ਅੰਤਰਰਾਸ਼ਟਰੀ ਬਾਲੜੀ ਦਿਵਸ !

ਅੰਤਰਰਾਸ਼ਟਰੀ ਬਾਲੜੀ ਦਿਵਸ !

ਦਿਨ ਆਉਦੇ ਹਨ, ਚਲੇ ਜਾਂਦੇ ਹਨ, ਜਿਹੜੇ ਦਿਨ ਨੂੰ ਵਿਸ਼ੇਸ਼ ਦਿਨਾਂ ਵਜੋਂ ਮਹਾਨਤਾ ਦਿੱਤੀ ਗਈ ਹੈ, ਉਨ੍ਹਾਂ ਦਿਨਾਂ ‘ਚ ਸਮਾਗਮ, ਸੈਮੀਨਾਰ ਤੇ ਮੀਡੀਏ ‘ਚ ਇੱਕ ਦਿਨ ਚਰਚਾ ਨਾਲ ਸਾਰ ਦਿੱਤਾ ਜਾਂਦਾ ਹੈ, ਕੋਈ ਵਿਸ਼ੇਸ਼ ਦਿਨ ਭਾਵੇਂ ਕਿੰਨ੍ਹਾਂ ਮਹਾਨ ਕਿਉਂ ਨਾ ਹੋਵੇ, ਉਹ ਵੀ ਮੂੰਹ ਜ਼ੁਬਾਨੀ ਸੰਦੇਸ਼ ਦੇਣ ਤੋਂ ਇਲਾਵਾ ਹੋਰ ਕੋਈ ਪ੍ਰਭਾਵ ਨਹੀ ਛੱਡਦਾ। ਬਹੁਰਾਸ਼ਟਰੀ ਕੰਪਨੀਆਂ ਨੇ ਆਪਣੇ ਵੱਖ-ਵੱਖ ਸਮਾਨ ਦੀ ਵਿਕਰੀ ਲਈ ਉੱਚ ਤੇ ਮੱਧਵਰਗ ਦੀਆਂ ਜੇਬਾਂ ਖਾਲੀ ਕਰਵਾਉਣ ਲਈ ਹਰ ਦਿਨ ਨੂੰ ਕੋਈ ਨਾ ਕੋਈ ਨਾਮ ਦੇ ਛੱਡਿਆ, ਉਨ੍ਹਾਂ ਦੀ ਸੋਚ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਤੱਕ ਸੀਮਤ ਹੈ, ਇਸ ਲਈ ਇਹ ਵਿਸ਼ੇਸ਼ ਦਿਨ ਸਿਰਫ਼ ਤੇ ਸਿਰਫ਼ ਰਸਮੀ ਹੋ ਕੇ ਰਹਿ ਗਏ ਹਨ। ਅਸੀਂ ਰਸਮੀ ਰੂਪਾਂ ‘ਚ ਤਾਂ ਇੰਨ੍ਹਾਂ ਦਿਨਾਂ ਨੂੰ ਮਨਾ ਕੇ ਆਪਣੇ ਮਨੋਰੰਜਨ, ਵਪਾਰ ਤੇ ਮੇਲ-ਜੋਲ ਵਧਾਉਣ ਦੇ ਸਾਧਨ ਬਣਾ ਲਿਆ ਹੈ, ਪ੍ਰੰਤੂ ਇੰਨ੍ਹਾਂ ਵਿਸ਼ੇਸ਼ ਦਿਨ ਦੀ ਆਤਮਾ ਕੀ ਪੁਕਾਰਦੀ ਹੈ? ਇਹ ਸੁਣਨ ਲਈ ਕੋਈ ਤਿਆਰ ਨਹੀਂ। 19 ਦਸੰਬਰ 2011 ਨੂੰ ਯੂਨਾਇਟਡ ਨੇਸ਼ਨਜ਼ ਨੇ 11 ਅਕਤੂਬਰ ਦੇ ਦਿਨ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਦੇ ਤੌਰ ‘ਤੇ ਘੋਸ਼ਿਤ ਕੀਤਾ ਸੀ। ਇਸ ਲਈ ਅਸੀਂ ਅੱਜ 11 ਅਕਤੂਬਰ ਨੂੰ ਬਾਲੜੀ ਦਿਵਸ ਵਜੋਂ ਮਨਾ ਰਹੇ ਹਾਂ, ਪ੍ਰੰਤੂ ਕੀ ਅੱਜ ਬਾਲੜੀ ਦੀ ਹੋਣੀ ਬਾਰੇ ਸਾਡਾ ਸਮਾਜ ਗੰਭੀਰ ਹੈ? ਪੰਜਾਬ ਅਤੇ ਪੂਰੇ ਭਾਰਤ ਵਿੱਚ ਦਿਨੋ ਦਿਨ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਕੋਈ ਵੀ ਧੀ ਭੈਣ ਸ਼ਾਮ 7-8 ਵਜੇ ਤੋਂ ਬਾਅਦ ਸੁੱਰਖਿਅਤ ਨਹੀਂ ਹੈ ਕਮਾਲ ਦੀ ਗੱਲ ਹੈ ਕਿ ਜ਼ਿਅਦਾਤਰ ਰਾਜਨੀਤਕ ਅਤੇ ਧਾਰਮਿਕ ਨੇਤਾ ਇਸ ਕੌਹੜ ਦੇ ਵਿਰੁੱਧ ਸੰਘਰਸ਼ ਨਹੀਂ ਵਿੱਢ ਰਹੇ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੇ ਲੀਡਰ ਸਿਰਫ ਆਪਣੀਆਂ ਜੇਬਾਂ ਭਰਨ ਵਿੱਚ ਜਾਂ ਆਪਣੇ ਡੇਰਿਆਂ ਨੂੰ ਵੱਡਾ ਕਰਣ ਵਿੱਚ ਲੱਗੇ ਹੋਏ ਹਨ ਅਖੌਤੀ ਕਲਰਚਰਲ ਮੇਲੇ ਅਤੇ ਬਾਲੀਵੂਡ ਅਤੇ ਸਿਆਸੀ ਲੋਕ ਇਸ ਲਈ ਸਭ ਤੋਂ ਵੱਧ ਜਿੰਮੇਵਾਰ ਹਨ ਹਰਿਆਣੇ ‘ਚ ਪਿਛਲੇ ੨੪ ਦਿਨਾਂ ‘ਚ ੩੦ ਬਾਲੜੀਆਂ ਨਾਲ ਬਲਾਤਕਾਰ ਹੋਏ ਹਨ, ਜਵਾਬ ‘ਚ ਹਰਿਆਣਾ ਦਾ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਸੁਝਾਅ ਦਿੰਦਾ ਹੈ ਕਿ ਬਲਾਤਕਾਰ ਖ਼ਤਮ ਕਰਵਾਉਣ ਲਈ ਕੁੜੀਆਂ ਦੇ ਵਿਆਹ ਜਲਦੀ ਭਾਵ 15 ਸਾਲ ਦੀ ਉਮਰ ‘ਚ ਕਰ ਦਿੱਤੇ ਜਾਣੇ ਚਾਹੀਦੇ ਹਨ। ਅਸੀਂ ”ਰੁੱਖ ਤੇ ਕੁੱਖ” ਦੀ ਰਾਖ਼ੀ ਦਾ ਹੋਕਾ ਦਿੱਤਾ ਹੈ, ਪ੍ਰੰਤੂ ਕੋਈ ਪਰਿਵਾਰ ਆਪਣੇ ਘਰ ‘ਚ ਦੂਜੀ ਧੀ ਦਾ ਜਨਮ ਨਹੀਂ ਚਾਹੁੰਦਾ, ਉਹ ਹਰ ਕੀਮਤ ਤੇ ਪੁੱਤਰ ਦੀ ਪ੍ਰਾਪਤੀ ਲਈ ਜਮੀਨ-ਅਸਮਾਨ ਇੱਕ ਕਰ ਦਿੰਦਾ ਹੈ। ਪੁੱਤਰ ਤੇ ਧੀਅ ਨੂੰ ਬਰਾਬਰੀ ਦੇਣ ਦੇ ਫੋਕੇ ਦਾਅਵੇ ਤਾਂ ਹੁੰਦੇ ਹਨ, ਪ੍ਰੰਤੂ ਸਾਡੀ ਮਾਨਸਿਕਤਾ ‘ਚ ਕਿੰਨ੍ਹੀ ਕੁ ਤਬਦੀਲੀ ਆਈ ਹੈ, ਉਸਨੂੰ ਅਸੀਂ ਆਪਣੀ ਆਤਮਾ ਤੋਂ ਪੁੱਛ ਸਕਦੇ ਹਾਂ। ਗੁਰੂਆਂ, ਪੀਰਾਂ, ਫਕੀਰਾਂ ਦੀ ਇਸ ਪਵਿੱਤਰ ਧਰਤੀ ‘ਤੇ ਜਿੱਥੇ ਕੁੜੀਮਾਰ ਨਾਲ ਸਬੰਧ ਗੁਰੂ ਸਾਹਿਬ ਨੇ ਤੋੜਣ ਦਾ ਹੁਕਮ ਸੁਣਾਇਆ ਹੋਇਆ ਹੈ ਅਤੇ ਉਸ ਹੁਕਮ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਨਵਾਂ ਹੁਕਮਨਾਮਾ ਜਾਰੀ ਕਰਕੇ ਤਾਜ਼ਾ ਕਰਵਾਇਆ ਗਿਆ,
ਪ੍ਰੰਤੂ ਇਹਦੇ ਬਾਵਜੂਦ ਪੰਜਾਬ ‘ਚ 0 ਤੋਂ 6 ਸਾਲ ਦੇ ਬੱਚਿਆਂ ‘ਚ ਬਾਲੜੀ ਦੀ ਅਨੁਪਾਤ 1000 ਪਿੱਛੇ ੮੪੬ ਹੈ। ਅੱਜ ਜਦੋਂ ਅਸੀਂ 21 ਵੀਂ ਸਦੀ ਦੇ ਦੂਜੇ ਦਹਾਕੇ ‘ਚ ਲੰਘ ਰਹੇ ਹਾਂ ਅਤੇ ਆਪਣੇ-ਆਪ ਨੂੰ ਅਗਾਂਹਵਧੂ ਮੰਨਦੇ ਹਾਂ
ਉਸ ਸਮੇਂ ਪੰਜਾਬ ‘ਚ ਪਿਛਲੇ ਇੱਕ ਦਹਾਕੇ ‘ਚ ਅਸੀਂ ਹਜ਼ਾਰ ਪਿੱਛੇ 789 ਬਾਲੜੀਆਂ ਦੀ ਅਨੁਪਾਤ ਨੂੰ ਸੁਧਾਰ ਕੇ ਅਸੀਂ ੮੪੬ ਤੱਕ ਹੀ ਪੁੱਜ ਸਕੇ, ਯਾਨਾਕਿ ਅਸੀਂ ੧੦ ਸਾਲ ‘ਚ ਹਜ਼ਾਰ ‘ਚੋਂ ੪੮ ਧੀਆਂ ਦੀ ਕੁੱਖਾਂ ‘ਚ ਰਾਖੀ ਕਰਨ ਦੇ ਕਾਬਲ ਹੋਏ ਹਾਂ। ਬਾਲੜੀਆਂ ਨੂੰ ਅਸੀਂ ਮੁੰਡਿਆਂ ਦੇ ਬਰਾਬਰ ਲਾਡ-ਪਿਆਰ , ਸਿੱਖਿਆ, ਸਹੂਲਤਾਂ ਦੇਣ ਅਤੇ ਉਨ੍ਹਾਂ ‘ਚ ਕੁੜੀ ਹੋਣ ਕਾਰਣ ਬਰਾਬਰੀ ਤੋਂ ਵਾਂਝੀ ਹੋਣ ਦੀ ਸੋਚ ‘ਚ ਅਜ਼ਾਦ ਨਹੀਂ ਕਰਵਾ ਸਕੇ। ਲਚਰਤਾ ਦੇ ਨਵੇਂ ਵੱਗੇ ਸੱਤਵੇਂ ਦਰਿਆ ਨੇ ਬਾਲੜੀਆਂ ‘ਚ ਅਤੇ ਬਾਲੜੀਆਂ ਦੇ ਮਾਂ-ਬਾਪ ‘ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਪੁਰਾਤਨ ਕਦਰਾਂ-ਕੀਮਤਾਂ ਦੀ ਥੇਹ ਤੇ ਜਿਸ ਲਚਰਤਾ ਦਾ ਮਹਿਲ ਉਸਾਰਨ ਦੇ ਯਤਨ ਹੋ ਰਹੇ ਹਨ, ਉਨ੍ਹਾਂ ਨੇ ਸਮਾਜ ‘ਚ ਨੈਤਿਕ ਕਦਰਾਂ-ਕੀਮਤਾਂ ਖ਼ਤਮ ਕਰ ਦਿੱਤੀਆਂ ਹਨ। ਰਿਸ਼ਤੇ ਤਿੜਕ ਗਏ ਹਨ, ਜਿੰਨ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ ਬਾਲੜੀਆਂ ‘ਤੇ ਪੈ ਰਿਹਾ ਹੈ। ਸਿੱਖ ਧਰਮ ‘ਚ ਜੋ ਰੁਤਬਾ ਔਰਤ ਨੂੰ ਦਿੱਤਾ ਗਿਆ ਹੈ, ਸਿੱਖ ਕੌਮ ਦੀਆਂ ਮਹਾਨ-ਮਾਤਾਵਾਂ, ਮਾਤਾ ਗੁਜਰੀ, ਮਾਤਾ ਸਾਹਿਬ ਕੌਰ ਤੇ ਮਾਈ ਭਾਗੋ ਨੇ ਔਰਤ ਦੇ ਰੁਤਬੇ ਨੂੰ ਜੋ ਮਹਾਨਤਾ ਬਖ਼ਸ਼ੀ ਸੀ, ਅੱਜ ਦੀ ਔਰਤ ਉਸ ਰੁਤਬੇ ਦੀ ਰਾਖੀ ਕਰਨ ਤੋਂ ਅਸਮਰੱਥ ਆਖ਼ਰ ਕਿਉਂ ਹੋ ਗਈ ਹੈ? ਅਸੀਂ ਚਾਹੁੰਦੇ ਹਾਂ ਕਿ ਬਾਲੜੀ ਦਿਵਸ ਨੂੰ ਸਿਰਫ਼ ”ਧੀਆਂ ਦੀ ਕੁੱਖ ‘ਚ ਹੱਤਿਆ” ਤੱਕ ਹੀ ਸੀਮਤ ਨਾ ਕੀਤਾ ਜਾਵੇਂ, ਸਗੋਂ ਇਸ ਦਿਨ ਇੱਕ ਧੀ, ਪਤਨੀ, ਮਾਂ, ਭੈਣ ਦੇ ਰੂਪ ‘ਚ ਔਰਤ ਦੀ ਅੱਜ ਦੇ ਪੜ੍ਹੇ ਲਿਖੇ ਆਖੇ ਜਾਂਦੇ ਸਮਾਜ ‘ਚ ਕੀ ਮਹੱਤਤਾ ਹੈ, ਉਸਨੂੰ ਪ੍ਰਾਪਤ ਰੁਤਬੇ ਅਨੁਸਾਰ ਮਾਣ-ਸਤਿਕਾਰ ਕਿਉਂ ਨਹੀਂ ਮਿਲਦਾ, ਇਸਦਾ ਲੇਖਾ-ਜੋਖਾ ਵੀ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਔਰਤ ਕਦੋਂ ਤੱਕ ਅਬਲਾ ਹੀ ਬਣੀ ਰਹੇਗੀ, ਸਮਾਜ ਦੀ ਸੋਚ ‘ਚ ਔਰਤ ਨੂੰ ਲੈ ਕੇ ਤਬਦੀਲੀ ਕਦੋਂ ਅਤੇ ਕਿਵੇਂ ਆਵੇਗੀ? ਇਹ ਸਾਰੇ ਸੁਆਲ ਅੱਜ ਦੇ ਦਿਨ ਜਵਾਬ ਮੰਗਦੇ ਹਨ। ਬਾਲੜੀ ਦਿਵਸ ਨੂੰ ਜ਼ਮੀਰ ਝੰਜੋੜਨ ਵਾਲੇ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਖ਼ਾਸ ਕਰਕੇ ਪੰਜਾਬ ‘ਚ ‘ਚ ਭਰੂਣ ਹੱਤਿਆ, ਬਲਾਤਕਾਰ, ਔਰਤਾਂ ਨਾਲ ਹੁੰਦੀ ਹਿੰਸਾ ਤੇ ਛੇੜਛਾੜ ਬਾਰੇ ਡੂੰਘੇ ਵਿਸ਼ਲੇਸ਼ਣ ਅਤੇ ਔਰਤ ਦੀ ਮਹਾਨਤਾ ਨੂੰ ਬਹਾਲ ਕਰਨ ਵਾਲੀ ਲਹਿਰ ਦੀ ਆਰੰਭਤਾ ਬਾਰੇ ਜ਼ਰੂਰ ਸੋਚਿਆ ਜਾਣਾ ਚਾਹੀਦਾ ਹੈ।