ਗੁਰੂ ਲਾਧੋ ਰੇ

ਗੁਰੂ ਲਾਧੋ ਰੇ

ਸਿੱਖ ਇਤਹਾਸ ਵਿੱਚ ਭਾਈ ਮੱਖਣ ਸ਼ਾਹ ਲੁਬਾਣਾ ਦੀ ਸਾਖੀ ਗੁਰੂ ਲਾਧੋ ਰੇ ਸਾਖੀ ਨਾਮ ਨਾਲ ਬਹੁ ਪਰਚਲਤ ਹੈ। ਅੱਜ ਤੱਕ ਜਿੰਨਾ ਪ੍ਰਚਾਰਕਾਂ ਤੋਂ ਅਸੀਂ ਇਹ ਸਾਖੀ ਸੁਣਦੇ ਆਏ ਹਾਂ, ਉਹਨਾ ਨੇ ਤਾਂ ਬਸ ਗੁਰੂ ਸਾਹਿਬ ਦਾ ਮੋਢਾ ਜਖਮੀ ਕਰ ਛੱਡਿਆ ਤੇ ਭਾਈ ਮੱਖਣ ਸ਼ਾਹ ਦਾ ਜਹਾਜ਼ ਡੁਬਣ ਨਹੀਂ ਦਿੱਤਾ। ਇਹ ਸਾਖੀ ਸੁਣਾ ਸੁਣਾ ਕੇ ਸਿੱਖਾਂ ਨੂੰ ਕਰਮਾਤ ਦੀ ਗਹਿਰੀ ਖੱਡ ਵਿੱਚ ਸੁੱਟ ਦਿੱਤਾ ਤੇ ਸੋਚਣ ‘ਤੇ ਸਮਝਣ ਵਾਲਾ ਖਾਨਾਂ ਹੀ ਖਤਮ ਕਰ ਦਿੱਤਾ। ਭਾਈ ਮੱਖਣ ਸ਼ਾਹ ਕੌਣ ਸੀ? ਉਸ ਦਾ ਗੁਰੂ ਘਰ ਨਾਲ ਕੀ ਨਾਤਾ ਸੀ? ਕਦੋਂ ਗੁਰੂ ਘਰ ਆਏ ਉਹਨਾ ਦੇ ਪੁਤਰਾਂ ਦਾ ਕੀ ਯੋਗਦਾਨ ਰਹਿਆ। ਇਹ ਗੱਲਾਂ ਕਦੇ ਕਿਸੇ ਨਹੀਂ ਦੱਸਣ ਦੀ ਕੋਸ਼ਿਸ ਕੀਤੀ ਕਿਸੇ ਕਥਾਕਾਰ, ਢਾਡੀ ਜੋ ਹਮੇਸ਼ਾ ਫੜ੍ਹਾ ਮਾਰਦੇ ਰਹਿੰਦੇ ਹਨ, ਸਾਨੂੰ ਤਾਂ ਜੀ 6 ਵੇਂ ਗੁਰੂ ਸਾਹਿਬ ਨੇ ਆਪ ਥਾਪੜਾ ਦਿੱਤਾ ਸੀ। ਕਵੀਸ਼ਰਾਂ ਨੂੰ ਜਿੰਨਾ ਜਿੰਨਾ ਨੂੰ ਮੈਂ ਸੁਣਾਇਆਂ ਜੇ ਸੁਣਿਆਂ ਤਾ ਬੱਸ ਕਰਾਮਾਤ ਕਰਾਮਾਤ। ਇਹ ਸਾਖੀ ਤੋਂ ਬਹੁਤ ਹੀ ਸੰਕੇ ਉਪਜ ਦੇ ਹਨ, ਜੋ ਗੁਰਮੱਤ ਦੀ ਕਸਵੱਟੀ ‘ਤੇ ਇਹ ਸਾਖੀ ਨੂੰ ਪਰਖਿਆ ਜਾਵੇ, ਤਾਂ ਇਸ ਸਾਖੀ ਦਾ ਕੋਈ ਵਜੂਦ ਹੀ ਨਹੀਂ ਬੱਚਦਾ, ਨਾਲ ਨਾਲ ਗੁਰੂ ਦਾ ਵੀ ਨਿਰਾਦਰ ਹੁੰਦਾ ਹੈ। ਇਕ ਪਾਸੇ ਤਾਂ ਪ੍ਰਚਾਰਕ ਇਹ ਕਹਿੰਦੇ ਹਨ ਕਿ ਜੱਦ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜੇਬ ਦੀ ਕੈਦ ਸਨ, ਤਾਂ ਉਸ ਨੇ ਤੇ ਉਸ ਦੇ ਕਾਜੀਆਂ ਨੇ ਗੁਰੂ ਸਾਹਿਬ ਨੂੰ ਕਰਾਮਾਤ ਦਿਖਾਉਣ ਲਈ ਕਹਿਆ ਤਾਂ ਗੁਰੂ ਸਾਹਿਬ ਨੇ ਸਾਫ਼ ਸਾਫ਼ ਇਨਕਾਰ ਕਰ ਦਿੱਤਾ, ਗੁਰੂ ਸਾਹਿਬ ਦੇ ਮੁੱਖ ‘ਤੇ ਇਹ ਸ਼ਬਦ ਕੱਢਵਾ ਦਿੱਤੇ ਕਿ ”ਕਰਮਾਤ ਕਹਿਰ ਦਾ ਨਾਮ ਹੈ” ਜੋ ਅਸੀਂ ਨਹੀਂ ਵਿਖਾਉਣੀ ਤੇ ਦੂਜੇ ਪਾਸੇ ਗੁਰੂ ਸਾਹਿਬ ਤੋਂ ਕਰਾਮਾਤ ਨਾਲ ਡੁਬਦਾ ਜਹਾਜ਼ ਪਾਰ ਲਵਾ ਦਿੱਤਾ। ਜੇ ਗੁਰੂ ਸਾਹਿਬ ਨੇ ਕਰਾਮਾਤ ਨਾਲ ਹੀ ਜਹਾਜ਼ ਪਾਰ ਕਰਨਾਂ ਸੀ, ਤਾਂ ਮੋਢਾ ਜਖਮੀ ਕਰਨ ਦੀ ਵੀ ਲੋੜ ਸੀ। ਫੂਕ ਮਾਰਦੇ ਜਹਾਜ਼ ਪਾਰ, ਮਾਫ਼ ਕਰਨਾ ਜੇ ਕੋਈ ਹੋਰ ਧਰਮ ਦਾ ਬੰਦਾ ਕਿਸੇ ਹੋਰ ਭਾਸ਼ਾ ਵਿੱਚ ਇਸ ਸਾਖੀ ਦਾ ਅਨੁਵਾਦ ਪੜੇ, ਗੁਰੂ ਦੀ ਪੂਰੀ ਅਸਲੀਅਤ ਦਾ ਨਾਂ ਪਤਾ ਹੋਵੇ, ਫਿਰ ਉਹ ਤਾਂ ਇਹ ਹੀ ਕਹੇਗਾ, ਇਹਨਾ ਦਾ ਗੁਰੂ ਤਾ ਚੰਦ ਰੁਪਇਆ ਜਾਂ ਸੋਨੇ ਦੀਆਂ ਮੋਹਰਾਂ ਬਦਲੇ, ਲੋਕਾਂ ਦੇ ਕੰਮ ਕਰਦਾ ਹੋਵੇਗਾ। ਉਸ ਮਨੁੱਖ ਦੀ ਅਗਲੀ ਸੋਚ ਹੋਵੇਗੀ, ਇਸ ਤਰ੍ਹਾਂ ਦੀਆਂ ਸਾਖੀਆਂ ਤੋ ਤਾਂ ਇਹਨਾਂ ਦਾ ਗੁਰੂ ਲਾਲਚੀ ਹੀ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਨੂੰ ਪੜ ਕੇ ਕੋਈ ਮਨੁੱਖ ਆਪਣੀ ਭਾਸ਼ਾ ਵਿੱਚ ਆਪਣੇ ਨਜਰੀਏ ਤੋਂ ਲਿਖ ਦੇਵੇ ਤਾਂ ਫਿਰ ਅਸੀਂ ਚੀਕਾਂ ਮਾਰਦੇ ਹਾਂ ਕਿ ਸਾਡੇ ਗੁਰੂ ਸਾਹਿਬ ਦਾ ਨਿਰਾਦਰ ਕਰ ਤਾ, ਸਾਡਾ ਇਤਹਾਸ ਵਿਗਾੜ ਦਿੱਤਾ, ਅਸੀਂ ਲੋਕਾਂ ਨੂੰ ਦੋਸ਼ ਦੇਣ ਤੁਰ ਪੈਦੇ ਹਾਂ। ਕਦੇ ਅਸੀਂ ਇਹ ਵਿਚਾਰ ਕੀਤੀ ਕਿ ਇਸ ਤਰ੍ਹਾਂ ਦੀਆਂ ਸਾਖੀਆਂ ਨਾਲ ਅਸੀਂ ਆਪਣਾ ਇਤਹਾਸ ਨਹੀਂ ਵਿਗਾੜ ਰਹੇ, ਅਸੀਂ ਗੁਰੂ ਸਾਹਿਬ ਦਾ ਨਿਰਾਦਰ ਕਰ ਰਹੇ ਹਾਂ। ਜੇ ਕਿਸੇ ਨੇ ਇਸ ਤਰ੍ਹਾਂ ਦੀ ਸਾਖੀ ‘ਤੇ ਤਰਕ ਕੀਤਾ, ਤਾਂ ਅਸੀਂ ਉਸ ਦੀ ਗੱਲ ਸੁਣਨ ਦੀ ਥਾਂ ‘ਤੇ ਇਹ ਰੌਲਾ ਪਾਉਂਦੇ ਹਾਂ, ਇਸ ਨੇ ਗੁਰੂ ਸਾਹਿਬ ਦਾ ਨਿਰਾਦਰ ਕਰ ਦਿੱਤਾ, ਇਹਨੂੰ ਮਾਰ ਦਿਉ, ਵੱਢ ਦਿਉ, ਆਹ ਕਰ ਦੇਵੋ, ਉਹ ਕਰ ਦੇਵੋ ਆਦਿ। ਇਨਾਂ ਹੀ ਨਹੀਂ ਅਸੀਂ ਗੁਰੂ ਸਾਹਿਬ ਦੇ ਨਾਲ ਨਾਲ ਭਾਈ ਮੱਖਣ ਸ਼ਾਹ ਲੁਬਾਣਾ ਨਾਲ ਵੀ ਬਹੁਤ ਧੱਕਾ ਕੀਤਾ। ਭਾਈ ਮੱਖਣ ਸ਼ਾਹ ਦਾ ਗੁਰੂ ਘਰ ਪ੍ਰਤੀ ਜੋ ਸਤਿਕਾਰ ਸੀ, ਉਹ ਵੀ ਅਸੀਂ ਮਿੱਟੀ ਵਿੱਚ ਆਪ ਮਿਲਾ ਕੇ ਰੱਖ ਦਿੱਤਾ।
ਭਾਈ ਮੱਖਣ ਸ਼ਾਹ ਲੁਬਾਣਾ ਕੌਣ ਸੀ?
ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਜ਼ਿਲਾ ਜੇਹਲਮ ਦੇ ਟਾਂਡਾ ਪਿੰਡ ਦਾ ਵਸਨੀਕ ਇਹ ਲੁਬਾਣਾ ਵਪਾਰੀ ਸੀ। ਗਿਆਨੀ ਗਰਜਾ ਸਿੰਘ ਲਿਖਦੇ ਹਨ ਕਿ ਭਾਈ ਮੱਖਣ ਸ਼ਾਹ ਲੁਬਾਣਾ ਪਹਿਲੀ ਵਾਰ ੧੫ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨਾਇਕ ਦਾਸੇ ਸ਼ਾਹ ਨਾਲ ਗੁਰੂ ਅਰਜਨ ਸਾਹਿਬ ਦੇ ਦਰਸ਼ਨਾਂ ਨੂੰ ੧੬੦੪ ਈ: ੧੬੬੧ ਬਿ: ਅਮ੍ਰਿੰਤਸਰ ਆਇਆ ਸੀ। ਗਿਆਨੀ ਗਰਜਾ ਸਿੰਘ ਉਹਨਾਂ ਦਾ ਪਿੰਡ ਮੁਜਫਰਾਬਾਦ {ਕਸ਼ਮੀਰ’ ਜਿਲ੍ਹਾ ਦੇ ਮੋਟਾ ਟਾਂਡਾ ਦੇ ਵਸਨੀਕ ਲਿਖਦੇ ਹਨ। ਭਾਈ ਮੱਖਣ ਸ਼ਾਹ ਕੀਰਤਪੁਰ ਗੁਰੂ ਹਰਿ ਰਾਇ ਸਾਹਿਬ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਂਦੇ ਜਾਂਦੇ ਰਹਿਦੇ ਸਨ। ਭਾਈ ਮੱਖਣ ਸ਼ਾਹ ਦਾ ਪਰਵਾਰ ਗੁਰੂ ਨਾਲ ੫ ਵੇਂ ਗੁਰੂ ਅਰਜਨ ਸਾਹਿਬ ਤੋਂ ਹੀ ਜੁੜਿਆ ਹੋਇਆ ਸੀ। ਜੋ ਘਟਨਾ ਜਹਾਜ਼ ਡੁਬਣ ਵਾਲੀ ਸੰਨ 1664 ਈ: ਬਿ: ਸੰਨ 1721 ਦੀ ਹੈ। ਲੁਬਾਣਾ ਬੋਲੀ ਵਿੱਚ ਬੇੜੇ ਨੂੰ ਜਹਾਜ਼ ਬੋਲਦੇ ਹਨ। ਭਾਈ ਸਾਹਿਬ ਆਪਣੇ ਗੱਡਿਆਂ ‘ਤੇ ਮਾਲ ਲੱਦਿਆ ਲੈ ਕੇ ਤ੍ਰੇਮੁੰ ਨਦੀ {ਤਿੰਨਾ ਨਦੀਆਂ ਜੇਹਲਮ, ਚਿਨਾਬ, ਤੇ ਰਾਵੀ’ ਨੂੰ ਕਹਿਆ ਜਾਂਦਾ ਹੈ। ਉਸ ਜਗ੍ਹਾ ‘ਤੇ ਭਾਈ ਸਾਹਿਬ ਆਪਣੇ ਮਾਲ ਵਾਲੇ ਗੱਡੇ ਲੈ ਕੇ ਬੇੜੇ ਵਿੱਚ ਸਵਾਰ ਹੋਏ। ਇਸ ਤੋਂ ਅਗਲੀ ਕਰਾਮਾਤੀ ਸਾਖੀ ਅਸੀਂ ਸਭ ਨੇ ਪਤਾ ਨਹੀਂ ਕਿੰਨੀ ਵਾਰ ਸੁਣ ਚੁਕੇ ਹਾਂ। ਅਸਲ ਹਾਲਾਤ ਕੀ ਸਨ ਕੀ ਨਹੀਂ, ਇਹ ਤਾਂ ਭਾਈ ਸਾਹਿਬ ਹੀ ਜਾਣਦੇ ਹੋ ਸਕਦੇ ਸਨ। ਇਕ ਗੱਲ ਪੱਕੀ ਐ, ਜੇ ਕੋਈ ਬਹੁਤ ਵੱਡਾ ਤੂਫ਼ਾਨ ਆਉਣਾ ਵਾਲਾ ਹੁੰਦਾਂ, ਤਾਂ ਭਾਈ ਸਾਹਿਬ ਇਸ ਤਰ੍ਹਾਂ ਦਾ ਖਤਰਾ ਕਦੇ ਵੀ ਨਾ ਲੈਂਦੇ। ਇਸ ਤੋਂ ਸਾਫ਼ ਪਤਾ ਲਗਦਾ ਕਿ ਦਰਿਆ ਅੰਦਰ ਕੋਈ ਬਹੁਤ ਵੱਡਾ ਤੂਫ਼ਾਨ ਨਹੀਂ ਆਇਆ ਸੀ, ਵੱਡੇ ਤੂਫ਼ਾਨ ਦਰਿਆਵਾਂ ਵਿੱਚ ਬਹੁਤ ਘੱਟ ਆਉਂਦੇ ਹਨ, ਜਿਆਦਾ ਤਰ ਇਸ ਤਰ੍ਹਾਂ ਦੇ ਵੱਡੇ ਤੂਫ਼ਾਨ ਸੁਮੰਦਰਾਂ ਅੰਦਰ ਆਉਣ ਦਾ ਜਿਆਦਾ ਖਤਰਾ ਹੁੰਦਾ ਹੈ। ਇਸ ਪਿਛੇ ਇਕ ਹੋਰ ਕਾਰਨ ਨਜ਼ਰ ਆਉਂਦਾ ਹੈ, ਦਰਿਆਵਾਂ ਤੇ ਸੁਮੰਦਰਾਂ ਅੰਦਰ ਅਕਸਰ ਥੋੜੀ ਬਹੁਤੀ ਬਾਰਸ਼ ਹੁੰਦੀ ਰਹਿੰਦੀ ਹੈ। ਬੇੜੇ ਦੇ ਸੰਬਧ ਵਿੱਚ ਇਹ ਜਿਕਰ ਨਹੀਂ ਮਿਲਦਾ, ਬੇੜਾ ਭਾਈ ਸਾਹਿਬ ਦਾ ਆਪਣਾ ਸੀ ਜਾਂ ਕਿਰਾਏ ਦਾ, ਬੈਲਾਂ ‘ਤੇ ਲੱਦੇ ਮਾਲ ਨੂੰ ਲੈ ਕੇ ਜਦ ਬੇੜੇ ‘ਤੇ ਸਵਾਰ ਹੋਏ, ਇਸ ਨਦੀ ਦੇ ਭੰਵਰ ਵਿੱਚ ਜਾ ਫਸਿਆ। ਭੰਵਰ ਦਾ ਅਰਥ ਘੁਮੰਣ ਘੇਰੀ ਹੁੰਦਾ ਹੈ, ਜੇਕਰ ਭੰਵਰ ਵਿੱਚ ਬੇੜਾ ਫਸਿਆ, ਤਾਂ ਇਸ ਤੋਂ ਪ੍ਰਤੀਤ ਹੁੰਦਾ ਹੈ, ਭਾਈ ਸਾਹਿਬ ਪਹਿਲੀ ਵਾਰ ਉਸ ਪਾਸੇ ਗਏ ਹਨ। ਨਿੱਤ ਦੇ ਰਾਹੀ ਨੂੰ ਰਸਤੇ ਦਾ ਪਤਾ ਹੁੰਦਾ ਹੈ, ਇਸ ਤਰ੍ਹਾਂ ਦੀ ਗਲਤੀ ਕੋਈ ਵੀ ਵਪਾਰੀ ਨਹੀਂ ਕਰੇਗਾ ਕਿ ਰਸਤੇ ਦੇ ਖਤਰੇ ਦਾ ਪਤਾ ਹੋਣ ਦੇ ਬਾਵਜੂਦ ਵੀ ਆਪਣਾ ਮਾਲ ਉਸ ਪਾਸੇ ਸੀ ਲੈਕੇ ਜਾਵੇ। ਭਾਈ ਸਾਹਿਬ ਇਕ ਸਮਝਦਾਰ ਵਪਾਰੀ ਸਨ, ਫਿਰ ਇਸ ਤਰ੍ਹਾਂ ਦੀ ਗਲਤੀ ਕਦੇ ਨਹੀਂ ਕਰ ਸਕਦੇ। ਅਨਜਾਨ ਬੰਦਾ ਜਿਸ ਨੂੰ ਰਸਤੇ ਦਾ ਨਹੀਂ ਪਤਾ, ਉਹ ਇਸ ਤਰ੍ਹਾਂ ਦੀ ਗਲਤੀ ਕਰ ਸਕਦਾ, ਜਾਣਕਾਰ ਨਹੀਂ। ਇਸ ਤਰ੍ਹਾਂ ਦਾ ਕੋਈ ਇਤਹਾਸ ਅੰਦਰ ਕੋਈ ਜਿਕਰ ਨਹੀਂ ਮਿਲਦਾ ਕਿ ਭਾਈ ਸਾਹਿਬ ਉਸ ਰਸਤੇ ਪਹਿਲੀ ਵਾਰ ਆਪਣਾ ਮਾਲ ਲੈਕੇ ਗਏ ਸਨ। ਇਸ ਦਾ ਮਤਲਬ ਭਾਈ ਸਾਹਿਬ ਉਸ ਰਸਤੇ ਦੇ ਜਾਣਕਾਰ ਸਨ। ਇਸ ਤੋਂ ਬਾਅਦ ਇਕ ਹੋਰ ਕਾਰਨ ਨਜ਼ਰ ਆਉਂਦਾ ਹੈ। ਭਾਈ ਸਾਹਿਬ ਦੂਜੇ ਸ਼ਹਿਰਾਂ ਨੂੰ ਆਪਣਾ ਮਾਲ ਲੈ ਕੇ ਜਾਂਦੇ ਸਨ, ਇਸ ਤੋਂ ਪਤਾ ਲਗਦਾ ਹੈ ਕਿ ਭਾਈ ਸਾਹਿਬ ਕਾਫੀ ਜ਼ਿਆਦਾ ਤਾਦਾਤ ਵਿੱਚ ਆਪਣਾ ਮਾਲ ਲੈ ਕੇ ਜਾਂਦੇ ਹੋਣਗੇ, ਤਾਂ ਕਿ ਮਾਲ ਵੱਧ ਤੋਂ ਵੱਧ ਵੇਚ ਕੇ ਵੱਧ ਮੁਨਾਫ਼ਾ ਕਮਾਇਆ ਜਾ ਸਕੇ। ਮਾਲ ਜਿਆਦਾ ਹੋਣ ਕਰਕੇ ਉਸਨੂੰ ਢੱਕਣ ਦਾ ਪੂਰਾ ਬੰਦੋਬਸਤ ਨਹੀਂ ਹੋਣਾ, ਜਿਵੇਂ ਮੈਂ ਪਿਛੇ ਜਿਕਰ ਕੀਤਾ ਕਿ ਦਰਿਆਵਾਂ ਜਾਂ ਸੁਮੰਦਰਾਂ ਵਿੱਚ ਬਾਰਸ਼ ਹੋਣ ਦੀ ਜਿਆਦਾ ਸੰਭਾਵਾਨਾ ਹੁੰਦੀ ਹੈ। ਇਸ ਸਾਖੀ ਮਗਰ ਵੀ ਇਸ ਤਰ੍ਹਾਂ ਦਾ ਹੀ ਕਰਨ ਨਜਰ ਆਉਂਦਾ ਹੈ।
ਅਕਸਰ ਜਦੋਂ ਕਿਸੇ ਮਨੁਖ ਦਾ ਜਾਂਨੀ ਜਾ ਮਾਂਲੀ ਨੁਕਸਾਨ ਹੋਣ ਲਗਦਾ ਤਾਾਂ ਜਿਸ ਇਸ਼ਟ ਵਿੱਚ ਉਸ ਮਨੁੱਖ ਦਾ ਵਿਸ਼ਵਾਸ, ਭਰੋਸਾ ਉਸ ਅਗੇ ਹੀ ਆਪਣੀ ਤਨ ਮਨ ਇਕ ਕਰਕੇ ਅਰਦਾਸ ਕਰਦਾ ਹੈ। ਫਿਰ ਹੋਵੇ ਗੁਰੂ ਨਾਨਕ ਦੇ ਘਰ ਦਾ ਸੱਚਾ ਸਿੱਖ, ਗੁਰੂ ‘ਤੇ ਹੋਵੇ ਪੂਰਨ ਭਰੋਸਾ, ਸੱਚੇ ਮਨ ਨਾਲ ਕੀਤੀ ਅਰਦਾਸ ਪੂਰੀ ਗੁਰੂ ਕਰਦਾ ਹੈ। ਸੱਚੇ ਸਿੱਖ ਦੀ ਤਨਮਨ ਨਾਲ ਕੀਤੀ ਅਰਦਾਸ ਨੂੰ ਲਿਖਣ ਵਾਲਿਆਂ ਲਿਖਾਰੀਆਂ ਨੇ ਕਰਮਾਤੀ ਰੰਗ ਦੇ ਕੇ ਪੇਸ਼ ਕੀਤਾ ਤੇ ਸਾਡੇ ਪ੍ਰਚਾਰਕਾਂ ਨੇ ਇਸ ਨੂੰ ਉਹ ਪ੍ਰਚਾਰਿਆ, ਉਹ ਪ੍ਰਚਾਰਿਆ ਕਿ ਸਾਖੀ ਦਾ ਅਸਲ ਵਜੂਦ ਹੀ ਖਤਮ ਕਰਕੇ, ਸਾਖੀ ਦੀ ਅਸਲ ਸਿਖਿਆ ਹੀ ਖਤਮ ਕਰ ਦਿੱਤੀ। ਜਿਥੋਂ ਤੱਕ ਮੋਹਰਾਂ ਦਾ ਸਵਾਲ ਏ, ਭਾਈ ਸਾਹਿਬ ਨੇ ਦੋ ਮੋਹਰਾਂ ਦਾ ਮੱਥਾ ਟੇਕਿਆ ਤੇ ਗੁਰੂ ਸਾਹਿਬ ਨੇ ਬਾਕੀ ਮੋਹਰਾਂ ਦੀ ਮੰਗ ਕੀਤੀ। ਗੁਰੂ ਕੋਈ ਪੈਸੇ ਦਾ ਭੁੱਖਾ ਨਹੀਂ ਮੋਹਰਾਂ ਲਈਆਂ ਤੇ ਕੰਮ ਕਰ ਦਿੱਤਾ, ਇਸ ਹਿਸਾਬ ਨਾਲ ਤਾਂ ਫਿਰ ਅਗੇ ਅਮੀਰਾਂ ਦੀ ਅਰਦਾਸ ਹੀ ਪ੍ਰਵਾਨ ਹੋਵੇਗੀ, ਗੁਰੂ ਗਰੀਬਾਂ ਲਈ ਕਦੇ ਸਹਾਈ ਨਹੀਂ ਹੋਵੇਗਾ, ਸੁੱਖਾਂ ਸੁਖਨਾਂ ਗੁਰਮੱਤ ਤੋਂ ਅਨਜਾਣ ਲੋਕਾਂ ਦਾ ਕੰਮ ਐ, ਨਾ ਕਿ ਗੁਰੂ ਦੀ ਮੱਤ ‘ਤੇ ਚੱਲਣ ਵਾਲੇ ਸਿੱਖ ਦਾ। ਗੁਰਮੱਤ ‘ਤੇ ਚੱਲਣ ਵਾਲਾ ਸਿੱਖ ਦਸਵੰਧ ਦਿੰਦਾ ਨਾ ਕੇ ਸੁੱਖਨਾਂ ਸੁੱਖ ਦਾ। ਅਗੇ ਗਿਆਨੀ ਗਰਜਾ ਸਿੰਘ ਲਿਖਦੇ ਹਨ, ਭਾਈ ਮੱਖਣ ਸ਼ਾਹ ਲੁਬਾਣਾ ਸੰਨ ੧੬੬੪ ਈ: ਬਿ:੧੭੨੧ ਨੂੰ ਕੱਤਕ ਦੀ ਦੀਪਮਾਲਾ ਨੂੰ ਬਾਬੇ ਬਕਾਲੇ ਆਇਆ ਸੀ।ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਤੇ ੧੬੬੪ ਇ: ਬਿ: ੧੭੨੧ ਭਾਦਰੋ ਦੀ ਮਹੀਨੇ ਦੀ ਮੱਸਿਆ ਨੂੰ ਬਿਰਾਜ ਮਾਨ ਹੋਏ ਸਨ।
ਭਾਈ ਸਾਹਿਬ ਆਪਣੇ ਪਰਵਾਰ ਸਮੇਤ ਗੁਰੂ ਸਾਹਿਬ ਅਗੇ ਕੀਤੀ ਅਰਦਾਸ ਦਾ ਸ਼ੁਕਰਾਨਾ ਕਰਨ ਗੁਰੂ ਦੇ ਦਰ ‘ਤੇ ਆਏ ਤਾਂ ਅਗੇ ਹੋਰ ਹੀ ਤਮਾਸ਼ਾ ਧੀਰ ਮੱਲ ਦੇ ਮਸੰਦਾ ਨੇ ਸੁਰੂ ਕੀਤਾ ਹੋਇਆ ਸੀ। ਜਿਸ ਤਰ੍ਹਾਂ ਪਿਰਥੀ ਚੰਦ ਦੇ ਮਸੰਦਾਂ ਨੇ ਗੁਰੂ ਘਰ ਜਾਣ ਵਾਲੀ ਸੰਗਤ ਨੂੰ ਗੁੰਮਰਾਹ ਕਰਕੇ, ਪਿਰਥੀ ਚੰਦ ਦੇ ਡੇਰੇ ‘ਤੇ ਲਿਜਾਣਾ ਸ਼ੁਰੂ ਕਰ ਦਿੱਤਾ ਸੀ। ਉਸ ਵਕਤ ਭਾਈ ਗੁਰਦਾਸ ਨੇ ਤੇ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਪਿਰਥੀ ਚੰਦ ਵੱਲ ਜਾਣ ਤੋਂ ਰੋਕ ਕੇ ਅਸਲੀ ਗੁਰੂ ਬਾਰੇ ਦਸਿਆ ਸੀ। ਇਹ ਹੀ ਕੰਮ ਭਾਈ ਮੱਖਣ ਸ਼ਾਹ ਲੁਬਾਣਾ ਨੇ ਕੀਤਾ, ਜੱਦ ਉਹਨਾ ਦੇਖਿਆ ਧੀਰ ਮੱਲ ਦੇ ਮਸੰਦ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਉਹਨਾ ਦਿਨਾਂ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਕਾਫੀ ਸੰਗਤ ਆ ਰਹੀ ਸੀ, ਜਿੰਨਾ ਨੂੰ ਗੁਰੂ ਸਾਹਿਬ ਬਾਰੇ ਨਹੀਂ ਪਤਾ ਸੀ, ਉਹਨਾ ਤੱਕ ਆਪਣੀ ਆਵਾਜ਼ ਨੂੰ ਪੁਹੁੰਚਾਉਣਾ ਜ਼ਰੂਰੀ ਸੀ। ਅੱਜ ਵਾਂਗ ਕੋਈ ਸਪੀਕਰ ਤਾਂ ਉਸ ਵਕਤ ਨਹੀਂ ਸਨ, ਸੋ ਭਾਈ ਸਾਹਿਬ ਕੋਠੇ ਚੜ ਕੇ ਰੌਲਾ ਪਾਇਆ, ਲੋਕੋ ਗੁਰੂ ਉਧਰ ਨਹੀਂ, ਅਸਲ ਗੁਰੂ ਤਾਂ ਇਧਰ ਹੈ। ਅਸਲ ਗੁਰੂ ਤਾਂ ਅਸੀਂ ਹੁਣ ਗੁਵਾਈ ਬੇਠੇ ਹਾਂ, ਕੋਈ ਕਿਸੇ ਸਾਧ ਦੇ ਡੇਰੇ ਕੋਈ ਕਿਸੇ ਮੜੀ ‘ਤੇ ਕੋਈ ਬੀੜੀਆਂ ਪੀਣ ਵਾਲੇ ਔਖਤੀ ਮਸਤਾਂ ਦੇ ਡੇਰੇ ‘ਤੇ, ਅੱਜ ਫਿਰ ਭਾਈ ਮੱਖਣ ਸ਼ਾਹ ਲੁਬਾਣਾ, ਭਾਈ ਗੁਰਦਾਸ, ਬਾਬਾ ਬੁੱਢਾ ਦੀ ਸਖਤ ਲੋੜ ਐ, ਤਾਂ ਕਿ ਉਹ ਸਿੱਖਾਂ ਨੂੰ ਗੁਰੂ ਨਾਲ ਫਿਰ ਜੋੜ ਸਕਣ।
ਜਿਸ ਵਕਤ ਖਾਲਸਾ ਪ੍ਰਗਟ ਕੀਤਾ ਗਿਆ ਸੀ, ਉਸ ਵਕਤ ਭਾਈ ਮੱਖਣ ਸ਼ਾਹ ਲੁਬਾਣਾ ਦੇ ਤਿੰਨ ਪੁਤਰਾਂ ਨੇ ਖੰਡੇ ਦੀ ਪਾਹੁਲ ਲਈ ਸੀ। ਭਾਈ ਚੰਦਾ ਸਿੰਘ, ਭਾਈ ਲਾਲ ਸਿੰਘ, ਭਾਈ ਕੁਸ਼ਾਲ ਸਿੰਘ । ਖੁਸ਼ਹਾਲ ਸਿੰਘ ਵੀ ਕਹਿਆ ਜਾਂਦਾ ਹੈ। ਕੁਸ਼ਾਲ ਸਿੰਘ ਗੁਰੂ ਸਾਹਿਬ ਦੀ ਫੌਜ ਵਿੱਚ ਸ਼ਾਮਲ ਸੀ । 1 ਸਤੰਬਰ 1700 ਦੇ ਦਿਨ ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਹਮਲਾ ਕੀਤਾ, ਤਾਂ ਭਾਈ ਕੁਸ਼ਾਲ ਸਿੰਘ ਵੀ ਲੋਹਗੜ ਕਿਲ੍ਹੇ ਦੇ ਅੰਦਰ ਸੀ। ਭਾਈ ਕੁਸ਼ਾਲ ਸਿੰਘ ਬੜਾ ਦਲੇਰ ਜੰਗਜੂ ਯੋਧਾ ਸੀ, ਇਹ ਉਹ ਲੜਾਈ ਹੈ ਜਿਸ ਵਿੱਚ ਭਾਈ ਬਚਿੱਤਰ ਸਿੰਘ ਨੇ ਸ਼ਰਾਬੀ ਹਾਥੀ ਨਾਲ ਲੜਾਈ ਕੀਤੀ ਸੀ।

-ਜਗਪਾਲ ਸਿੰਘ ਸਰੀ ਕੈਨੇਡਾ