100 ਸਾਲ ਤੋਂ ਵੱਧ ਉਮਰ ਜਿਉਣ ਵਾਲੇ ਕੈਨੇਡੀਅਨ ਲੋਕਾਂ ਦੀ ਗਿਣਤੀ ਵਧੀ

 

100 ਸਾਲ ਤੋਂ ਵੱਧ ਉਮਰ ਜਿਉਣ ਵਾਲੇ ਕੈਨੇਡੀਅਨ ਲੋਕਾਂ ਦੀ ਗਿਣਤੀ ਵਧੀ

 

ਸਰੀ : ਕੈਨੇਡਾ ਵਿਚ ਬੀਤੇ ਸਾਲ 100 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਾਲੇ ਲੋਕਾਂ ਦੀ ਗਿਣਤੀ ਰਿਕਾਰਡ ਵਾਧੇ ‘ਤੇ ਪਹੁੰਚ ਗਈ ਹੈ। ਆਪਣੀ ਉਮਰ ਦਾ ਸੈਂਕੜਾ ਮਾਰਨ ਵਾਲੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਖ਼ੁਦ ਨੂੰ ਵਿਅਸਤ ਰੱਖਣਾ, ਪਿਆਰ ਕਰਨ ਵਾਲਾ ਪਰਿਵਾਰ ਹੋਣਾ ਅਤੇ ਛੋਟੀਆਂ-ਛੋਟੀਆਂ ਚੀਜ਼ਾਂ ਵਿਚ ਖ਼ੁਸ਼ੀ ਲੱਭਣੀ, ਲੰਮੀ ਉਮਰ ਜਿਉਣ ਦੀ ਚਾਬੀ ਹੈ।

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਸਾਲ 1971 ਵਿਚ ਇੱਕ ਸਦੀ ਤੋਂ ਵੱਧ ਜੀਵਤ ਰਹਿਣ ਵਾਲੇ ਬਜ਼ੁਰਗਾਂ ਦੀ ਗਿਣਤੀ 1,065 ਦਰਜ ਸੀ, ਜੋ ਕਿ 2021 ਦੌਰਾਨ ਵੱਧ ਕੇ 9,545 ਹੋ ਗਈ ਹੈ। ਇਹਨਾਂ 100 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਵਿਚੋਂ ਜ਼ਿਆਦਾਤਰ ਗਿਣਤੀ – 7,715 – ਔਰਤਾਂ ਦੀ ਹੈ।

ਸਧਾਰਨ ਜਨਸੰਖਿਆ ਵਾਧੇ ਨਾਲ ਇਸ ਵਾਧੇ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। 1971 ਵਿਚ ਹਰੇਕ 100,000 ਦੀ ਅਬਾਦੀ ਪਿੱਛੇ 100 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 4.9 ਸੀ; ਪਰ 2021 ਵਿਚ ਪ੍ਰਤੀ

100,000 ਇਹ ਗਿਣਤੀ 25.8 ਦਰਜ ਹੋਈ ਹੈ। ਕੈਨਏਜ (ਛੳਨਅਗੲ) ਨਾਂ ਦੀ ਬਜ਼ੁਰਗਾਂ ਦੀ ਇੱਕ ਸੰਸਥਾ ਚਲਾਉਣ ਵਾਲੀ ਲੌਰਾ ਟੈਂਬਲਿਨ ਵੌਟਸ ਨੇ ਕਿਹਾ ਕਿ ਦਵਾਈਆਂ ਵਿਚ ਸੁਧਾਰ, ਚੰਗੀਆਂ ਥੈਰਪੀਆਂ, ਵੈਕਸੀਨਾਂ ਅਤੇ ਵਧੇਰੇ ਐਕਟਿਵ ਰਹਿਣ-ਸਹਿਣ ਸਦਕਾ ਕੈਨੇਡੀਅਨਜ਼ ਦਾ ਜੀਵਨ-ਕਾਲ ਲੰਮਾ ਹੋਇਆ ਹੈ।

ਲੌਰਾ ਨੇ ਕਿਹਾ, ਅਸੀਂ ਵਧੇਰੇ ਬਾਹਰ ਨਿਕਲਦੇ ਹਾਂ, ਦੁਨੀਆ ਵਿਚ ਵਿਚਰਦੇ ਹਾਂ, ਵੱਧ ਤੁਰਦੇ ਹਾਂ, ਸਰੀਰਕ ਕਸਰਤ ਵਿਚ ਵਧੇਰੇ ਸ਼ਾਮਲ ਹੁੰਦੇ ਹਾਂ, ਸਾਡੇ ਕੋਲ ਕੰਮ-ਕਾਜ ਦੇ ਸਮੇਂ ਵਿਚ ਵਧੇਰੇ ਲਚਕੀਲਾਪਨ ਹੈ। ਲੌਰਾ ਨੇ ਕਿਹਾ ਕਿ ਇਹ ਦਫ਼ਤਰਾਂ ਅਤੇ ਫ਼ੈਕਟਰੀਆਂ ਵਿਚ ਸਾਰਾ ਦਿਨ ਤੜੇ ਰਹਿਣ ਨਾਲੋਂ ਇਹ ਇੱਕ ਵੱਡੀ ਤਬਦੀਲੀ ਹੈ। ਉਹਨਾਂ ਕਿਹਾ ਕਿ ਸਰੀਰਕ ਹਿੱਲ-ਜੁੱਲ ਬਹੁਤ ਅਹਿਮ ਹੈ।

ਮਿਲਡਰੈਡ ਲੀਡਬੀਟਰ, ਜੂਨ ਵਿਚ ਆਪਣਾ 102ਵਾਂ ਜਨਮਦਿਨ ਮਨਾਵੇਗੀ। ਆਮ ਤੌਰ ‘ਤੇ ਉਸਨੂੰ ਆਪਣੇ ਜਨਮਦਿਨ ‘ਤੇ ਸਕੌਚ ਦਾ ਤੋਹਫ਼ਾ ਮਿਲਦਾ ਹੈ।

ਉਹ ਕਹਿੰਦੀ ਹੈ ਕਿ ਉਹ ਵੀਕੈਂਡ ‘ਤੇ ਥੌੜੀ ਜਿਹੀ ਸ਼ਰਾਬ ਪੀਂਦੀ ਹੈ, ਉਹ ਬਰਫ਼ ਕਦੇ ਨਹੀਂ ਵਰਤਦੀ ਅਤੇ ਬਹੁਤਾ ਪਾਣੀ ਵੀ ਨਹੀਂ ਪਾਉਂਦੀ। ਮਿਲਡਰੈਡ ਮੂਲ ਰੂਪ ਵਿਚ ਨੋਵਾ ਸਕੋਸ਼ੀਆ ਦੇ ਕੇਪ ਬ੍ਰੈਟਨ ਦੀ ਹੈ ਅਤੇ ਹੁਣ ਓਨਟੇਰਿਓ ਦੇ ਪੈਮਬਰੂਕ ਵਿਚ ਆਪਣੀ ਬੇਟੀ ਦੇ ਘਰ ਰਹਿ ਰਹੀ ਹੈ।

1920 ਵਿਚ ਜੰਮੀ ਮਿਲਡਰੈਡ ਦੇ ਮਾਂਪੇ ਸਕੌਟਲੈਂਡ ਤੋਂ ਕੈਨੇਡਾ ਆਏ ਸਨ। ਉਸਦੇ ਜਨਮ ਸਮੇਂ ਹੀ ਉਸਦੀ ਮਾਂ ਦੀ ਮੌਤ ਹੋ ਗਈ ਸੀ ਅਤੇ ਉਸਦੇ ਛੇ ਹੋਰ ਭੈਣ-ਭਰਾ ਸਨ। ਇੱਕਲੇ ਪਿਤਾ ਲਈ ਪਰਵਰਿਸ਼ ਕਰਨੀ ਮੁਸ਼ਕਿਲ ਸੀ ਇਸ ਕਰਕੇ ਇੱਕ ਗਵਾਂਢੀ ਨੇ ਮਿਲਡਰੈਡ ਨੂੰ ਗੋਦ ਲੈ ਲਿਆ।

ਮਿਲਡਰੈਡ ਦਾ ਕਹਿਣਾ ਹੈ ਕਿ ਉਸਨੂੰ ਸਕੌਟਿਸ਼ ਸੰਗੀਤ ਬਹੁਤ ਪਸੰਦ ਸੀ ਅਤੇ ਇਸ ਸੰਗੀਤ ਨੇ ਉਸਦੇ ਲੰਮੇ ਜੀਵਨ ਵਿਚ ਬਹੁਤ ਯੋਗਦਾਨ ਪਾਇਆ।

ਕੈਨੇਡੀਅਨ ਇੰਸਟੀਟਿਊਟ ਔਫ਼ ਹੈਲਥ ਰਿਸਰਚ ਦੇ ਇੰਸਟੀਟਿਊਟ ਔਫ਼ ਏਜਿੰਗ ਦੇ ਸਾਇੰਟਿਫ਼ਿਕ ਡਾਇਰੈਕਟਰ, ਜੇਨ ਰਾਇਲੈਟ ਨੇ ਕਿਹਾ ਕਿ ਜਿੱਥੇ ਚੰਗਾ ਸੁਭਾਅ ਅਤੇ ਰਹਿਣ-ਸਹਿਣ ਲੰਮੇ ਜੀਵਨ ਦਾ ਇੱਕ ਵੱਡਾ ਕਾਰਕ ਹੈ ਉੱਥੇ ਜਨੈਟਿਕਸ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਸਰੀਰ ਦੀ ਜਨੈਟਿਕ ਬਣਤਰ ਵੀ ਜੀਵਨਕਾਲ ਨੂੰ ਪ੍ਰਭਾਵਿਤ ਕਰਦੀ ਹੈ।

