ਉੱਗ ਆਏ ਖੇਤਾਂ ਵਿੱਚ ਲੋਹੇ ਦੇ ਟਾਵਰ

ਉੱਗ ਆਏ ਖੇਤਾਂ ਵਿੱਚ ਲੋਹੇ ਦੇ ਟਾਵਰ

ਉੱਗ ਆਏ ਖੇਤਾਂ ਵਿੱਚ ਲੋਹੇ ਦੇ ਟਾਵਰ,
ਮੇਰੇ ਖੇਤ ਦੀਆਂ ਚਿੜੀਆਂ ਬਹੁਤ ਰੋਈਆਂ।
ਹੋਈ ਤੇਜ਼ਾਬਾਂ ਦੀ ਗਲੀਆਂ ‘ਚ ਬਾਰਿਸ਼,
ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ।
ਜਦ ਰੁੱਖਾਂ ਨੂੰ ਵੱਢ ਕੇ ਚੁਗਾਠਾਂ ਬਣਾਈਆਂ,
ਮੇਰੀ ਜੂਹ ਦੀਆਂ ਛਾਵਾਂ ਬਹੁਤ ਰੋਈਆਂ।
ਜਦ ਚਿੱਟੇ ਨੇ ਚਿੱਟੇ ਵਿਛਾ ਦਿੱਤੇ ਸੱਥਰ,
ਮੇਰੇ ਦੇਸ਼ ਦੀਆਂ ਮਾਵਾਂ ਬਹੁਤ ਰੋਈਆਂ।
ਜਿਊਂਦਾ ਰਹਿ ਪੁੱਤਾ ਜਵਾਨੀਆਂ ਮਾਣੇ,
ਲੱਗੀਆਂ ਨਾ ਜੋ ਦੁਵਾਵਾਂ ਬਹੁਤ ਰੋਈਆਂ।
-ਕੁਲਬੀਰ ਮਲਿਕ