ਪੰਜਾਬ ਵੱਲ ਕਿਉਂ ਮੂੰਹ ਨਹੀਂ ਕਰਦੇ ਪ੍ਰਵਾਸੀ ਪੰਜਾਬੀ

ਪੰਜਾਬ ਵੱਲ ਕਿਉਂ ਮੂੰਹ ਨਹੀਂ ਕਰਦੇ ਪ੍ਰਵਾਸੀ ਪੰਜਾਬੀ 

ਇਹਨੀਂ ਦਿਨੀਂ ਪੰਜਾਬ ਸਰਕਾਰ ਵਲੋਂ ਆਪਣੀਆਂ ”ਜੜ੍ਹਾਂ ਨਾਲ ਜੁੜੋ” ਦੇ ਉਲੀਕੇ ਹੋਏ ਪ੍ਰੋਗਰਾਮ ਮੁਤਾਬਕ ਇੰਗਲੈਂਡ ਤੋਂ ਕੁੱਝ ਯੁਵਕ ਮਹਿਮਾਨ ਬਣਕੇ ਆਏ ਹੋਏ ਹਨ। ਉਨ੍ਹਾਂ ਨੂੰ ਸੂਬੇ ਦੇ ਮਹੱਤਵਪੂਰਨ ਇਤਿਹਾਸਕ, ਸਭਿਆਚਾਰਕ ਅਤੇ ਵਿਰਾਸਤੀ ਸ਼ਹਿਰ ਦਿਖਾਉਣ ਦੇ ਨਾਲ ਸਿੱਖਾਂ ਦੇ ਪਾਕ ਮੁਕੱਦਸ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਨਾ ਕੇਵਲ ਦਰਸ਼ਨ ਕਰਵਾਏ ਜਾ ਰਹੇ ਹਨ, ਸਗੋਂ ਇਸ ਸਬੰਧੀ ਲੋੜੀਂਦੀ ਜਾਣਕਾਰੀ ਵੀ ਦਿੱਤੀ ਗਈ। ਸਪਸ਼ਟ ਹੈ ਕਿ ਇਹ ਸੱਭ ਬੱਚੇ ਬੱਚੀਆਂ ਬੜੇ ਪ੍ਰਭਾਵਤ ਹੋਏ ਹਨ। ਯਕੀਨਨ ਕੈਪਟਨ ਅਮਰਿੰਦਰ ਸਿੰਘ ਦਾ ਇਹ ਚੰਗਾ ਉਪਰਾਲਾ ਹੈ ਅਤੇ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਇਹ ਬੱਚੇ ਉਹ ਹਨ ਜਿਨ੍ਹਾਂ ਦੇ ਮਾਂ-ਪਿਉ ਅਤੇ ਵਡੇਰੇ ਪਰਵਾਸੀ ਹਨ। ਉਨ੍ਹਾਂ ਲੋਕਾਂ ਦਾ ਆਪਣੀ ਧਰਤੀ ਨਾਲ ਮੋਹ ਹੈ ਪਰ ਰੁੱਝੇ ਹੋਏ ਜੀਵਨ ਕਰਕੇ ਉਨ੍ਹਾਂ ਨੂੰ ਇੱਥੇ ਆਉਣ ਦੀ ਵਿਹਲ ਨਹੀਂ ਮਿਲਦੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਚੰਗੇ ਕਾਰੋਬਾਰੀ ਹਨ, ਜ਼ਮੀਨਾਂ ਜਾਇਦਾਦਾਂ ਦੇ ਮਾਲਕ ਹਨ। ਫਿਰ ਵੀ ਸਵਾਲਾਂ ਦਾ ਸਵਾਲ ਇਹ ਹੈ ਕਿ ਸਮੇਂ ਸਮੇਂ ਪੰਜਾਬ ਸਰਕਾਰਾਂ ਵਲੋਂ ਇਨ੍ਹਾਂ ਨੂੰ ਪੰਜਾਬ ਵਿਚ ਵੱਖ-ਵੱਖ ਥਾਵਾਂ ‘ਤੇ ਨਿਵੇਸ਼ ਕਰਨ ਦੀਆਂ ਬੇਨਤੀਆਂ ਕੀਤੀਆਂ ਜਾਂਦੀਆਂ ਹਨ, ਅਪੀਲਾਂ ਦਲੀਲਾਂ ਵੀ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਇੱਥੇ ਬੁਲਾ ਕੇ ਮਾਣ ਸਨਮਾਨ ਵੀ ਦਿੱਤਾ ਜਾਂਦਾ ਹੈ। ਕਾਨਫਰੰਸਾਂ ਕੀਤੀਆਂ ਜਾਂਦੀਆਂ ਹਨ। ਇਸ ਸਭ ਦੇ ਬਾਵਜੂਦ ਬਹੁਤੇ ਪੰਜਾਬੀ ਇਸ ਬੇਨਤੀ, ਅਪੀਲ ਦਾ ਹੁੰਗਾਰਾ ਨਹੀਂ ਭਰਦੇ। ਆਖਰ ਅਜਿਹਾ ਕਿਉਂ ਹੈ?
ਇਸ ਤੋਂ ਪਹਿਲਾਂ ਕਿ ਇਸ ਵਿਸ਼ੇ ‘ਤੇ ਅੱਗੇ ਚਰਚਾ ਕਰੀਏ ਏਨਾ ਕੁ ਜਾਣ ਲੈਣਾ ਜ਼ਰੂਰੀ ਹੋਵੇਗਾ ਕਿ ਪਰਵਾਸੀ ਕੌਣ ਹੈ ਅਤੇ ਉਹ ਬਣਦਾ ਕਿਉਂ ਹੈ? ਜਵਾਬ ਇਹ ਕਿ ਕਿਸੇ ਯੋਗਤਾ ਪ੍ਰਾਪਤ ਜਾਂ ਅਧਪੜ੍ਹ ਜਾਂ ਅਨਪੜ੍ਹ ਬੰਦੇ ਨੂੰ ਇੱਥੇ ਤਸੱਲੀਬਖਸ਼ ਰੁਜ਼ਗਾਰ ਨਹੀਂ ਮਿਲਦਾ ਤਾਂ ਉਹ ਇਕ ਤਾਂ ਵਿਆਹ ਅਤੇ ਦੂਜੇ ਕਈ ਹੋਰ ਜਾਇਜ਼ ਨਜਾਇਜ਼ ਤਰੀਕਿਆਂ ਰਾਹੀਂ ਬਾਹਰਲੇ ਮੁਲਕਾਂ ਵਿਚ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ। ਜੋ ਉੱਥੇ ਪਹੁੰਚ ਗਿਆ, ਉਹੀਓ ਪਰਵਾਸੀ ਹੈ। ਦੂਜੇ ਸ਼ਬਦਾਂ ਵਿਚ ਬਹੁਤਾ ਕਰਕੇ ਰੁਜ਼ਗਾਰ ਦੀ ਮਜਬੂਰੀ ਉਸ ਨੂੰ ਪਰਵਾਸੀ ਬਣਾਉਂਦੀ ਹੈ। ਪੰਜਾਬੀ ਉਚੇਚੇ ਯਤਨ ਇਸ ਕਰਕੇ ਕਰਦਾ ਹੈ ਕਿ ਉਸ ਦੀ ਕਾਬਲੀਅਤ, ਜਿਸਮਾਨੀ ਸ਼ਕਤੀ ਦਾ ਜਿਹੜਾ ਮੁੱਲ ਬਾਹਰਲੇ ਦੇਸ਼ਾਂ ਵਿੱਚ ਪੈਂਦਾ ਹੈ, ਉਹ ਇੱਥੇ ਬਿਲਕੁਲ ਨਹੀਂ ਪੈਂਦਾ। ਪੰਜਾਬ ਦੀ ਧਰਤੀ ਤੇ ਅੱਜ ਘੱਟੋ ਘੱਟ 45 ਲੱਖ ਨੌਜਵਾਨ ਚੰਗੇ ਰੁਜ਼ਗਾਰ ਦੀ ਭਾਲ ਵਿਚ ਹਨ।
ਅਗਲਾ ਸਵਾਲ ਇਹ ਹੈ ਕਿ ਪੰਜਾਬ ਤੋਂ ਰੁਜ਼ਗਾਰ ਦੀ ਖਾਤਰ ਬਾਹਰਲੇ ਮੁਲਕਾਂ ਵਿਚ ਪਰਵਾਸ ਧਾਰਨ ਕਰਨ ਵਾਲੇ ਵੀਰ ਰਹਿੰਦੇ ਕਿੱਥੇ ਹਨ ਅਤੇ ਉਨ੍ਹਾਂ ਦੀ ਗਿਣਤੀ ਇਸ ਵੇਲੇ ਕਿੰਨੀ ਕੁ ਹੈ? ਇਹ ਵੀ ਜਾਨਣ ਦੀ ਜ਼ਰੂਰਤ ਹੈ ਕਿ ਪੰਜਾਬੀਆਂ ਨੇ ਪਰਵਾਸ ਲਈ ਯਤਨ ਕਦੋਂ ਕੁ ਕਰਨੇ ਸ਼ੁਰੂ ਕੀਤੇ? ਇਹਦਾ ਕੋਰਾ ਚਿੱਟਾ ਜਵਾਬ ਇਹ ਹੈ ਕਿ ਪੰਜਾਬੀਆਂ ਵਿਚ ਇਹ ਪਰਵਿਰਤੀ ਲਗਭਗ ਸਦੀ ਕੁ ਪਹਿਲਾਂ ਸ਼ੁਰੂ ਹੋਈ ਅਤੇ ਇਸ ਦਾ ਮੁੱਢ ਕੈਨੇਡਾ ਤੋਂ ਬੱਝਾ। ਗੋਰੇ, ਪੰਜਾਬੀਆਂ ਨੂੰ ਪਸੰਦ ਨਹੀਂ ਸਨ ਕਰਦੇ, ਇਸੇ ਲਈ ਕੈਨੇਡਾ ਵਿਚ ਵੈਂਨਕੂਵਰ ਵਿਖੇ ਕਾਮਾਗਾਟਾਮਾਰੂ ਜਹਾਜ਼ ਦੇ ਦੁਖਾਂਤ ਦਾ ਮੁੱਢ ਬੱਝਾ। ਚੂੰਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਹੌਲੀ ਹੌਲੀ ਇੰਗਲੈਂਡ ਅਤੇ ਕੈਨੇਡਾ ਵਰਗੇ ਮੁਲਕਾਂ ਨੂੰ ਮਜ਼ਦੂਰਾਂ ਦੀ ਲੋੜ ਪਈ ਅਤੇ ਇਹ ਕੰਮ ਕਰਨ ਵਿਚ ਪੰਜਾਬੀ ਬੜੇ ਤਾਕਤਵਰ ਸਾਬਤ ਹੋਏ। ਲੋਹੇ ਦੀਆਂ ਤਪਦੀਆਂ ਭੱਠੀਆਂ ਅਤੇ ਆਰਾ ਮਿਲਾਂ ‘ਤੇ ਕੰਮ ਕਰਕੇ ਪੰਜਾਬੀਆਂ ਨੇ ਆਪਣੀ ਧਾਂਕ ਜਮਾਈ। ਇਹੀ ਲੋਕ ਜੀਵਨ ਦੇ ਦੂਜੇ ਖੇਤਰਾਂ ਤਕ ਵੀ ਪਹੁੰਚਣ ਲੱਗ ਪਏ। ਪੰਜਾਬੀਆਂ ਬਾਰੇ ਇਕ ਅਖਾਣ ਹੈ, ”ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ”, ਯਾਨੀ ਕੈਨੇਡਾ ਅਤੇ ਇੰਗਲੈਂਡ ਤੋਂ ਸ਼ੁਰੂ ਹੋਏ ਪੰਜਾਬੀ ਅੱਜ ਦੁਨੀਆ ਦੇ ਛੋਟੇ ਤੋਂ ਛੋਟੇ ਮੁਲਕ ਵਿਚ ਵੀ ਆਪਣੇ ਰੰਗ ਵਿਖਾ ਰਹੇ ਹਨ।
ਵੀਹ ਕੁ ਸਾਲ ਪਹਿਲਾਂ ਮੈਂ ਤਤਕਾਲੀ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨਾਲ ਟਰਿਨੀਦਾਦ, ਟਬੈਗੋ, ਮੋਰਾਕੋ ਅਤੇ ਜਮਾਇਕਾ ਦੇ ਦਸ ਦਿਨ ਦੇ ਦੌਰੇ ‘ਤੇ ਗਿਆ ਸਾਂ ਤਾਂ ਉੱਥੇ ਵੀ ਨਾ ਕੇਵਲ ਪਰਵਾਸੀ ਪੰਜਾਬੀਆਂ ਦੇ ਦਰਸ਼ਨ ਹੋਏ ਸਗੋਂ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ। ਅੱਜ ਬਹੁਤੇ ਪਰਵਾਸੀ ਪੰਜਾਬੀ ਕੈਨੇਡਾ, ਇੰਗਲੈਂਡ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਜਰਮਨੀ, ਸਿੰਘਾਪੁਰ ਵਾਲੇ ਪਾਸੇ ਹਨ। ਸਵਾਲ ਜਿੱਥੋਂ ਤਕ ਇਨ੍ਹਾਂ ਦੀ ਗਿਣਤੀ ਦਾ ਹੈ, ਇਸ ਦੇ ਮੁਕੰਮਲ ਅੰਕੜੇ ਕਿਸੇ ਕੋਲ ਵੀ ਨਹੀਂ। ਨਾ ਸਰਕਾਰ ਕੋਲ, ਨਾ ਐੱਨ।ਆਰ।ਆਈ ਸਭਾ ਕੋਲ ਅਤੇ ਨਾ ਹੀ ਐੱਨ।ਆਰ।ਆਈ। ਮਾਮਲਿਆਂ ਦੇ ਪੁਲਿਸ ਸੈੱਲ ਕੋਲ।
ਹੈਰਾਨੀ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ ਪੰਜਾਬ ਸਰਕਾਰਾਂ ਇਨ੍ਹਾਂ ਨੂੰ ਇੱਥੇ ਪੂੰਜੀ ਨਿਵੇਸ਼ ਲਈ ਆਖਦੀਆਂ ਹਨ ਉਨ੍ਹਾਂ ਕੋਲ ਪੂਰੀ ਸੂਚੀ ਹੀ ਨਹੀਂ। ਪਿਛਲੇ ਡੇਢ ਦੋ ਦਹਾਕਿਆਂ ਤੋਂ ਪਰਵਾਸੀਆਂ ਨੂੰ ਇੱਥੇ ਪੂੰਜੀ ਲਈ ਪਤਿਆਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਉਨ੍ਹਾਂ ਦੀ ਸੂਚੀ ਕਿਉਂ ਨਹੀਂ ਬਣਾਈ ਜਾਂਦੀ? ਜਲੰਧਰ ਵਿਖੇ ਐੱਨ।ਆਰ।ਆਈ। ਸਭਾ ਦੀ ਚੋਣ ਵਡੇ ਪੱਧਰ ‘ਤੇ ਲੱਖਾਂ ਰੁਪਏ ਖਰਚ ਕੇ ਹੁੰਦੀ ਹੈ, ਉਸ ਕੋਲ ਵੀ ਗਿਣਤੀ ਦੇ ਮੈਂਬਰਾਂ ਤੋਂ ਬਿਨਾਂ ਕੁੱਝ ਵੀ ਨਹੀਂ। ਕਿਉਂ ਨਹੀਂ ਉਨ੍ਹਾਂ ਮੁਲਕਾਂ ਨਾਲ ਸੰਪਰਕ ਕਰਕੇ ਇਨ੍ਹਾਂ ਸਬੰਧੀ ਅੰਕੜੇ ਮੰਗਵਾਏ ਜਾਂਦੇ? ਤਾਂ ਵੀ ਲਗਭਗ ਇਕ ਕਰੋੜ ਤੋਂ ਵਧ ਪਰਵਾਸੀ ਬਾਹਰ ਰਹਿੰਦੇ ਹਨ ਅਤੇ ਉਨ੍ਹਾਂ ਨੇ ਮਿਹਨਤ ਮਜ਼ਦੂਰੀ ਕਰਦਿਆਂ ਜੋ ਡਾਲਰ, ਪੌਂਡ ਕਮਾਏ ਉਨ੍ਹਾਂ ਨਾਲ ਆਪਣੇ ਪਿੰਡਾਂ ਵਿਚ ਜ਼ਮੀਨਾਂ ਖਰੀਦੀਆਂ, ਕੋਠੀਆਂ ਬਣਾਈਆਂ, ਸ਼ਹਿਰਾਂ ਵਿਚ ਪਲਾਟ ਅਤੇ ਜਾਇਦਾਦਾਂ ਖਰੀਦੀਆਂ। ਪੰਜਾਬ ਦਾ ਦੋਆਬਾ ਖੇਤਰ ਉਨ੍ਹਾਂ ਦੀ ਕਮਾਈ ਦੀ ਇਹ ਗਵਾਹੀ ਕਰਦਾ ਹੈ ਜਿੱਥੇ ਖੇਤਾਂ ਵਿਚ ਵਿਸ਼ਾਲ ਤੇ ਖੂਬਸੂਰਤ ਮਹੱਲ ਬਣੇ ਹੋਏ ਹਨ ਪਰ ਇਨ੍ਹਾਂ ਵਿਚ ਰਹਿੰਦੇ ਸਿਰਫ ਬਜ਼ੁਰਗ ਮਾਂ-ਪਿਉ ਹਨ ਜਾਂ ਫਿਰ ਖੇਤੀ ਦੀ ਸਾਂਭ ਸੰਭਾਲ ਕਰਨ ਵਾਲੇ ਮਜ਼ਦੂਰ। ਕਈ ਪਰਵਾਸੀਆਂ ਨੇ ਆਪਣੇ ਪਿੰਡਾਂ ਦੀ ਕਾਇਆ ਕਲਪ ਵੀ ਕਰ ਦਿੱਤੀ ਹੈ। ਪਿੰਡ ਸ਼ਹਿਰਾਂ ਦਾ ਰੂਪ ਧਾਰਨ ਕਰ ਗਏ ਹਨ, ਪਰ ਸਾਰੇ ਨਹੀਂ।
ਹੁਣ ਫਿਰ ਅਸਲ ਮਸਲੇ ਵਲ ਪਰਤਦੇ ਹਾਂ ਕਿ ਇਹ ਪਰਵਾਸੀ ਵੀਰ ਪੰਜਾਬ ਵਿਚ ਪੂੰਜੀ ਕਿਉਂ ਨਹੀਂ ਲਾਉਂਦੇ? ਇਹਦੇ ਜਵਾਬ ਤਾਂ ਕਈ ਹਨ ਪਰ ਮੋਟੇ ਜਿਹੇ ਕਾਰਨ ਇਹ ਹਨ ਕਿ ਇਕ ਤਾਂ ਉਨ੍ਹਾਂ ਮੁਲਕਾਂ ਦਾ ਪੂਰਾ ਪ੍ਰਸ਼ਾਸਨ ਭ੍ਰਿਸ਼ਟਾਚਾਰ ਮੁਕਤ ਹੈ, ਜਿਹੜਾ ਇੱਥੇ ਨਹੀਂ। ਇੱਥੇ ਤਾਂ ਸਰਕਾਰੀ ਬਾਬੂ ਪਰਵਾਸੀ ਪੰਜਾਬੀ ਦਾ ਪਤਾ ਲਗਦਿਆਂ ਹੀ ਦਰਖਾਸਤ ਲਈ ਦਿੱਤੇ ਕਾਗਜ਼ ਦਾ ਮੁੱਲ ਵੀ ਵਸੂਲਣਾ ਚਾਹੁੰਦਾ ਹੈ। ਹਰ ਛੋਟਾ ਵੱਡਾ ਅਫਸਰ ਅਤੇ ਕੀ ਮੰਤਰੀ ਇਨ੍ਹਾਂ ਵਲੋਂ ਸ਼ੁਰੂ ਕਰਨ ਵਾਲੇ ਕਿਸੇ ਵੀ ਪ੍ਰੋਜੈਕਟ ਵਿਚ ਹਿੱਸੇਦਾਰੀ ਜਾਂ ਫਿਰ ਪੈਸੇ ਭਾਲਦਾ ਹੈ। ਪਰਵਾਸੀਆਂ ਦਾ ਜਿਹੜਾ ਛੋਟੇ ਜਿਹਾ ਕੰਮ ਇੱਥੇ ਕਈ ਮਹੀਨਿਆਂ ਵਿਚ ਵੀ ਨਹੀਂ ਹੁੰਦਾ, ਉਹ ਉਸ ਮੁਲਕ ਵਿਚ ਮਿੰਟਾਂ ਵਿਚ ਹੋ ਜਾਂਦਾ ਹੈ। ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰਨ ਲਈ ਇੱਥੇ ਏਨੀ ਖੱਜਲ ਖੁਆਰੀ ਹੈ ਕਿ ਅਗਲਾ ਕੰਮ ਅੱਧ ਵਿਚਾਲੇ ਛੱਡ ਕੇ ਜਾਣ ਲਈ ਮਜ਼ਬੂਰ ਹੋ ਜਾਂਦਾ ਹੈ। ਭਾਵੇਂ ਪਰਵਾਸੀਆਂ ਲਈ ”ਇਕ ਖਿੜਕੀ” ਦਾ ਵੀ ਪ੍ਰਬੰਧ ਕੀਤਾ ਗਿਆ ਹੈ ਪਰ ਜਿੱਥੇ ਸਿਸਟਮ ਹੀ ਪੂਰੀ ਤਰ੍ਹਾਂ ਸੜ ਗਿਆ ਹੋਵੇ ਉੱਥੇ ਕੰਮ ਹੋਵੇਗਾ ਕਿਵੇਂ? ਦੂਜਾ ਕਾਰਨ ਪਰਵਾਸੀਆਂ ਵਲੋਂ ਖਰੀਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਨੂੰ ਕਦੇ ਉਨ੍ਹਾਂ ਦੇ ਆਪਣੇ ਹੀ ਦੱਬਣ ਲੱਗ ਜਾਂਦੇ ਹਨ ਅਤੇ ਇਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ, ਭਲੇ ਹੀ ਕਈ ਐੱਨ।ਆਰ।