ਟੱਪੇ : ਵਰਤਮਾਨ ਦੇ ਰੂਬਰੂ

ਟੱਪੇ : ਵਰਤਮਾਨ ਦੇ ਰੂਬਰੂ

ਅਸੀਂ ਫ਼ਸਲਾਂ ਸਾਂਭ ਰਹੇ।
ਕੁਰਸੀਆਂ ਵਾਲੇ ਸੂਰਮੇ,
ਪੁੱਤ, ਨਸਲਾਂ ਸਾਂਭ ਰਹੇ।

ਝੋਨਾ ਵੱਢਿਆ ਮਸ਼ੀਨਾਂ ਨੇ।
ਸਾਨੂੰ ਲੱਕੋਂ ਪਾੜ ਸੁੱਟਿਆ,
ਝੰਡੀ ਵਾਲਿਆਂ ਕਮੀਨਾਂ ਨੇ।

ਰੂਟ ਲੰਮਾ ਪਟਿਆਲੇ ਦਾ।
ਲੱਗਦਾ ਨਾ ਮੇਲ ਹੋਊਗਾ,
ਕਦੇ ਮੋਤੀਆਂ ਵਾਲੇ ਦਾ।

ਲੰਬੀ ਰਾਤ ਜੁਦਾਈਆਂ ਦੀ।
ਫਿਰੇਂ ਪਰਛਾਵੇਂ ਫੜਦਾ,
ਕੋਈ ਆਸ ਨਹੀਂ ਕਮਾਈਆਂ ਦੀ।

ਸਾਡਾ ਬਾਬਾ ਕਹਿੰਦਾ ਸੀ।
ਗੁੱਸਾ ਜੇ ਚੰਡਾਲ ਬਣ ਜੇ,
ਪਿੱਛੇ ਕੱਖ ਵੀ ਨਾ ਰਹਿੰਦਾ ਜੀ।
ਸੁਣੋ ਗੱਲ ਬਰਗਾੜੀ ਦੀ।
ਲੱਗੀ ਨਾ, ਬੁਝਾਈ ਬੁਝਣੀ,
ਅੱਗ ਏਸ ਚੰਗਿਆੜੀ ਦੀ।

ਤੁਸੀਂ ਰੈਲੀਆਂ ਚੋਂ ਕੀ ਕੱਢਣਾ।
ਚਾਕੂ ਤਿੱਖੇ ਕਰੀ ਜਾਂਦੇ ਓ,
ਦੱਸੋ! ਕੀਹਨੂੰ,ਕਿੱਥੇ, ਕਦੋਂ ਵੱਢਣਾ?

ਛੱਡ ਤੰਬੂ ਤੇ ਕਨਾਤ ਪਰੇ।
ਤੇਰੀਆਂ ਨਿਸ਼ਾਨੇਬਾਜ਼ੀਆਂ,
ਰੱਤੋ ਰੱਤ ਜਜ਼ਬਾਤ ਕਰੇ।

ਐਵੇਂ ਪਾਈ ਜਾਹ ਨਾ ਬਾਤਾਂ ਨੂੰ।
ਦੀਵਿਆਂ ਚੋਂ ਤੇਲ ਮੁੱਕਿਆ,
ਠੇਡੇ ਖਾਈ ਜਾਈਏ ਰਾਤਾਂ ਨੂੰ।

ਨੀਂਦ ਪੈਂਦੀ ਨਹੀਂਓ ਂ ਰਾਤਾਂ ਨੂੰ।
ਕਦੋਂ ਦੀਆਂ ਸੁੱਕੀਆਂ ਪਈਆਂ,
ਤੱਕ ਕਲਮ ਦਵਾਤਾਂ ਨੂੰ।
ਗੁਰਭਜਨ ਸਿੰਘ ਗਿੱਲ