ਰੈਲੀਆਂ ‘ਚ ਕੈਦ ਹੋਇਆ ਪੰਜਾਬ

ਰੈਲੀਆਂ ‘ਚ ਕੈਦ ਹੋਇਆ ਪੰਜਾਬ 

ਰਸ਼ਪਾਲ ਸਿੰਘ ਗਿੱਲ, ਵੈਨਕੂਵਰ, ਬੀ. ਸੀ.

ਬੀਤੇ ਦਿਨੀਂ ਪਟਿਆਲਾ ‘ਚ ਅਕਾਲੀਆਂ ਵਲੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ, ਲੰਬੀ ਹਲਕੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਕਾਂਗਰਸ ਵਲੋਂ ਅਤੇ ਬਰਗਾੜੀ ਵਿੱਚ ਪੰਥਕ ਜਥੇਬੰਦੀਆਂ ਅਤੇ ਲੋਕ ਇੰਨਸਾਫ਼ ਮੋਰਚੇ ਵਲੋਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਅਤੀ ਵਿਸ਼ਾਲ ਰੈਲੀਆਂ ਕਰਕੇ ਆਪੋ-ਆਪਣੀਆਂ ਪਾਰਟੀਆਂ ਦੀ ਤਾਕਤ ਦਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਕੋਈ ਸ਼ੱਕ ਨਹੀਂ ਕਾਂਗਰਸ ਦੀ ਅਤੇ ਪੰਥਕ ਜਥੇਬੰਦੀਆਂ ਦਾ ਇਕੱਠ ਅਕਾਲੀਆਂ ਦੀ ਰੈਲੀ ਦੇ ਮੁਕਾਬਲਤਨ ਕਿਤੇ ਵਧੇਰੇ ਸੀ।
ਤਿਨੋਂ ਮਹਾਂਰੈਲੀਆਂ ਵਿੱਚ ਇੱਕ ਦੂਜੇ ਉਪਰ ਤੋਹਮਤਬਾਜ਼ੀਆਂ ਲੱਗਦੀਆਂ ਰਹੀਆਂ। ਕਾਂਗਰਸ ਅਤੇ ਅਕਾਲੀਆਂ ਉੱਪਰ ਸੰਤ ਬਲਜੀਤ ਸਿੰਘ ਦਾਦੂਵਾਲ ਮੁਤਬਾਜ਼ੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਸ. ਸੁਖਪਾਲ ਸਿੰਘ ਖਹਿਰਾ, ਸ. ਸਿਮਰਨਜੀਤ ਸਿੰਘ ਬੈਂਸ, ਸਾਬਕਾ ਸਪੀਕਰ ਵਿਧਾਨ ਸਭਾ ਰਵੀਇੰਦਰ ਸਿੰਘ ਨੇ ਸਿਆਸੀ ਤੇ ਗੈਰ ਸਿਆਸੀ ਹਮਲੇ ਕਰਨ ‘ਚ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ। ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸ. ਖਹਿਰਾ ਨੇ ਬਹਿਬਲ ਕਲਾਂ ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ‘ਤੇ 15 ਦਿਨਾਂ ਦੇ ਅੰਦਰ ਅੰਦਰ ਮਕੱਦਮਾ ਦਰਜ ਕਰਨ ਦਾ ਅਲਟੀਮੇਟਮ ਵੀ ਪੰਜਾਬ ਸਰਕਾਰ ਨੂੰ ਦਿੱਤਾ। ਭਾਈ ਧਿਆਨ ਸਿੰਘ ਮੰਡ ਜਿਹੜੇ ਭਾਰਤ ਦੀ ਪਾਰਲੀਮੈਂਟ ਦੇ ਚੜ੍ਹਦੀ ਵਰੇਸ ‘ਚ ਹੀ ਮੈਂਬਰ ਪਾਰਲੀਮੈਂਟ ਬਣੇ ਸਨ, ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਤੀ ਕਾਫੀ ਲੰਬੇ ਅਰਸੇ ਬਾਅਦ ਖੁਲ੍ਹਕੇ ਆਪਣੇ ਦਿਲ ਦੀ ਭੜਾਸ ਕੱਢੀ। ਮੁੱਖ ਮੰਤਰੀ ਜਿਨ੍ਹਾਂ ‘ਤੇ ਅਕਾਲੀ ਪ੍ਰਤੀ ਕਾਫੀ ਨਰਮ ਰਵਈਆ ਅਖਤਿਆਰ ਕਰਨ ਦਾ ਦੋਸ਼ ਵੀ ਲੱਗ ਰਿਹਾ ਹੈ, ਅਕਾਲੀਆਂ ਵਲੋਂ ਉਹਦੇ ਗੜ੍ਹ ਪਟਿਆਲੇ ‘ਚ ਕੱਢੀ ਰੈਲੀ ਨੂੰ ਨਾ ਕਾਮਯਾਬੀ ਦਾ ਤੇ ਪੰਜਾਬ ਵਿਰੋਧੀਆਂ ਦਾ ਇਕੱਠ ਕਰਾਰ ਦਿੱਤਾ। ਉਨ੍ਹਾਂ ਨੇ ਤਾਂ ਇੱਕ ਕਿਸਮ ਦੇ ਬਾਦਲਾਂ ਦੇ ਗੜ੍ਹ ਵਿੱਚ ਪੰਜਾਬ ਦੀਆਂ 13 ਦੀਆਂ 13 ਸੀਟਾਂ ‘ਤੇ ਪਾਰਲੀਮੈਂਟ ਚੋਣਾਂ ਦੌਰਾਨ ਆਪਣੀ ਜਿੱਤ ਦੇ ਦਾਅਵੇ ਠੋਕ ਕੇ ਸਿਆਸੀ ਹਲ ਜੁਲ ਵੀ ਮਚਾ ਦਿੱਤੀ । ਲੱਗ ਰਿਹਾ ਸੀ ਜਿਵੇਂ ਉਹ ਇਸ ਵਿਸ਼ਾਲ ਲੰਬੀ ਰੈਲੀ ਨੂੰ ਇੱਕ ਪ੍ਰਕਾਰ ਲੋਕ ਸਭਾ ਚੋਣਾਂ ਦੀ ਰੈਲੀ ਦੀ ਹੀ ਰਿਹਰਸਲ ਦਾ ਪ੍ਰਗਟਾਵਾ ਕਰਕੇ ਦਿਖਾ ਰਹੇ ਹੋਣ ਜਿਥੇ ਉਨ੍ਹਾਂ ਬਾਦਲ ਸਾਹਿਬ ਵਲੋਂ ਪੰਜਾਬ ਦੇ ਕੀਤੇ ਆਰਥਿਕ, ਸੱਭਿਆਚਾਰਕ ਤੇ ਧਾਰਮਿਕ ਨਿਘਾਰਾਂ ਬਾਰੇ ਆਪਣੇ ਮਨ ਦੀਆਂ ਗੱਲਾਂ ਖੁਲ੍ਹਕੇ ਲੋਕਾਂ ਨਾਲ ਸਾਂਝੀਆਂ ਕੀਤੀਆਂ। ਉਥੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਸਾਹਿਬ ਦੀ ਕਾਂਗਰਸ ਸਰਕਾਰ ਨੂੰ ਲੋਕਾਂ ਦੀ ਦੁਸ਼ਮਣ ਦੱਸਦਿਆਂ ਪੰਜਾਬ ਦੇ ਧਾਰਮਿਕ ਅਸਥਾਨਾਂ ਅੰਦਰ ਦਖਲ ਅੰਦਾਜ਼ੀ ਕਰਕੇ ਪੰਜਾਬੀ ਸੂਬੇ ਦੀ ਤਾਕਤ ਨੂੰ ਖੇਰੂੰ ਖੇਰੂੰ ਕਰਨ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਅਜਿਹੀਆਂ ਰੈਲੀਆਂ ਪੰਜਾਬ ਦੇ ਹੋਰਨਾਂ ਖੇਤਰਾਂ ‘ਚ ਕਰਨ ਦੀ ਵੀ ਗੱਲ ਆਖੀ। ਲੇਕਿਨ ਅਕਾਲੀ ਦਲ ਜਿਹੜਾ ਸੱਤਾ ਤੋਂ ਬਾਹਰ ਹੁੰਦਿਆਂ ਅਕਸਰ ਹੀ ਸੱਤਾਵਾਦੀ ਸਰਕਾਰ ਵਿਰੁੱਧ ਮੋਰਚਾ ਲਾਉਂਦਾ ਆਇਆ ਹੈ। ਉਸ ਦੀ ਮਾਝੇ-ਦੁਆਬੇ ਦੀ ਲੀਡਰਸ਼ਿਪ ਨੇ ਰੈਲੀ ਤੋਂ ਪਾਸਾ ਹੀ ਕਰੀ ਰੱਖਿਆ। ਪਾਰਟੀ ਦੇ ਉੱਚ ਕੋਟੀ ਦੇ ਨੇਤਾ ਸ. ਸੁਖਦੇਵ ਸਿੰਘ ਢੀਂਡਸਾ ਵੀ ਪਾਰਟੀ ਦੇ ਚੱਲ ਰਹੇ ਸੰਕਟ ਸਮੇਂ ਨਿਰਾਸ਼ ਹੋ ਕੇ ਘਰ ਜਾ ਬੈਠੇ ਹਨ ਭਾਵੇਂ ਕਿ ਉਨ੍ਹਾਂ ਨੇ ਰਾਜ ਸਭਾ ਤੋਂ ਆਪਣੇ ਪੈਰ ਅਜੇ ਪਿਛਾਂਹ ਨਹੀਂ ਖਿਚੇ। ਦਿੱਲੀ ਦੇ ਸਿੱਖ ਅਕਾਲੀ ਨੇਤਾ ਸ. ਜੀ.ਕੇ. ਸਿੰਘ ਵੀ ਪਾਰਟੀ ਤੋਂ ਨਿਰਾਸ਼ ਹੋ ਕੇ ਨਰਾਜ਼ ਜਾਪ ਰਹੇ ਹਨ। ਜਿਹੜੀ ਗੱਲ ਦਾ ਡਰ ਸੀ ਸ. ਸੁਖਬੀਰ ਸਿੰਘ ਆਪਣੇ ਮਾਨਯੋਗ ਬਾਪ ਨੂੰ, ਫਿਰ ਪਿਤਾ ਸਮਾਨ ਆਖ ਕੇ ਹਾਸੇ ਦਾ ਪਾਤਰ ਬਣ ਗਏ।
ਖੈਰ ਤਿੰਨ ਰੈਲੀਆਂ ਦਾ ਇੱਕੋ ਦਿਨ ਹੋਣਾ, ਪੰਜਾਬ ਦੇ ਜਨਜੀਵਨ ਦਾ ਅਲੱਗ-ਥਲੱਗ ਹੋ ਜਾਣਾ, ਅਤੀ ਗੰਭੀਰ ਟਰੈਫਿਕ ਦੀ ਸਮੱਸਿਆ, ਲਿੰਕ ਸੜਕਾਂ, ਕਈ ਮੁੱਖ ਮਾਰਗ ਤਾਂ ਪ੍ਰਭਾਵਤ ਹੋਏ ਹੀ ਸਨ ਲੱਖਾਂ ਲੋਕਾਂ ਦੀ ਬੇ-ਅਰਾਮੀ, ਮਾਲੀ ਸਮੱਸਿਆ ਨਾਲ ਜੂਝਦੇ ਪੰਜਾਬ ਲਈ, ਰੈਲੀਆਂ ਵਾਲਾ ਪੰਜਾਬ ਬਣਾ ਕੇ ਇੱਕ ਨਵਾਂ ਕੀਰਤੀਮਾਨ ਵੀ ਸਥਾਪਤ ਹੋਇਆ ਹੈ। ਬਹਿਬਲ ਕਾਂਡ ਤੇ ਬਰਗਾੜੀ ਕਾਂਡ ਦੇ ਦੋਸ਼ੀਆਂ, ਪੁਲੀਸ ਦੀ ਭੂਮਿਕਾ ਬਾਰੇ ਉੱਠੇ ਸਵਾਲਾਂ ਬਾਰੇ ਅਜੇ ਨਿਕਟ ਭਵਿੱਖ ਵਿੱਚ ਕੀ ਹੋਵੇਗਾ। ਅਜੇ ਕਹਿਣਾ ਮੁਸ਼ਕਲ ਹੈ ਪਰ ਲੋਕ ਆਸਬੰਦ ਹੋਏ ਹਨ ਸਿਆਸੀ ਸਮੀਕਰਣ ਬਦਲੇ ਵੀ ਹਨ ਤੇ ਹੋਰ ਵੀ ਬਦਲ ਜਾਣੇ ਹਨ। ਕਾਂਗਰਸੀ ਪੂਰੇ ਬਾਗੋਬਾਗ ਹਨ। ਆਮ ਪਾਰਟੀ ਦੇ ਕਾਰਕੁਨ ਤੋਂ ਪੰਥਕ ਜਬਰ ਦੇ ਵਿਰੋਧੀ ਸਰਸੇ ਵਾਲੇ ਸੰਤ ਰਾਮ ਰਹੀਮ ਨੂੰ ਜਥੇਦਾਰ ਵਲੋਂ ਦਿੱਤੀ ਮੁਆਫੀ, ਬਹਿਬਲ ਕਲਾਂ ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਨਾ ਦਿੱਤੇ ਜਾਣ ਤੋਂ ਕਾਫੀ ਖਫ਼ਾ ਹਨ। ਉਥੇ ਹੀ ਉਹ ਪੰਜਾਬ ਸਰਕਾਰ ਵਲੋਂ ਦੋਸ਼ੀਆਂ ਤੇ ਕਾਨੂੰਨ ਅਧੀਨ ਮਕੱਦਮੇ ਚਲਾਉਣ ਲਈ ਵੀ ਦਬਾਅ ਪਾਉਣਾ ਚਾਹੁੰਦੇ ਹਨ। ਉਧਰ ਧਿਆਨ ਨਾਲ ਦੇਖੀਏ ਤਾਂ ਅਕਾਲੀ ਦਲ ਬਾਦਲ ਤੇ ਸੰਕਟ ਦੀ ਘੜੀ ਹੋਰ ਗੰਭੀਰ ਹੋ ਗਈ ਹੈ। ਸੁਖਪਾਲ ਸਿੰਘ ਖਹਿਰਾ ਦੀ ਪੁਜ਼ੀਸ਼ਨ ਹੋਰ ਤਕੜੀ ਹੋਈ ਹੈ। ਪਰ ਲੋਕ ਅਗਲੇ ਫੈਸਲਿਆਂ ਦੀ ਉਡੀਕ ਵਿੱਚ ਹਨ। ਪ੍ਰਦੇਸਾਂ ‘ਚ ਵੱਸਦੇ ਪੰਜਾਬੀਆਂ ਦੀ ਅੱਖ ਵੀ ਹਮੇਸ਼ਾਂ ਪੰਜਾਬ ਵੱਲ ਹੀ ਹੁੰਦੀ ਹੈ। ਲੋਕਾਂ ਦੀਆਂ ਆਸਾਂ ਨੂੰ ਬੂਰ ਕਦੋਂ ਤੇ ਕਿਵੇਂ ਪਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਸਮਾਂ ਹਮੇਸ਼ਾ ਬਲਵਾਨ ਹੁੰਦਾ ਹੈ। ਸੋ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ।