18 ਅਕਤੂਬਰ ਤੋਂ ਉਨਟਾਰੀਓ ‘ਚ ਸਿੱਖ ਨੂੰ ਮਿਲੇਗੀ ਹੈਲਮੈਟ ਤੋਂ ਛੋਟ

18 ਅਕਤੂਬਰ ਤੋਂ ਉਨਟਾਰੀਓ ‘ਚ ਸਿੱਖ ਨੂੰ ਮਿਲੇਗੀ ਹੈਲਮੈਟ ਤੋਂ ਛੋਟ 

ਉਨਟਾਰੀਓ ਸੂਬੇ ‘ਚ ਦਸਤਾਰਧਾਰੀ ਸਿੱਖ ਦੋ-ਪਹੀਆ ਚਾਲਕਾਂ ਤੇ ਸਵਾਰੀਆਂ ਨੂੰ ਹੁਣ ਆਉਂਦੀ 18 ਅਕਤੂਬਰ ਤੋਂ ਹੈਲਮੈਟ ਤੋਂ ਛੋਟ ਮਿਲ ਜਾਵੇਗੀ। ਪ੍ਰੋਗਰੈਸਿਵ ਕਨਜ਼ਰਵੇਟਿਵ ਸਰਕਾਰ ਨੇ ਬਾਕਾਇਦਾ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਅਗਲੇ ਵੀਰਵਾਰ (18 ਅਕਤੂਬਰ) ਨੂੰ ਇਸ ਸਬੰਧੀ ਕਾਨੂੰਨ ਲਾਗੂ ਹੋ ਜਾਵੇਗਾ। ਇੱਥੇ ਵਰਨਣਯੋਗ ਹੈ ਕਿ ਸੂਬੇ ਦੇ ਸਿੱਖ ਕੈਨੇਡੀਅਨ ਸਿੱਖ ਐਸੋਸੀਏਸ਼ਨ ਤੇ ਕੁਝ ਹੋਰਨਾਂ ਜੱਥੇਬੰਦੀਆਂ ਤੇ ਵਿਅਕਤੀਆਂ ਦੀ ਅਗਵਾਈ ਹੇਠ ਪਿਛਲੇ ਲੰਮੇ ਸਮੇਂ ਤੋਂ ਹੈਲਮੇਟ ਤੋਂ ਛੋਟ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਸਨ।
ਫ਼ੋਰਡ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਜੇ ਸੂਬੇ ‘ਚ ਉਨ੍ਹਾਂ ਦੀ ਸਰਕਾਰ ਕਾਇਮ ਹੋਣ ‘ਤੇ ਉਹ ਦਸਤਾਰਧਾਰੀ ਸਿੱਖ ਦੋ-ਪਹੀਆ ਚਾਲਕਾਂ ਤੇ ਸਵਾਰੀਆਂ ਨੂੰ ਹੈਲਮੈਟ ਤੋਂ ਛੋਟ ਦੇ ਦੇਣਗੇ।
ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਤੇ ਅਲਬਰਟਾ ‘ਚ ਪਹਿਲਾਂ ਹੀ ਦਸਤਾਰਧਾਰੀ ਸਿੰਘਾਂ ਤੇ ਸਿੰਘਣੀਆਂ ਨੂੰ ਅਜਿਹੀ ਛੋਟ ਮਿਲੀ ਹੋਈ ਹੈ। ਇੰਗਲੈਂਡ ਵਿੱਚ ਵੀ ਸਿੱਖਾਂ ਨੂੰ ਇਹ ਕਾਨੂੰਨੀ ਛੋਟ 1976 ਤੋਂ ਹਾਸਲ ਹੈ।
ਇੱਕ ਰਿਪੋਰਟ ਅਨੁਸਾਰ ਉਨਟਾਰੀਓ ਦੇ ਸਿੱਖ ਮੋਟਰਸਾਇਕਲ ਕਲੱਬ ਨੇ ਸਰਕਾਰ ਦੇ ਇਸ ਐਲਾਨ ਦਾ ਸੁਆਗਤ ਕੀਤਾ ਹੈ।
ਉੱਧਰ ਕੈਨੇਡਾ ਸੇਫ਼ਟੀ ਕੌਂਸਲ ਦੇ ਜਨਰਲ ਮੈਨੇਜਰ ਰੇਅਨਾਲਡ ਮਾਰਚੈਂਡ ਨੇ ਕਿਹਾ ਹੈ ਕਿ ‘ਹੈਲਮੈਟ ਤੋਂ ਛੋਟ ਦੇਣ ਦਾ ਫ਼ੈਸਲਾ ਨਿਰਾਸ਼ਾਜਨਕ ਹੈ ਪਰ ਹੈਰਾਨੀਜਨਕ ਵੀ ਨਹੀਂ ਕਿਉਂਕਿ ਪ੍ਰੀਮੀਅਰ ਪਿਛਲੇ ਕਈ ਮਹੀਨਿਆਂ ਤੋਂ ਅਜਿਹੇ ਸੰਕੇਤ ਦਿੰਦੇ ਆ ਰਹੇ ਸਨ। ਹੁਣ ਮੁੱਖ ਗੁੰਝਲ ਇਹ ਹੋਣੀ ਹੈ ਕਿ ਲੋਕ ਜ਼ਖ਼ਮੀ ਹੋਣਗੇ। ਅਜਿਹਾ ਕੋਈ ਸੁਆਲ ਹੁਣ ਨਹੀਂ ਉਠਾਇਆ ਜਾ ਰਿਹਾ ਕਿ ਜੇ ਕੋਈ ਡਿੱਗਦਾ ਹੈ, ਤਾਂ ਦਸਤਾਰ ਉਸ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਨਹੀਂ ਕਰਵਾਏਗੀ, ਜਿਸ ਤਰ੍ਹਾਂ ਹੈਲਮੈਟ ਦੇ ਸਕਦੀ ਹੈ। ਹੈਲਮੈਟ ਤੋਂ ਛੋਟ ਸਿਰਫ਼ ਉਨ੍ਹਾਂ ਹੀ ਦਸਤਾਰਧਾਰੀ ਸਿੱਖਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਕੋਲ ਮੁਕੰਮਲ (ਫੁਲ) ਲਾਇਸੈਂਸ ਹੋਣ, ਟਰੇਨਿੰਗ ਦੌਰਾਨ ਅਜਿਹੀ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ। ਸਿੱਖਣ ਦੇ ਪੜਾਅ ‘ਤੇ ਸੱਟ-ਫੇਟ ਲੱਗਣ ਦਾ ਖ਼ਤਰਾ ਵਧੇਰੇ ਰਹਿੰਦਾ ਹੈ।’