ਸਾਹਿਤਕ ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ – ਗੁਰਭਜਨ ਸਿੰਘ ਗਿੱਲ

ਸਾਹਿਤਕ ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ

– ਗੁਰਭਜਨ ਸਿੰਘ ਗਿੱਲ

ਜਨਮ : 2 ਮਈ 1953
ਸਥਾਨ : ਪਿੰਡ ਪਿੰਡ ਬਸੰਤ ਕੋਟ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ,
ਕਾਰਜ-ਖੇਤਰ : ਕਵੀ, ਲੇਖਕ, ਸੰਪਾਦਕ

ਪੰਜਾਬੀ ਸ਼ਾਇਰੀ ਵਿਚ ਨਵੀਆਂ ਪੈੜਾ ਪਾ ਕੇ ਨਵੇਂ ਬਿੰਬ ਤੇ ਅਲੰਕਾਰ ਵਰਤਣ ਵਾਲਾ ਪ੍ਰੋ.ਗੁਰਭਜਨ ਸਿੰਘ ਗਿੱਲ ਸਥਾਪਤ ਗ਼ਜ਼ਲਕਾਰ ਅਤੇ ਸਥਾਪਤ ਹੋ ਚੁੱਕਾ ਹੈ, ਜਿਸ ਦੀਆਂ ਸਾਰੀਆਂ ਰਚਨਾਵਾਂ ਸਮਾਜਿਕ ਸਰੋਕਾਰਾਂ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਉਸ ਨੂੰ ਸਮਾਜਿਕ ਤੌਰ ਤੇ ਸੁਜੱਗ ਅਤੇ ਜਾਗਰੂਕ ਕਵੀ ਕਿਹਾ ਜਾ ਸਕਦਾ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਵਿਚਾਰਧਾਰਾ ਅਤੇ ਚਿੰਤਨ ਲੋਕਾਂ ਦੇ ਦਰਦ ਦੀ ਤਰਜਮਾਨੀ ਕਰਦੀ ਦਿਸਦੀ ਹੈ। ਪੰਜਾਬੀ ਦੀ ਐਮ.ਏ. ਆਨਰਜ ਪਾਸ ਕੀਤੀ। ਰੋਜਗਾਰ ਦੇ ਸੰਬੰਧ ਵਿਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਆਪਣਾ ਕਰਮ ਖੇਤਰ 1983 ਵਿਚ ਬਣਾਇਆ, ਜਿਥੇ ਉਹ ਖੇਤੀਬਾੜੀ ਸਾਹਿਤ ਦੀ ਸੰਪਾਦਨਾ ਦਾ ਲਗਾਤਾਰ 30 ਸਾਲ ਕੰਮ ਕਰਦਾ ਰਿਹਾ ਅਤੇ ਇਥੇ ਰਹਿੰਦਿਆਂ ਹੀ ਸਾਹਿਤਕ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਵਿਚਰਣ ਦਾ ਇਤਫਾਕ ਬਣਿਆਂ ਰਿਹਾ।
