ਗੈਸੀ ਚੁੱਲ੍ਹਾ (ਵਿਅੰਗ)

ਗੈਸੀ ਚੁੱਲ੍ਹਾ (ਵਿਅੰਗ)

– ਪਿੰਡ ਦੀ ਸੱਥ ਵਿੱਚੋਂ

ਜੇਠ ਦੀ ਗਰਮੀ ਦਾ ਦੁਪਹਿਰਾ ਢਲਦਿਆਂ ਹੀ ਲੋਕ ਆਪੋ ਆਪਣੇ ਘਰੋਂ ਦੁਪਹਿਰ ਦੀ ਚਾਹ ਪੀ ਕੇ ਪਿੰਡ ਦੀ ਸੱਥ ਵਿੱਚ ਦੋਬਾਰਾ ਫੇਰ ਇਕੱਠੇ ਹੋਣ ਲੱਗ ਪਏ। ਪਿੰਡ ਦੀ ਵੱਡੀ ਉਮਰ ਦੇ ਬਜ਼ੁਰਗ ਸੱਥ ਵਾਲੇ ਥੜ੍ਹੇ ਉੱਪਰ ਇੱਕ ਪਾਸੇ ਬੈਠ ਕੇ ਆਪਣੀਆਂ ਗੱਲਾਂ ਵਿੱਚ ਰੁੱਝ ਗਏ। ਦੂਜੇ ਪਾਸੇ ਤਾਸ਼ ਕੁੱਟਣ ਵਾਲਿਆਂ ਨੇ ਵੀ ਆਪਣਾ ਅਖਾੜਾ ਜਮਾ ਲਿਆ, ਜਿਹੜੇ ਬਾਕੀ ਦੇ ਰਹਿ ਗਏ ਉਹ ਤਾਸ਼ ਖੇਡਣ ਵਾਲਿਆਂ ਦੇ ਇੱਕ ਇੱਕ ਦੇ ਨਾਲ ਦੋ ਦੋ-ਤਿੰਨ ਤਿੰਨ ਜਣੇ ਸੁਆਦ ਲੈਣ ਵਾਲਿਆਂ ‘ਚ ਜਾਂ ਫਿਰ ਜਿਹੜੇ ਤਾਸ਼ ਖੇਡਣ ਜਾਣਦੇ ਸੀ ਪਰ ਖੇਡਣ ਦੀ ਵਾਰੀ ਨਹੀਂ ਸੀ ਮਿਲੀ ਉਹ ਖੇਡਣ ਵਾਲਿਆਂ ਦੇ ਹੱਥ ਵਿੱਚੋਂ ਪੱਤਾ ਖਿੱਚ ਕੇ ਸੁੱਟਣ ਵਾਲਿਆਂ ‘ਚ ਹੋ ਗਏ। ਏਨੇ ਨੂੰ ਪਿੰਡ ਦੇ ਅੱਠ-ਦਸ ਬੰਦੇ ਉੱਚੀ ਉੱਚੀ ਗੱਲਾਂ ਕਰਦੇ ਅਤੇ ਹੱਸਦੇ ਹੋਏ ਸੱਥ ਵੱਲ ਨੂੰ ਆ ਰਹੇ ਸਨ। ਇਕੱਠੇ ਹੋਏ ਬੰਦਿਆਂ ਨੂੰ ਵੇਖ ਕੇ ਸੱਥ ਵਿੱਚ ਬੈਠੇ ਸਾਰੇ ਹੀ ਉਨ੍ਹਾਂ ਵੱਲ ਇਉਂ ਵੇਖਣ ਲੱਗ ਪਏ ਜਿਵੇਂ ਕੁਵੇਲੇ ਜਿਹੇ ਪਿੰਡ ‘ਚ ਆਈ ਪੁਲੀਸ ਨੂੰ ਲੋਕ ਕੰਧਾਂ ਉੱਤੋਂ ਦੀ ਵੇਖਦੇ ਹੋਣ। ਜਿਉਂ ਹੀ ਉਹ ਸੱਥ ਵਾਲੇ ਥੜ੍ਹੇ ਦੇ ਨੇੜੇ ਹੋਏ ਤਾਂ ਬਾਬੇ ਲਾਲ ਸਿਉਂ ਨੇ ਆਪਣੀ ਤਿੱਖੀ ਆਵਾਜ਼ ਵਿੱਚੋਂ ਮੂਹਰੇ ਆਉਂਦੇ ਸੁੱਖੇ ਨੂੰ ਪੁੱਛਿਆ,
”ਸੁੱਖਾ ਸਿਆਂ! ਖ਼ੈਰ ਐ, ਇਹ ਕਾਹਦਾ ‘ਕੱਠ ਜਾ ਕਰੀ ਫਿਰਦੇ ਓਂ?”
ਸੁੱਖਾ ਤਾਂ ਅਜੇ ਬੋਲਿਆ ਨਾ ਪਰ ਨਾਲ ਆਉਂਦੇ ਨਾਥੇ ਅਮਲੀ ਨੇ ਪਹਿਲਾਂ ਹੀ ਸਪੀਕਰ ਖੜਕਾ ਦਿੱਤਾ, ”ਕਾਹਦੀ ਗੱਲ ਐ ਬਾਬਾ, ਆਹ ਹਾਕਮ ਫੌਜੀ ਕੇ ਚਰਨੇ ਨੇ ਆਵਦੀ ਬਹੂ ਕੁੱਟੀ, ਉਹਨੂੰ ਛਡਾਉਣ ਗਏ ਸੀ।”
ਬਾਬੇ ਲਾਲ ਸਿਉਂ ਦੇ ਨਾਲ ਬੈਠਾ ਚਰਨੇ ਦਾ ਗੁਆਂਢੀ ਬਾਬੂ ਨਹਿੰਗ ਕਹਿੰਦਾ, ”ਉਹ ਤਾਂ ਤੜਕੇ ਦਾ ਸ਼ਹਿਰ ਨੂੰ ਗਿਆ ਵਿਆ।”
‘ਕੱਠ ਦੇ ਨਾਲ ਤੁਰਿਆ ਆਉਂਦਾ ਭਾਨੀ ਮਾਰਾਂ ਦਾ ਬਿੱਲੂ ਕਹਿੰਦਾ, ”ਸ਼ਹਿਰੋਂ ਆ ਕੇ ਤਾਂ ਉਹ ਖੇਤ ਨੂੰ ਚਲਾ ਗਿਆ ਸੀ ਕੱਸੀ ਦੇ ਪਾਣੀ ਦੀ ਵਾਰੀ ਲਾਉਣ, ਪਰ ਜਦੋਂ ਹੁਣ ਘਰ ਆਇਆ ਤਾਂ ਪਾਣੀ ਨ੍ਹੀ ਪੀਤਾ ਧਾਣੀ ਨ੍ਹੀ ਪੀਤਾ, ਖੇਤੋਂ ਆਉਂਦੇ ਨੇ ਹੀ ਢੱਡ ਆਂਗੂੰ ਖੜਕਾ ‘ਤੀ ਬਹੂ। ਕੁੱਟ ਕੁੱਟ ਕੇ ਢਹੇ ਗਹੀਰੇ ਅਰਗੀ ਕਰ ‘ਤੀ।”
ਬਾਬੇ ਲਾਲ ਸਿਉਂ ਨੇ ਬੜੇ ਦੁੱਖ ਨਾਲ ਪੁੱਛਿਆ, ”ਕੀ ਗੱਲ ਹੋ ਗੀ ਬਈ, ਕਾਹਤੋਂ ਕੁੱਟੀ ਬਹੂ ਉਹਨੇ?”
