Copyright & copy; 2019 ਪੰਜਾਬ ਟਾਈਮਜ਼, All Right Reserved
ਸਰੀ ‘ਚ ਇਮੀਗ੍ਰੇਸ਼ਨ ਸਬੰਧੀ ਚੱਲਦੀ ਵੱਡੀ ਧੋਖਾਧੜੀ ਦਾ ਪਰਦਾਫਾਸ਼ 

ਸਰੀ ‘ਚ ਇਮੀਗ੍ਰੇਸ਼ਨ ਸਬੰਧੀ ਚੱਲਦੀ ਵੱਡੀ ਧੋਖਾਧੜੀ ਦਾ ਪਰਦਾਫਾਸ਼

ਇਮੀਗਰੇਸ਼ਨ ਕੰਪਨੀ ਦੇ ਮਾਲਕਾਂ ‘ਤੇ ਲੱਗੇ ਧੋੜਾਧੜੀ ਦੇ 69 ਦੋਸ਼, ਕਈ ਸਹਿਯੋਗੀ ਕਾਰੋਬਾਰੀ ਵੀ ਲਪੇਟ ‘ਚ ਆਏ

 

 

ਸਰੀ : ਸਰੀ ਪਾਇਲ ਸੈਂਟਰ ਵਿਚ ‘ਕੈਨ ਏਸ਼ੀਆ ਇਮੀਗਰੇਸ਼ਨ’ ਨਾਂ ਦੀ ਕੰਪਨੀ ਹੇਠ ਕਾਰੋਬਾਰ ਕਰ ਰਹੇ ਰੁਪਿੰਦਰ ਉਰਫ਼ ਰੌਨ ਬਾਠ ਅਤੇ ਨਵਦੀਪ ਬਾਠ ਵਿਰੁੱਧ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਨੇ ਧੋਖਾਧੜੀ ਦੇ 69 ਚਾਰਜ ਲਗਾਏ ਹਨ। ਮਿਲੀ ਜਾਣਕਾਰੀ ਅਨੁਸਾਰ 13 ਅਕਤੂਬਰ ਨੂੰ ਦੋਵੇਂ ਪਤੀ-ਪਤਨੀ ਸਰੀ ਦੀ ਅਦਾਲਤ ‘ਚ ਪੇਸ਼ ਹੋਣਗੇ। ਜ਼ਿਰਕਯੋਗ ਹੈ ਕਿ ਸੀਬੀਐਸਏ ਨੇ ਜਾਂਚ ਦੌਰਾਨ ਇਸ ਕੰਪਨੀ ਦੇ ਕਈ ਸਹਿਯੋਗੀ ਕਾਰੋਬਾਰੀਆਂ ਨੂੰ ਵੀ ਚਾਰਜ ਕੀਤਾ ਹੈ ਜੋ ਇਮੀਗ੍ਰੇਸ਼ਨ ਸਬੰਧੀ ਕੀਤੀ ਜਾ ਰਹੀ ਧੋਖਾਧੜੀ ‘ਚ ਇਨ੍ਹਾਂ ਦਾ ਸਾਥ ਦਿੰਦੇ ਸਨ। ਜਿਹੜੇ ਸਹਿਯੋਗੀ ਕਾਰੋਬਾਰੀਆਂ ਨੂੰ ਚਾਰਜ ਕੀਤਾ ਗਿਆ ਹੈ ਉਨ੍ਹਾਂ ‘ਚ ਰਣਧੀਰ ਉਰਫ ਰੈਂਡੀ ਤੂਰ, ਸੁਰਿੰਦਰ ਪਾਲ ਸਿੰਗਲਾ, ਵੇਦ ਕਲੇਰ ਅਤੇ ਗੁਰਤਾਜ ਗਰੇਵਾਲ ਦੇ ਨਾਮ ਜ਼ਿਕਰਯੋਗ ਹਨ। ਇਨ੍ਹਾਂ ਸਾਰਿਆਂ ‘ਤੇ ਲੋਕਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰਨ ਤੇ ਇਮੀਗਰੇਸ਼ਨ ਵਿਭਾਗ ਕੋਲ ਨਕਲੀ ਸਬੂਤ ਪੇਸ਼ ਕਰਨ ਦੇ ਦੋਸ਼ ਸਭ ਤੋਂ ਵੱਧ ਲੱਗੇ ਹਨ। ਸਰਹੱਦੀ ਸੁਰੱਖਿਆ ਦੀਆਂ ਸੇਵਾਵਾਂ ਨਿਭਾਅ ਰਹੀ ਏਜੰਸੀ ਦਾ ਕਹਿਣਾ ਹੈ ਕਿ ਪਤੀ-ਪਤਨੀ ਲੰਮੇ ਸਮੇਂ ਤੋਂ ਪਰਵਾਸ ਸਲਾਹਕਾਰ ਵਜੋਂ ਕਾਰੋਬਾਰ ਕਰ ਰਹੇ ਹਨ। ਏਜੰਸੀ ਮੁਤਾਬਕ ਤਿੰਨ ਸਾਲ ਪਹਿਲਾਂ ਉਨ੍ਹਾਂ ਪਤਾ ਲੱਗਾ ਕਿ ਉਹ ਲੋਕਾਂ ਨੂੰ ਗੁਮਰਾਹ ਕਰਨ ਦੇ ਨਾਲ-ਨਾਲ ਵਿਭਾਗ ਕੋਲ ਵੀ ਲੋਕਾਂ ਦੇ ਗਲਤ ਸਬੂਤ ਬਣਾ ਕੇ ਪੇਸ਼ ਕਰਦੇ ਹਨ। ਪੰਜ ਅਕਤੂਬਰ 2017 ਨੂੰ ਏਜੰਸੀ ਨੇ ਉਨ੍ਹਾਂ ਦੇ ਦਫ਼ਤਰ ਦੀ ਛਾਣਬੀਣ ਕੀਤੀ ਅਤੇ ਉਨ੍ਹਾਂ ਦੇ ਕੰਮਕਾਰ ਉਤੇ ਨਜ਼ਰ ਰੱਖੀ। ਇਸੇ ਦੌਰਾਨ ਉਨ੍ਹਾਂ ਕੋਲੋਂ ਵੱਡੀ ਗਿਣਤੀ ‘ਚ ਨਕਲੀ  ਦਸਤਾਵੇਜ਼ ਬਣਾਏ ਜਾਣ ਦਾ ਪਤਾ ਲੱਗਾ। ਏਜੰਸੀ ਦੀ ਨਜ਼ਰ ਵਿਚ ਆਉਣ ਕਾਰਨ ਜੋੜੇ ਨੇ ਕੰਪਨੀ ਬੰਦ ਕਰ ਦਿੱਤੀ, ਪਰ ਏਜੰਸੀ ਵੱਲੋਂ ਉਦੋਂ ਤੋਂ ਹੀ ਵੱਖ-ਵੱਖ ਵਿਭਾਗਾਂ ਤੋਂ ਸਬੂਤ ਇਕੱਠੇ ਕੀਤੇ ਜਾਂਦੇ ਰਹੇ। ਸਾਰੇ ਸਬੂਤ ਇਕੱਠੇ ਕਰਕੇ ਦੋਵਾਂ ਵਿਰੁੱਧ ਦੋਸ਼ ਪੱਤਰ ਤਿਆਰ ਕੀਤਾ ਹੈ। ਵਿਭਾਗ ਕੁਝ ਹੋਰ ਲੋਕਾਂ ਵਿਰੁੱਧ ਵੀ ਜਾਂਚ ਕਰ ਰਿਹਾ ਹੈ, ਬਹੁਤੇ ਮਾਮਲੇ ਐਲਐਮਆਈਏ ਦੀ ਵਿਕਰੀ ਅਤੇ ਦੁਰਵਰਤੋਂ ਦੇ ਹਨ।