ਬਾਗੀਆਂ ਤੋਂ ਬੇਹੱਦ ਔਖੇ ਹੋਏ ਬਾਦਲ

ਬਾਗੀਆਂ ਤੋਂ ਬੇਹੱਦ ਔਖੇ ਹੋਏ ਬਾਦਲ 

ਸੰਕਟ ਕਰਕੇ ਭਰਨਾ ਪਿਆ ਸਬਰ ਦਾ ਕੌੜਾ ਘੁੱਟ

ਚੰਡੀਗੜ੍ਹ: ਬਾਦਲ ਪਰਿਵਾਰ ਅੱਖਾਂ ਵਿਖਾਉਣ ਵਾਲੇ ਟਕਸਾਲੀ ਲੀਡਰਾਂ ਤੋਂ ਬੇਹੱਦ ਔਖਾ ਹੈ। ਸੰਕਟ ਦੀ ਘੜੀ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸਬਰ ਦਾ ਕੌੜਾ ਘੁੱਟ ਪੀ ਰਹੇ ਹਨ ਪਰ ਨਾਲ ਹੀ ਉਹ ਇਸ ਬਗਾਵਤ ਨੂੰ ਜ਼ਿਆਦਾ ਤਵੱਜੋ ਵੀ ਨਹੀਂ ਦੇਣਾ ਚਾਹੁੰਦੇ। ਆਮ ਹਾਲਾਤ ਵਿੱਚ ਹੁਣ ਤੱਕ ਬਾਗੀ ਲੀਡਰਾਂ ਖਿਲਾਫ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋ ਜਾਂਦੀ ਪਰ ਇਸ ਵੇਲੇ ਬਾਦਲ ‘ਉਡੀਕ ਕਰੋ ਤੇ ਵੇਖੋ’ ਦੀ ਨੀਤੀ ‘ਤੇ ਚੱਲ ਰਹੇ ਹਨ।
ਬਾਗੀ ਹੋਏ ਟਕਸਾਲੀ ਲੀਡਰਾਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਨ ਨੇ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਮੰਗਲਵਾਰ ਅੰਮ੍ਰਿਤਸਰ ਪਹੁੰਚੇ ਅਸਤੀਫਾ ਦੇ ਚੁੱਕੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੋਇਆ। ਇਸ ਤੋਂ ਸਪਸ਼ਟ ਹੈ ਕਿ ਬਾਦਲ ਇਨ੍ਹਾਂ ਲੀਡਰਾਂ ਦੀ ਬਗਾਵਤ ਤੋਂ ਬੇਹੱਦ ਔਖੇ ਹਨ।
ਦਰਅਸਲ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਹ ਪਟਿਆਲਾ ਰੈਲੀ ਤੋਂ ਬਾਅਦ ਸਾਰੇ ਟਕਸਾਲੀ ਲੀਡਰਾਂ ਨਾਲ ਗੱਲ਼ਬਾਤ ਕਰਕੇ ਮਾਮਲਾ ਸੁਲਝਾ ਲੈਣਗੇ। ਮਾਝੇ ਦੇ ਲੀਡਰ ਵੀ ਰੈਲੀ ਕਰਕੇ ਸ਼ਾਂਤ ਹੋ ਗਏ ਸੀ ਚਾਹੇ ਉਹ ਰੈਲੀ ਵਿੱਚ ਸ਼ਾਮਲ ਨਹੀਂ ਹੋਏ। ਇਸ ਤੋਂ ਬਾਅਦ ਦੋਵੇਂ ਬਾਦਲਾਂ ਨੇ ਇਨ੍ਹਾਂ ਲੀਡਰਾਂ ਨਾਲ ਕੋਈ ਗੱਲ਼ਬਾਤ ਨਹੀਂ ਕੀਤੀ। ਮੀਡੀਆ ਵਿੱਚ ਚਰਚਾ ਹੈ ਕਿ ਬਾਦਲਾਂ ਦੇ ਨਜ਼ਦੀਕੀ ਚਾਹੁੰਦੇ ਹਨ ਬਾਗੀਆਂ ਨੂੰ ਸਖਤੀ ਵਿਖਾਈ ਜਾਵੇ। ਦੂਜੇ ਪਾਸੇ ਤਜਰਬੇਕਾਰ ਲੀਡਰ ਪ੍ਰਕਾਸ਼ ਸਿੰਘ ਬਾਦਲ ਜਾਣਦੇ ਹਨ ਕਿ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।
ਬੇਸ਼ੱਕ ਇਸ ਸੰਕਟ ਦੀ ਘੜੀ ਵੱਡੇ ਬਾਦਲ ਨੇ ਪਾਰਟੀ ਦੀ ਮੁੜ ਕਮਾਨ ਸੰਭਾਲੀ ਹੈ ਪਰ ਅਸਲ ਵਿੱਚ ਸਾਰੀਆਂ ਸ਼ਕਤੀਆਂ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਦੇ ਹੱਥ ਹਨ। ਮਾਝੇ ਦੇ ਲੀਡਰਾਂ ਨੇ ਸੁਖਬੀਰ ਬਾਦਲ ਤੇ ਖਾਸਕਰ ਮਜੀਠੀਆ ਨੂੰ ਹੀ ਅੱਖਾਂ ਵਿਖਾਈਆਂ ਹਨ। ਜੇਕਰ ਇਸ ਵੇਲੇ ਬਾਗੀ ਲੀਡਰਾਂ ਦੀ ਚੱਲਦੀ ਹੈ ਤਾਂ ਮਾਝੇ ਵਿੱਚ ਮਜੀਠੀਆ ਦੇ ਕੱਦ ਨੂੰ ਜ਼ਰੂਰ ਢਾਅ ਲੱਗੇਗੀ। ਇਸ ਲਈ ਸੁਖਬੀਰ ਤੇ ਮਜੀਠੀਆ ਇਸ ਬਗਾਵਤ ਨੂੰ ਸਦਾ ਲਈ ਹੀ ਠੱਪ ਦੇਣਾ ਚਾਹੁੰਦੇ ਹਨ।
ਦੂਜੇ ਪਾਸੇ ਟਕਸਾਲੀ ਲੀਡਰ ਵੀ ਆਰ ਜਾਂ ਪਾਰ ਕਰਨ ਦੇ ਰੌਂਅ ਵਿੱਚ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ ‘ਤੇ ਪਾਰਟੀ ਹਾਈਕਮਾਨ ਨੇ ਗੌਰ ਨਾ ਕੀਤੀ ਤਾਂ ਉਹ ਠੋਸ ਕਦਮ ਉਠਾਉਣਗੇ। ਉਂਝ ਇਨ੍ਹਾਂ ਲੀਡਰਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਪ੍ਰਧਾਨ ਆਉਂਦੇ-ਜਾਂਦੇ ਰਹਿੰਦੇ ਹਨ, ਇਸ ਲਈ ਉਹ ਅਸਤੀਫਾ ਨਹੀਂ ਦੇਣਗੇ। ਹੁਣ ਪਾਰਟੀ ਵਿੱਚ ਰਹਿ ਕੇ ਉਹ ਬਾਦਲ ਪਰਿਵਾਰ ਨੂੰ ਕਿਵੇਂ ਚੁਣੌਤੀ ਦਿੰਦੇ ਹਨ, ਇਹ ਵੇਖਣਾ ਹੋਏਗਾ। ਇਹ ਲੀਡਰ ਅਗਲੇ ਇੱਕ-ਦੋ ਦਿਨ ਵਿੱਚ ਮੀਟਿੰਗ ਕਰ ਰਹੇ ਹਨ ਜਿਸ ਮਗਰੋਂ ਕੋਈ ਵੱਡਾ ਫੈਸਲਾ ਹੋ ਸਕਦਾ ਹੈ।