ਜੀਤਾ ਮੌੜ ਕਹਿੰਦਾ, ”ਮੈਂ ਦੱਸਦਾਂ ਬਾਬਾ ਤੈਨੂੰ ਕੀ ਗੱਲ ਹੋਈ ਐ। ਚਰਨਾਂ ਸ਼ਹਿਰੋਂ ਆੜ੍ਹਤੀਏ ਤੋਂ ਜਾ ਕੇ ਆਹ ਚਾਹ ਰੋਟੀ ਬਣਾਉਣ ਆਲਾ ਗੈਂਸੀ ਚੁੱਲ੍ਹਾ ਲਿਆਕੇ ਘਰ ਰੱਖ ਗਿਆ। ਆਪ ਖੇਤ ਨੂੰ ਚਲਾ ਗਿਆ ਪਾਣੀ ਦੀ ਵਾਰੀ ਲਾਉਣ ਤੇ ਬਹੂ ਨੂੰ ਜਾਂਦਾ ਜਾਂਦਾ ਕਹਿ ਗਿਆ ‘ਮੈਂ ਆ ਕੇ ਤੈਨੂੰ ਦੱਸਦਾਂ ਇਹ ਕਿਵੇਂ ਚਲਾਉਣੈ, ਤੂੰ ਇਹਨੂੰ ਛੇੜੀਂ ਨਾ’। ਉਹ ਤਾਂ ਬਾਬਾ ਚਲਿਆ ਗਿਆ ਖੇਤ ਨੂੰ, ਬਹੂ ਰਾਣੀ ਨੇ ਸੋਚਿਆ ਬਈ ਉਹ ਤਾਂ ਖ਼ਬਰੇ ਕਦੋਂ ਮੁੜੂ, ਮੈਂ ਉਹਦੇ ਆਉਂਦੇ ਨੂੰ ਨਾਲੇ ਤਾਂ ਚਲਾਉਣਾ ਸਿੱਖ ਲੈਨੀਂ ਆਂ ਨਾਲੇ ਚਾਹ ਬਣਾਕੇ ਪੀ ਲਾਂ। ਬਹੂ ਨੇ ਕੀ ਕੀਤਾ ਬਾਬਾ, ਗੈਂਸ ਜਾ ਚਲਾਕੇ ਸੀਖਾਂ ਵਾਲੀ ਡੱਬੀ ਨਾਲ ਅੱਗ ਮਚਾ ਲੀ। ਬੱਸ ਫੇਰ ਜਿੰਨਾਂ ਚਿਰ ਬਾਬਾ ਗੈਂਸ ਆਲ਼ਾ ਢੋਲ ਜਾ ਮੁੱਕਿਆ ਨ੍ਹੀ ਨਾ, ਅੱਗ ਨਾ ਬੁਝੀ।”
ਨਾਥਾ ਅਮਲੀ ਵਿਅੰਗ ਕਸਕੇ ਕਹਿੰਦਾ, ”ਫੇਰ ਤਾਂ ਮੰਡੀਉਂ ਅੱਗ ਬਝਾਉਣ ਆਲੀ ਗੱਡੀ ਆਈ ਹੋਣੀ ਆਂ, ਨਾਲੇ ਉਹ ਢੋਲ ਜੇ ਨੂੰ ਤਾਂ ਅੱਗ ਬੰਦ ਹੋਈ ਤੋਂ ਈਂ ਸਾਹ ਆਇਆ ਹੋਣਾ।”
ਸਾਰੇ ਜਣੇ ਗੱਲ ਤਾਂ ਗੈਸ ਦੀ ਕਰੀ ਜਾਂਦੇ ਸੀ ਪਰ ਨਾਥੇ ਅਮਲੀ ਦੀ ਭੋਰਾ ਟਾਂਕੀ ਹੋਈ ਜਿਉਂ ਜਿਉਂ ਖੁਰੀ ਗਈ ਤਿਉਂ ਤਿਉਂ ਹੀ ਉਹ ਤੋਪ ਦੇ ਗੋਲ਼ੇ ਵਾਂਗੂੰ ਵਰ੍ਹੀ ਤੁਰਿਆ ਗਿਆ। ਕੋਲ ਬੈਠੇ ਮੇਜਰ ਮਾਸਟਰ ਨੂੰ ਕਹਿੰਦਾ, ”ਕਿਉਂ ਬਈ ਮਾਹਟਰ! ਆਪਣੇ ਪਿੰਡ ‘ਚ ਹੋਰ ਵੀ ਐ ਕਿਸੇ ਦੇ ਇਹ ਬਹੂ ਕੁੱਟਣਾ ਪੰਗਾ ਜਾ?”
