ਪਾਕਿਸਤਾਨ ਨੇ ਆਈ.ਐੱਮ.ਐੱਫ. ਤੋਂ ਮੰਗਿਆ ਸਭ ਤੋਂ ਵੱਡਾ ਕਰਜ਼ਾ

ਪਾਕਿਸਤਾਨ ਨੇ ਆਈ.ਐੱਮ.ਐੱਫ. ਤੋਂ ਮੰਗਿਆ ਸਭ ਤੋਂ ਵੱਡਾ ਕਰਜ਼ਾ

ਇਸਲਾਮਾਬਾਦ : ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ 8 ਅਰਬ ਡਾਲਰ ਦੇ ਕਰਜ਼ ਪੈਕੇਜ ਦੀ ਮੰਗ ਕਰ ਰਿਹਾ ਹੈ। ਪਾਕਿਸਤਾਨ ਵੱਲੋਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਕਰਜ਼ ਪੈਕੇਜ ਮੰਗਿਆ ਗਿਆ ਹੈ। ਪਾਕਿਸਤਾਨ ਨੇ ਗੰਭੀਰ ਆਰਥਿਕ ਸੰਕਟ ਤੋਂ ਉਭਰਨ ਲਈ ਅੰਤਰਰਾਸ਼ਟਰੀ ਸੰਗਠਨ ਤੋਂ ਕਰਜ਼ ਦੀ ਮੰਗ ਕੀਤੀ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਪਾਕਿਸਤਾਨ ਦੀ ਇਕ ਅਖਬਾਰ ਵਿਚ ਕਿਹਾ ਗਿਆ ਹੈ ਕਿ ਆਈ.ਐੱਮ.ਐੱਫ. ਪਾਕਿਸਤਾਨ ਦੇ ਸਾਹਮਣੇ ਸਖਤ ਸ਼ਰਤਾਂ ਰੱਖ ਸਕਦਾ ਹੈ। ਪਾਕਿਸਤਾਨ ਇਨ੍ਹਾਂ ਪਾਬੰਦੀਆਂ ਨੂੰ ਪੂਰਾ ਕਰਨ ਲਈ ਵਾਧੂ ਕਰਜ਼ ਦੀ ਮੰਗ ਕਰ ਸਕਦਾ ਹੈ ਅਤੇ ਇਹ ਪੈਕੇਜ 12 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।
ਖਬਰ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਆਈ.ਐੱਮ.ਐੱਫ. ਤੋਂ ਕਰਜ਼ ਪੈਕੇਜ ਲੈਣ ਲਈ ਸੰਭਾਵਨਾਵਾਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸੱਤਾ ਵਿਚ ਰਹਿਣ ਅਤੇ ਅੰਤਰਿਮ ਸਰਕਾਰ ਦੇ ਦੌਰਾਨ ਵੀ ਇਸ ਮਾਮਲੇ ‘ਤੇ ਗੱਲਬਾਤ ਹੋਈ ਸੀ। ਭਾਵੇਂਕਿ ਇਸ ‘ਤੇ ਆਖਰੀ ਫੈਸਲਾ ਸੋਮਵਾਰ ਰਾਤ ਨੂੰ ਹੋਇਆ ਜਦੋਂ ਵਿੱਤ ਮੰਤਰੀ ਅਸਦ ਉਮਰ ਨੇ ਵਿਦੇਸ਼ੀ ਮੁਦਰਾ ਭੰਡਾਰ ਸੰਕਟ ਤੋਂ ਬਾਹਰ ਨਿਕਲਣ ਲਈ ਆਈ.ਐੱਮ.ਐੱਫ. ਤੋਂ ਰਾਹਤ ਪੈਕੇਜ ਦੀ ਮੰਗ ਕਰਨ ਦੀ ਪੁਸ਼ਟੀ ਕੀਤੀ। ਆਈ.ਐੱਮ.ਐੱਫ. ਨੇ ਮੰਗਲਵਾਰ ਨੂੰ ਕਿਹਾ ਕਿ ਉਹ ਵਿੱਤੀ ਮਦਦ ਦੀ ਪਾਕਿਸਤਾਨ ਦੀ ਅਪੀਲ ਨੂੰ ਬਹੁਤ ਹੀ ਸਾਵਧਾਨੀ ਨਾਲ ਸੁਣੇਗਾ। ਪਾਕਿਸਤਾਨ ਆਈ.ਐੱਮ.ਐੱਫ. ਤੋਂ ਇਸ ਤੋਂ ਪਹਿਲਾਂ ਵੀ ਇਕ ਦਰਜਨ ਤੋਂ ਜ਼ਿਆਦਾ ਵਿੱਤੀ ਪੈਕੇਜ ਲੈ ਚੁੱਕਾ ਹੈ।