ਖਹਿੜਾ

ਖਹਿੜਾ

ਕੌਲਾ ਰੱਖ ਕੇ ਵਿਦੇਸ਼ੋਂ ਮੁੜਦਿਆਂ ਹੀ,
ਥੁੱਕ ਅੱਡੀਆਂ ਨੂੰ ਗਿਆ ਲਾ ਬਾਬਾ।
ਚੌਧਰ ਛੱਡਕੇ ਗਿਆ ਸੁੱਟ ਕੁੰਜੀਆਂ,
ਗੋਲਕ ਹੋਰਾਂ ਨੂੰ ਗਿਆ ਸੰਭਾਅ ਬਾਬਾ।

ਗਿਆ ਤੱਕਲ਼ਾ ਸੇਹ ਦਾ ਗੱਡ ਵਿਹੜੇ,
ਪਿਉ ਪੁੱਤਾਂ ਨੂੰ ਰੋਸ ਵਿਖਾ ਬਾਬਾ।
ਗਿਆ ਪੁੱਠੀ ਗੇੜ ਚੰਡੋਲ ਕੋਈ,
ਭਬਲ਼ ਭੂਸੇ ਗਿਆ ਪਾ ਬਾਬਾ।

ਵਲ਼ ਛੱਡ ਗਿਆ ਸੁੱਟ ਪੂਛ ਗਿਆ,
ਮੁਲਕ ਬਿਗਾਨਿਉਂ ਹਥੌਲ਼ਾ ਪੁਆ ਬਾਬਾ।
ਤੋੜ ਤੰਦ ਨੂੰ ਗਿਆ ਉਲਝਾਅ ਤਾਣੀ,
ਲਿਆ ਦੁੱਧੋਂ ਲਵੇਰਾ ਭਜਾ ਬਾਬਾ।
ਖੀਰ ਰਿੰਨ੍ਹ ਗਿਆ ‘ਭਗਤਿਆ’ ਵਿੱਚ ਲੱਸੀ,
ਛੱਡ ਕੱਚਾ ਹੀ ਗਿਆ ਕੜਾਹ ਬਾਬਾ।
ਤਾਰੂ ਡੋਬ ਗਿਆ ਸੱਤਾਂ ਪੱਤਣਾਂ ਦੇ,
ਹੋ ਗਿਆ ਰੂਹਪੋਸ਼ ਪੱਤਰੇ ਵਾਹ ਬਾਬਾ।
-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113