ਸਿੰਗਾਪੁਰ ਤੋਂ ਨਿਊਯਾਰਕ ‘ਚ ਸ਼ੁਰੂ ਹੋਈ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਸੇਵਾ

ਸਿੰਗਾਪੁਰ ਤੋਂ ਨਿਊਯਾਰਕ ‘ਚ ਸ਼ੁਰੂ ਹੋਈ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਸੇਵਾ

 

ਸਿੰਗਾਪੁਰ : ਸਿੰਗਾਪੁਰ ਏਅਰਲਾਈਨਸ ਨੇ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਸਿੰਗਾਪੁਰ ਤੋਂ ਨਿਊਯਾਰਕ ਦੇ ਵਿਚਾਲੇ ਚਲਣ ਵਾਲੀ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਯਾਤਰਾ ਸੇਵਾ ਹੁਣ ਸ਼ੁਰੂ ਹੋ ਗਈ ਹੈ। 16,700 ਕਿਲੋਮੀਟਰ ਲੰਬੀ ਹਵਾਈ ਯਾਤਰਾ ਦੌਰਾਨ 19 ਘੰਟੇ ਦਾ ਸਮਾਂ ਲੱਗੇਗਾ। ਸਿੰਗਾਪੁਰ ਤੋਂ ਨਿਊਯਾਰਕ ਦੇ ਵਿਚਾਲੇ ਦੋ ਪਾਇਲਟ ਜਹਾਜ਼ ‘ਚ ਆਪਣੀਆਂ ਸੇਵਾਵਾਂ ਦੇਣਗੇ। ਉਡਾਣ ਦੌਰਾਨ ਹਰ ਪਾਇਲਟ ਨੂੰ ਅੱਠ ਘੰਟਿਆਂ ਦਾ ਆਰਾਮ ਦਿੱਤਾ ਜਾਵੇਗਾ। ਚਾਲਕ ਦਲ ‘ਚ ਦੋ ਫਸਟ ਆਫਿਸਰ ਤੇ 13 ਮੈਂਬਰੀ ਕੈਬਿਨ ਦਸਤਾ ਮੌਜੂਦ ਰਹੇਗਾ, ਜੋ ਕਿ ਯਾਤਰੀਆਂ ਦੀ ਮਦਦ ਕਰੇਗਾ।

ਯਾਤਰੀਆਂ ਲਈ ਹੋਵੇਗੀ ਵਿਸ਼ੇਸ਼ ਸੁਵਿਧਾ
ਜਹਾਜ਼ ‘ਚ 161 ਯਾਤਰੀਆਂ ਦੇ ਬੈਠਣ ਦੀ ਸਮਰਥਾ ਹੈ, ਜਿਸ ‘ਚ 67 ਬਿਜ਼ਨਸ ਕਲਾਸ ਤੇ 94 ਪ੍ਰੀਮੀਅਮ ਇਕਨਾਮੀ ਦੇ ਯਾਤਰੀ ਹੋਣਗੇ। ਇਸ ਜਹਾਜ਼ ‘ਚ ਰੈਗੂਲਰ ਇਕਨਾਮੀ ਸੀਟ ਉਪਲੱਬਧ ਨਹੀਂ ਹੈ। ਲੰਬੀ ਦੂਰੀ ਕਾਰਨ ਜਹਾਜ਼ ‘ਚ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਇਸ ਦੇ ਲਈ ਵਿਸ਼ੇਸ਼ ਉਪਾਅ ਕੀਤੇ ਗਏ ਹਨ। ਜਹਾਜ਼ ‘ਚ ਬਿਹਤਰ ਮੀਨੂ ਤੋਂ ਇਲਾਵਾ ਯਾਤਰੀਆਂ ਦੇ ਮਨੋਰੰਜਨ ਲਈ ਟੈਲੀਵੀਜ਼ਨ ਵੀ ਉਪਲੱਬਧ ਹਨ।
ਇਸ ਤੋਂ ਪਹਿਲਾਂ ਇਹ ਸੀ ਸਭ ਤੋਂ ਲੰਬੀ ਹਵਾਈ ਸੇਵਾ
ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਕੰਤਾਸ ਨੇ ਇਸੇ ਸਾਲ ਦੀ ਸ਼ੁਰੂਆਤ ‘ਚ ਪਰਥ ਤੋਂ ਲੰਡਨ ਲਈ 17 ਘੰਟੇ ਦੀ ਨਾਨ-ਸਟਾਪ ਫਲਾਈਟ ਸੇਵਾ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ ਕਤਰ ਏਅਰਲਾਈਨਸ ਦੀ ਇਕ ਫਲਾਈਟ ਆਕਲੈਂਡ ਤੋਂ ਦੋਹਾ ਦੇ ਵਿਚਾਲੇ ਉਡਦੀ ਹੈ। ਇਹ ਵੀ ਕਿਤੇ ਨਹੀਂ ਰੁਕਦੀ। ਇਸ ਯਾਤਰਾ ‘ਚ 17.5 ਘੰਟੇ ਦਾ ਸਮਾਂ ਲੱਗਦਾ ਹੈ। ਹੁਣ ਸਿੰਗਾਪੁਰ ਏਅਰਲਾਈਨਸ ਦੀ ਸੇਵਾ ਦੁਨੀਆ ਦੀ ਸਭ ਤੋਂ ਲੰਬੀ ਹਵਾਈ ਸੇਵਾ ਹੋ ਗਈ ਹੈ। ਸਿੰਗਾਪੁਰ ਤੋਂ ਨਿਊਯਾਰਕ ਜਾਣ ਵਾਲੇ ਯਾਤਰੀਆਂ ਦੀ ਇਹ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਇਥੋਂ ਨਾਨ-ਸਟਾਪ ਹਵਾਈ ਸੇਵਾ ਸ਼ੁਰੂ ਕੀਤੀ ਜਾਵੇ।