ਲੋਕਤੰਤਰ ਅਤੇ ਚੋਣਾਂ

ਲੋਕਤੰਤਰ ਅਤੇ ਚੋਣਾਂ 

(ਅਮਰਪਾਲ ਸਿੰਘ): ਕੈਨੇਡਾ ਵਿੱਚ ਪੰਜਾਬੀਆਂ ਨੂੰ ਆਇਆਂ 110 ਸਾਲ ਤੋਂ ਵੀ ਜ਼ਿਆਦਾ ਹੋ ਚੁੱਕੇ ਹਨ ,ਪਰ ਕੈਨੇਡਾ ਵਿੱਚ ਵੋਟ ਪਾਉਣ ਦਾ ਅਧਿਕਾਰ ਬਜ਼ੁਰਗਾਂ ਵਲੋਂ ਬੜੀਆਂ ਮੁਸ਼ਕਲਾਂ ਨਾਲ ਸੰਘਰਸ਼ ਕਰਕੇ 1947 ਵਿੱਚ ਲਿਆ। ਵੋਟ ਪਾਉਣ ਦਾ ਅਧਿਕਾਰ ਹਰ ਇਨਸਾਨ ਲਈ ਇੱਕ ਤੋਹਫਾ ਅਤੇ ਉਸਦਾ ਨਿੱਜੀ ਹੱਕ ਹੁੰਦਾ ਹੈ ਜਿਸ ਨਾਲ ਉਹ ਲੋਕਤੰਤਰ ਵਿੱਚ ਰਹਿ ਕਿ ਆਪਣਾ ਮਨਮਰਜ਼ੀ ਦਾ ਨੁਮਾਇੰਦਾ ਚੁਣ ਸਕਦਾ ਹੈ ਜਾਂ ਖੁਦ ਆਪ ਚੋਣ ਲੜ ਕੇ ਆਮ ਲੋਕਾਂ ਦਾ ਵਰਤਮਾਨ ਅਤੇ ਭਵਿੱਖ ਸੁਧਾਰ ਸਕਦਾ ਹੈ । ਕਿਸੇ ਨੂੰ ਖੁਸ਼ ਕਰਨ ਲਈ ਵੋਟ ਦੇ ਅਧਿਕਾਰ ਨੂੰ ਕਦੇ ਵੀ ਸਸਤਾ ਨਾ ਸਮਝੋ ਜਾਂ ਕਿਸੇ ਆਪਣੇ ਨੂੰ ਜਾਂ ਕਿਸੇ ਦੇ ਕਹੇ ਅਨੁਸਾਰ ਕਿਸੇ ਨੂੰ ਚੌਧਰ ਦਿਵਾਉਣ ਲਈ ਵੋਟ ਪਾਉਂਦੇ ਹੋ ਤਾਂ ਤੁਸੀਂ ਆਪਣੇ ਫਰਜ਼ਾਂ ਤੋਂ ਮੁਨਕਰ ਸਮਝੇ ਜਾਂਦੇ ਹੋਂ ਅਤੇ ਤੁਸੀਂ ਕਿਸੇ ਚੰਗੇ ਉਮੀਦਵਾਰ ਦੀ ਚੋਣ ਨਹੀਂ ਕਰ ਰਹੇ ਹੁੰਦੇ ਸਗੋਂ ਵਰਤਮਾਨ ਅਤੇ ਭਵਿੱਖ ਨੂੰ ਵੀ ਖਰਾਬ ਕਰ ਰਹੇ ਹੁੰਦੇ ਹੋਂ । ਜਦੋਂ ਤੁਸੀਂ ਹਰ ਉਮੀਦਵਾਰ ਦਾ ਪਿਛੋਕੜ, ਵਰਤਮਾਨ, ਉਸ ਦੇਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਬਹੁਤ ਹੀ ਧਿਆਨ ਨਾਲ ਸੋਚਕੇ ਅਤੇ ਉਸ ਦੀਆਂ ਭੱਵਿਖ ਦੀਆਂ ਯੋਜਨਾਵਾਂ ਬਾਰੇ ਜਾਣ ਕੇ ਵੋਟ ਪਾਉਂਦੇ ਹੋ ਤਾਂ ਹੀ ਅਸਲ ਵਿੱਚ ਤੁਸੀਂ ਆਪਣੇ ਵੋਟ ਦਾ ਫਰਜ਼ ਨਿਭਾ ਰਹੇ ਹੁੰਦੇ ਹੋਂ ।
ਪਹਿਲਾਂ ਅਸੀਂ ਬਹੁਤ ਉਮੀਦਵਾਰ ਫੈਡਰਲ, ਪ੍ਰੋਵਿਂਸ਼ਲ (ਸੂਬਾਈ) ਚੋਣਾਂ ਵਿੱਚ ਉਮੀਦਵਾਰ ਚੁਣ ਕੇ ਭੇਜੇ ਹਨ ਪਰ ਸਾਡੇ ਭਾਈਚਾਰੇ ਵਿੱਚ ਗੈਂਗ ਹਿੰਸਾ ਦੀਆਂ ਲੜਾਈਆਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ ਅਤੇ ਸ਼ਹਿਰਾਂ ਵਿੱਚ ਜਿਸ ਹਿਸਾਬ ਨਾਲ ਆਬਾਦੀ ਵਿੱਚ ਵਾਧਾ ਹੋਇਆ ਹੈ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਉਸ ਅਨੁਪਾਤ ਨਾਲ ਸਹੂਲਤਾਂ ਜਾਂ ਪੁਲੀਸ ਫੋਰਸ ਵਿੱਚ ਵਾਧਾ ਨਹੀ ਹੋਇਆ । ਆਮ ਲੋਕਾਂ ਦੇ ਜੀਵਨ ਵਿੱਚ ਮੁਸ਼ਕਲਾਂ ਦਾ ਦਿਨੋ ਦਿਨ ਵਾਧਾ ਹੀ ਹੋਈ ਜਾ ਰਿਹਾ ਹੈ ਬਜਾਏ ਘਟਣ ਦੇ ! ਸਿਆਸਤ ਕਰਨੀ ਸੋਖੀ ਨਹੀ ਜਿਨ੍ਹਾਂ ਕੁਝ ਲੋਕਾਂ ਨੇ ਸਮਝ ਲਿਆ ਜੁੰਮੇਵਾਰ ਸਿਆਸਤਦਾਨ ਨੂੰ ਆਪਣੇ ਹਲਕਾ ਨਿਵਾਸੀਆਂ ਦੀ ਹਰ ਮੁਸ਼ਕਲ ਵਿੱਚ ਖੜਾ ਹੋਣਾ ਚਾਹੀਦਾ ਹੈ ਹਲਕੇ ਵਿੱਚ ਆਉਣ ਵਾਲੀ ਕੋਈ ਵੀ ਮੁਸ਼ਕਲ ਤੇ , ਬਿਨਾਂ ਕਿਸੇ ਭੇਦ ਭਾਵ ਦੇ ਪਹਿਲ ਦੇ ਅਧਾਰ ਤੇ ਹੱਲ ਕਰਨਾ ਚਾਹੀਦਾ ਹੈ ਜੇ ਹਰ ਸਿਆਸਤਦਾਨ ਆਪਣੀ ਜ਼ੁੰਮੇਵਾਰੀ ਨੂੰ ਸਮਝੇ ਤੇ ਫੇਰ ਨਾ ਗੈਂਗਵਾਰ ਦੀ ਸਮਸਿਆ ਰਹੇ ,ਨਾ ਸਕੂਲਾਂ ਵਿੱਚ ਪੋਰਟੇਬਲ ਦੀ , ਨਾਂ ਆਵਾਜਾਈ ਦੀ ਅਤੇ ਨਾ ਸਿਹਤ ਸਹੂਲਤਾਂ ਦੀ ।
ਇਹ ਜੋ ਵੀ ਹੋ ਰਿਹਾ ਆਮ ਲੋਕਾਂ ਨੂੰ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਸਿਰਫ ਤੇ ਸਿਰਫ ਸਿਆਸਤਦਾਨਾਂ ਵਲੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਠੀਕ ਢੰਗ ਨਾਲ ਨਾ ਨਿਭਾਉਣ ਕਰਕੇ ਹੀ ਹੈ । ਅੱਜਕਲ ਪੰਜਾਬੀਆਂ ਵਿੱਚ ਸਿਆਂਸਤ ਵਿੱਚ ਆਉਣ ਦੀ ਹੋੜ ਲੱਗੀ ਹੋਈ ਹੈ ,ਬਹੁਤੇ ਲੋਕ ਸਿਆਸਤ ਵਿਚ ਇਸ ਕਰਕੇ ਆਕਰਸ਼ਕ ਹੋ ਰਹੇ ਹਨ ਤਾਂ ਕਿ ਉਹਨਾਂ ਨੂੰ ਚੰਗੀਆਂ ਤਨਖਾਹਾਂ ,ਭੱਤੇ ਅਤੇ ਲੋਕਾਂ ਵਿੱਚ ਉਨਾਂ ਦੀ ਬੱਲੇ- ਬਲੇ ਹੋ ਸਕੇ ।