ਆਸ਼ਾਵਾਦੀ ਅਤੇ ਪੌਜ਼ਿਟਿਵ ਸੋਚ ਨੇ ਡਗਲਸ ਕੀਰਸਟੈਡ ਦੀ ਜ਼ਿੰਦਗੀ ਵਿਚ ਫ਼ਰਕ ਲਿਆਂਦਾ ਹੈ।  ਡਗਲਸ ਇਸ ਸਾਲ 103 ਸਾਲ ਦੇ ਹੋ ਗਏ ਹਨ। ਨਿਊਬ੍ਰੰਜ਼ਵਿਕ ਦੇ ਕੋਲਜ਼ ਆਈਲੈਂਡ ਵਿਚ ਜੰਮੇ ਡਗਲਸ ਨੇ ਦੋ ਵਾਰੀ ਵਿਆਹ ਕਰਵਾਇਆ ਸੀ। ਦੂਸਰੀ ਪਤਨੀ ਦੇ ਵੀ ਦੇਹਾਂਤ ਤੋਂ ਬਾਅਦ ਉਹਨਾਂ ਨੇ ਇਕੱਲਿਆਂ ਹੀ ਜੀਵਨ ਦਾ ਸਫ਼ਰ ਤੈਅ ਕੀਤਾ ਹੈ।

ਹੁਣ ਉਹ ਨਿਊਬ੍ਰੰਜ਼ਵਿਕ ਦੇ ਮੰਕਟਨ ਵਿਚ ਫ਼ੌਜੀਆਂ ਲਈ ਬਣੇ ਹੈਲਥ ਸੈਂਟਰ ਵਿਚ ਰਹਿੰਦੇ ਹਨ। ਉਹ ਇਸ ਸੈਂਟਰ ਵਿਚ ਆਪਣੇ ਆਲੇ ਦੁਆਲੇ ਮੌਜੂਦ ਲੋਕਾਂ ਤੋਂ ਬੇਹੱਦ ਖ਼ੁਸ਼ ਹਨ।

ਡਗਲਸ ਦੀ ਜ਼ਿੰਦਗੀ ਹਮੇਸ਼ਾ ਸੁਖਾਲੀ ਨਹੀਂ ਸੀ। ਦੂਸਰੇ ਵਿਸ਼ਵ ਯੁੱਧ ਵਿਚ ਸੇਵਾਵਾਂ ਨਿਭਾ ਚੁੱਕੇ ਡਗਲਸ ਲਈ ਆਮ ਨਾਗਰਿਕ ਦੀ ਜ਼ਿੰਦਗੀ ਬਿਤਾਉਣਾ ਚੁਣੌਤੀਪੂਰਨ ਸੀ।

1985 ਵਿਚ ਡਗਲਸ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਸ ਨੂੰ ਆਈਸੀਯੂ ਵਿਚ ਭਰਤੀ ਕੀਤਾ ਗਿਆ ਸੀ, ਪਰ ਬਾਅਦ ਵਿਚ ਉਹ ਇਸ ਝਟਕੇ ਤੋਂ ਇੱਕਦਮ ਉੱਭਰ ਗਿਆ।

ਜਿਵੇਂ ਮਿਲਡਰੈਡ ਪੀਆਨੋ ਵਜਾਉਂਦੀ ਹੈ ਉਵੇਂ ਡਗਲਸ ਰੰਗੀਨ ਕੰਬਲ ਬੁਣ ਕੇ ਆਪਣੇ ਆਪ ਨੂੰ ਵਿਅਸਤ ਰੱਖਦਾ ਹੈ।

ਡਗਲਸ ਨੇ ਕਿਹਾ ਕਿ ਉਸਨੇ ਕਦੇ ਨਹੀਂ ਹੀ ਸੋਚਿਆ ਕਿ ਉਹ ਇਸ ਉਮਰ ਤੱਕ ਜੀਵਤ ਰਹੇਗਾ ਪਰ ਇੱਕ ਪਿਆਰ ਕਰਨ ਵਾਲੇ ਪਰਿਵਾਰ ਅਤੇ ਜ਼ਿੰਦਗੀ ਪ੍ਰਤੀ ਚੰਗੇ ਨਜ਼ਰੀਏ ਨੇ ਇਸ ਵਿਚ ਅਹਿਮ ਰੋਲ ਅਦਾ ਕੀਤਾ ਹੈ

ਮਿਲਡਰੈਡ ਆਸਵੰਦ ਹੈ ਕਿ ਉਹ ਅਗਲੇ ਸਾਲ ਵੀ ਆਪਣਾ ਜਨਮਦਿਨ ਮਨਾਏਗੀ।

ਨੌਜਵਾਨ ਲੋਕਾਂ ਨੂੰ ਉਸਦੀ ਸਲਾਹ ਹੈ, ਆਪਣੀ ਨਿਜੀ ਜ਼ਿੰਦਗੀ ਵਿਚ ਜੋ ਕੁਝ ਵੀ ਕਰੋ, ਉਸ ਬਾਰੇ ਖ਼ੁਸ਼ ਰਹੋ, ਦੁਖੀ ਨਾ ਰਹੋ, ਜੋ ਠੀਕ ਲੱਗਦਾ ਹੈ ਕਰ ਲਓ ਅਤੇ ਉਸ ਬਾਰੇ ਫ਼ਿਕਰਮੰਦੀ ਨਾ ਰੱਖੋ।