ਪੰਜਾਬੀ ਸਾਹਿਤ ਜਗਤ ਦਾ ਬਹੁਰੰਗਾ, ਬਹੁਪੱਖੀ, ਰੰਗਲਾ ਸੱਜਣ ਅਤੇ ਹਰਫਨਮੌਲਾ ਸਾਹਿਤਕਾਰ ਪ੍ਰੋ.ਗੁਰਭਜਨ ਸਿੰਘ ਗਿੱਲ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ, ਜਿਸਦੀ ਕਲਮ ਸਾਹਿਤਕ ਖੇਤਰ ਵਿਚ ਖਲਬਲੀ ਮਚਾਉਂਦੀ ਹੋਈ ਪੰਜਾਬੀਅਤ ਦਾ ਝੰਡਾ ਚੁੱਕੀ ਬੁਲੰਦੀਆਂ ਨੂੰ ਛੋਹ ਰਹੀ ਹੈ। ਉਸਦੀ ਪੰਜਬੀ ਭਾਸ਼ਾ ਦੀ ਦੇਣ ਦੀ ਕਦਰ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਉਨ੍ਹਾਂ ਨੂੰ ਆਪਣਾ ਸਰਵਉਚ ਸਨਮਾਨ ਫੈਲੋਸ਼ਿਪ ਦੇਣ ਦਾ ਫੈਸਲਾ ਕੀਤਾ ਹੈ। ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਵੱਖ-ਵੱਖ ਅਹੁਦਿਆਂ ਤੇ 20 ਸਾਲ ਸੇਵਾ ਕੀਤੀ ਹੈ। 2010 ਤੋਂ 2014 ਤੱਕ ਇਸ ਅਕਾਡਮੀ ਦੇ ਉਸ ਸਫਲ ਪ੍ਰਧਾਨ ਰਹੇ ਹਨ। ਪ੍ਰੋ.ਗੁਰਭਜਨ ਸਿੰਘ ਗਿੱਲ ਇੱਕ ਸੁਲਝਿਆ ਹੋਇਆ ਗ਼ਜ਼ਲਕਾਰ, ਕਵੀ ਅਤੇ ਗਲਪਕਾਰ ਹੈ, ਜਿਸ ਦੀਆਂ ਹੁਣ ਤੱਕ ਆਪਣੀਆਂ 13 ਮੌਲਿਕ ਅਤੇ 5 ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੀ ਨਹੀਂ ਹੋਈਆਂ ਬਲਕਿ ਪੜ੍ਹੀਆਂ ਗਈਆਂ ਹਨ। ਪ੍ਰੋ.ਗੁਰਭਜਨ ਸਿੰਘ ਗਿੱਲ ਦੀਆਂ ਰਚਨਾਵਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਪਾਠਕਾਂ ਲਈ ਬੋਝ ਨਹੀਂ ਬਣਦੀਆਂ ਬਲਕਿ ਸਾਦੀ, ਸਰਲ ਅਤੇ ਸ਼ਪਸ਼ਟ ਭਾਸ਼ਾ ਵਿਚ ਲਿਖੀਆਂ ਹੋਣ ਕਰਕੇ ਪਾਠਕ ਲਈ ਪੜ੍ਹਨ ਦੀ ਉਤੇਜਨਾ ਵਿਚ ਵਾਧਾ ਕਰਦੀਆਂ ਹੋਈਆਂ ਅਰਥ ਭਰਪੂਰ ਹੋਣ ਕਰਕੇ ਪਾਠਕ ਦੇ ਮਨ ਤੇ ਆਪਣਾ ਗਹਿਰਾ ਪ੍ਰਭਾਵ ਛੱਡਦੀਆਂ ਹਨ। ਪਾਠਕ ਉਸਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਪੜ੍ਹਦਿਆਂ ਸਰਸਾਰ ਹੋ ਜਾਂਦਾ ਹੈ। ਸਾਹਿਤਕ ਖ਼ੁਸ਼ਬੂ ਪਾਠਕ ਦੀ ਮਾਨਸਿਕਤਾ ਦੀ ਰੂਹ ਦੀ ਖ਼ੁਰਾਕ ਬਣ ਜਾਂਦੀ ਹੈ।