ਆਈ। ਥਾਣੇ ਹਨ। ਇਨ੍ਹਾਂ ਲਈ ਮੋਹਾਲੀ ਵਿਚ ਆਈ ਜੀ ਰੈਂਕ ਦੇ ਪੁਲਿਸ ਅਫਸਰ ਦਾ ਦਫ਼ਤਰ ਹੈ ਪਰ ਕੌੜਾ ਸੱਚ ਹੈ ਕਿ ਕਿਤਿਉਂ ਵੀ ਇਨ੍ਹਾਂ ਦੀ ਝੋਲੀ ਖੈਰ ਨਹੀਂ ਪੈਂਦੀ। ਇਹ ਮਹੀਨੇ ਖੰਡ ਲਈ ਵਤਨ ਪਰਤਦੇ ਹਨ – ਪਰ ਛੇਤੀ ਮਾਯੂਸ ਹੋ ਕੇ ਵਾਪਸ ਚਲੇ ਜਾਂਦੇ ਹਨ। ਹੈਰਾਨੀ ਹੈ ਕਿ ਪੁਲਸ ਦੇ ਇਸ ਲੰਬੇ ਚੌੜੇ ਦਗਮਜ਼ੇ ਦੇ ਬਾਵਜੂਦ ਪਰਵਾਸੀਆਂ ਦੀ ਤਸੱਲੀ ਨਹੀਂ। ਇਸ ਧਰਤੀ ‘ਤੇ ਕੋਈ ਤਾਂ ਹੀ ਪੈਸਾ ਲਾਏਗਾ ਜੇ ਉਸ ਨੂੰ ਵਸੂਲੀ ਦੀ ਉਮੀਦ ਹੋਵੇਗੀ। ਜੇ ਉਹਦਾ ਮੂਲ ਵੀ ਮਾਰਿਆ ਜਾਣਾ ਹੈ ਤਾਂ ਉਹ ਕਿਉਂ ਪੈਸੇ ਲਾਏਗਾ? ਕੈਪਟਨ ਸਰਕਾਰ ਨੂੰ ਇਸ ਪੱਖੋਂ ਪਰਵਾਸੀਆਂ ਦਾ ਭਰੋਸਾ ਜਿੱਤਣਾ ਪਵੇਗਾ। ਸਾਡੇ ਕੋਲ ਬਾਹਰ ਸੈਂਕੜੇ ਨਹੀਂ ਹਜ਼ਾਰਾਂ ਹਜ਼ਾਰਾਂ ਏਕੜਾਂ ਅਤੇ ਸੈਂਕੜੇ ਪੈਟਰੋਲ ਪੰਪਾਂ ਦੇ ਮਾਲਕ ਹਨ ਅਤੇ ਉਨ੍ਹਾਂ ਲਈ ਪੰਜਾਬ ਦੀ ਧਰਤੀ ‘ਤੇ ਰੁਜ਼ਗਾਰ ਲਈ ਪ੍ਰਾਜੈਕਟ ਲਾਉਣੇ ਕੋਈ ਵੱਡੀ ਗੱਲ ਨਹੀਂ। ਜੇ ਉਨ੍ਹਾਂ ਨੇ ਪੂੰਜੀ ਨਹੀਂ ਲਾਈ ਤਾਂ ਫਿਰ ਸਰਕਾਰ ਨੂੰ ਆਪਣੀ ਪਰਵਾਸੀ ਨੀਤੀ ਦਾ ਗੰਭੀਰਤਾ ਨਾਲ ਅਧਿਐਨ ਕਰਨਾ ਪਵੇਗਾ। ਇਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜ ਸਕਣਾ ਕੋਈ ਵੱਡੀ ਗੱਲ ਨਹੀਂ।
