ਐਬਟਸਫੋਰਡ ਤੇ ਮਿਸ਼ਨ ਸਿਟੀ ਚੋਣਾਂ ‘ਚ ਪੰਜਾਬੀ ਉਮੀਦਵਾਰਾਂ ਦੀ ਸਥਿੱਤੀ ਤਰਸਯੋਗ

ਐਬਟਸਫੋਰਡ ਤੇ ਮਿਸ਼ਨ ਸਿਟੀ ਚੋਣਾਂ ‘ਚ ਪੰਜਾਬੀ ਉਮੀਦਵਾਰਾਂ ਦੀ ਸਥਿੱਤੀ ਤਰਸਯੋਗ

ਗੈਂਗ ਹਿੰਸਾ ਅਤੇ ਫੈਲੇ ਨਸ਼ਿਆਂ ਕਾਰਨ ਪੰਜਾਬੀਆਂ ਦੀ ਸਿਟੀ ਚੋਣਾਂ ‘ਚ ਦਿਲਚਸਪੀ ਘਟੀ
ਵੱਖ ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਪੰਜਾਬੀ ਇੱਕਮੁੱਠਤਾ ਤੋਂ ਦੂਰ

ਐਬਟਸਫੋਰਡ: (ਬਰਾੜ-ਭਗਤਾ ਭਾਈ ਕਾ) ਪਿਛਲੀਆਂ ਚੋਣਾਂ ਵਾਂਗ ਐਬਟਸਫੋਰਡ ਅਤੇ ਮਿਸ਼ਨ ਦੀਆਂ ਚੋਣਾਂ ‘ਚ ਇਸ ਵਾਰ ਵੀ ਬਹੁਤ ਸਾਰੇ ਪਰਵਾਸੀ ਪੰਜਾਬੀ ਅਤੇ ਪੰਜਾਬ ਨਾਲ ਸੰਬੰਧਤ ਕਈ ਏਥੋਂ ਦੇ ਜੰਮਪਲ 20 ਅਕਤੂਬਰ ਨੂੰ ਹੋਣ ਜਾ ਰਹੀਆਂ ਸਿਟੀ ਚੋਣਾਂ ‘ਚ ਜਿੱਤਣ ਲਈ ਭਾਵੇਂ ਆਪਣੀ ਦਾਅਵੇਦਾਰ ਜਿਤਾ ਰਹੇ ਹਨ ਪਰ ਇਉਂ ਜਾਪਦਾ ਹੈ ਜਿਵੇਂ ਕਿ ਇਸ ਵਾਰ ਵੀ ਪੰਜਾਬੀਆਂ ਨੂੰ ਹਾਰ ਦਾ ਹੀ ਮੂੰਹ ਵੇਖਣਾ ਪੈ ਸਕਦਾ ਹੈ। ਐਬਟਸਫੋਰਡ ‘ਚ ਤਾਂ ਪਿਛਲੀਆਂ ਚੋਣਾਂ ਦੌਰਾਨ ਭਾਵੇਂ ਦੋ ਕੌਂਸਲਰ ਚੋਣ ਜਿੱਤ ਹੀ ਗਏ ਸਨ ਪਰ ਉਨ੍ਹਾਂ ਵਿੱਚੋਂ ਮੁਹਿੰਦਰ ਸਿੰਘ ਗਿੱਲ ਉਰਫ਼ ਮੋਹ ਗਿੱਲ ਜਿਹੜੇ ਕਿ ਲਗਾਤਾਰ 6 ਵਾਰ ਤੋਂ ਕੌਂਸਲਰ ਬਣਦੇ ਆ ਰਹੇ ਹਨ ਇਸ ਵਾਰ ਕੌਂਸਲਰ ਦੀ ਸੀਟ ਛੱਡ ਕੇ ਮੇਅਰ ਦੀ ਚੋਣ ਲੜ ਰਹੇ ਹਨ। ਮੋਹ ਗਿੱਲ ਇੱਕ ਵਾਰ ਵਿਧਾਇਕ ਵਜੋਂ ਵੀ ਚੋਣ ਲੜ ਚੁੱਕੇ ਹਨ। ਮੇਅਰ ਵਜੋਂ ਚੋਣ ਲੜ ਰਹੇ 7 ਉਮੀਦਵਾਰਾਂ ‘ਚੋਂ ਉਨ੍ਹਾਂ ਦਾ ਮੁੱਖ ਮੁਕਾਬਲਾ ਮੌਜੂਦਾ ਮੇਅਰ ਹੈਨਰੀ ਬਰਾਊਨ ਨਾਲ ਹੈ। ਜਿੰਨ੍ਹਾਂ ਨੂੰ ਉਹ ਸਖ਼ਤ ਚਣੌਤੀ ਦੇ ਰਹੇ ਹਨ ਪਰ ਪੰਜਾਬੀ ਭਾਈਚਾਰਾ ਪੰਜਾਬ ਵਾਂਗ ਸਿਆਸੀ ਪਾਰਟੀਆਂ ‘ਚ ਵੰਡਿਆ ਹੋਇਆ ਕਰਕੇ ਦੁਚਿੱਤੀ ‘ਚ ਹੈ ਜਦੋਂ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਹੈਨਰੀ ਪੰਜਾਬੀ ਭਾਈਚਾਰੇ ਲਈ ਵਧੀਆ ਪੇਸ਼ ਨਹੀਂ ਆਉਂਦਾ ਜਿਸ ਕਰਕੇ ਮੋਹ ਇਹ ਚੋਣ ਜਿੱਤ ਵੀ ਸਕਦੇ ਹਨ। ਜਿਉਂ ਜਿਉਂ 20 ਤਾਰੀਖ ਨੇੜੇ ਆ ਰਹੀ ਹੈ ਤਿਉਂ ਤਿਉਂ ਮੋਹ ਗਿੱਲ ਦਿਨ-ਬ-ਦਿਨ ਮਜ਼ਬੂਤ ਹੋਈ ਜਾਂਦੇ ਹਨ ਤੇ ਉਹ ਚੋਣ ਜਿੱਤਣ ਵੱਲ ਵਧ ਰਹੇ ਹਨ। ਇਹ ਵੀ ਗੱਲ ਸਾਹਮਣੇ ਆਈ ਹੈ ਪੰਜਾਬੀ ਭਾਈਚਾਰਾ ਹੌਲੀ ਹੌਲੀ ਮੋਹ ਗਿੱਲ ਪੂਰੀ ਤਰਾਂ ਜੁੜਦਾ ਜਾ ਰਿਹਾ ਹੈ ਅਤੇ ਹੈਨਰੀ ਬਰਾਊਨ ਨਾਲ ਰੁੱਸਿਆ ਗੋਰਾ ਭਾਈਚਾਰਾ ਵੀ ਮੋਹ ਗਿੱਲ ਦੇ ਪੱਖ ਵਿੱਚ ਆ ਖੜ੍ਹਾ ਹੋਇਆ ਹੈ। ਪਿਛਲੀਆਂ ਚੋਣਾਂ ‘ਚ ਪਹਿਲੀ ਵਾਰ ਕੌਂਸਲਰ ਚੁਣੀ ਗਈ ਕੁਲਦੀਪ ਕੌਰ ਉਰਫ਼ ਕੈਲੀ ਚਾਹਲ ਫਿਰ ਤੋਂ ਚੋਣ ਮੈਦਾਨ ਵਿੱਚ ਹੈ, ਨੂੰ ਪਹਿਲਾਂ ਨਾਲੋਂ ਸਖ਼ਤ ਮਿਹਨਤ ਕਰਨੀ ਪਵੇਗੀ ਕਿਉਂਕਿ ਪੰਜਾਬੀ ਭਾਈਚਾਰਾ ਵੀ ਇਹ ਸੋਚ ਰਿਹਾ ਹੈ ਕਿ ਸ਼ਹਿਰ ‘ਚ ਵਧ ਰਹੇ ਨਸ਼ਿਆਂ ਦੇ ਰੁਝਾਨ ਅਤੇ ਗੈਂਗ ਹਿੰਸਾ ਲਈ ਕਿਸੇ ਵੀ ਪੰਜਾਬੀ ਕੌਂਸਲਰ, ਮੇਅਰ, ਵਿਧਾਇਕ ਜਾਂ ਸਾਂਸਦ ਨੇ ਇਨ੍ਹਾਂ ਅਲਾਮਤਾਂ ਨੂੰ ਨੱਥ ਪਾਉਣ ਲਈ ਪਰਿਵਾਰਾਂ ਨੂੰ ਕੋਈ ਤਸੱਲੀਬਖਸ਼ ਸਹਿਯੋਗ ਨਹੀਂ ਦਿੱਤਾ। ਹੁਣ ਗੱਲ ਹੈ ਨਵੇਂ ਉਮੀਦਵਾਰਾਂ ਦੀ ਜਿੰਨ੍ਹਾਂ ਵਿੱਚ ਪੰਜਾਬੀ ਪੱਤਰਕਾ ਅਖ਼ਬਾਰ ਤੋਂ ਦੇਵ ਸਿੱਧੂ ਕੌਂਸਲਰ ਲਈ ਚੋਣ ਮੈਦਾਨ ‘ਚ ਹਨ ਜਿਹੜੇ ਕਿ ਕਿਸੇ ਹੱਦ ਤੱਕ ਆਪਣੇ ਪਿਤਾ ਐਨ ਡੀ ਸਿੱਧੂ ਦੇ ਸ਼ਹਿਰ ‘ਚ ਬਣੇ ਅਸਰ ਰਸੂਖ ਨਾਲ ਕੋਈ ਚੰਗਾ ਨਤੀਜਾ ਲਿਆ ਸਕਦੇ ਹਨ ਪਰ ਫਿਰ ਵੀ ਪੰਜਾਬੀ ਭਾਈਚਾਰੇ ‘ਚ ਜਾਣ ਪਹਿਚਾਣ ਘੱਟ ਹੋਣ ਕਰਕੇ ਅਜੇ ਕੁਝ ਨਹੀਂ ਕਿਹਾ ਵੀ ਜਾ ਸਕਦਾ। ਇਸ ਤੋਂ ਇਲਾਵਾ ਕਈ ਹੋਰ ਨਵੇਂ ਪੰਜਾਬੀ ਚੋਣ ਮੈਦਾਨ ‘ਚ ਹਨ ਜਿੰਨ੍ਹਾਂ ਦੀ ਪੰਜਾਬੀ ਭਾਈਚਾਰੇ ‘ਚ ਬਹੁਤੀ ਪਹਿਚਾਣ ਨਹੀਂ ਹੈ ਜਿਸ ਕਰਕੇ ਉਨ੍ਹਾਂ ਦਾ ਨਤੀਜਾ ਬਹੁਤਾ ਵਧੀਆ ਨਹੀਂ ਕਿਹਾ ਜਾ ਸਕਦਾ। ਜੇ ਕੈਨੇਡਾ ‘ਚ ਪ੍ਰਤੀਸ਼ਤ ਨਾਲ ਪੰਜਾਬੀਆਂ ਦੀ ਗਿਣਤੀ ਵੇਖੀ ਜਾਵੇ ਤਾਂ ਐਬਟਸਫੋਰਡ ‘ਚ ਪੰਜਾਬੀਆਂ ਦੀ ਗਿਣਤੀ ਕੈਨੇਡਾ ਦੇ ਸਾਰੇ ਸ਼ਹਿਰਾਂ ਨਾਲੋਂ ਵੱਧ ਹੈ ਜਿਸ ਦੀ ਸਰਕਾਰੀ ਅੰਕੜਿਆਂ ਮੁਤਾਬਿਕ 17 ਪ੍ਰਤੀਸ਼ਤ ਹੈ ਪਰ ਪੰਜਾਬੀ ਭਾਈਚਾਰਾ ਪਾਰਟੀਆਂ ‘ਚ ਵੰਡਿਆ ਹੋਣ ਕਰਕੇ ਇੱਕਮੁੱਠਤਾ ਵਿਖਾਉਣ ‘ਚ ਫੇਲ ਹੈ ਜਿਸ ਕਰਕੇ ਦੂਜੇ ਭਾਈਚਾਰਿਆਂ ‘ਚ ਅਸਰ ਰਸੂਖ ਰੱਖਣ ਵਾਲੇ ਪੰਜਾਬੀ ਨੂੰ ਵੀ ਜਿਤਾਉਣ ‘ਚ ਪਛੜ ਜਾਂਦੇ ਹਨ ਜਿਸ ਕਰਕੇ ਸਕੂਲ ਸਟੱਰਸੀ ਉਮੀਦਵਾਰ ਪ੍ਰੀਤ ਰਾਏ ਅਤੇ ਕੈਲੀ ਚਾਹਲ ਤੋਂ ਬਿਨਾਂ ਸਾਰੇ ਪੰਜਾਬੀ ਉਮੀਦਵਾਰਾਂ ਦੀ ਹਾਲਤ ਤਰਸਯੋਗ ਹੀ ਕਹੀ ਜਾ ਸਕਦੀ ਹੈ ਕਿਉਂਕਿ ਇਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ‘ਚ ਚੰਗਾ ਅਸਰ ਰਸੂਖ ਬਣਾ ਰੱਖਿਆ ਹੈ। ਦੋ ਵਾਰ ਦੇ ਸਕੂਲ ਟਰੱਸਟੀ ਪ੍ਰੀਤ ਮੁਹਿੰਦਰ ਸਿੰਘ ਉਰਫ਼ ਪ੍ਰੀਤ ਰਾਏ ਵੋਟਰਾਂ ‘ਚ ਡੂੰਘਾ ਅਸਰ ਰੱਖਦੇ ਹਨ ਜਿਸ ਕਰਕੇ ਉਨ੍ਹਾਂ ਦੀ ਸਥਿੱਤੀ ਕਾਫ਼ੀ ਮਜ਼ਬੂਤ ਸਮਝੀ ਜਾਂਦੀ ਹੈ।
