ਨਸ਼ੇ ਨੇ ਰੋਲ ਤੇ ਪੰਜਾਬ ਦੇ ਪਰਿਵਾਰ

ਨਸ਼ੇ ਨੇ ਰੋਲ ਤੇ ਪੰਜਾਬ ਦੇ ਪਰਿਵਾਰ

‘ਸਾਨੂੰ ਤਾਂ ਸਰਦਾਰੀ ਜੱਦੀ ਹੀ ਮਿਲੀ ਏ, ਦਾਦੇ ਮੇਰੇ ਕੋਲ ਤਿੰਨ ਸੌ ਕਿੱਲਾ ਜਮੀਨ ਸੀ ਕੀ ਹੋਇਆ ਜੇ ਸੌ ਕੁ ਕਿੱਲਾ ਬਾਪੂ ਨੇ ਉਡਾ ਦਿੱਤੀ ਤੇ ਹੁਣ ਥੋੜ੍ਹੀ ਥੋੜ੍ਹੀ ਵੇਚ ਕੇ ਮੈਂ ਘਰ ਦਾ ਖਰਚਾ ਕੱਢੀ ਜਾਂਦਾ । ਪਰ ਯਾਰ ਬੂੜੀ ਔਖਾ ਕਰਦੀ ਜਦੋਂ ਮੈਂ ਪੈਲੀ ਵੇਚਦਾ , ਤਾਂ ਬੜਾ ਚਿੜ ਚਿੜ ਕਰਦੀ ਏ ਤਾਂ ਹੀ ਕਈ ਵਾਰ ਬਾਕੀ ਦੇ ਸਾਮਾਨ( ਨਸ਼ੇ )ਲਈ ਮੈਨੂੰ ਲੋਕਾਂ ਤੋਂ ਪੈਸੇ ਉਧਾਰ ਲੈਣੇ ਪੈਂਦੇ।”-ਦੀਪਾ ਫੁੱਕਰਪੁਣੇ ਵਿੱਚ ਸੁਰਜੀਤ ਨੂੰ ਆਖਦਾ ਹੈ ।
ਸੁਰਜੀਤ ਅੰਦਰੋਂ ਅੰਦਰੀ ਹੱਸਦਾ ਹੋਇਆ ਜਵਾਬ ਦਿੰਦਾ – ”ਕੋਈ ਗੱਲ ਨਹੀਂ ਵੀਰ , ਸੌ ਕਿੱਲਾ ਵਾਧੂ ਹੁੰਦਾ ਤੂੰ ਤਾਂ ਸਾਰੀ ਉਮਰ ਬਿਨਾਂ ਕਮਾਈ ਬੈਠ ਕੇ ਖਾ ਸਕਦਾ।”
ਦੋਨੋਂ ਹੁਣ ਆਪਣੇ ਆਪਣੇ ਘਰ ਚਲੇ ਜਾਂਦੇ ਹਨ। ਅੱਜ ਦੀਪੇ ਨੂੰ ਨਸ਼ੇ ਦੀ ਬੜੀ ਤੋੜ ਲੱਗਦੀ ਹੈ ਪਰ ਪੈਸੇ ਕੋਲ ਨਾ ਹੋਣ ਕਾਰਨ ਉਹ ਨਸ਼ਾ ਲੈਣ ਤੋਂ ਅਸਮਰੱਥ ਸੀ। ਫਿਰ ਉਹ ਸੋਚਦਾ ਕਿ ਘਰੋਂ ਕੁਝ ਪੈਸੇ ਚੱਕ ਕੇ ਲੈ ਜਾਵਾਂ । ਪਰ ਉਸ ਨੂੰ ਨਹੀਂ ਮਿਲਦੇ। ਫਿਰ ਉਸ ਨੂੰ ਆਪਣੇ ਇਕ ਦੋਸਤ ਦਾ ਚੇਤਾ ਆਉਂਦਾ ਹੈ । ਉਹ ਉਸ ਦੇ ਘਰ ਪੈਸੇ ਮੰਗਣ ਲਈ ਜਾਂਦਾ ਹੈ । ਉਸਦਾ ਦੋਸਤ ਤਾਂ ਘਰ ਨਹੀਂ ਹੁੰਦਾ ਪਰ ਉਸ ਦੀ ਪਤਨੀ ਉਸ ਨੂੰ ਚਾਹ ਪਾਣੀ ਪੁੱਛਦੀ ਹੈ ਤੇ ਬੜੀ ਇੱਜ਼ਤ ਨਾਲ ਪੇਸ਼ ਆਉਂਦੀ ਹੈ । ਉਸ ਦੀ ਪਤਨੀ ਨੂੰ ਉਨ੍ਹਾਂ ਦੇ ਘਰ ਦੇ ਸਾਰੇ ਹਾਲਾਤਾਂ ਬਾਰੇ ਪਤਾ ਸੀ । ਦੀਪੇ ਨੇ ਜਦੋਂ ਉਸ ਤੋਂ ਪੈਸੇ ਮੰਗੇ ਤਾਂ ਉਹ ਸਹਿਜੇ ਹੀ ਸਮਝ ਗਈ ਕਿ ਉਸ ਨੂੰ ਇਹ ਪੈਸੇ ਨਸ਼ੇ ਲਈ ਚਾਹੀਦੇ ਹਨ । ਉਹ ਚਾਹ ਪੀਂਦੇ ਗੱਲਾਂ ਗੱਲਾਂ ਵਿੱਚ ਹੀ ਉਸ ਨੂੰ ਸਮਝਾਉਣ ਲੱਗੀ। ਕਿ ਗੱਲ ਸੁਣ ਦੀਪੇਆ ! ਕਾਹਤੋਂ ਆਪਣੀ ਜ਼ਿੰਦਗੀ ਨਸ਼ਿਆਂ ਵਿੱਚ ਬਰਬਾਦ ਕਰੀ ਜਾਂਦਾ । ਪੁੱਤ ਵੀ ਹੁਣ ਤੇਰਾ ਜਵਾਨ ਹੋ ਗਿਆ ਹੈ ਤੇ ਧੀ ਵੀ ਵਿਆਉਣ ਵਾਲੀ ਉਮਰ ‘ਚ ਏ । ਆਖਰ ਕਦੋਂ ਤੱਕ ਜ਼ਮੀਨ ਵੇਚ ਵੇਚ ਹੀ ਆਪਣਾ ਢਿੱਡ ਭਰੀ ਜਾਵੇਂਗਾ? ਆਖਿਰ ਇੱਕ ਨਾ ਇੱਕ ਦਿਨ ਤਾਂ ਇਹ ਸਭ ਖਤਮ ਹੋ ਜਾਓ । ਆਉਣ ਵਾਲੇ ਕੱਲ੍ਹ ਵੱਲ ਵੀ ਤਾਂ ਸੋਚ ਜ਼ਰਾ । ”
ਪਰ ਦੀਪੇ ਤੇ ਉਸ ਦੀਆਂ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ , ਤੇ ਉਹ ਆਖਦਾ ,”ਭਾਬੀ ਪੁੱਤ ਜਵਾਨ ਹੋ ਗਿਆ , ਆਪੇ ਕਮਾ ਕੇ ਖਾ ਲਿਆ ਕਰੋ। ਚੰਗਾ ਪੜ੍ਹਾ ਲਿਖਾ ਦਿੱਤਾ ਏ ਤੇ ਕੁੜੀ ਵੀ ਆਪਾਂ ਚੰਗੇ ਤਕੜੇ ਘਰ ਵਿਆਉਣੀ।”
ਇੰਝ ਹੀ ਗੱਲਾਂ ਬਾਤਾਂ ਕਰਦੇ ਦੀਪਾ ਉਸ ਕੋਲੋਂ ਪੈਸੇ ਲੈ ਜਾਂਦਾ ਹੈ। ਇਸ ਤਰ੍ਹਾਂ ਹੀ ਉਹ ਕਦੇ ਕਿਸੇ ਕਦੇ ਕਿਸੇ ਕੋਲ ਪੈਸੇ ਉਧਾਰੇ ਲੈ ਆਪਣੇ ਨਸ਼ੇ ਪੂਰੇ ਕਰਦਾ ਰਹਿੰਦਾ ਹੈ । ਪਿੰਡ ਵਿੱਚ ਬਣਿਆ ਮਾਨ ਸਨਮਾਨ ਹੁਣ ਘੱਟਣ ਲੱਗ ਜਾਂਦਾ ਹੈ। ਪੁੱਤ ਵੀ ਉਸਦਾ ਹੁਣ ਹੋਸਟਲ ਤੋਂ ਪੜ੍ਹਾਈ ਪੂਰੀ ਕਰ ਆਇਆ। ਪਰ ਹੋਸਟਲਾਂ ਵਿੱਚ ਜਵਾਨਾਂ ਨੂੰ ਨਸ਼ਿਆਂ ਤੇ ਲਗਾ ਰਹੇ ਦੇਸ਼ ਵਿਰੋਧੀਆਂ ਦੀ ਚਪੇਟ ਵਿੱਚ ਉਹ ਵੀ ਆ ਚੁੱਕਾ ਸੀ। ਪਿਓ ਪੁੱਤ ਹੁਣ ਦੋਵੇਂ ਨਸ਼ਿਆਂ ਤੇ ਸੀ। ਘਰ ਬੁੱਢੀ ਮਾਂ ਮਰਨ ਕਿਨਾਰੇ ਬੈਠੀ ਹੈ ਤੇ ਜਵਾਨ ਧੀ ਦਾ ਰਿਸ਼ਤਾ ਜਿਸ ਘਰ ਹੋਇਆ ਅੱਗੋਂ ਜਵਾਈ ਵੀ ਨਸ਼ੇੜੀ ਨਿਕਲਿਆ। ਜਦ ਦੀਪੇ ਨੇ ਇਹ ਸਭ ਦੇਖਿਆ ਕਿ , ਪੁੱਤ ਵੀ ਮੇਰੇ ਵਾਂਗ ਨਸ਼ੇੜੀ ਹੋ ਗਿਆ ਤੇ ਜ਼ਮੀਨ ਵੀ ਕੋਲ ਨਹੀਂ ਰਹੀ। ਲੋਕ ਵੀ ਹੁਣ ਘਰ ਆ ਕੇ ਪੈਸੇ ਮੰਗਦੇ ਨੇ , ਤੇ ਜਿਸ ਜੱਦੀ ਸਰਦਾਰੀ ਦੀਆਂ ਡੀਂਗਾਂ ਮਾਰਦਾ ਹੁੰਦਾ ਸੀ । ਹੁਣ ਉਸ ਦੀ ਪਿੰਡ ਵਿੱਚ ਕੋਈ ਇੱਜ਼ਤ ਨਹੀਂ ਰਹੀ ਤਾਂ ਉਸ ਦੇ ਮਨ ਤੇ ਇੱਕ ਗਹਿਰੀ ਸੱਟ ਜਿਹੀ ਲੱਗੀ। ਆਪਣੀ ਕੁੜੀ ਨੂੰ ਸਹੁਰੇ ਘਰ ਤੰਗ ਹੁੰਦੀ ਦੇਖ ਕੇ ਉਸ ਨੂੰ ਆਪਣੀ ਪਤਨੀ ਤੇ ਮਾਂ ਦਾ ਦੁੱਖ ਵੀ ਮਹਿਸੂਸ ਹੋਇਆ। ਪਰ ਹੁਣ ਉਹ ਬਹੁਤ ਬੁਰੀ ਤਰ੍ਹਾਂ ਨਸ਼ੇ ਦੀ ਚਪੇਟ ਵਿੱਚ ਆ ਚੁੱਕਿਆ ਸੀ । ਉਹ ਹੁਣ ਆਪ ਵੀ ਨਸ਼ਾ ਛੱਡਣਾ ਚਾਹੁੰਦਾ ਸੀ ਤੇ ਆਪਣੇ ਮੁੰਡੇ ਦਾ ਵੀ ਛੁਡਾਉਣਾ ਚਾਹੁੰਦਾ ਸੀ । ਪਰ ਇਹ ਸਭ ਹੁਣ ਇਤਨਾ ਆਸਾਨ ਨਹੀਂ ਸੀ। ਇੱਕ ਦਿਨ ਸ਼ਹਿਰ ਤੋਂ ਆਉਂਦੇ ਵਕਤ ਗੱਡੀ ਦੀ ਤੇਜ਼ ਰਫ਼ਤਾਰ ਕਾਰਨ ਉਸ ਦੇ ਮੁੰਡੇ ਦੀ ਐਕਸੀਡੈਂਟ ਵਿਚ ਮੌਤ ਹੋ ਗਈ। ਹੁਣ ਦੀਪੇ ਦੀ ਜ਼ਿੰਦਗੀ ਵੀ ਜਿਵੇਂ ਖਤਮ ਹੋਣ ਤੇ ਆ ਗਈ ਹੋਵੇ ।ਸਾਰਾ ਘਰ ਬਿਖਰ ਗਿਆ। ਨਸ਼ਾ ਹੱਸਦੀ ਖੇਡਦੀ ਜ਼ਿੰਦਗੀ ਤੇ ਰੋਹਬ ਵਾਲੀ ਸਰਦਾਰੀ ਨੂੰ ਡੋਬ ਲੈ ਬੈਠਾ। ਦੀਪਾ ਨਸ਼ੇ ਛੱਡਣ ਲਈ ਨਸ਼ੇ ਛੁਡਾਓ ਕੇਂਦਰ ਵਿੱਚ ਗਿਆ। ਪਰ ਅੱਜ ਦੀਆਂ ਸਰਕਾਰਾਂ ਤੇ ਕਰੱਪਟ ਹੋਏ ਲੀਡਰਾਂ ਨੇ ਨਸ਼ੇ ਨੂੰ ਇਸ ਹੱਦ ਤੱਕ ਫੈਲਾ ਦਿੱਤਾ ਹੋਇਆ ਹੈ ਕੇ ਨਸ਼ਾ ਛਡਾਓ ਕੇਂਦਰ ਵੀ ਬੱਸ ਨਾਮ ਦੇ ਕੇਂਦਰ ਹੀ ਬਣ ਕੇ ਰਹਿ ਚੁੱਕੇ ਹਨ। ਉੱਥੇ ਵੀ ਨੌਜਵਾਨਾਂ ਨੂੰ ਨਸ਼ੇ ਦਿੱਤੇ ਜਾਂਦੇ ਤੇ ਬੱਸ ਘਰਦਿਆਂ ਤੋਂ ਪੈਸੇ ਲੈ ਲਏ ਜਾਂਦੇ ਹਨ । ਹੁਣ ਦੀਪੇ ਨੂੰ ਨਸ਼ੇ ਨੇ ਅੰਦਰੋਂ ਅੰਦਰੀ ਖਾ ਲਿਆ ਸੀ। ਉਸ ਦਾ ਬਚਣਾ ਨਾਮੁਮਕਿਨ ਸੀ ਤੇ ਉਸ ਦੀ ਮੌਤ ਹੋ ਗਈ। ਅੱਜ ਦੀਪੇ ਦੀ ਮਾਂ ਤੇ ਪਤਨੀ ਕੂਕਾਂ ਮਾਰ ਕੇ ਰੋ ਰਹੀਆਂ ਸਨ । ਕਿ ਸਾਨੂੰ ਵੀ ਆਪਣੇ ਨਾਲ ਲੈ ਜਾਂਦੇ । ਅਸੀਂ ਹੁਣ ਕਿਸਦੇ ਆਸਰੇ ਜੀਣਾ ਹੈ ।
ਪਤਾ ਨਹੀਂ ਕਿੰਨੇ ਕੁ ਪਰਿਵਾਰ ਇੰਝ ਹੀ ਨਸ਼ੇ ਦੀ ਚਪੇਟ ਵਿੱਚ ਆ ਕੇ ਖ਼ਤਮ ਹੋ ਰਹੇ ਹਨ ਇਹ ਨਸ਼ਿਆਂ ਦਾ ਵਪਾਰ ਬਹੁਤ ਵੱਡੇ ਪੱਧਰ ਤੇ ਫੈਲ ਚੁੱਕਾ ਹੈ ਸਰਕਾਰਾਂ ਤੇ ਸਿਆਸਤਦਾਨ ਜੋ ਕਿ ਪੈਸੇ ਲਈ ਹੀ ਸਿਰਫ ਕੰਮ ਕਰ ਰਹੇ ਹਨ ਉਹ ਵੱਡਾ ਕਾਰਨ ਨੇ ਅੱਜ ਪੰਜਾਬ ਦੀ ਰੁਲਦੀ ਜਵਾਨੀ ਦਾ ।
-ਕਿਰਨਪ੍ਰੀਤ ਕੌਰ
+4368864013133