ਗ਼ਜ਼ਲ

ਗ਼ਜ਼ਲ

ਜਿਸਦਾ ਕੋਈ ਅੰਜਾਮ ਨਹੀ ਹੋਣਾ
ਮੈਨੂੰ ਉਹ ਆਗਾਜ਼ ਪਸੰਦ ਨਹੀਂ ।
ਤੂਫ਼ਾਨਾਂ ਦੇ ਰੁਖ਼ ਨਾਂ ਮੋੜੇ
ਮੈਨੂੰ ਉਹ ਪ੍ਰਵਾਜ਼ ਪਸੰਦ ਨਹੀਂ ।

ਬੇ-ਗ਼ੈਰਤ ਬੇਈਮਾਨ ਜੋ ਹੋਵੇ
ਮੈਨੂੰ ਉਹ ਜਾਂ-ਬਾਜ਼ ਪਸੰਦ ਨਹੀਂ ।
ਜੋ ਨਾਂ ਕੌਮ ਦੇ ਹੱਕ ਵਿਚ ਬੋਲੇ
ਮੈਨੂੰ ਉਹ ਆਵਾਜ਼ ਪਸੰਦ ਨਹੀਂ ।

ਜੋ ਔਰਤ ਦੀ ਕਰੇ ਨਾਂ ਇਜ਼ਤ
ਐਸਾ ਧਰਮ,ਸਮਾਜ ਪਸੰਦ ਨਹੀਂ।
ਤਨ ਤੋੰ ਕਪੜੇ ਘੱਟਦੇ ਜਾਵਣ
ਐਸੀ ਸ਼ਰਮ ਤੇ ਲਾਜ ਪਸੰਦ ਨਹੀਂ ।

ਹਰ ਵੇਲੇ ਪਿਆ ਨਜ਼ਰ ਚੁਰਾਵੇ
ਮੈਨੂੰ ਉਹ ਹਮਰਾਜ਼ ਪਸੰਦ ਨਹੀਂ ।
ਸੱਸੀਆਂ ਸੋਹਣੀਆਂ ਹੀਰਾਂ ਵਾਲੇ
ਮੈਨੂੰ ਰਸਮ ਰਿਵਾਜ਼ ਪਸੰਦ ਨਹੀਂ ।

ਸੱਚ ਦਾ ਅਦਲ ਕਮਾਵਣ ਨਾ ਜੋ
ਮੈਨੂੰ ਤਖ਼ਤ ਤੇ ਤਾਜ਼ ਪਸੰਦ ਨਹੀਂ ।
ਮੈੰ ‘ਸੁਰਜੀਤ’ ਦਿਆਂਗੀ ਹੋਕਾ
ਮੈਨੂੰ ਜ਼ਾਲਮ ਰਾਜ ਪਸੰਦ ਨਹੀਂ ।

‘ਬੀਬੀ ਸੁਰਜੀਤ ਕੌਰ ਸੈਕਰਾਮੈਂਟੋ’