾਤ ਕਰਵਾ ਸਕਣਗੀਆਂ।
ਇੱਕ ਇੰਟਰਵਿਊ ਦੌਰਾਨ ਮਿਨਿਸਟਰ ਗੋਲਡ ਨੂੰ ਅਮਰੀਕੀ ਔਰਤਾਂ ਨੂੰ ਕੈਨੇਡਾ ਆਕੇ ਗਰਭਪਾਤ ਕਰਵਾ ਸਕਣ ਬਾਰੇ ਸਵਾਲ ਪੁੱਛਿਆ ਗਿਆ ਸੀ। ਅਮਰੀਕਾ ਦੇ ਇਕ ਨਿਊਜ਼ ਅਦਾਰੇ ‘ਪੌਲਿਟਿਕੋ’ ਵਿਚ ਸੁਪਰੀਮ ਕੋਰਟ ਤੋਂ ਲੀਕ ਹੋਏ ਖਰੜੇ ਦੀ ਕਾਪੀ ਨਸ਼ਰ ਕੀਤੀ ਗਈ ਹੈ। ਇਸ ਦਸਤਾਵੇਜ਼ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੁਪਰੀਮ ਕੋਰਟ ਗਰਭਪਾਤ ਕਰਵਾਉਣ ਦੇ ਕਾਨੂੰਨੀ ਅਧਿਕਾਰ ਨੂੰ ਰੱਦ ਕਰ ਰਹੀ ਹੈ।
ਰਿਬਲਿਕਨ ਦੁਆਰਾ ਨਿਯੁਕਤ ਸੁਪਰੀਮ ਕੋਰਟ ਜੱਜ ਸੈਮਿਉਲ ਅਲੀਟੋ ਦੀ ਰਾਏ ਵਾਲਾ ਡਰਾਫ਼ਟ ਲੀਕ ਹੋਇਆ ਹੈ ਜਿਸ ਵਿਚ ਇਹ ਟਿੱਪਣੀ ਹੈ ਕਿ ਰੋਅ ਬਨਾਮ ਵੇਡ ਵਾਲਾ ਫ਼ੈਸਲਾ ‘ਬਹੁਤ ਗ਼ਲਤ’ ਸੀ।
ਦਸਤਾਵੇਜ਼ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੱਜ ਦੀ ਰਾਏ ਹੈ ਕਿ 50 ਸਾਲ ਪੁਰਾਣੇ ਕੇਸ – ਜਿਸ ਵਿਚ ਉਦੋਂ ਗਰਭਪਾਤ ਨੂੰ ਨਿੱਜਤਾ ਦਾ ਅਧਿਕਾਰ (ਰਾਈਟ ਟੂ ਪ੍ਰਾਈਵੇਸੀ) ਦੇ ਦਾਇਰੇ ਵਿਚ ਲਿਆਂਦਾ ਗਿਆ ਸੀ – ਇਸਦੇ ਬਹੁਤ ਤਬਾਹਕੁੰਨ ਸਿੱਟੇ ਨਿਕਲੇ ਹਨ ਅਤੇ ਮੁਲਕ ਗਰਬਪਾਤ ਵਿਰੋਧੀ ਅਤੇ ਗਰਭਪਾਤ ਪੱਖੀ ਧਿਰਾਂ ਵਿਚ ਵੰਡਿਆ ਗਿਆ ਹੈ, ਨਾਲ ਹੀ ਇਸ ਫ਼ੈਸਲੇ ਨੇ ਸਟੇਟ ਅਧਿਕਾਰੀਆਂ ਕੋਲੋਂ ਗਰਭਪਾਤ ਨੂੰ ਰੈਗੁਲੇਟ ਕਰਨ ਦੀ ਸ਼ਕਤੀਆਂ ਨੂੰ ਖੁੰਝਿਆ ਹੈ।
ਇਸ ਦਸਤਾਵੇਜ਼ ਅਨੁਸਾਰ ਬਹੁ-ਗਿਣਤੀ ਜੱਜ ਰੋਅ ਬਨਾਮ ਵੇਡ ਦੇ ਫ਼ੈਸਲੇ ਨੂੰ ਪਲਟਣ ਲਈ ਤਿਆਰ ਹਨ।
ਅਮਰੀਕੀ ਸੁਪਰੀਮ ਕੋਰਟ ਦੇ ਲੀਕ ਹੋਏ ਦਸਤਾਵੇਜ਼ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ, ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਟਵਿੱਟਰ ‘ਤੇ ਆਪਣਾ ਪ੍ਰਤੀਕਰਮ ਦੇਕੇ ਔਰਤਾਂ ਦੇ ਗਰਭ ਸਬੰਧੀ ਅਧਿਕਾਰਾਂ ਪ੍ਰਤੀ ਆਪਣੇ ਸਮਰਥਨ ਨੂੰ ਦੁਹਰਾਇਆ।
ਪ੍ਰਧਾਨ ਮੰਤਰੀ ਨੇ ਕਿਹਾ, ”ਗਰਭਪਾਤ ਦਾ ਵਿਕਲਪ ਚੁਣਨ ਦਾ ਅਧਿਕਾਰ ਸਿਰਫ਼ ਅਤੇ ਸਿਰਫ਼ ਔਰਤਾਂ ਦਾ ਅਧਿਕਾਰ ਹੈ। ਕੈਨੇਡਾ ਵਿਚ ਹਰੇਕ ਔਰਤ ਨੂੰ ਸੁਰੱਖਿਅਤ ਅਤੇ ਕਾਨੂੰਨੀ ਗਰਭਪਾਤ ਦਾ ਅਧਿਕਾਰ ਹੈ। ਅਸੀਂ ਕੈਨੇਡਾ ਅਤੇ ਦੁਨੀਆ ਭਰ ਵਿਚ ਔਰਤਾਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਇਸ ਬਾਰੇ ਆਵਾਜ਼ ਉਠਾਉਣ ਤੋਂ ਪਿੱਛੇ ਨਹੀਂ ਹਟਾਂਗੇ”।
ਪਿਛਲੇ ਕੁਝ ਸਾਲਾਂ ਦੌਰਾਨ ਕਈ ਰਿਬਲੀਕਨ ਸਟੇਟਸ ਵਿਚ ਗਰਭਪਾਤ ‘ਤੇ ਰੋਕਾਂ ਲਗਾਉਣ ਸਬੰਧੀ ਮਤੇ ਪਾਸ ਕੀਤੇ ਗਏ ਹਨ ਅਤੇ ਜੇ ਸੁਪਰੀਮ ਕੋਰਟ ਰੋਅ ਬਨਾਮ ਵੇਡ ਨੂੰ ਰੱਦ ਕਰਦੀ ਹੈ ਤਾਂ ਉਕਤ ਸਟੇਟਾਂ ਵਿਚ ਖ਼ੁਦ-ਬ-ਖ਼ੁਦ ਗਰਭਪਾਤ ਗ਼ੈਰ-ਕਾਨੂੰਨੀ ਹੋ ਜਾਵੇਗਾ।