ਬਾਬੇ ਲਾਲ ਸਿਉਂ ਨੇ ਅਮਲੀ ਨੂੰ ਘੂਰ ਕੇ ਚੁੱਪ ਕਰਾਉਂਦਿਆਂ ਕਿਹਾ, ”ਚੁੱਪ ਕਰ ਉਏ ਅਮਲੀਆ, ਪਹਿਲਾਂ ਸੁਣ ਲਾ ਬਈ ਬਹੂ ਕੁੱਟੀ ਕਾਹਤੋਂ ਐਂ, ਫੇਰ ਭਜਾ ਲੀਂ ਆਵਦਾ ਘੋੜਾ। ਨਾਲੇ ਕਿਸੇ ‘ਤੇ ਪਏ ਵਖ਼ਤ ਦੇ ਖਰੀਂਢ ‘ਚੇੜੀ ਦੇ ਨ੍ਹੀ ਹੁੰਦੇ।”
ਬਾਬੇ ਨੇ ਸਾਰਿਆਂ ਨੂੰ ਚੁੱਪ ਕਰਾ ਕੇ ਭਾਨੀ ਮਾਰਾਂ ਦੇ ਬਿੱਲੂ ਤੋਂ ਸਾਰੀ ਗੱਲ ਦਾ ਜਾਇਜ਼ਾ ਲੈਣਾ ਚਾਹਿਆ ਕਿਉਂਕਿ ਬਿੱਲੂ ਦੇ ਘਰ ਵਾਲੀ ਨੂੰ ਸਾਰੀ ਕਹਾਣੀ ਦਾ ਚੰਗੀ ਤਰਾਂ ਪਤਾ ਸੀ। ਬਿੱਲੂ ਨੂੰ ਆਪਣੇ ਕੋਲ ਬਿਠਾ ਕੇ ਬਾਬੇ ਨੇ ਪੁੱਛਿਆ,
”ਹਾਂ ਬਈ ਸ਼ੇਰਾ, ਤੂੰ ਦੱਸ ਕਿਵੇਂ ਹੋਈ ਐ ਗੱਲ?”
ਤੋਰ ਲੀ ਫਿਰ ਬਿੱਲੂ ਨੇ ਹੀਰ। ਬਾਬੇ ਦੇ ਕੰਨ੍ਹੇ ਨਾਲ ਲੱਗ ਕੇ ਕਹਿੰਦਾ, ”ਮੇਰੀ ਤਾਂ ਬਾਬਾ ਇੱਕੋ ਹੀ ਗੱਲ ਹੁੰਦੀ ਐ, ਬਈ ਜਦੋਂ ਕਿਸੇ ਨੂੰ ਕੋਈ ਚੀਜ਼ ਚਲਾਉਣੀ ਨ੍ਹੀ ਆਉਂਦੀ ਤਾਂ ਬੰਦਾ ਉਹ ਚੀਜ਼ ਨੂੰ ਹੱਥ ਕਿਉਂ ਲਾਉਂਦਾ। ਗੱਲ ਤਾਂ ਬਾਬਾ ਇਉਂ ਹੋਈ ਬਈ ਆਪਣੇ ਪਿੰਡ ਆਲੇ ਖੇਤੇ ਆੜ੍ਹਤੀਏ ਨੇ ਆਹ ਚਾਹ ਰੋਟੀ ਬਣਾਉਣ ਆਲੇ ਗੈਂਸ ਦਾ ਡੀਪੂ ਲੈ ਲਿਆ। ਮੈਂ ਤੇ ਚਰਨਾਂ ਕਿਤੇ ਓਹਦੇ ਕੋਲ ਸ਼ਹਿਰ ਚਲੇ ਗਏ ਉਹਦੀ ਹੱਟ ‘ਤੇ। ਖੇਤਾ ਉਹਨੂੰ ਕਹਿੰਦਾ ‘ਚਰਨ ਸਿਆਂ! ਚੁੱਲ੍ਹੇ ‘ਚ ਫੂਕਾਂ ਮਾਰ ਮਾਰ ਸਰਦਾਰਨੀ ਤਾਂ ਕਮਲੀ ਹੋ ਗੀ ਹੋਣੀ ਐਂ, ਆਹ ਆਪਣੇ ਕੋਲ ਚਾਹ ਰੋਟੀ ਬਣਾਉਣ ਆਲੇ ਗੈਸੀ ਚੁੱਲ੍ਹੇ ਆ ਗੇ ਐ, ਤੂੰ ਵੀ ਲੈ ਜਾ ਇੱਕ, ਮੌਜ਼ ਕਰੂਗੀ ਸਰਦਾਰਨੀ, ਨਾਲੇ ਕਾਹਦੀ ਖਾਤਰ ਕਮਾਉਂਣੈਂ ਪੈਸਾ ਜੇ ਸੁੱਖ ਈ ਨਾ ਲਿਆ ਤਾਂ।’ ਬੱਸ ਫੇਰ ਬਾਬਾ, ਐਸਾ ਆਇਆ ਚਰਨਾਂ ਆੜ੍ਹਤੀਏ ਦੀ ਫੁਕ ‘ਚ, ਘਰ ਆ ਕੇ ਬਹੂ ਨੂੰ ਕਹਿੰਦਾ ‘ਆਪਣੇ ਆੜ੍ਹਤੀਏ ਨੇ ਵੀ ਗੈਂਸੀ ਚੁੱਲ੍ਹਿਆਂ ਦਾ ਡੀਪੂ ਲੈ ਲਿਆ’। ਗੈਸ ਦਾ ਨਾਂ ਸੁਣਕੇ ਬਹੂ ਨੇ ਝੱਟ ਕਹਿ ‘ਤਾ ‘ਵੇਖ ਖਾਂ ਜਦੋਂ ਆਪਾਂ ਭੂਆ ਕੇ ਪਿੰਡ ਗਏ ਸੀ ਉਨ੍ਹਾਂ ਦੇ ਗੁਆਂਢੀਆਂ ਦੇ ਸੀ, ਧੂੰਏਂ ਧਾਂਏਂ ਆਲੀ ਤਾਂ ਭੋਰਾ ਵੀ ਕੋਈ ਗੱਲ ਨ੍ਹੀ ਸੀ। ਬਲ੍ਹਾਈਂ ਚੰਗੀ ਚੀਜ਼ ਐ, ਮੈਂ ਵੇਖੀ ਐ। ਉਹ ਤਾਂ ਮੈ ਵੀ ਚਲਾ ਲੂੰ ਗੀ। ਜਾਹ ਤੜਕੇ ਨੂੰ ਸੱਤ ਆਲੀ ਬੱਸ ਚੜ੍ਹ ਜਾ, ਜਾ ਕੇ ਲੈ ਆ। ਪੈਸੇ ਕਪਾਹ ਚੁਗ ਕੇ ਦੇ ਦਿਆਂਗੇ’। ਬੱਸ ਫੇਰ ਬਾਬਾ, ਚਰਨਾਂ ਸੱਤ ਆਲੀ ਚੜ੍ਹਿਆ ਬੱਸ, ਦੋ ਵਜਦੇ ਨੂੰ ਤਾਰੇ ਦੀ ਉੱਠ ਗੱਡੀ ‘ਤੇ ਦੋ ਲਾਲ ਜੇ ਢੋਲ ਤੇ ਇੱਕ ਗੈਂਸੀ ਚੁੱਲ੍ਹਾ ਜਾ ਲੱਦ ਲਿਆਇਆ। ਘਰ ਲਿਆਕੇ ਸਾਰਾ ਸਮਾਨ ਫਿੱਟ ਕਰਕੇ ਆਪ ਤਾਂ ਚਰਨਾਂ ਖੇਤ ਨੂੰ ਚਲਾ ਗਿਆ ਤੇ ਜਾਂਦਾ ਜਾਂਦਾ ਬਹੂ ਨੂੰ ਕਹਿ ਗਿਆ ਕਿ ਮੈਂ ਆ ਕੇ ਚਲਾਊਂ ਤੂੰ ਛੇੜੀਂ ਨਾ ਏਹਨੂੰ। ਚਰਨਾਂ ਤਾਂ ਉਠ ਗਿਆ ਖੇਤ ਨੂੰ, ਪਿੱਛੋਂ ਬਹੂ ਨੇ ਚੁੱਲ੍ਹੇ ਦੀ ਕਾਲੀ ਭਮੀਰੀ ਜੀ ਘੁਮਾਈ ਤੇ ਗੈਸ ਛੱਡ ਕੇ ਸੀਖਾਂ ਆਲੀ ਡੱਬੀ ਨਾਲ ਅੱਗ ਮਚਾਕੇ ਚਾਹ ਕਰਨ ਨੂੰ ਪਾਣੀ ਵਾਸਤੇ ਬਾਲਟੀ ਚੱਕ ਕੇ ਨਲਕੇ ਨੂੰ ਭੱਜ ਤੁਰੀ। ਜਾਂਦੀ ਨੂੰ ਨਲਕੇ ਦਾ ਪਾਣੀ ਉੱਤਰਿਆ ਵਿਆ। ਓੱਥੋਂ ਜਿਉਂ ਭੱਜੀ ਬਾਲਟੀ ਲੈ ਕੇ, ਮਿੱਠੂ ਬਾਵੇ ਕੇ ਘਰੇ ਚਲੀ ਗਈ। ਪਿੱਛੇ ਗੈਸ ਮੱਚੀ ਜਾਵੇ। ਆਪ ਪਾਣੀ ਲੈਣ ਗਈ ਮਿੱਠੂ ਦੀ ਬਹੂ ਨਾਲ ਗੱਲੀਂ ਪੈ ਗੀ। ਸਾਰੇ ਪਿੰਡ ਦੀਆਂ ਚੁਗਲੀਆਂ ਕਰ ਕਰ ਦੋਹਾਂ ਨੇ ਪਿੰਡ ਬਰਫ਼ ‘ਚ ਲਾ ‘ਤਾ, ਗੈਸ ਦਾ ਚੇਤਾ ਭੁੱਲ ਗੀ। ਫੇਰ ਪਾਣੀ ਦੀ ਬਾਲਟੀ ਭਰਕੇ ਆਵਦੇ ਨਲਕੇ ‘ਚ ਪਾਣੀ ਪਾ ਕੇ ਨਲਕੇ ਦਾ ਉੱਤਰਿਆ ਵਿਆ ਪਾਣੀ ਚੜ੍ਹਾਉਣ ਲੱਗ ਪਈ। ਇਉਂ ਨ੍ਹੀ ਸੋਚਿਆ ਕਮਲੀ ਨੇ ਬਈ ਪਾਣੀ ਕੱਢਣ ਤੋਂ ਪਹਿਲਾਂ ਜਿਹੜਾ ਪਾਣੀ ਬਾਵੇ ਕੇ ਘਰੋਂ ਲਿਆਂਦਾ ਉਹਦੇ ਨਾਲ ਚਾਹ ਤਾਂ ਬਣਾ ਲਵਾਂ। ਪਹਿਲਾਂ ਤਾਂ ਚੁਗਲੀਆਂ ‘ਚ ਟੈਮ ਖਰਾਬ ਕਰ ‘ਤਾ ਸਾਰਾ, ਫੇਰ ਡੰਗਰ ਜੀ ਨੇ ਆਵਦੇ ਨਲਕੇ ‘ਚੋਂ ਪਾਣੀ ਕੱਢਣ ਤੇ ਘੰਟਾ ਲਾ ‘ਤਾ। ਜਦੋਂ ਨਲਕੇ ‘ਚੋਂ ਪਾਣੀ ਕੱਢ ਕੇ ਚੌਂਤਰੇ ‘ਤੇ ਲੈ ਕੇ ਗਈ ਤਾਂ ਜਾਂਦੀ ਨੂੰ ਗੈਂਸ ਆਲੇ ਢੋਲ ਜੇ ਦਾ ਬਸਕੀਟੂ ਬੋਲ ਗਿਆ। ਸ਼ਾਮ ਨੂੰ ਜਦੋਂ ਚਰਨਾਂ ਖੇਤੋਂ ਘਰ ਮੁੜਿਆ ਤਾਂ ਆਉਂਦੇ ਨੂੰ ਮੰਜੇ ਦੀ ਪੈਂਦ ਤੇ ਇਉਂ ਸਿਰ ਸਿੱਟੀ ਬੈਠੀ ਜਿਵੇਂ ਬਾਂਦਰ ਰੁੱਸਿਆ ਬੈਠਾ ਹੁੰਦਾ। ਬੱਸ ਫੇਰ ਬਾਬਾ, ਜਦੋਂ ਚਰਨੇ ਨੂੰ ਪਤਾ ਲੱਗਿਆ ਬਈ ਚੰਦ ਤਾਂ ਚਾੜ੍ਹ ‘ਤਾ, ਕਸ ਤੀਆਂ ਫੇਰ ਨਬਜਾਂ ਚਰਨੇ ਨੇ, ਕੁੱਟ ਕੁੱਟ ਸਾਨ੍ਹ ਦੇ ਢਾਹੇ ਤੰਦੂਰ ਅਰਗੀ ਕਰ ‘ਤੀ। ਜਦੋਂ ਪਿਆ ਚੀਕ ਚੰਘਿਆੜਾ, ਫੇਰ ਆਂਢ ਗੁਆਂਢ ਆਇਆ ਉੱਠ ਕੇ। ਜਦ ਜਾ ਕੇ ਲੋਕਾਂ ਨੇ ਛੁਡਾਈ ਫਿਰ। ਨਹੀਂ ਤਾਂ ਕੋਈ ਨਾ ਕੋਈ ਜਾਹ ਜਾਂਦੀ ਕਰ ਦਿੰਦਾ।”
