‘ਬਲਰਾਜ ਸਿੰਘ ਸਿੱਧੂ’ ਅਤੇ ‘ਬਰਾੜ-ਭਗਤਾ ਭਾਈ ਕਾ’ ਦੀਆਂ ਪੁਸਤਕਾਂ ਬਾਰੇ ਕਲਮੀਂ ਪਰਵਾਜ਼ ਮੰਚ ਵੱਲੋਂ ਸਮਾਗਮ 21 ਅਕਤੂਬਰ ਨੂੰ

 ‘ਬਲਰਾਜ ਸਿੰਘ ਸਿੱਧੂ’ ਅਤੇ ‘ਬਰਾੜ-ਭਗਤਾ ਭਾਈ ਕਾ’ ਦੀਆਂ ਪੁਸਤਕਾਂ ਬਾਰੇ ਕਲਮੀਂ ਪਰਵਾਜ਼ ਮੰਚ ਵੱਲੋਂ ਸਮਾਗਮ 21 ਅਕਤੂਬਰ ਨੂੰ

ਗਿਆਨੀ ਕੇਵਲ ਸਿੰਘ ਨਿਰਦੋਸ਼ ਅਤੇ ਜਰਨੈਲ ਸਿੰਘ ਸੇਖਾ ਹੋਣਗੇ ਮੁੱਖ ਮਹਿਮਾਨ

 

ਵੈਨਕੂਵਰ : (ਕੈਨੇਡੀਅਨ ਪੰਜਾਬ ਟਾਈਮਜ਼) ਬਿਨਾਂ ਅਹੁਦੇਦਾਰਾਂ ਤੋਂ ਪੰਜਾਬੀ ਸਾਹਿਤ ਲਈ ਕਈ ਸਾਲਾਂ ਤੋਂ ਕੰਮ ਕਰ ਰਹੀ ਕਲਮੀਂ ਪਰਵਾਜ਼ ਮੰਚ ਨਾਂ ਦੀ ਸਾਹਿਤਕ ਸੰਸਥਾ ਵੱਲੋਂ 21 ਅਕਤੂਬਰ ਦਿਨ ਐਤਵਾਰ ਨੂੰ 12.30 ਵਜੇ ਤੋਂ 4.30 ਵਜੇ ਦੌਰਾਨ ਪੰਜਾਬ ਭਵਨ ਸਰੀ ਵਿਖੇ ਰੱਖੇ ਗਏ ਪੁਸਤਕ ਲੋਕ ਅਰਪਣ ਸਮਾਗਮ ਵਿੱਚ ਪੰਜਾਬੀ ਦੇ ਦੋ ਸਾਹਿਤਕਾਰਾਂ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪੁਲੀਸ ਦੇ ਉੱਚ ਅਫ਼ਸਰ ਬਲਰਾਜ ਸਿੰਘ ਸਿੱਧੂ ਦੀ ਪੁਸਤਕ ‘ਪੰਜਾਬ ਦੇ ਲੋਕ ਨਾਇਕ’ ਉੱਘੇ ਸਾਹਿਤਕਾਰ ਅਤੇ ਬਜ਼ੁਰਗ ਢਾਡੀ ਗਿਆਨੀ ਕੇਵਲ ਸਿੰਘ ਨਿਰਦੋਸ਼ ਲੋਕ ਅਰਪਿਤ ਕਰਨਗੇ ਜਦੋਂ ਕਿ ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’ ਦੀ ਪੁਸਤਕ ‘ਸੱਥ ਸੱਭਿਆਚਾਰ’ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਰਲੀਜ਼ ਕਰਨਗੇ।
ਬਲਰਾਜ ਸਿੰਘ ਸਿੱਧੂ ਦੀ ਪੁਸਤਕ ‘ਪੰਜਾਬ ਦੇ ਲੋਕ ਨਾਇਕ’ ਜਿਸ ਵਿੱਚ ਲੇਖਕ ਨੇ ਦੁੱਲਾ ਭੱਟੀ, ਸੁੱਚਾ ਸੂਰਮਾ, ਜਿਉਣਾ ਮੌੜ, ਮਿਰਜ਼ਾ ਸਾਹਿਬਾਂ ਦਾ ਸੱਚ ਅਤੇ ਕਈ ਹੋਰ ਲੋਕ ਗਾਥਾਵਾਂ ਨੂੰ ਸੱਚ ਦੀ ਕਸਵੱਟੀ ‘ਤੇ ਨਾਪ ਤੋਲ ਕੇ ਪੇਸ਼ ਕੀਤਾ ਹੈ, ਅਸਲੀਅਤ ਨੂੰ ਬਿਆਨ ਕਰਦੀ ਹੈ।
ਵਿਅੰਗਕਾਰ ਵਜੋਂ ਜਾਣੇ ਜਾਂਦੇ ‘ਬਰਾੜ-ਭਗਤਾ ਭਾਈ ਕਾ’ ਦੀ ਪੁਸਤਕ ‘ਸੱਥ ਸੱਭਿਆਚਾਰ’ ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਬਾਰੇ ਬੜੇ ਮਜ਼ਾਕੀਆਂ ਢੰਗ ਨਾਲ ਲਿਖਿਆ ਹੈ, ਅਖਾਣਾ ਮੁਹਾਵਰਿਆਂ ਅਤੇ ਚੁਟਕਲਿਆਂ ਨਾਲ ਸ਼ਿੰਗਾਰੀ ਵੱਖਰੀ ਹੀ ਕਿਸਮ ਦੀ ਲਿਖਤ ਹੈ ਜਿਸ ਨੂੰ ਪੜ੍ਹ ਕੇ ਆਪਣੇ ਵਿਰਸੇ ਨਾਲ ਜੁੜੀਆਂ ਹੰਢਾਈਆਂ ਹੋਈਆਂ ਯਾਦਾਂ ਇੱਕ ਵਾਰ ਮੁੜ ਤੋਂ ਕੁਤਕਤਾਰੀਆਂ ਕੱਢਣ ਲੱਗ ਜਾਂਦੀਆਂ ਹਨ।
ਕਲਮੀਂ ਪਰਵਾਜ਼ ਮੰਚ ਦੇ ਫਾਊਂਡਰ ਮੈਂਬਰ ਰੇਡੀਓ ਅਤੇ ਟੀ ਵੀ ਹੋਸਟ ਮਨਜੀਤ ਕੌਰ ਕੰਗ ਨੇ ਪੁਸਤਕ ਲੋਕ ਅਰਪਣ ਸਮਾਗਮ ਬਾਰੇ ਗੱਲਬਾਤ ਦੌਰਾਨ ਦੱਸਿਆ ਕਿ ਬਿਨਾਂ ਅਹੁਦੇਦਾਰਾਂ ਤੋਂ ਪੰਜਾਬੀ ਸਾਹਿਤ ਲਈ ਚਾਰ ਸਾਲ ਤੋਂ ਨਿਰਵਿਘਨ ਕੰਮ ਕਰ ਰਹੇ ਇਸ ਮੰਚ ਰਾਹੀਂ ਹੁਣ ਤੱਕ ਡੇਢ ਦਰਜਨ ਤੋਂ ਵੱਧ ਪੁਸਤਕਾਂ ਲੋਕ ਅਰਪਨ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚ ਕਈਆਂ ਉੱਘੇ ਸਾਹਿਤਕਾਰਾਂ ਦੀਆਂ ਪੁਸਤਕਾਂ ਵੀ ਸ਼ਾਮਲ ਹਨ। ਉਨ੍ਹਾਂ ਇਸ ਗੱਲ ਦਾ ਫ਼ਖਰ ਮਹਿਸੂਸ ਕਰਦਿਆਂ ਕਿਹਾ ਕਿ ਮੰਚ ਨੂੰ ਉਸ ਸਮੇਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੰਚ ਦਾ ਕੋਈ ਮੈਂਬਰ ਆਪਣੀ ਲਿਖਤ ਨੂੰ ਇੱਕ ਪੁਸਤਕ ਦੇ ਰੂਪ ਵਿੱਚ ਮੰਚ ਦੀ ਮਾਸਿਕ ਇਕੱਤਰਤਾ ਮੌਕੇ ਲੋਕ ਅਰਪਣ ਕਰਨ ਦਾ ਮੰਚ ਨੂੰ ਮੌਕਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਮੰਚ ਵੱਲੋਂ ਸਭਨਾਂ ਨੂੰ ਇਸ ਪੁਸਤਕ ਲੋਕ ਅਰਪਣ ਸਮਾਗਮ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।