ਗ਼ਜ਼ਲ ਨੂੰ ਆਮ ਤੌਰ ਤੇ ਇਸਤਰੀ ਲਿੰਗ ਸਮਝਿਆ ਜਾਂਦਾ ਹੈ। ਗ਼ਜ਼ਲ ਰੁਮਾਂਸਵਾਦ ਦਾ ਪ੍ਰਤੀਕ ਵੀ ਗਿਣੀ ਜਾਂਦੀ ਹੈ ਪ੍ਰੰਤੂ ਪ੍ਰੋ.ਗੁਰਭਜਨ ਸਿੰਘ ਗਿੱਲ ਦੀਆਂ ਰੁਮਾਂਟਿਕ ਗ਼ਜ਼ਲਾਂ ਵੀ ਸਮਾਜਿਕ ਸਰੋਕਾਰਾਂ ਦੀ ਪਿਉਂਦ ਵਿਚ ਲਿਪਟੀਆਂ ਹੋਈਆਂ ਸਾਹਿਤਕ ਮਹਿਕ ਨਾਲ ਲਬਰੇਜ਼ ਹੁੰਦੀਆਂ ਹਨ, ਜਿਹੜੀਆਂ ਪਾਠਕਾਂ ਨੂੰ ਕਈ ਦਿਸ਼ਾਵਾਂ ਵਲ ਲੈ ਤੁਰਦੀਆਂ ਹਨ। ਪਾਠਕ ਇਹੋ ਅੰਦਾਜ਼ੇ ਲਾਉਂਦਾ ਰਹਿ ਜਾਂਦਾ ਹੈ ਕਿ ਪ੍ਰੋ.ਗੁਰਭਜਨ ਸਿੰਘ ਗਿੱਲ ਦੀ ਸੂਈ ਕਿਸ ਨੁਕਤੇ ਵਲ ਇਸ਼ਾਰਾ ਕਰਦੀ ਹੈ। ਉਸ ਦੀਆਂ ਲਿਖਤਾਂ ਬਹੁ ਪੱਖੀ ਰੰਗਤਾਂ ਵਲ ਇਸ਼ਾਰੇ ਕਰਦੀਆਂ ਹਨ। ਇੱਕ ਗ਼ਜ਼ਲ ਵਿਚ ਹੀ ਕਈ ਨੁਕਤੇ ਉਠਾਏ ਹੁੰਦੇ ਹਨ। ਪਾਠਕ ਆਪਣੀ ਵਿਚਾਰਧਾਰਾ ਜਾਂ ਸਮਝ ਅਨੁਸਾਰ ਅਰਥ ਕੱਢਦੇ ਰਹਿੰਦੇ ਹਨ। ਗ਼ਜ਼ਲਾਂ ਦੇ ਵਿਸ਼ੇ, ਭਾਈਚਾਰਕ ਸਾਂਝ, ਕਿਸਾਨੀ, ਰਾਜਨੀਤਕ, ਸਮਾਜਿਕ, ਆਰਥਿਕ, ਸਮਾਜਿਕ ਨਾਬਰਾਬਰੀ, ਨਸ਼ੇ, ਭਰੂਣ ਹੱਤਿਆ, ਪਦਾਰਥਵਾਦ, ਅਨਿਆਇ ਆਦਿ ਅਣਗਿਣਤ ਮੁੱਦਿਆਂ ਦੇ ਦੁਆਲੇ ਘੁੰਮਦੇ ਹਨ। ਸਮਾਜ ਵਿਚ ਤੱਤਕਾਲੀਨ ਵਾਪਰ ਰਹੀਆਂ ਘਟਨਾਵਾਂ ਅਤੇ ਚਲੰਤ ਮਸਲੇ ਵੀ ਉਸ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦਾ ਵਿਸ਼ਾ ਬਣਦੇ ਹਨ। ਉਹ ਕਿਸੇ ਵੀ ਵਿਅਕਤੀ, ਸਮਾਜਿਕ ਸੰਸਥਾ ਅਤੇ ਸਿਆਸੀ ਪਾਰਟੀਆਂ ਨੂੰ ਬਖ਼ਸ਼ਦਾ ਨਹੀਂ ਪ੍ਰੰਤੂ ਮਿੱਠੇ ਮਿੱਠੇ ਤੁਣਕੇ ਮਾਰਦਾ ਆਪਣਾ ਕਿੰਤੂ ਪ੍ਰੰਤੂ ਕਰਦਾ ਹੋਇਆ ਆਪਣੀ ਗੱਲ ਕਹਿ ਜਾਂਦਾ ਹੈ। ਉਸਦੀਆਂ ਗ਼ਜ਼ਲਾਂ ਦੱਸ ਰਹੀਆਂ ਹੁੰਦੀਆਂ ਹਨ ਕਿ ਸਾਡਾ ਸਮਾਜ ਪਦਾਰਥਵਾਦੀ ਹੈ, ਸਾਹਿਤਕ ਖ਼ਜਾਨੇ ਦਾ ਮੁੱਲ ਨਹੀਂ ਪਾਉਂਦਾ, ਉਸਨੂੰ ਪੜ੍ਹਨ ਦੀ ਹੀ ਖੇਚਲ ਨਹੀਂ ਕਰਦਾ, ਸਗੋਂ ਉਸ ਅਮੀਰ ਖ਼ਜਾਨੇ ਦਾ ਨਿਰਾਦਰ ਕਰਦਾ ਹੋਇਆ ਆਪਣੇ ਗੁਨਾਹਾਂ ਤੋਂ ਡਰਦਾ ਆਪੇ ਵਿਚੋਂ ਬਾਹਰ ਹੀ ਨਹੀਂ ਨਿਕਲ ਰਿਹਾ। ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਆਪਣੀ ਵੋਟ ਦੀ ਅਹਿਮੀਅਤ ਨੂੰ ਸਮਝਦਾ ਹੀ ਨਹੀਂ ਸਗੋਂ ਗ਼ੈਰ ਸਮਾਜੀ ਸਿਆਸਤਦਾਨਾ ਹੱਥ ਆਪਣੇ ਭਵਿਖ ਨੂੰ ਫੜਾ ਦਿੰਦਾ ਹੈ। ਅਫ਼ਸਰਸ਼ਾਹੀ ਅਤੇ ਰਾਜਨੀਤਕ ਲੋਕ ਆਪਸ ਵਿਚ ਅੰਦਰਖ਼ਾਤੇ ਮਿਲੇ ਹੋਣ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨਹੀਂ ਹੋ ਰਹੇ। ਚੋਰ ਤੇ ਸਾਧ ਵੀ ਰਲੇ ਹੋਏ ਹਨ। ਸਾਹਿਤਕ ਇਨਾਮ ਵੀ ਅਸਰਰਸੂਖ਼ਾਂ ਦੀ ਝੋਲੀ ਪੈਂਦੇ ਹਨ। ਉਸ ਦੀਆਂ ਗ਼ਜ਼ਲਾਂ ਲੋਕਾਂ ਨੂੰ ਦੁੱਖਾਂ ਦਾ ਮੁਕਾਬਲਾ ਕਰਨ ਲਈ ਪ੍ਰੇਰਦੀਆਂ ਹਨ।
ਗ਼ਜ਼ਲਾਂ ਦੇ ਰੰਗ ਵਿਲੱਖਣ ਹੁੰਦੇ ਹਨ, ਕਦੀਂ ਵੱਡੇ ਸਰਮਾਏਦਾਰਾਂ ਵੱਲੋਂ ਛੋਟੇ ਦੁਕਾਨਦਾਰਾਂ ਦੇ ਹੱਕਾਂ ਨੂੰ ਹੜੱਪਣ ਦੀ ਗੱਲ ਕਰਦੀਆਂ ਹਨ ਅਤੇ ਕਦੀਂ ਸ਼ਹਿਰੀ ਜੀਵਨ ਦੇ ਪੇਂਡੂ ਜੀਵਨ ਨੂੰ ਪ੍ਰਭਾਵਤ ਕਰਨ ਦਾ ਹੋਕਾ ਦਿੰਦੀਆਂ ਹਨ, ਕਦੀਂ ਕਿਸਾਨੀ ਦੀ ਦੁਰਦਸ਼ਾ ਦੀ ਗੱਲ ਕਰਦੀਆਂ ਹਨ, ਕਦੀਂ ਧਾਰਮਿਕ ਲੋਕਾਂ ਵੱਲੋਂ ਧਰਮ ਦੇ ਨਾਂ ਤੇ ਉਨ੍ਹਾਂ ਨੂੰ ਭੜਕਾਉਣ ਦੇ ਗੰਭੀਰ ਨਤੀਜਿਆਂ ਬਾਰੇ ਖ਼ਦਸ਼ਾ ਪ੍ਰਗਟਾਉਂਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਪ੍ਰੋ.ਗੁਰਭਜਨ ਸਿੰਘ ਗਿੱਲ ਸਮਾਜਿਕ ਢਾਂਚੇ ਤੇ ਕਿੰਤੂ ਪ੍ਰੰਤੂ ਕਰਦਿਆਂ ਫਿਟਕਾਰਾਂ ਵੀ ਪਾਉਂਦਾ ਹੈ ਪ੍ਰੰਤੂ ਮਿੱਠ-ਮਿੱਠੇ, ਸਹਿੰਦੇ-ਸਹਿੰਦੇ, ਕੋਸੇ-ਕੋਸੇ, ਨਿਹੋਰੇ ਤੇ ਟਕੋਰਾਂ ਕਰਕੇ ਉਨ੍ਹਾਂ ਨੂੰ ਸ਼ਰਮਿੰਦਾ ਕਰਦਾ ਹੈ। ਨਾਲ ਦੀ ਨਾਲ ਮਰਮ ਦਾ ਫੰਬਾ ਵੀ ਧਰ ਦਿੰਦਾ ਹੈ ਕਿਉਂਕਿ ਸਾਹਿਤਕ ਦਿਲ ਕਿਸੇ ਨੂੰ ਠੋਸ ਪਹੁੰਚਾਉਣੀ ਨਹੀਂ ਚਾਹੁੰਦਾ ਪ੍ਰੰਤੂ ਆਪਣੀ ਗੱਲ ਕਹੇ ਬਿਨਾ ਰਹਿ ਵੀ ਨਹੀਂ ਸਕਦਾ। ਉਸ ਦੀਆਂ ਗ਼ਜ਼ਲਾਂ ਵਿਚ ਮਨੁੱਖ ਦੀ ਆਦਮਖ਼ੋਰ ਫਿਤਰਤ ਨੂੰ ਦਰਸਾਇਆ ਗਿਆ ਹੁੰਦਾ ਹੈ ਜੋ ਸੱਚ ਤੇ ਪਹਿਰਾ ਦੇਣ ਤੋਂ ਝਿਜਕਦਾ ਹੈ। ਅਸਲੀਅਤ ਨੂੰ ਜਾਣਦਾ ਹੋਇਆ ਵੀ ਪਾਸਾ ਵੱਟਕੇ ਗਰਜ ਪੂਰੀ ਕਰਨ ਲਈ ਫਰਜਾਂ ਨੂੰ ਤਿਲਾਂਜਲੀ ਦੇ ਦਿੰਦਾ ਹੈ। ਜਦੋਂ ਸਾਧ ਤੇ ਚੋਰ ਮਿਲੇ ਹੋਏ ਹਨ ਤਾਂ ਲੋਕਾਂ ਨੂੰ ਇਨਸਾਫ਼ ਕਿਥੋਂ ਮਿਲਣਾ ਹੈ। ਉਹ ਲੋਕਾਂ ਨੂੰ ਅਹਿਸਾਸ ਕਰਵਾਉਂਦਾ ਹੈ ਕਿ ਔਹਦੇ ਤੇ ਕੁਰਸੀਆਂ ਸਦਾ ਨਹੀਂ ਰਹਿਣੇ। ਸੱਚ ਦਾ ਮਾਰਗ ਛੱਡਕੇ ਜਾਂਬਾਜ ਨਹੀਂ ਬਣਿਆਂ ਜਾ ਸਕਦਾ। ਅਜਿਹੇ ਅਨੇਕਾਂ ਸਵਾਲ ਪ੍ਰੋ.ਗੁਰਭਜਨ ਸਿੰਘ ਗਿੱਲ ਦੀਆਂ ਗ਼ਜ਼ਲਾਂ ਕਰਦੀਆਂ ਹਨ। ਇਨਸਾਨ ਦੀ ਮਾਨਸਿਕ ਤ੍ਰਿਪਤੀ ਕਦੀਂ ਪੂਰੀ ਨਹੀਂ ਹੁੰਦੀ। ਧੱਕੇ ਅਤੇ ਜ਼ੋਰਜ਼ਬਰਦਸਤੀ ਨਾਲ ਪ੍ਰਾਪਤ ਕੀਤੀ ਜਾਇਦਾਦ ਕਦੀਂ ਵੀ ਸਥਾਈ ਨਹੀਂ ਰਹਿ ਸਕਦੀ ਕਿਉਂਕਿ ਵਿਕਾਊ ਮਾਲ ਦੀ ਅਣਖ਼ ਨਹੀਂ ਹੁੰਦੀ।
ਇਸ ਲਈ ਇਨਸਾਨ ਨੂੰ ਆਪਣੀ ਸੋਚ ਬਦਲਣੀ ਪਵੇਗੀ। ਫੋਕੇ ਦਾਅਵਿਆਂ ਨਾਲ ਕੁਝ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਨਸਾਫ ਦੀ ਲੜਾਈ ਬਿਨਾ ਲੜਿਆਂ ਜਿੱਤੀ ਨਹੀਂ ਜਾ ਸਕਦੀ। ਪਾਪ ਦਾ ਭਾਂਡਾ ਆਖ਼ਰ ਡੋਬਣਾ ਹੀ ਪੈਂਦਾ। ਹਓਮੈ ਨੂੰ ਮਾਰਕੇ ਹੀ ਇਨਸਾਨੀਅਤ ਦਾ ਪੱਲਾ ਫੜਿਆ ਜਾ ਸਕਦੈ। ਹਥਿਆਰਾਂ ਨਾਲੋਂ ਸ਼ਬਦਾਂ ਦੇ ਤੀਰ ਜ਼ਿਆਦਾ ਤਾਕਤਵਰ ਹੁੰਦੇ ਹਨ। ਜਿਹੜੇ ਲੋਕ ਮੰਜ਼ਲ ਵੱਲ ਵੱਧਦੇ ਨਹੀਂ ਉਨ੍ਹਾਂ ਲਈ ਰਸਤਿਆਂ ਦੇ ਕੋਈ ਅਰਥ ਨਹੀਂ ਹੁੰਦੇ। ਸਾਡੇ ਦੇਸ਼ ਦੇ ਲੋਕ ਮਾਨਸਿਕ ਤੌਰ ਤੇ ਅਜ਼ਾਦ ਨਹੀਂ ਹੋਏ। ਕੁਰਸੀ ਲਈ ਜ਼ਮੀਰ ਮਾਰ ਲੈਂਦੇ ਹਨ। ਸੱਚ ਨੂੰ ਹਮੇਸ਼ਾ ਵੰਗਾਰਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ ਪ੍ਰੰਤੂ ਆਖ਼ਰ ਜਿੱਤ ਸੱਚ ਦੀ ਹੀ ਹੁੰਦੀ ਹੈ। ਪੂਜਾ ਸਥਾਨਾ ਬਾਰੇ ਵੀ ਪ੍ਰੋ.ਗੁਰਭਜਨ ਸਿੰਘ ਗਿੱਲ ਦੀਆਂ ਗ਼ਜ਼ਲਾਂ ਸਾਫ ਤੌਰ ‘ਤੇ ਕਹਿੰਦੀਆਂ ਹਨ ਕਿ ਸੰਗਮਰਮਰ ਲਗਾਉਣ ਨਾਲੋਂ ਵਿਚਾਰਧਾਰਾ ਤੇ ਅਮਲ ਕਰਨਾ ਜ਼ਰੂਰੀ ਹੈ। ਇਨਸਾਨ ਪਦਾਰਥਵਾਦੀ ਯੁਗ ਵਿਚ ਭੱਟਕਿਆ ਪਿਆ ਹੈ। ਇਸ ਭੱਟਕਣਾ ਵਿਚੋਂ ਨਿਕਲਣਾ ਜ਼ਰੂਰੀ ਹੈ। ਪੰਜਾਬ ਦੇ ਮਾੜੇ ਦਿਨਾ ਵੱਲ ਇਸ਼ਾਰਾ ਕਰਦੀਆਂ ਉਸ ਦੀਆਂ ਗ਼ਜ਼ਲਾਂ ਧਰਮ ਦੇ ਠੇਕੇਦਾਰਾਂ ਵੱਲੋਂ ਨੌਜਵਾਨਾ ਨੂੰ ਲਾਰੇ ਲਾ ਕੇ ਭੜਕਾਉਣ ਸਮੇਂ ਪੁਲਿਸ, ਸਿਆਸਤਦਾਨਾ ਅਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਨਿਸ਼ਨੀਆਂ ਚਿੰਨ੍ਹ ਲਗਾਉਂਦੀਆਂ ਹਨ।

ਉਹ ਆਪਣੀਆਂ ਗ਼ਜ਼ਲਾਂ ਵਿਚ ਲਿਖਦਾ ਹੈ ਕਿ ਜ਼ਿੰਦਗੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਮਿਹਨਤ, ਦਲੇਰੀ, ਸਿਰੜ੍ਹ ਅਤੇ ਆਪਣੇ ਆਪੇ ਦੀ ਪੁਣ-ਛਾਣ ਕਰਨ ਦੀ ਲੋੜ ਹੁੰਦੀ ਹੈ। ਕਈ ਵਾਰ ਕੁਝ ਪ੍ਰਾਪਤ ਕਰਨ ਲਈ ਗੁਆਉਣਾ ਵੀ ਪੈਂਦਾ ਹੈ। ਇਨਸਾਨ ਨੂੰ ਆਪਣੀ ਔਕਾਤ ਨਹੀਂ ਭੁਲਣੀ ਚਾਹੀਦੀ। ਕਈ ਲੋਕ ਮੁਖੌਟੇ ਪਹਿਨੀ ਬੈਠੇ ਹਨ। ਅੰਦਰੂਨੀ ਅਤੇ ਬੈਰੂਨੀ ਲੜਾਈ ਦੇ ਖ਼ਤਰਨਾਕ ਨਤੀਜਿਆਂ ਬਾਰੇ ਵੀ ਲਿਖਦਾ ਹੈ। ਪੰਜਾਬ ਵਿਚ ਖ਼ਾਨਾਜੰਗੀ ਦੀ ਡੋਰ ਕਿਸਦੇ ਹੱਥ ਸੀ, ਉਸ ਬਾਰੇ ਵੀ ਸਵਾਲ ਕਰਦਾ ਹੈ। ਰਾਜਨੀਤਕ ਲੋਕ ਅਤੇ ਅਫ਼ਸਰਸ਼ਾਹੀ ਪਰਿਵਾਰਵਾਦ ਵਿਚ ਫਸੀ ਹੋਈ ਵਿਖਾਈ ਗਈ ਹੈ। ਸਿਆਸਤਦਾਨ ਹਰ ਅਹੁਦਾ ਆਪਣੇ ਕਬਜ਼ੇ ਤੋਂ ਬਾਹਰ ਨਹੀਂ ਜਾਣ ਦਿੰਦੇ। ਉਹ ਲਿਖਦਾ ਹੈ ਕਿ ਸਿਆਸਤਦਾਨਾ ਦੇ ਸਤਾਏ ਲੋਕ ਇੱਕ ਦਿਨ ਤਾਕਤ ਖੋਹ ਲੈਣਗੇ ਕਿਉਂਕਿ ਚੁੱਪ ਦਾ ਪਿਆਲਾ ਜਦੋਂ ਭਰ ਜਾਵੇਗਾ ਤਾਂ ਉਛਾਲ ਜ਼ਰੂਰ ਆਏਗਾ ਜੋ ਤੂਫ਼ਨ ਬਣਕੇ ਹੂੰਝਾ ਫੇਰੇਗਾ। ਇਸ ਲਈ ਇਨਸਾਨ ਨੂੰ ਐਨਾ ਮਾਣ ਨਹੀਂ ਕਰਨਾ ਚਾਹੀਦਾ। ਆਦਮੀ ਆਪਣੀ ਗ਼ਰਜ ਪੂਰੀ ਕਰਨ ਲਈ ਫ਼ਰਜਾਂ ਨੂੰ ਭੁੱਲ ਜਾਂਦਾ ਹੈਂ ਤਾਂ ਫਿਰ ਉਹ ਜੀਂਦੇ ਜੀਅ ਮਰ ਜਾਂਦਾ ਹੈ। ਆਦਰਸ਼ਾਂ ਤੇ ਚਲਣ ਨਾਲ ਸਫਲਤਾ ਮਿਲਦੀ ਹੈ। ਵਾਤਾਵਰਨ ਪ੍ਰਤੀ ਬਹੁਤ ਹੀ ਸੁਚੇਤ ਗ਼ਜ਼ਲਕਾਰ ਬੇਰਹਿਮੀ ਨਾਲ ਦਰੱਖਤਾਂ ਦੀ ਕਟਾਈ ਬਾਰੇ ਚਿੰਤਾਤੁਰ ਹੈ ਕਿਉਂਕਿ ਦਰੱਖਤਾਂ ਦੇ ਕੱਟਣ ਨਾਲ ਵਾਤਾਰਨ ਗੰਧਲਾ ਹੋ ਜਾਂਦਾ ਹੈ ਜਿਸ ਨਾਲ ਸਾਹ ਲੈਣਾ ਵੀ ਔਖਾ ਹੁੰਦਾ ਹੈ ਅਤੇ ਅਨੇਕਾਂ ਬਿਮਾਰੀਆਂ ਲੋਕਾਈ ਨੂੰ ਘੇਰ ਲੈਂਦੀਆਂ ਹਨ।

ਪ੍ਰੋ.ਗੁਰਭਜਨ ਸਿੰਘ ਗਿੱਲ ਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਕੋਟ ਬਸੰਤ ਪਿੰਡ ਵਿਚ 2 ਮਈ 1953 ਨੂੰ ਮਾਤਾ ਤੇਜ ਕੌਰ ਅਤੇ ਪਿਤਾ ਹਰਨਾਮ ਸਿੰਘ ਦੇ ਘਰ ਹੋਇਆ। ਉਨ੍ਹਾਂ ਆਪਣੀ ਪ੍ਰਾਇਮਰੀ ਦੀ ਸਿਖਿਆ ਆਪਣੇ ਪਿੰਡ ਅਤੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਧਿਆਨਪੁਰ ਤੋਂ ਪ੍ਰਾਪਤ ਕੀਤੀ। 11ਵੀਂ ਅਤੇ 12ਵੀ ਕਾਲਾ ਅਫ਼ਗਾਨਾ ਕਾਲਜ ਤੋਂ ਕਰਨ ਉਪਰੰਤ ਬੀ.ਏ.ਜੀ.ਜੀ.ਐਨ.ਕਾਲਜ ਲੁਧਿਆਣਾ ਅਤੇ ਐਮ.ਏ.ਪੰਜਾਬੀ ਸਰਕਾਰੀ ਕਾਲਜ ਲੁਧਿਆਣਾ ਤੋਂ ਪਾਸ ਕਰਕੇ 1976 ਵਿਚ ਨੈਸ਼ਨਲ ਕਾਲਜ ਦੋਰਾਹਾ ਵਿਖੇ ਪੰਜਾਬੀ ਦੇ ਲੈਕਚਰਾਰ ਲੱਗ ਗਏ। ਉਨ੍ਹਾਂ ਦਾ ਸਾਰਾ ਪਰਿਵਾਰ ਹੀ ਪੜ੍ਹਿਆ ਲਿਖਿਆ ਹੈ। ਭੈਣ ਮਨਜੀਤ ਕੌਰ ਅਤੇ ਭਰਾ ਜਸਵੰਤ ਸਿੰਘ ਦੋਵੇਂ ਪ੍ਰਿੰਸੀਪਲ ਅਤੇ ਭਰਾ ਸੁਖਵੰਤ ਸਿੰਘ ਪ੍ਰੋਫੈਸਰ ਸੇਵਾ ਮੁਕਤ ਹੋਏ ਹਨ। ਲੁਧਿਆਣਾ ਕਿਉਂਕਿ ਸਾਹਿਤਕ ਅਤੇ ਸਭਿਆਚਾਰਕ ਕੇਂਦਰ ਸੀ ਇਥੇ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਕਾਲਜ ਵਿਚ ਪੜ੍ਹਦਿਆਂ ਹੀ ਆਪਨੂੰ ਪੰਜਾਬ ਯੂਨੀਵਰਸਿਟੀ ਨੇ ਸ਼ਿਵ ਕੁਮਾਰ ਬਟਾਲਵੀ ਗੋਲ ਮੈਡਲ ਦੇ ਕੇ ਸਨਮਾਨਤ ਕੀਤਾ। ਇਸ ਤੋਂ ਬਾਅਦ ਐਸੀ ਸਾਹਿਤਕ ਜਾਗ ਲੱਗੀ ਮੁੜਕੇ ਪਿੱਛੇ ਨਹੀਂ ਵੇਖਿਆ। 1977 ਵਿਚ ਲਾਜਪਤ ਰਾਏ ਕਾਲਜ ਜਗਰਾਓਂ ਵਿਚ ਨੌਕਰੀ ਕਰ ਲਈ 1983 ਤੱਕ ਉਥੇ ਹੀ ਪੜ੍ਹਾਉਂਦੇ ਰਹੇ। 1983 ਵਿਚ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੀਨੀਅਰ ਸੰਪਾਦਕ ਪੰਜਾਬੀ ਦਾ ਅਹੁਦਾ ਸੰਭਾਲ ਲਿਆ ਜਿਥੋਂ 2013 ਵਿਚ ਸੇਵਾ ਮੁਕਤ ਹੋਏ। ਪ੍ਰੋ.