ਸਰੀ ‘ਚ ਇੱਕ ਹੋਰ ਨੌਜਵਾਨ ਦਾ ਦਿਨ ਦਿਹਾੜੇ ਗਿਣਮਿਥ ਕੇ ਕਤਲ

ਸਰੀ ‘ਚ ਇੱਕ ਹੋਰ ਨੌਜਵਾਨ ਦਾ ਦਿਨ ਦਿਹਾੜੇ ਗਿਣਮਿਥ ਕੇ ਕਤਲ

30 ਸਾਲਾ ਸੁਮੀਤ ਰੰਧਾਵਾ ਵੀ ਚੜ੍ਹਿਆ ਗੈਂਗ ਹਿੰਸਾ ਦੀ ਭੇਂਟ

ਸਰੀ (ਬਰਾੜ-ਭਗਤਾ ਭਾਈ ਕਾ): ਏਥੋਂ ਦੀ 130 ਸਟਰੀਟ ਦੇ 68 ਐਵੀਨਿਊ ਦੇ ਲਾਗੇ ਵਾਪਰੇ ਗੋਲੀਕਾਂਡ ਦੌਰਾਨ ਪੰਜਾਬੀ ਨੌਜਵਾਨਾਂ ਵਿੱਚ ਹੋ ਰਹੀ ਖੂਨੀ ਹਿੰਸਕ ਲੜਾਈ ਨੇ 30 ਸਾਲਾ ਦੇ ਨੌਜਵਾਨ ਸੁਮੀਤ ਰੰਧਾਵਾ ਦੀ ਜਾਨ ਲੈ ਲਈ ਹੈ। ਅੱਜ ਮੌਤ ਵਾਲੇ ਦਿਨ ਹੀ ਉਸ ਦਾ
ਜਨਮ ਦਿਨ ਸੀ ਅਤੇ ਉਹ ਅਜੇ ਅਣਵਿਆਹਿਆ ਹੀ ਸੀ। ਹਮਲਾਵਰਾਂ ਨੇ ਉਸ ਦਾ ਗਿਣਮਿਥ ਕੇ ਨਿਸ਼ਾਨਾ ਬਣਾਉਂਦਿਆ ਦਿਨ ਦਿਹਾੜੇ ਕਤਲ ਕੀਤਾ ਗਿਆ ।
ਸਰੀ ‘ਚ ਵਾਪਰੇ ਇਸ ਕਤਲ ਕਾਂਡ ਤੋਂ ਪਹਿਲਾਂ ਪਿਛਲੇ ਹਫ਼ਤੇ ਮਿਸ਼ਨ ਵਿੱਚ ਵਰਿੰਦਰਪਾਲ ਸਿੰਘ ਗਿੱਲ ਵੀ ਗੈਂਗਹਿੰਸਾ ਦਾ ਸ਼ਿਕਾਰ ਹੋ ਗਿਆ ਸੀ। ਮਿੰਨੀ ਪੰਜਾਬ ਵਜੋਂ ਜਾਣਿਆਂ ਜਾਂਦਾ ਸਰੀ ਸ਼ਹਿਰ ਇੱਕ ਤਰਾਂ ਦਾ ਕਤਲਗਾਹ ਹੀ ਬਣਦਾ ਜਾ ਰਿਹਾ ਹੈ ਕਿਉਂਕਿ ਕਤਲਾਂ ਤੋਂ ਇਲਾਵਾ ਏਥੇ ਗੋਲੀ ਚੱਲਣ ਦੀਆਂ ਵਾਰਦਾਤਾਂ ਵੀ ਆਮ ਵਾਂਗ ਚੱਲ ਰਹੀਆਂ ਹਨ ਜਿੰਨ੍ਹਾਂ ਪ੍ਰਤੀ ਪੰਜਾਬੀ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ઠઠਸਰੀ ਵਿੱਚ ਇਸ ਸਾਲ ਦਾ ਇਹ 7ਵਾਂ ਨੌਜਵਾਨ ਗੈਂਗਹਿੰਸਾ ਦੀ ਭੇਂਟ ਚੜ੍ਹਿਆ ਹੈ। ਕਤਲਾਂ ਤੋਂ ਇਲਾਵਾ ਸਰੀ ਸਾਲ 2018 ਵਿੱਚ ਗੈਂਗ ਹਿੰਸਕ ਲੜਾਈਆਂ ਵਿੱਚ 33 ਤੋਂ ਵਧੇਰੇ ਵਾਰ ਗੋਲੀ ਚਲਣ ਦੀਆਂ ਵਾਰਦਾਤਾਂ ਹੋ ਚੁਕੀਆਂ ਹਨ। 2017 ਵਿੱਚ 59 ਵਾਰ 2016 ‘ਚ 31 ਵਾਰ ਅਤੇ 2015 ਵਿੱਚ 88 ਤੋਂ ਵਧੇਰੇ ਗੋਲੀ ਚਲਣ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ।ਹੁਣ ਤੱਕ 400 ਤੋਂ ਵਧੇਰੇ ਨੌਜਵਾਨ ਇਸ ਗੈਂਗ ਹਿੰਸਾ ਦਾ ਸ਼ਿਕਾਰ ਹੋ ਚੁੱਕੇ ਹਨ ਜਿੰਨ੍ਹਾਂ ਪ੍ਰਤੀ ਨਾ ਤਾਂ ਅਜੇ ਪੁਲੀਸ ਦੇ ਕੰਨ ‘ਤੇ ਜੂੰ ਸਰਕੀ ਹੈ ਅਤੇ ਨਾ ਹੀ ਕਿਸੇ ਸਿਆਸਤਦਾਨ ਨੂੰ ਇਸ ਦਾ ਦਰਦ ਮਹਿਸੂਸ ਹੋਇਆ ਹੈ। ਫਿਕਰ ਵਾਲੀ ਗੱਲ ਤਾਂ ਹੁਣ ਇਹ ਬਣੀ ਹੋਈ ਹੈ ਕਿ ਗੈਂਗ ਹਿੰਸਾ ਅਤੇ ਵਧ ਰਹੇ ਨਸ਼ਿਆਂ ਨੂੰ ਨੱਥ ਕੌਣ ਤੇ ਕਿਸ ਤਰਾਂ ਪਾਈ ਜਾਵੇ। ਵਧ ਰਹੇ ਨਸ਼ਿਆਂ ਦਾ ਰੁਝਾਨ ਗੈਂਗ ਹਿੰਸਾ ਨੂੰ ਜਨਮ ਦੇ ਕੇ ਨੌਜਵਾਨਾਂ ਦੀ ਜਾਨ ਦਾ ਖਾਉ ਬਣਿਆ ਹੋਇਆ ਹੈ।