ਸਾਨੂੰ ਵੋਟ ਦਾ ਇਸਤੇਮਾਲ ਆਲੇ ਦੁਆਲੇ ਦੇ ਵਾਤਾਵਰਣ ਨੂੰ ਚੰਗਾ ਬਨਾਉਣ ਲਈ, ਜੀਵਨ ਦੀਆਂ ਵਧੀਆ ਸਹੂਲਤਾਂ ਲਈ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੇ ਵੋਟ ਦੇ ਫਰਜ਼ ਦਾ ਇਸਤੇਮਾਲ ਕਰਕੇ ਚੰਗੇ ਉਮੀਦਵਾਰ ਨੂੰ ਚੁਣਨਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਲੱਗੇ ਕਿ ਜਿਸ ਇਨਸਾਨ ਨੂੰ ਮੈਂ ਚੁਣ ਰਿਹਾ ਹਾਂ ਉਹ ਇਲਾਕੇ ਦੀਆਂ ਸਮਸਿਆਵਾਂ ਵਲ ਚੰਗੀਂ ਤਰਾਂ ਧਿਆਨ ਦੇਵੇਗਾ ਨਾ ਕਿ ਚਾਰ ਸਾਲ ਬਾਅਦ ਸਿਰਫ ਵੋਟਾਂ ਹੀ ਮੰਗਣ ਆਵੇਗਾ ਅਤੇ ਵੱਡੇ ਵੱਡੇ ਅਮੀਰਾਂ ਜਾਂ ਕਾਰਪੋਰੇਟ ਘਰਾਣਿਆਂ ਦੀ ਹੀ ਗੱਲ ਸੁਣੇਗਾ ਅਤੇ ਆਪਣੇ ਨਿੱਜੀ ਫਾਇਦਿਆਂ ਬਾਰੇ ਸੋਚੇਗਾ । ਬਿਨਾਂ ਸ਼ੱਕ ਇਸ ਵਾਰ ਚੋਣਾਂ ਦੇ ਪ੍ਰਚਾਰ ਸਮੇਂ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕਿਆਂ ਵਿੱਚ ਸਿਆਸੀ ਤੋਹਮਤਬਾਜੀ ਬਹੁਤ ਜ਼ਿਆਦਾ ਭਾਰੂ ਰਹੀਆਂ ਹਨ ਅਤੇ ਜਾਣ ਪਹਿਚਾਣ ਵਾਲਿਆਂ ਨੂੰ ਆਪੋ ਆਪਣੇ ਚਹੇਤੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਜਾ ਰਿਹਾ ਪਰ ਵੋਟਰਾਂ ਨੂੰ ਜਾਗ ਕਿ ਹੋਸ਼ ਨਾਲ ਵੋਟ ਪਾਉਣੀ ਚਾਹੀਦੀ ਹੈ ਕਿ ਕਿਹੜਾ ਉਮੀਦਵਾਰ ਸਾਡੇ ਅਤੇ ਸਾਡੇ ਬੱਚਿਆਂ ਲਈ , ਸ਼ਹਿਰ ਨੂੰ ਸੁੱਰਖਿਅਤ ਬਨਾਉਣ ਲਈ ਚੰਗੇ ਤਰੀਕੇ ਨਾਲ ਕੰਮ ਕਰੇਗਾ ਉਸ ਨੂੰ ਹੀ ਵੋਟ ਪਾਵੋ । ਇੱਕ ਇੱਕ ਵੋਟ ਦੇ ਫਰਕ ਨਾਲ ਸਰਕਾਰਾਂ ਬਦਲ ਜਾਂਦੀਆਂ ਹਨ, ਉਮੀਦਵਾਰਾਂ ਦੀ ਜਿੱਤ ਹਾਰ ਹੋ ਜਾਂਦੀ ਹੈ। ਇਸ ਲਈ ਆਪਣੀ ਵੋਟ ਦੀ ਕੀਮਤ ਨੂੰ ਸਮਝੋ, ਇਸ ਦੀ ਵਰਤੋਂ ਧਿਆਨ ਨਾਲ ਕਰੋ।ਕਿਸੇ ਦੋਸਤ ਮਿੱਤਰ ਦੇ ਦਬਾਓ ਜਾਂ ਸੁਝਾਓ ਦੇ ਬਗੈਰ ਆਪਣੇ ਆਪ ਤੇ ਵਿਸ਼ਵਾਸ਼ ਕਰਕੇ ਵੋਟ ਪਾਵੋ। ਚੰਗੇ ਉਮੀਦਵਾਰਾਂ ਨੂੰ ਬਗੈਰ ਕਿਸੇ ਨਸਲ ਭੇਦਭਾਵ ਨਾਲ ਆਪਣੀ ਇੱਛਾ ਮੁਤਬਿਕ ਚੁਣੋ ਅਤੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਵੋ ।