Copyright & copy; 2019 ਪੰਜਾਬ ਟਾਈਮਜ਼, All Right Reserved

ਸਰੀ ਕੌਂਸਲ ਉਮੀਦਵਾਰ ਰਹੇ ਬਰਾਇਨ ਯੰਗ ਦਾ ਵੱਡਾ ਧਮਾਕਾ

ਹਲਫੀਆ ਬਿਆਨ ਵਿਚ ਸਰੀ ਪੁਲਿਸ ਮੁਖੀ ਲਗਾਉਣ ਅਤੇ ਮੀਡੀਆ ‘ਪ੍ਰਬੰਧ’ ਬਾਰੇ ਹੈਰਾਨੀਜਨਕ ਖੁਲਾਸੇ

 

 

ਵੈਨਕੂਵਰ, (ਸੁਖਵਿੰਦਰ ਸਿੰਘ ਚੋਹਲਾ): ਸਰੀ ਕੌਂਸਲ ਉਮੀਦਵਾਰ ਰਹੇ ਬਰਾਇਨ ਯੰਗ ਜਿਸਦੇ ਖਿਲਾਫ ਨਾਮੀ ਡਿਵੈਲਪਰ ਬੌਬ ਚੀਮਾ ਨੇ ਮਾਨਹਾਨੀ ਦਾ ਦਾਅਵਾ ਕਰ ਰੱਖਿਆ ਹੈ, ਵੱਲੋਂ ਇਸ 30 ਸਤੰਬਰ ਨੂੰ ਦਾਖਲ ਕੀਤੇ ਹਲਫੀਆ ਬਿਆਨ ਵਿਚ ਚੌਂਕਾ ਦੇਣ ਵਾਲੇ ਖੁਲਾਸੇ ਕੀਤੇ ਗਏ ਹਨ। ਵੈਨਕੂਵਰ ਸੰਨ ਸਮੇਤ ਇੰਗਲਿਸ਼ ਮੀਡੀਆ ਵਿਚ ਪ੍ਰਮੁਖਤਾ ਨਾਲ ਛਪੀ ਖਬਰ ਮੁਤਾਬਿਕ ਬਰਾਇਨ ਯੰਗ ਜੋਕਿ ਕਲੋਵਰਡੇਲ ਚੈਂਬਰ ਆਫ ਕਾਮਰਸ ਦਾ ਪ੍ਰਧਾਨ ਵੀ ਹੈ, ਦਾ ਕਹਿਣਾ ਹੈ ਕਿ ਉਸਨੇ ਡਿਵੈਲਪਰ ਚੀਮਾ ਖਿਲਾਫ ਕੋਈ ਗਲਤ ਟਵੀਟ ਨਹੀਂ ਕੀਤਾ। ਬਲਕਿ ਉਸਨੇ ਤਾਂ ਮੇਅਰ ਡੱਗ ਮੈਕੱਲਮ ਨੂੰ ਕੌਂਸਲ ਚੋਣਾਂ ਦੌਰਾਨ ਚੌਕਸ ਕਰਨ ਦਾ ਯਤਨ ਕੀਤਾ ਸੀ। ਉਸਨੇ ਹਲਫੀਆ ਬਿਆਨ ਵਿਚ ਕਿਹਾ ਹੈ ਕਿ ਬੌਬ ਚੀਮਾ ਨੇ ਉਸਨੂੰ ਖੁਦ ਮਿਲਕੇ ਦੱਸਿਆ ਸੀ ਕਿ ਉਹ ਡੱਗ ਦੀ ਚੋਣ ਮੁਹਿੰਮ ਵਿਚ ਪਿੱਛੇ ਰਹਿਕੇ ਕੰਮ ਕਰ ਰਿਹਾ ਹੈ। ਉਸਨੇ ਖੁਦ ਕਿਹਾ ਸੀ ਕਿ ਉਸਨੇ ਮੀਡੀਆ ਨੂੰ ਮੈਨੇਜ ਕਰਨ ਲਈ 3 ਲੱਖ ਡਾਲਰ ਖਰਚੇ ਹਨ। ਖਬਰ ਵਿਚ ਸਨਸਨੀਖੇਜ ਖੁਲਾਸਾ ਇਹ ਹੈ ਕਿ ਸਰੀ ਪੁਲਿਸ ਟਰਾਂਜੀਸ਼ਨ ਬਾਰੇ ਤੇ ਪੁਲਿਸ ਮੁਖੀ ਦੀ ਨਿਯੁਕਤੀ ਬਾਰੇ ਚੀਮਾ ਨੇ ਉਸਨੂੰ ਦੱਸਿਆ ਸੀ ਕਿ ਉਸਨੇ ਇਹ ਚੋਣ ਕਰ ਲਈ ਹੈ। ਉਸਨੇ ਵੈਨਕੂਵਰ ਪੁਲਿਸ ਵਿਚ ਡਿਪਟੀ ਚੀਫ ਦੇ ਅਹੁਦੇ ਉਪਰ ਤਾਇਨਾਤ ਇਕ ਅਫਸਰ ਨੂੰ ਸਰੀ ਪੁਲਿਸ ਦਾ ਮੁਖੀ ਲਗਾਉਣ ਦੀ ਗੱਲ ਕੀਤੀ ਸੀ ਜੋਕਿ ਸਾਉਥ ਏਸ਼ੀਅਨ ਭਾਈਚਾਰੇ ਨਾਲ ਸਬੰਧਿਤ ਹੈ। ਜ਼ਿਕਰਯੋਗ ਹੈ ਕਿ ਕੌਂਸਲ ਚੋਣਾਂ ਦੌਰਾਨ ਆਰ ਸੀ ਐਮ ਪੀ ਦੀ ਥਾਂ ਸਰੀ ਪੁਲਿਸ ਬਣਾਉਣ ਦਾ ਵੱਡਾ ਮੁੱਦਾ ਸੀ ਤੇ ਹੁਣ ਸੂਬਾਈ ਚੋਣਾਂ ਦੌਰਾਨ ਵੀ ਲਿਬਰਲ ਲੀਡਰ ਵੱਲੋਂ ਇਸ ਮਾਮਲੇ ਉਪਰ ਰੀਫਰੈਂਡਮ ਕਰਵਾਉਣ ਦੇ ਬਿਆਨ ਨੂੰ ਲੈਕੇ ਵੱਡਾ ਵਿਵਾਦ ਹੈ। ਯੰਗ ਦੇ ਹਲਫੀਆ ਬਿਆਨ ਉਪਰੰਤ ਅਗਲੀ ਸੁਣਵਾਈ 28 ਅਕਤੂਬਰ ਨੂੰ ਹੈ। ਵੈਨਕੂਵਰ ਸੰਨ ਮੁਤਾਬਿਕ ਬੌਬ ਚੀਮਾ ਨੇ ਮਾਮਲਾ ਅਦਾਲਤ ਵਿਚ ਹੋਣ ਕਰਕੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।