ਏਨੀ ਗੱਲ ਦੱਸ ਕੇ ਬਿੱਲੂ ਤਾਂ ਅਜੇ ਚੁੱਪ ਹੀ ਕਰਿਆ ਸੀ ਤੇ ਨਾਥੇ ਅਮਲੀ ਨੇ ਫੇਰ ਪਾ ਤਾ ਰਾਮ ਘਚੋਲ਼ਾ। ਆਵਦਾ ਅਮਲੀਆਂ ਆਲਾ ਡਮਰੂ ਖੜਕਾ ਕੇ ਕਹਿੰਦਾ,
”ਐਡੀ ਛੇਤੀ ਕਿਵੇਂ ਮੁੱਕ ਗਿਆ ਢੋਲ ਜਾ ਬਈ। ਉਹ ਤਾਂ ਮੂੰਹ ਤੱਕ ਭਰਿਆ ਹੁੰਦਾ, ਮੈਨੂੰ ਤਾਂ ਇਉਂ ਲਗਦੈ ਜਿਵੇਂ ਖੇਤੇ ਨੇ ਕਿਤੇ ਖਾਲੀ ਹੀ ਨਾ ਦੇ ‘ਤਾ ਹੋਵੇ ਤੇ ਪੈਸੇ ਭਰੇ ਵੇ ਦੇ ਲਿਖ ਲੇ ਹੋਣ। ਇਹਦੇ ‘ਚ ਤਾਂ ਕੋਈ ਗੱਲ ਐ?”
ਨਾਥੇ ਅਮਲੀ ਦੀ ਗੱਲ ਅਜੇ ਵਿੱਚੇ ਹੀ ਸੀ ਕਿ ਅਮਲੀ ਦਾ ਮੁੰਡਾ ਆ ਕੇ ਕਹਿੰਦਾ, ”ਬਾਪੂ ! ਘਰੇ ਆ ਜਾ, ਉੱਚੀ ਦੌਦ ਆਲਾ ਫੁੱਫੜ ਆਇਆ। ਤੈਨੂੰ ਬੇਬੇ ਨੇ ਸੱਦਿਆ।”
ਮੁੰਡੇ ਦੇ ਮੂੰਹੋਂ ਫੁੱਫੜ ਦਾ ਨਾਂ ਸੁਣ ਕੇ ਨਾਥਾ ਅਮਲੀ ਭਿੱਜੀ ਬਿੱਲੀ ਵਰਗਾ ਹੋ ਕੇ ਕਹਿੰਦਾ, ”ਓਏ ਕੋਈ ਚੱਜ ਦਾ ਸਨੇਹਾ ਵੀ ਦੇ ਦਿਆ ਕਰ ਕਿਤੇ ਕੰਜਰ ਦਿਓ, ਫੁੱਫੜ ਈ ਐ ਕਿਤੇ ਬਾਘੜ ਬਿੱਲਾ ਤਾਂ ਨ੍ਹੀ ਜਿਹੜਾ ਖਾ ਜੂ। ਜਿਹੜੀ ਭੋਰਾ ਖਾਧੀ ਵੀ ਸੀ ਉਹ ਵੀ ਲਹ ‘ਤੀ।”
ਅਮਲੀ ਦੇ ਉੱਠਣ ਦੀ ਦੇਰ ਹੀ ਸੀ, ਸੱਥ ਵਿੱਚ ਬੈਠੇ ਸਾਰੇ ਜਣੇ ਹੀ ਉੱਠ ਕੇ ਆਪੋ ਆਪਣੇ ਘਰਾਂ ਨੂੰ ਇਉਂ ਤੁਰ ਪਏ ਜਿਵੇਂ ਉਨ੍ਹਾਂ ਦੇ ਘਰੇ ਵੀ ਕੋਈ ਫੁੱਫੜ ਆ ਗਿਆ ਹੋਵੇ ।
-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
1-604-751-1113 (ਕੈਨੇਡਾ)