ਆਖਰੀ ਕਾਰਨ ਭਾਵੇਂ ਜਾਅਲੀ ਵਿਆਹਾਂ ਦਾ ਹੈ ਜਿਨ੍ਹਾਂ ਦੀ ਮਾਰ ਇਸ ਵੇਲੇ ਹਜ਼ਾਰਾਂ ਪੰਜਾਬਣ ਮੁਟਿਆਰਾਂ ਝੱਲ ਰਹੀਆਂ ਹਨ। ਨਾ ਉਹ ਵਿਆਹੀਆਂ ਵਿਚ ਸ਼ਾਮਲ ਹਨ ਅਤੇ ਨਾ ਕੰਵਾਰੀਆਂ ਵਿਚ। ਚਲੋ ਇਸ ਮਸਲੇ ਨੇ ਤੂਲ ਫੜ ਲਿਆ ਹੈ ਅਤੇ ਕੇਂਦਰ ਸਰਕਾਰ ਕਾਫੀ ਗੰਭੀਰ ਹੋ ਗਈ ਹੈ। ਇਸ ਲਈ ਸਖ਼ਤ ਕਾਨੂੰਨ ਵੀ ਬਣ ਰਿਹਾ ਹੈ ਅਤੇ ਲਗਦਾ ਹੈ ਕਿ ਜਾਅਲੀ ਵਿਆਹਾਂ ਨੂੰ ਠੱਲ੍ਹ ਪੈ ਜਾਵੇਗੀ। ਫਿਰ ਵੀ ਮੁੱਕਦੀ ਗੱਲ ਇਹ ਹੈ ਕਿ ਜੇ ਕੈਪਟਨ ਸਰਕਾਰ ਸੱਚਮੁੱਚ ਪਰਵਾਸੀ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਾ ਚਾਹੁੰਦੀ ਹੈ ਅਤੇ ਇੱਥੇ ਪੂੰਜੀ ਨਿਵੇਸ਼ ਚਾਹੁੰਦੀ ਹੈ ਤਾਂ ਇਸ ਨੂੰ ਇਸ ਸਬੰਧ ਵਿਚ ਫੌਰੀ ਤੌਰ ‘ਤੇ ਇਕ ਪਾਰਦਰਸ਼ੀ ਨੀਤੀ ਬਣਾਉਣੀ ਚਾਹੀਦੀ ਹੈ। ਇਮਾਨਦਾਰ, ਮਿਹਨਤੀ ਅਤੇ ਦ੍ਰਿੜ੍ਹ ਅਫਸਰਾਂ ਅਤੇ ਆਪਣੇ ਸਾਥੀਆਂ ਦੀ ਇਕ ਟੀਮ ਬਨਾਉਣ ਦੀ ਲੋੜ ਹੈ ਜੋ ਪ੍ਰਾਜੈਕਟਾਂ ਦੀ ਮਨਜ਼ੂਰੀ, ਜਗ੍ਹਾ ਅਤੇ ਹੋਰ ਲੋੜਾਂ ਘੱਟੋ ਘੱਟ ਸਮੇਂ ਵਿਚ ਮੁਹੱਈਆ ਕਰਵਾਉਣ ਤਾਂ ਕਿ ਪ੍ਰਾਜੈਕਟ ਛੇਤੀ ਸ਼ੁਰੂ ਹੋ ਕੇ ਰੁਜ਼ਗਾਰ ਪੈਦਾ ਕਰਨ। ਜੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਇਸ ਤਰ੍ਹਾਂ ਦੇ ਇਕ-ਇਕ ਦੋ-ਦੋ ਪ੍ਰਾਜੈਕਟ ਲੱਗ ਜਾਣ ਤਾਂ ਫਿਰ ਮੈਨੂੰ ਨਹੀਂ ਲਗਦਾ ਕਿ ਸਾਡੇ ਪੰਜਾਬ ਦਾ ਯੁਵਕ ਜਿਹੜਾ ਜ਼ਮੀਨ ਅਤੇ ਘਰ ਘਾਟ ਰਹਿਣੇ ਪਾ ਕੇ ਬਾਹਰ ਭੱਜਣ ਲਈ ਕਾਹਲਾ ਹੈ, ਉਹ ਆਪਣੀ ਧਰਤੀ ਛੱਡੇ। ਆਖਰ ‘ਜੋ ਸੁਖ ਛੱਜੂ ਦੇ ਚੁਬਾਰੇ, ਉਹ ਨਾ ਬਲਖ ਨਾ ਬੁਖਾਰੇ।’

-ਸ਼ਿੰਗਾਰਾ ਸਿੰਘ ਭੁੱਲਰ