ਮਿਸ਼ਨ ਚੋਣਾਂ :-ਮਿਸ਼ਨ ਦੀਆਂ ਪਿਛਲੀਆਂ ਸਿਟੀ ਚੋਣਾਂ ‘ਚ ਕੋਈ ਵੀ ਪੰਜਾਬੀ ਚੋਣ ਨਹੀਂ ਜਿੱਤ ਸਕਿਆ ਸੀ। ਉਸ ਤੋਂ ਪਹਿਲਾਂ ਤਰਲੋਕ ਸਿੰਘ ਉਰਫ਼ ਟੈਰੀ ਗਿੱਦਾ ਇੱਕ ਵਾਰ ਕੌਂਸਲਰ ਰਹਿ ਚੁੱਕੇ ਹਨ ਜੋ ਕਿ ਦੂਜੀ ਵਾਰ ਆਪਣੀ ਸ਼ਾਖ ਬਚਾਉਣ ‘ਚ ਫ਼ੇਲ ਹੋ ਜਾਣ ਪਿੱਛੋਂ ਸਿਆਸਤ ਹੀ ਛੱਡ ਗਏ ਲੱਗਦੇ ਹਨ ਕਿਉਂਕਿ ਉਨ੍ਹਾਂ ਸਿਰ ਮਿਸ਼ਨ ਗੁਰੂ ਘਰ ਦੀ ਮੁੱਖ ਸੇਵਾਦਾਰ ਵਜੋਂ ਵੱਡੀ ਜਿੰਮੇਵਾਰੀ ਹੈ। ਇਸ ਵਾਰ ਸਾਰੇ ਨਵੇਂ ਪੰਜਾਬੀ ਪਹਿਲੀ ਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਪਰ ਮਿਸ਼ਨ ਵਿੱਚ ਕੋਈ ਅਜਿਹਾ ਪੰਜਾਬੀ ਉਮੀਦਵਾਰ ਵੀ ਨਹੀਂ ਹੈ ਜਿਸ ਨੂੰ ਪੰਜਾਬੀ ਭਾਈਚਾਰਾ ਆਪਣਾ ਸਮਝਦਾ ਹੋਵੇ ਅਤੇ ਨਾ ਹੀ ਉਨ੍ਹਾਂ ਦੀ ਪਸੰਦੀ ਦਾ ਕੋਈ ਉਮੀਦਵਾਰ ਹੈ ਜਿਸ ਕਰਕੇ ਪੰਜਾਬੀ ਵੋਟਰਾਂ ‘ਚ ਬਹੁਤੀ ਦਿਲਚਸਪੀ ਨਹੀਂ ਦਿਸ ਰਹੀ। ਹਰ ਵਾਰ ਅਜਿਹਾ ਹੀ ਹੁੰਦਾ ਹੈ ਪੰਜਾਬੀ ਚੋਣ ਲੜ ਲੈਂਦੇ ਹਨ ਤੇ ਹਾਰ ਜਾਣ ਪਿੱਛੋਂ ਚੋਣ ਲੜਣ ਦਾ ਮੈਦਾਨ ਹੀ ਛੱਡ ਜਾਂਦੇ ਹਨ, ਇਹ ਕੋਸ਼ਿਸ ਨਹੀਂ ਕਰਦੇ ਕਿ ਸਾਰੇ ਭਾਈਚਾਰਿਆਂ ‘ਚ ਅਸਰ ਰਸੂਖ ਬਣਾਇਆ ਜਾਵੇ ਤਾਂ ਕਿ ਅਗਲੀਆਂ ਚੋਣਾਂ ‘ਚ ਜਿੱਤ ਪ੍ਰਾਪਤ ਕਰ ਸਕੀਏ। ਥੁੱਕ ਲੁੱਕ ਨਾਲ ਹੀ ਸਾਰਨਾ ਚਾਹੁੰਦੇ ਹਨ, ਸਿਆਸਤ ਵਿੱਚ ਤਾਂ ਹਾਰ ਹਾਰ ਕੇ ਹੀ ਕਾੜ੍ਹਣੀ ਦੇ ਦੁੱਧ ਵਾਂਗੂੰ ਕੜ੍ਹ ਕੇ ਹੀ ਕਿਸੇ ਮੁਕਾਮ ‘ਤੇ ਪਹੁੰਚਿਆ ਜਾਂਦੈ!!!