ਕੀ ਹੋਵੇ ਨਵੇਂ ਪੰਜਾਬ ਦੀ ਉਸਾਰੀ ਦਾ ਏਜੰਡਾ?

ਕੀ ਹੋਵੇ ਨਵੇਂ ਪੰਜਾਬ ਦੀ ਉਸਾਰੀ ਦਾ ਏਜੰਡਾ?

ਸਿੱਖ ਹਸਤੀ ਦੀ ਵਿਆਖਿਆ ਵੀ ਸਮਕਾਲੀ ਹੱਦਾਂ ਵਿੱਚ ਹੀ ਹੋ ਸਕਦੀ ਹੈ। ਵਿਆਖਿਆ ਲਈ ਇਹ ਗਿਆਨ ਹੋਣਾ ਵੀ ਜ਼ਰੂਰੀ ਹੈ ਕਿ ਦੁਸ਼ਮਣ ਕੌਣ ਹੈ ਅਤੇ ਮਿੱਤਰ ਕੌਣ, ਹੁਣ ਜ਼ਿੰਦਗੀ ਦਾ ਸੰਗਠਨ ਕੀ ਹੈ? ਇਸ ਵਿੱਚੋਂ ਲੰਘਣਾ ਕਿਵੇਂ ਹੈ? ਇਸ ਸੰਗਠਨ ਨੂੰ ਤੋੜ ਕੇ, ਸੁਧਾਰ ਕੇ ਜਾਂ ਨਵੇਂ ਸਿਰਿਓਂ ਸਿਰਜ ਕੇ? ਇਸ ਸਮੇਂ ਇਹ ਸੰਦਰਭ ਤਿੰਨ ਹਨ : ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਖੇਤਰੀ। ਅੰਤਰਰਾਸ਼ਟਰੀ ਸਥਿਤੀ ਇਹ ਹੈ ਕਿ ਸਨਾਤਨੀ ਪੂੰਜੀਵਾਦ ਅਤੇ ਸਨਾਤਨੀ ਸਮਾਜਵਾਦ ਦੋਹਾਂ ਦੀ ਸਰਦਾਰੀ ਖ਼ਤਮ ਹੋ ਚੁੱਕੀ ਹੈ। ਸਨਾਤਨੀ ਸਮਾਜਵਾਦ ਦੀ ਸਰਦਾਰੀ ਮੁੱਕਣ ਦਾ ਕਾਰਨ ਇਹ ਹੈ ਕਿ ਇਸ ਨੇ ਹਰ ਥਾਂ ਇੱਕੋ ਮਾਡਲ ਦਾ ਪ੍ਰਬੰਧ ਬਣਾਉਣ ਦਾ ਯਤਨ ਕੀਤਾ। ਉਸ ਪ੍ਰਬੰਧ ਵਿੱਚ ਵਿਲੱਖਣ ਕੌਮਾਂ ਨੂੰ ਕੀਤੇ ਵਾਅਦੇ ਅਨੁਸਾਰ ਗੌਲਣ ਦਾ ਮੌਕਾ ਨਾ ਦਿੱਤਾ ਗਿਆ।
ਲੈਨਿਨ ਨੇ ਸਟਾਲਿਨ ਤੋਂ 1913 ਵਿੱਚ ”ਮਾਰਕਸਵਾਦ ਅਤੇ ਕੌਮੀ ਪ੍ਰਸ਼ਨ” ਵਿਸ਼ੇ ਉੱਤੇ ਜੋ ਪੱਤਰ ਲਿਖਵਾਇਆ ਸੀ, ਉਸ ਵਿੱਚ ਸੋਵੀਅਤ ਯੂਨੀਅਨ ਵਿੱਚ ਮੌਜੂਦ ਸਭ ਕੌਮਾਂ ਅਤੇ ਸੱਭਿਆਚਾਰਾਂ ਨੂੰ ਉਨ੍ਹਾਂ ਦੀ ਹਸਤੀ ਅਤੇ ਮੌਲਿਕਤਾ ਅਨੁਸਾਰ ਮੌਲਣ ਲਈ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਇਸ ਉੱਤੇ ਅਮਲ ਨਾ ਕੀਤਾ ਗਿਆ, ਦੂਜੀਆਂ ਕੌਮਾਂ ਨੂੰ ਵਿਕਸਿਤ ਕਰਨ ਦੇ ਬਹਾਨੇ ਰੂਸੀ ਕੌਮ ਨੂੰ ਉਨ੍ਹਾਂ ਖੇਤਰਾਂ ਵਿੱਚ ਭੇਜ ਕੇ ਖੇਤਰੀ ਕੌਮ ਦੇ ਮਾਣ ਨੂੰ ਠੇਸ ਪਹੁੰਚਾਈ ਗਈ। ਪੂਰਬੀ ਯੂਰਪ ਵਿੱਚ, ਵਿਸ਼ੇਸ਼ ਕਰਕੇ ਚੈਕੋਸਲਵਾਕੀਆ ਵਿੱਚ ਕੌਮੀ ਭਾਵਨਾਵਾਂ ਨੂੰ ਦਬਾਉਣ ਲਈ ਫ਼ੌਜੀ ਐਕਸ਼ਨ ਕੀਤੇ ਗਏ। ਸੋਵੀਅਤ ਯੂਨੀਅਨ ਵਿੱਚ ਕੌਮੀ ਕਮਿਊਨਿਸਟ ਪਾਰਟੀ ਨੇ ਅੰਤਰ-ਕੌਮੀ ਵਾਅਦਿਆਂ ਨੂੰ ਨਾ ਨਿਭਾਇਆ। ਸੁਧਾਰਵਾਦੀ ਅਤੇ ਉਦਾਰਚਿੱਤ ”ਪਰੈਸਤਰੋਇਕਾ” ਦੇ ਲੇਖਕ, ਗੋਰਬਾਚੇਵ ਨੇ ਵੀ ਅਲਬਾਨੀਆ ਵਿੱਚ ਵੱਧ ਰਹੀ ਕੌਮੀ ਅਸੰਤੁਸ਼ਟਤਾ ਨੂੰ ਫ਼ੌਜੀ ਢੰਗ ਨਾਲ ਹੱਲ ਕਰਨ ਦਾ ਯਤਨ ਕੀਤਾ, ਜਿਸ ਕਾਰਨ ਸੋਵੀਅਤ ਸੰਘ ਦਾ ਸ਼ੀਰਾਜ਼ਾ ਬਿੱਖਰ ਗਿਆ। ਨਵੀਂ ਰੂਸੀ ਫੈਡਰੇਸ਼ਨ ਵਿੱਚ ਜੋ ਅਸਲ ਵਿੱਚ ਕਨਫੈਡਰੇਸ਼ਨ ਹੀ ਹੈ, ਮਾਰਕਿਟ ਆਰਥਿਕਤਾ ਵੀ ਸਵੀਕਾਰ ਕਰ ਲਈ ਹੈ, ਤਾਂ ਕਿ ਹਰ ਕੌਮ ਆਪਣੀਆਂ ਲੋੜਾਂ ਅਨੁਸਾਰ ਇੱਕ ਲਚਕੀਲੇ ਪ੍ਰਬੰਧ ਵਿੱਚ ਵਿਗਸ ਸਕੇ। ਚੀਨ ਨੇ ਵੀ ਪੂੰਜੀਵਾਦ ਦੀਆਂ ਅਰਥਚਾਰੇ ਵਿੱਚ ਸੀਮਿਤ ਮੁਕਾਬਲੇ ਨਾਲ ਸੰਬੰਧਿਤ ਕੁੱਝ ਵਿਸ਼ੇਸ਼ਤਾਵਾਂ ਨੂੰ ਮੰਨਿਆ ਹੈ ਅਤੇ ਕੱਟੜ ਸਮਾਜਵਾਦੀ ਢਾਂਚੇ ਨੂੰ ਤਿਲਾਂਜਲੀ ਦੇ ਦਿੱਤੀ ਹੈ। ਸਨਾਤਨੀ ਸਮਾਜਵਾਦ ਦੀ ਅਸਫ਼ਲਤਾ ਦਾ ਵੱਡਾ ਕਾਰਨ ਇਹ ਹੈ ਕਿ ਇਸ ਨੇ ਟਪਲਾ ਖਾਧਾ ਕਿ ਮਾਰਕਸਵਾਦ ਦਾ ਮੰਤਵ ਕੇਵਲ ਵਿਕਾਸ ਹੈ।
ਪੱਛਮ ਦਾ ਸਨਾਤਨੀ ਪੂੰਜੀਵਾਦ ਵੀ ਬਦਲ ਚੁੱਕਾ ਹੈ। ਵੀਅਤਨਾਮ ਵਿੱਚ ਜੰਗੀ ਹਾਰ ਅਤੇ ਬਲੈਕ ਭਾਈਚਾਰੇ ਦੀ ਰੋਸ ਲਹਿਰ ਪਿੱਛੋਂ ਅਮਰੀਕਾ ਨੇ ਉੱਥੇ ਮੌਜੂਦ ਵੱਖ-ਵੱਖ ਕੌਮਾਂ ਪ੍ਰਤੀ ਬਹੁਤ ਲਚਕੀਲਾ ਰੁੱਖ ਅਪਣਾਇਆ। ਅਮਰੀਕਾ ਦੇ ਇਤਿਹਾਸ ਵਿੱਚ ਕਨਫੈਡਰੇਸ਼ਨ ਲਈ ਹੋ ਚੁੱਕੀ ਲੜਾਈ ਕਾਰਨ, ਉਸ ਦੇ ਫੈਡਰਲ ਪ੍ਰਬੰਧ ਵਿੱਚ ਵੀ, ਕਨਫੈਡਰੇਸ਼ਨ ਦੀਆਂ ਬਹੁਤੀਆਂ ਵਿਸ਼ੇਸ਼ਤਾਵਾਂ ਪਹਿਲਾਂ ਹੀ ਸ਼ਾਮਲ ਕੀਤੀਆਂ ਹੋਈਆਂ ਹਨ, ਜਿਵੇਂ ਹਰ ਰਾਜ ਦਾ ਆਪਣਾ ਸੰਵਿਧਾਨ, ਕੁੱਝ ਵੱਖਰੇ ਕਾਨੂੰਨ, ਲੋਕਾਂ ਦਾ ਚੁਣਿਆ ਹੋਇਆ ਗਵਰਨਰ ਆਦਿ। ਫਰਾਂਸ ਨੇ ਸੱਠਵਿਆਂ ਦੇ ਅੰਤ ਵਿੱਚ ਚੱਲੀ ਵਿਦਿਆਰਥੀ ਲਹਿਰ ਤੋਂ ਪਿੱਛੋਂ ਆਪਣੇ ਪੂੰਜੀਵਾਦ ਵਿੱਚ ਬਹੁਤ ਲਚਕ ਲਿਆਂਦੀ ਹੈ, ਇਸ ਨੂੰ ਇਨਸਾਫ਼ ਵੱਲ ਮੋੜਿਆ ਹੈ। ਕੈਨੇਡਾ ਨੇ ਕਿਊਬੈਕ ਵਿੱਚ ਫਰੈਂਚ ਬੋਲਣ ਵਾਲੀ ਕੌਮ ਦੀ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਣ ਲਈ ਕੀਤੇ ਸੰਘਰਸ਼ ਨੂੰ ਮੰਨਿਆ ਹੈ। ਹੁਣ ਕੈਨੇਡਾ ਸਰਕਾਰ ਘੱਟੋ-ਘੱਟ ਆਪਣੀ ਬਹੁ-ਸੱਭਿਆਚਾਰਕ ਅਸਲੀਅਤ ਮੰਨ ਚੁੱਕਾ ਹੈ। ਕੈਨੇਡਾ ਸਰਕਾਰ ਨੇ 1988 ਵਿੱਚ ਬਹੁ-ਸੱਭਿਆਚਾਰ ਐਕਟ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਬ੍ਰਿਟਿਸ਼ ਕੋਲੰਬੀਆ ਨੇ, ਜਿੱਥੇ ਸਿੱਖ ਕਾਫ਼ੀ ਗਿਣਤੀ ਵਿੱਚ ਰਹਿੰਦੇ ਹਨ, 1991 ਵਿੱਚ ਬਹੁ-ਸੱਭਿਆਚਾਰਕ ਐਕਟ ਨੂੰ ਪ੍ਰਵਾਨਗੀ ਦਿੱਤੀ ਸੀ।
ਪੱਛਮ ਦੇ ਸਨਾਤਨੀ ਪੂੰਜੀਵਾਦ ਦੇ ਲਚਕੀਲੇ, ਬਹੁ-ਸੱਭਿਆਚਾਰਕ, ਬਹੁ-ਕੌਮੀ ਬਣਨ ਦੇ ਨਾਲ ਬਰਾਬਰ ਉੱਤੇ ਇਹ ਵਿਚਾਰ ਵੀ ਉੱਭਰਿਆ ਹੈ ਕਿ ਪੱਛਮੀ ਸੱਭਿਅਤਾ ਦਾ ਵਿਕਾਸ ਵਿੱਚੋਂ ਯਕੀਨ ਖ਼ਤਮ ਹੋ ਗਿਆ ਹੈ। ਇਹ ਕੇਵਲ ਆਪਣੇ ‘ਹੁਣ’ ਨੂੰ ਹੀ ਸਦੀਵੀ ਬਣਾਉਣਾ ਚਾਹੁੰਦੀ ਹੈ, ਇਸ ਨੇ ਇਤਿਹਾਸ ਸਾਜਣਾ ਬੰਦ ਕਰ ਦਿੱਤਾ ਹੈ। ਫਰਾਂਸ ਦੇ ਪ੍ਰਸਿੱਧ ਚਿੰਤਕ ਬੌਦਰੀਲਾਰਦ ਨੇ ਇਸ ਨੂੰ ”ਖੜੋਤ”, ”ਗਤੀਹੀਣਤਾ” ਅਤੇ ਮੌਤ ਵੀ ਆਖਿਆ ਹੈ। ਨੀਟਸ਼ੇ ਦੇ ਸ਼ਬਦ ਵਰਤ ਕੇ ਉਹ ਇਸ ਦਸ਼ਾ ਨੂੰ ”ਪਛਤਾਵਾ” ਅਤੇ ”ਪਰਾਧੀਨ” ਦਾ ਸੱਭਿਅਤਾ ਦੇ ਜਾਲ ਵਿੱਚ ਫਸ ਕੇ ਬੌਣਾ ਬਣਨਾ ਵੀ ਆਖਦਾ ਹੈ। ਇੱਕ ਹੋਰ ਚਿੰਤਕ ਫੂਕੂਯਾਮਾ ਨੇ ‘ਦ ਐਂਡ ਔਫ ਹਿਸਟਰੀ ਐਂਡ ਦਾ ਲਾਸਟ ਮੈਨ” ਬੌਦਰੀਲਾਰਦ ਦੀ ਨਿਰਾਸ਼ਾਪੂਰਵਕ ਵਿਆਖਿਆ ਦੇ ਉਲਟ, ਇਸ ਦਸ਼ਾ ਨੂੰ ਉਦਾਰਵਾਦੀ ਲੋਕਤੰਤਰ ਦੀ ਜਿੱਤ ਮੰਨਦਾ ਹੈ, ਜਿਸ ਵਿੱਚ ਇੱਕ ਸੇਧ ਅਤੇ ਵਿਕਾਸਮੁਖੀ ਇਤਿਹਾਸ ਦਾ ਅੰਤ ਹੋ ਗਿਆ ਹੈ, ਕਿਉਂਕਿ ਮਨੁੱਖ ਨੂੰ ਆਪਣੀ ਪਛਾਣ ਅਤੇ ਬਰਾਬਰੀ ਦੇਣ ਵਾਲਾ ਲੋਕਤੰਤਰ ਮਿਲ ਗਿਆ ਹੈ।
ਭਾਰਤ ਵਿੱਚ ਕੌਮੀ ਪੱਧਰ ਉੱਤੇ ਗਾਂਧੀ ਅਤੇ ਨਹਿਰੂ ਦੀ ਲੀਡਰਸ਼ਿਪ ਅਧੀਨ ਸਥਾਪਤ ਹੋਏ ਇੱਕ ਕੌਮੀ ਸਿਧਾਂਤ ਨੂੰ ਵੰਗਾਰਿਆ ਗਿਆ ਹੈ। ਨਾਗਾਲੈਂਡ, ਮਨੀਪੁਰ, ਆਸਾਮ, ਆਂਧਰਾ, ਕਸ਼ਮੀਰ ਅਤੇ ਪੰਜਾਬ ਵਿੱਚ ਉੱਠੀਆਂ ਖਾੜਕੂ ਲਹਿਰਾਂ ਅਤੇ ਬਹੁਤੀਆਂ ਥਾਵਾਂ ਉੱਤੇ ਅਜੇ ਵੀ ਜਾਰੀ ਹਥਿਆਰਬੰਦ ਸੰਘਰਸ਼ ਨੇ ਜ਼ਬਰਦਸਤੀ ਲਾਗੂ ਕੀਤੀ ਜਾ ਰਹੀ ਇੱਕ ਕੌਮਵਾਦੀ ਨੀਤੀ ਨੂੰ ਨਕਾਰਾ ਕੀਤਾ ਹੈ। ਭਾਰਤੀ ਸੰਵਿਧਾਨ ਵਿੱਚ ਧਾਰਾ 356 ਅਧੀਨ ਖੇਤਰਾਂ ਵਿੱਚ ਲੋਕਾਂ ਵੱਲੋਂ ਚੁਣੀਆਂ ਸਰਕਾਰਾਂ ਨੂੰ ਕੇਂਦਰ ਵੱਲੋਂ ਬਰਖ਼ਾਸਤ ਕੀਤੇ ਜਾਣ ਦੇ ਅਧਿਕਾਰ ਪ੍ਰਤੀ ਅਸੰਤੁਸ਼ਟਤਾ ਪ੍ਰਗਟਾਈ ਗਈ ਹੈ। ਸੰਵਿਧਾਨ ਵਿੱਚ ਵੱਡੀ ਗਿਣਤੀ ਅਤੇ ਘੱਟ ਗਿਣਤੀ ਦੀ ਪੈਰਾਡਾਈਮ ਦੀ ਥਾਂ ਬਹੁਕੌਮੀ ਪ੍ਰਵਚਨ ਨੂੰ ਥਾਂ ਦੇਣ, ਖੇਤਰੀ ਸੱਭਿਆਚਾਰ ਅਤੇ ਕੌਮ ਦੇ ਅਭਿਆਸ ਨੂੰ ਅਧਿਕਾਰ ਵਜੋਂ ਸਥਾਪਿਤ ਕਰਨ, ਰਾਜ ਨੂੰ ਇੱਕ ਕੌਮੀ ਸੱਭਿਆਚਾਰ ਵਜੋਂ ਪਰਿਭਾਸ਼ਤਿ ਕਰਨ ਦੇ ਮੁੱਦੇ ਚੁੱਕੇ ਗਏ ਹਨ। ਖੇਤਰੀ ਪੱਧਰ ਉੱਤੇ ਸੁਹਿਰਦਤਾ ਦਿਖਾਉਣ ਦੇ ਬਾਵਜੂਦ ਸਿੱਖ ਨੌਜਵਾਨਾਂ ਦੀ ਖਾੜਕੂ ਲਹਿਰ ਸਫਲ ਨਹੀਂ ਹੋਈ, ਕਿਉਂਕਿ ਉਸ ਵਿੱਚ ਅੰਤਰ-ਰਾਸ਼ਟਰੀ, ਰਾਸ਼ਟਰੀ ਅਤੇ ਖੇਤਰੀ ਅਸਲੀਅਤ ਅਨੁਸਾਰ ਸਿੱਖ ਹਸਤੀ ਦੀ ਵਿਆਖਿਆ ਨਹੀਂ ਕੀਤੀ ਜਾ ਸਕੀ। ਇਨ੍ਹਾਂ ਅੰਤਰ-ਰਾਸ਼ਟਰੀ, ਰਾਸ਼ਟਰੀ ਅਤੇ ਖੇਤਰੀ ਸੰਦਰਭਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਅੱਜ ਦੀ ਦੁਨੀਆਂ ਵਿਲੱਖਣ ਸੱਭਿਆਚਾਰਾਂ ਅਤੇ ਕੌਮਾਂ ਦੀ ਦੁਨੀਆਂ ਹੈ। ਕਿਸੇ ਇੱਕ ਪ੍ਰਬੰਧ, ਇੱਕ ਮਾਡਲ, ਇੱਕ ਮੁਕਤੀ-ਦਰਸ਼ਨ, ਇੱਕ ਬਿਰਤਾਂਤ ਲਈ ਤਲਾਸ਼ ਖ਼ਤਮ ਹੋ ਗਈ ਹੈ। ਹਰ ਸੱਭਿਆਚਾਰ ਦੂਜੇ ਦੀ ਹੱਦ ਨੇੜੇ ਰਹਿ ਕੇ ਅਤੇ ਉਸ ਦਾ ਸਤਿਕਾਰ ਕਰਕੇ ਹੀ ਆਪਣੀ ਵਿਆਖਿਆ ਕਰ ਸਕਦਾ ਹੈ। ਇਸ ਪ੍ਰਸੰਗ ਵਿੱਚ ਸਿੱਖ ਹਸਤੀ ਅਤੇ ਇਸ ਦੀ ਵਿਆਖਿਆ ਬੜੇ ਗੌਰਵ ਵਾਲੀ ਹੈ।
ਇਸ ਵਿੱਚ ਕੋਈ ਸੰਦੇਹ ਨਹੀਂ ਕਿ ਸਿੱਖਾਂ ਦੀ ਇੱਕ ਅਲੱਗ ਹਸਤੀ ਹੈ, ਪਰ ਉਸ ਦੀ ਵਿਸ਼ੇਸ਼ਤਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਤੋੜਨ ਵਿੱਚ ਨਹੀਂ ਹੈ। ਜੋ ਦਾਰਸ਼ਨਿਕ ਆਧਾਰ ਉਸ ਨੂੰ ਦਿੱਤਾ ਗਿਆ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਮੂਲ-ਮੰਤਰ ਦਾ ”ੴ ” ਦਾ ਸੰਕਲਪ ਜੋ ਸ੍ਰਿਸ਼ਟੀ ਦੀ ”ਕਰਤਾ ਪੁਰਖ” ਵੱਲੋਂ ਸਥਾਪਿਤ ਏਕਤਾ ਦਾ ਪ੍ਰਗਟਾਵਾ ਕਰਦਾ ਹੈ ਅਤੇ ”ਆਸਾ ਦੀ ਵਾਰ” ਵਿੱਚ ”ਵਿਸਮਾਦ ਨਾਦ” ਅਤੇ ”ਵਿਸਮਾਦ ਭੇਦ” ਦਾ ਸੰਕਲਪ ਸਿੱਖ ਹਸਤੀ ਦੀ ਆਧਾਰਸ਼ਿਲਾ ਬਣਾਉਂਦੇ ਹਨ। ਵਿਸਮਾਦ ਦੀ ਅਨਹਦ ਧੁਨੀ ਅਤੇ ਵਿਸਮਾਦ ਅਨੁਭਵ ਦੇਣ ਵਾਲੀ ਸ੍ਰਿਸ਼ਟੀ ਦੀ ਵਿਲੱਖਣਤਾ, ਹਰ ਪ੍ਰਕਾਰ ਦੇ ਸੰਕੀਰਨ ਇੱਕਵਾਦ ਦਾ ਵਿਰੋਧ ਹੈ। ਵਿਸਮਾਦ ਆਪਣੇ ਆਪ ਵਿੱਚ ਅਜਿਹਾ ਅਨੁਭਵ ਹੈ, ਜੋ ਵਿਅਕਤੀ ਅਤੇ ਸਮਾਜ ਨੂੰ ਹਮੇਸ਼ਾ ਵਿਚਿੱਤਰਤਾ ਉੱਤੇ ਸਰਸ਼ਾਰ ਰੱਖੇਗਾ।
ਇਸ ਵਿਚਾਰਧਾਰਾ ‘ਤੇ ਪਹਿਰਾ ਦੇ ਕੇ ਪੰਜਾਬ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਗਈ ਅਤੇ ਇੱਕ ਨਵੀਂ ਕੌਮ ਦਾ ਮੁੱਢ ਬੰਨ੍ਹਿਆ। ਇਹ ਵਿਸ਼ਾਲ ਮਨੁੱਖਵਾਦੀ ਅਤੇ ਬ੍ਰਹਿਮੰਡੀ ਪਹੁੰਚ ਵਾਲੀ ਕੌਮ ਸੀ, ਜਿਸ ਨੂੰ ਸ਼ਸਤਰ ਬੱਧ ਰੂਪ ਵਿੱਚ 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਸਾਜਿਆ। ਜੋ ਸੰਤ ਸਿਪਾਹੀ ਤਿਆਰ ਕੀਤੇ ਗਏ, ਉਨ੍ਹਾਂ ਨੇ ਹੀ ਪੰਜਾਬੀ ਕੌਮ ਦੀ ਸਿਰਜਣਾ ਕੀਤੀ। ਜੇ ਇਨ੍ਹਾਂ ਸੰਤ ਸਿਪਾਹੀਆਂ ਨੂੰ ”ਸਿੱਖ” ਆਖਣਾ ਹੈ ਅਤੇ ਇਤਿਹਾਸ ਵਿੱਚ ਇਨ੍ਹਾਂ ਨੂੰ ਸਿੰਘ ਜਾਂ ਸਿੱਖ ਆਖਿਆ ਹੀ ਗਿਆ ਹੈ, ਇਹ ਪੰਜਾਬੀ ਕੌਮ ਦਾ ਮੂਹਰਲਾ ਦਸਤਾ ਹਨ। ਸਿੱਖ ਪੰਜਾਬੀ ਕੌਮ ਦੇ ਸਿਰਜਣਹਾਰ ਹਨ। ਸਿੱਖ ਜਾਂ ਖ਼ਾਲਸਾ ਸਰਦਾਰੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬੀ ਇੱਕ ਵਾਰ ਕੌਮ ਬਣ ਚੁੱਕੇ ਹਨ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਟੁੱਟਣ ਪਿੱਛੋਂ ਬਿਖੇਰ ਦਿੱਤਾ ਗਿਆ। ਖ਼ਾਲਸਾ ਰਾਜ, ਪੰਜਾਬੀ ਕੌਮ ਦਾ ਰਾਜ ਹੀ ਸੀ।
ਗੁਰੂ ਗ੍ਰੰਥ ਸਾਹਿਬ ਪੰਜਾਬੀ ਕੌਮ ਦਾ ਮਨੁੱਖਵਾਦੀ ਗ੍ਰੰਥ ਹੈ। ਇਨ੍ਹਾਂ ਦੁਆਲੇ ਹੀ ਪੰਜਾਬੀ ਕੌਮ ਦਾ ਅੱਗੋਂ ਨਿਰਮਾਣ ਹੋ ਸਕਦਾ ਹੈ। ਸਿੱਖ ਇਸ ਨਿਰਮਾਣ ਵਿੱਚ ਭਾਗ ਪਾਉਣ ਵਾਲੇ ਸੰਤ ਸਿਪਾਹੀ ਹਨ। ਅੱਜ ਦੇ ਵਿਸ਼ਵ ਵਿੱਚ ਸੱਭਿਆਚਾਰਕ ਵਿਲੱਖਣਤਾਵਾਂ ਦਾ ਜੋ ਸਤਿਕਾਰ ਵੱਧ ਰਿਹਾ ਹੈ ਅਤੇ ਸੱਭਿਆਚਾਰਾਂ ਅਤੇ ਕੌਮਾਂ ਨੂੰ ਜਿੰਨਾ ਪ੍ਰਸਪਰਿਕ ਹੱਦਾਂ ਵਿੱਚ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ ਅਤੇ ਇਤਿਹਾਸ ਵਿੱਚ ਪੁਜ਼ੀਸ਼ਨ ਲੈ ਕੇ ਪੁਨਰ-ਨਿਰਮਾਣ ਦਾ ਜੋ ਦਰਸ਼ਨ ਦਿੱਤਾ ਜਾ ਰਿਹਾ ਹੈ, ਉਹ ਦ੍ਰਿਸ਼ਟੀ ਤੋਂ ਗੁਰੂ ਗ੍ਰੰਥ ਸਾਹਿਬ ਉੱਤੇ ਆਧਾਰਿਤ ਸਿੱਖ ਹਸਤੀ ਜਾਂ ਮੂਹਰਲੇ ਪੰਜਾਬੀ ਦਸਤੇ ਦੀ ਹੋਂਦ, ਵਿਸ਼ਵ ਪੱਧਰ ਉੱਤੇ ਇੱਕ ਯੋਗਦਾਨ ਹਨ।
ਪਰ ਇਸ ਸਮੇਂ ਹੁਣ ਵੱਡਾ ਪ੍ਰਸ਼ਨ ਇਹ ਹੈ ਕਿ ਪੰਜਾਬੀ ਕੌਮ ਦੇ ਮੂਹਰਲੇ ਦਸਤੇ ਦੀ ਹਸਤੀ ਨੂੰ ਭਾਰਤ ਦੇ ਮੌਜੂਦਾ ਸੰਗਠਨ ਵਿੱਚ ਵੱਧਣ-ਫੁੱਲਣ ਅਤੇ ਪੰਜਾਬੀ ਕੌਮ ਦੇ ਨਿਰੰਤਰ ਵਿਸ਼ਵ ਪੱਧਰ ਦੇ ਨਿਰਮਾਣ ਲਈ ਲੋੜੀਂਦੀ ਆਜ਼ਾਦੀ ਮਿਲ ਸਕਦੀ ਹੈ ਜਾਂ ਨਹੀਂ? ਇਸ ਪ੍ਰਸ਼ਨ ਦਾ ਉੱਤਰ ਹੈ ”ਨਾਂਹ”। ਕਿਉਂਕਿ ਭਾਰਤ ਦਾ ਸੰਵਿਧਾਨ ਬੁਨਿਆਦੀ ਤੌਰ ‘ਤੇ ਇੱਕ ਕੌਮ ਦੀ ਸਥਾਪਤੀ ਲਈ ਬਣਿਆ ਹੋਇਆ ਹੈ। ਇਸ ਵਿੱਚ ”ਬਹੁ-ਗਿਣਤੀ” ”ਘੱਟ ਗਿਣਤੀ” ਦੇ ਪਰਿਭਾਸ਼ਕਿ ਸ਼ਬਦ ਵਰਤੇ ਗਏ ਹਨ, ਪਰ ਭਾਰਤੀ ਉਪ ਮਹਾਂਦੀਪ ਦੀਆਂ ਅਨੇਕ ਕੌਮੀਅਤਾਂ, ਕੌਮਾਂ ਅਤੇ ਸੱਭਿਆਚਾਰਾਂ ਦੀਆਂ ਹਸਤੀਆਂ ਨਹੀਂ ਮੰਨੀਆਂ ਗਈਆਂ। ਇਸ ਸੰਵਿਧਾਨ ਦਾ ਮੁੱਖ ਮੁੱਦਾ ਇਨ੍ਹਾਂ ਹਸਤੀਆਂ ਦਾ ਨਿਸ਼ੇਧ ਕਰਕੇ ਇੱਕ ਕੌਮ ਤਿਆਰ ਕਰਨਾ ਹੀ ਹੈ। ਜੇ ਕੋਈ ਕੌਮ ਜਾਂ ਸੱਭਿਆਚਾਰ ਆਪਣੀ ਵਿਲੱਖਣ ਹਸਤੀ ਮਨਵਾਉਣਾ ਚਾਹੇਗਾ, ਤਾਂ ਉਸ ਲਈ ਜਬਰ ਹੀ ਵਰਤਿਆ ਜਾ ਸਕਦਾ ਹੈ, ਜਿਵੇਂ ਕਿ ਪੰਜਾਬ, ਕਸ਼ਮੀਰ ਅਤੇ ਉੱਤਰ-ਪੂਰਬੀ ਪਹਾੜੀ ਖੇਤਰਾਂ ਵਿੱਚ ਹੋਇਆ ਹੈ। ਪੰਜਾਬੀ ਕੌਮ ਦੇ ਨਿਰਮਾਤਾ ਵਜੋਂ ਸਿੱਖਾਂ ਨੂੰ ਆਪਣੇ ਮੁੱਲ ਵਿਧਾਨ ਅਨੁਸਾਰ ਜ਼ਾਤ-ਪਾਤ ਤੋਂ ਮੁਕਤ,ਮਾਰਕੀਟ ਆਰਥਿਕਤਾ ਨੂੰ ਨਿਯੰਤਰਣ ਵਿੱਚ ਰੱਖ ਕੇ, ਬ੍ਰਹਿਮੰਡੀ ਨਿਯਮਾਂ ਅਨੁਸਾਰ ਇੱਕ ਕਾਵਿਮਈ ਅਤੇ ਸੰਗੀਤਾਤਮਕ ਸਮਾਜ ਰਚਣ ਲਈ ਅਤੇ ਇਸ ਦੇ ਲਗਾਤਾਰ ਅੰਤਰ-ਰਾਸ਼ਟਰੀ ਵਿਕਾਸ ਪ੍ਰਤੀ ਖੁੱਲ੍ਹ ਵਤੀਰੇ ਲਈ ਜਿਸ ਢਾਂਚੇ ਦੀ ਲੋੜ ਹੈ, ਉਹ ਨਾ ਤਾਂ ਏਕਾਰਥੀ (ਯੂਨੀਟੋਰੀਅਨ) ਅਤੇ ਨਾ ਹੀ ਸਨਾਤਨੀ ਅਰਥਾਂ ਵਿੱਚ ਫੈਡਰਲ ਹੋ ਸਕਦਾ ਹੈ, ਕਿਉਂਕਿ ਇਸ ਵਿੱਚ ਕੇਂਦਰ ਪ੍ਰਧਾਨ ਰਹਿੰਦਾ ਹੈ, ਰਾਜ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਸਰਬਮਨੁੱਖੀ ਵਿਕਾਸ ਨੂੰ ਵਚਨਬੱਧ ਪੰਜਾਬੀ ਕੌਮ ਅਤੇ ਸਮਾਜ ਦਾ ਲਗਾਤਾਰ ਅੰਤਰ-ਰਾਸ਼ਟਰੀ ਗਿਆਨ ਨਾਲ ਨਿਰਮਾਣ ਕੇਵਲ ਰਾਜਾਂ ਨੂੰ ਪਹਿਲ ਦੇਣ ਵਾਲੇ ਕਨਫੈਡਰੈਸ਼ਨੀ ਸੰਗਠਨ ਵਿੱਚ ਹੀ ਸੰਭਵ ਹੈ। ਅਜਿਹਾ ਸੰਗਠਨ ਪੰਜਾਬ ਦੇ ਨਾਲ ਬਾਕੀ ਰਾਜਾਂ ਦੇ ਵਿਕਾਸ ਅਤੇ ਮੌਲਿਕ ਪ੍ਰਫੁੱਲਤਾ ਲਈ ਵੀ ਲੋੜੀਂਦਾ ਹੈ। ਅਕਾਲੀ ਦਲ ਨੇ ਅੰਮ੍ਰਿਤਸਰ ਐਲਾਨਨਾਮਾ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨ ਕਰਵਾ ਕੇ ਅਜਿਹੇ ਕਨਫੈਡਰੇਸ਼ਨ ਢਾਂਚੇ ਵੱਲ ਮਹੱਤਵਪੂਰਨ ਕਦਮ ਪੁੱਟਿਆ ਸੀ, ਜਿਸ ਨਾਲ ਭਾਰਤੀ ਉਪ-ਮਹਾਂਦੀਪ ਹੀ ਨਹੀਂ, ਸਗੋਂ ਏਸ਼ੀਆ ਵਿੱਚ ਇੱਕ ਮਾਡਲ ਪ੍ਰਬੰਧ ਉਸਾਰਨ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਸਨ। ਅੱਜ ਵੀ ਉਸ ਦਿਸ਼ਾ ਵੱਲ ਜਾਣ ਦੀ ਲੋੜ ਹੈ। ਇਸ ਮੰਤਵ ਲਈ ਭਵਿੱਖ ਵਿੱਚ ਖੇਤਰੀ ਸ਼ਕਤੀਆਂ ਨਾਲ ਹੀ ਤਾਲਮੇਲ ਬਣਾ ਕੇ ਸਾਂਝਾ ਸੰਘਰਸ਼ ਕਰਨਾ ਪਵੇਗਾ। ਭਾਰਤੀ ਉਪ ਮਹਾਂਦੀਪ ਵਿੱਚ ਵੱਖਰੀ ਹਸਤੀ ਰੱਖਣ ਵਾਲੀਆਂ ਕੌਮੀਅਤਾਂ ਅਤੇ ਕੌਮਾਂ ਦੀਆਂ ਹਸਤੀਆਂ ਨੂੰ ਨਾ ਮੰਨਣ ਵਾਲੀਆਂ ਕੇਂਦਰ ਨਿਵਾਜ਼ ਪਾਰਟੀਆਂ ਨਾਲ ਚੱਲ ਕੇ ਨੇੜੇ ਦਾ ਕੋਈ ਫ਼ਾਇਦਾ ਤਾਂ ਹੋ ਸਕਦਾ ਹੈ, ਪਰ ਭਵਿੱਖਾਰਥੀ ਦ੍ਰਿਸ਼ਟੀ ਤੋਂ ਨੁਕਸਾਨ ਹੀ ਹੋਵੇਗਾ।
ਆਪਣੇ ਕੌਮੀ ਨਿਰਮਾਣ ਲਈ ਯੋਗ ਕਨਫੈਡਰੇਸ਼ਨੀ ਸੰਗਠਨ ਅਤੇ ਸੰਵਿਧਾਨ ਮੰਗਣਾ ਕੋਈ ਫ਼ਿਰਕਾਪ੍ਰਸਤੀ ਨਹੀਂ। ਖੱਬੇ ਪੱਖੀਆਂ ਦਾ ਇੱਕ ਸਿਧਾਂਤਕਾਰ ਕੇ ਐੱਨ ਪਾਨੀਕਰ ਆਪਣੇ ਇੱਕ ਯਾਦਗਾਰੀ ਭਾਸ਼ਣ (1990) ਵਿੱਚ ਮੰਨਦਾ ਹੈ ਕਿ ਕਿਸੇ ਧਰਮ ਜਾਂ ਭਾਈਚਾਰੇ ਨੂੰ ”ਫ਼ਿਰਕਾਪ੍ਰਸਤ” ਤਦ ਹੀ ਆਖਿਆ ਜਾ ਸਕਦਾ ਹੈ ਜੇ ਉਹ ਦੂਜਿਆਂ ਨਾਲ ”ਵਿਰੋਧ-ਮੱਤੀ-ਰਿਸ਼ਤਾ” ਬਣਾਵੇ। ”ਸ੍ਰੀ ਗੁਰੂ ਗ੍ਰੰਥ ਸਾਹਿਬ” ਵਿੱਚ ਪ੍ਰਗਟ ਕੀਤੇ ਵਿਚਾਰ ਮਨੁੱਖਵਾਦੀ ਹਨ। ਇਹ ਕੇਵਲ ਸਿਤਮ ਅਤੇ ਸਿਤਮਕਾਰਾਂ ਦਾ ਵਿਰੋਧ ਕਰਦੇ ਹਨ। ਇਸ ਗ੍ਰੰਥ ਦਾ ਮੁੱਲ ਵਿਧਾਨ ਬ੍ਰਹਿਮੰਡੀ ਭਾਈਚਾਰਾ ਚਿਤਵਦਾ ਹੈ। ਇਸ ਭਾਈਚਾਰੇ ਦੀ ਸਿਰਜਣਾ ਲਈ ਯੋਗ ਸੰਗਠਨ ਅਤੇ ਸੰਵਿਧਾਨ ਮੰਗਣਾ ਫ਼ਿਰਕਾਪ੍ਰਸਤੀ ਨਹੀਂ, ਸਗੋਂ ਫਿਰਕਾ-ਮੁਕਤੀ ਅਤੇ ਮਨੁੱਖ ਭਗਤੀ ਹੈ।
ਡਾ। ਗੁਰਭਗਤ ਸਿੰਘ)