ਗੁਰਭਜਨ ਸਿੰਘ ਗਿੱਲ ਦੀ ਪਹਿਲੀ ਪੁਸਤਕ ਸ਼ੀਸ਼ਾ ਝੂਠ ਬੋਲਦਾ ਹੈ 1978 ਵਿਚ ਪ੍ਰਕਾਸ਼ਤ ਹੋਈ। ਉਨ੍ਹਾਂ ਨੂੰ 1979 ਵਿਚ ਭਾਈ ਵੀਰ ਸਿੰਘ ਅਵਾਰਡ ਨਾਲ ਸਨਮਾਨਿਆਂ ਗਿਆ। ਆਪਨੂੰ ਬਹੁਤ ਸਾਰੇ ਮਾਨ ਸਨਮਾਨ ਸਾਹਿਤਕ ਸੰਸਥਾਵਾਂ ਵੱਲੋਂ ਦਿੱਤੇ ਗਏ ਜਿਨ੍ਹਾਂ ਵਿਚ 2013 ਵਿਚ ਭਾਸ਼ਾ ਵਿਭਾਗ ਵੱਲੋਂ ਸ਼ਰੋਮਣੀ ਪੰਜਾਬੀ ਕਵੀ, ਬਲਵਿੰਦਰ ਰਿਸ਼ੀ ਮੈਮੋਰੀਅਲ ਗ਼ਜ਼ਲ ਅਵਾਰਡ, ਸੁਰਜੀਤ ਰਾਮਪੁਰੀ ਅਵਾਰਡ, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਮੈਮੋਰੀਅਲ ਗੋਲਡ ਮੈਡਲ, ਸਫਦਰ ਹਾਸ਼ਮੀ ਲਿਟਰੇਰੀ ਅਵਾਰਡ, ਐਸ.ਐਸ.ਮੀਸ਼ਾ, ਅਵਾਰਡ, ਪ੍ਰੋ.ਪੂਰਨ ਸਿੰਘ ਅਵਾਰਡ, ਸੁੰਦਰ ਸਿੰਘ ਅਵਾਰਡ, ਬਾਵਾ ਬਲਵੰਤ ਅਵਾਰਡ, ਭਗਤ ਨਾਮਦੇਵ ਅਵਾਰਡ ਮਹਾਰਾਸ਼ਟਰ ਸਰਕਾਰ, ਸ਼ਿਵ ਕੁਮਾਰ ਬਟਾਲਵੀ ਅਵਾਰਡ, ਪ੍ਰੋ.ਮੋਹਨ ਸਿੰਘ ਅਵਾਰਡ ਸ਼ਾਮਲ ਹਨ। ਪ੍ਰੋ.ਗੁਰਭਜਨ ਸਿੰਘ ਗਿੱਲ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਦੇ ਚੇਅਰਮੈਨ ਅਤੇ ਮੈਂਬਰ ਹਨ। ਪ੍ਰੋ.ਮੋਹਨ ਸਿੰਘ ਮੇਲੇ ਨੂੰ ਜਗਦੇਵ ਸਿੰਘ ਜਸੋਵਾਲ ਨਾਲ ਮਿਲਕੇ ਅੰਤਰਰਾਸ਼ਟਰੀ ਮਾਣਤਾ ਦਿਵਾਈ।

ਗੁਰਭਜਨ ਗਿੱਲ ਚੇਤੰਨ ਗ਼ਜ਼ਲਕਾਰ ਹੈ ਜਿਹੜਾ ਸਮਾਜ ਪ੍ਰਤੀ ਬਹੁਤ ਹੀ ਸੰਜੀਦਾ ਹੈ ਕਿਉਂਕਿ ਸਮਾਜ ਵਿਚ ਵਾਪਰਨ ਵਾਲੀ ਹਰ ਘਟਨਾ ਉਸਦੇ ਸਾਹਿਤਕ ਮਨ ਨੂੰ ਜਖ਼ਮੀ ਕਰ ਜਾਂਦੀ ਹੈ ਤੇ ਫਿਰ ਉਹ ਆਪਣੀ ਕਲਮ ਦੇ ਸ਼ਬਦ ਰੂਪੀ ਬਾਣ ਚਲਾਉਣ ਲੱਗਿਆਂ ਕਿਸੇ ਨੂੰ ਵੀ ਮੁਆਫ ਨਹੀਂ ਕਰਦਾ। ਨਸ਼ੇ, ਬਲਾਤਕਾਰ, ਆਪਣੇ ਘਰਾਂ ਵਿਚ ਹੀ ਲੜਕੀਆਂ ਦੀ ਬੇਹੁਰਮਤੀ, ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਖ਼ੁਦਕਸ਼ੀਆਂ ਅਤੇ ਹੋਰ ਅਨੇਕਾਂ ਸਿਲਸਿਲਿਆਂ ਬਾਰੇ ਬੇਖ਼ੌਫ਼ ਹੋ ਕੇ ਟਿਪਣੀਆਂ ਕਰਦਾ ਹੈ।