ਅਲੋਪ ਹੋ ਗਈ ਦਰਦ ਭਿੰਨੀ ਅਵਾਜ਼

ਅਲੋਪ ਹੋ ਗਈ ਦਰਦ ਭਿੰਨੀ ਅਵਾਜ਼

ਗੱਲ ਦਸ ਗਿਆਰਾਂ ਸਾਲ ਪੁਰਾਣੀ ਹੈ। ਮੈਂ ਰਜਿੰਦਰਾ ਕਾਲਜ ਬਠਿੰਡਾ ਵਿਖੇ ਬੀ.ਏ. ਕਰਦੀ ਸਾਂ। ਮੇਰੀ ਇੱਕ ਸਹਿਪਾਠਣ ਨਥਾਣੇ ਤੋਂ ਸੀ। ਅਸੀਂ ਕਾਲ ਇੱਕਠਿਆਂ ਜਾਂਦੀਆਂ। ਮੇਰਾ ਨਥਾਣੇ ਆਉਣਾ ਜਾਣਾ ਆਮ ਵਾਂਗ ਸੀ। ਨਥਾਣੇ ਦੀ ਧਰਮਪ੍ਰੀਤ ਦੀ ਰਿਸ਼ਤੇਦਾਰੀ ਸੀ। ਉਹਨਾਂ ਦੀ ਦੁਕਾਨ ਬੱਸ ਅੱਡੇ (ਪੁਰਾਣੇ) ਦੇ ਕੋਲ ਹੋਣ ਕਰਕੇ ਆਮ ਤੌਰ ਤੇ ਧਰਮਪ੍ਰੀਤ ਉੱਥੇ ਆਇਆ ਕਰਦਾ ਸੀ। ਉਹਨਾਂ ਸਾਲਾਂ ਵਿੱਚ ਉਹ ਰਾਤੋਂ-ਰਾਤ ਸਟਾਰ ਗਾਇਕ ਬਣਿਆ ਸੀ। ਘਰ ਘਰ ਉਸਦੇ ਗਾਏ ਗੀਤ ਗੂੰਜਦੇ ਤੇ ਹਰ ਟਰੈਕਟਰ ਤੇ ਵੀ ਉਸਦੇ ਗੀਤਾਂ ਦੀ ਦਰਦ ਭਿੰਨੀ ਟੇਪ ਵੱਜਦੀ ਸੀ। ਧਰਮਪੀਤ ਨੂੰ ਦੇਖਣ ਦਾ ਬਹੁਤ ਚਾਅ ਹੁੰਦਾ ਸੀ। ਜੇ ਕਿਸੇ ਨੇ ਕਹਿਣ ਦੇਣਾ ਕਿ ਅੱਜ ਧਰਮਪ੍ਰੀਤ ਦੁਕਾਨ ਤੇ ਬੈਠਾ ਹੈ ਤਾਂ ਉਸ ਦਿਨ ਕਾਲਜ ਤੋਂ ਛੁੱਟੀ ਮਾਰ ਲੈਣੀ ਧਰਮ ਨੂੰ ਦੇਖਣ ਲਈ। ਇੱਕ ਦਿਨ ਕੀ ਹੋਇਆ ਕਿ ਜੌਗਰਫੀ ਦਾ ਪ੍ਰੈਕਟੀਕਲ ਸੀ। ਤੇ ਕਿਸੇ ਤੋਂ ਸੁਣ ਲਿਆ ਕਿ ਅੱਜ ਧਰਮ ਦੁਕਾਨ ‘ਤੇ ਆਵੇਗਾ। ਬਸ ਫਿਰ ਕੀ ਸੀ ਉਸਦੇ ਆਉਣ ਦੇ ਚਾਅ ‘ਚ ਆਪਾਂ ਪ੍ਰੈਕਟੀਕਲ ਵੀ ਤਿਆਗ ਦਿੱਤਾ। ਕਾਲਜ ਜਾਂਦੇ ਜਾਂਦੇ ਨਥਾਣੇ ਪਹੁੰਣ ਗਏ। ਬੱਸ ਅੱਡੇ ਤੇ ਹੋਲੀ-ਹੋਲੀ ਦੋ ਤਿੰਨ ਗੇੜੇ ਲਾਏ ਪਰ ਧਰਮਪ੍ਰੀਤ ਕਿਤੇ ਨਾ ਦਿਸਿਆ। ਇਵੇਂ-ਜਿਵੇਂ ਸਾਰਾ ਦਿਨ ਬੀਤ ਗਿਆ। ਸ਼ਾਮੀ ਜਦੋਂ ਘਰ ਗਏ ਤਾਂ ਕਿਸੇ ਨੇ ਘਰੇ ਦੱਸ ਦਿੱਤਾ ਕਿ ਅੰਮ੍ਰਿਤ ਅੱਜ ਨਥਾਣੇ ਫਿਰਦੀ ਸੀ। ਬਸ ਫਿ ਕੀ ਸੀ ਘਰੋਂ ਉਹ ਮਾਣ ਤਾਣ ਹੋਇਆ ਤੇ ਝਿੜਕਾਂ ਵੀ ਬਹੁਤ ਪਈਆਂ। ਫਿਰ ਉਸ ਨੂੰ ਦੇਖਣ ਦਾ ਚਾਅ ਮੱਠਾ ਪੈ ਗਿਆ। ਮੈਂ ਅੱਜ ਤੱਕ ਉਸਨੂੰ ਨਹੀਂ ਸੀ ਦੇਖਿਆ। ਸਿਰਫ਼ ਉਸਦੇ ਗੀਤ ਟੀ.ਵੀ. ਤੇ ਕੈਸਿਟਾਂ ਵਿੱਚ ਹੀ ਸੁਣੇ ਸੀ। ਉਦਾਸ ਗੀਤ ਗਾਉਣ ਕਰਕੇ ਅਸੀਂ ਉਸਦਾ ਨਾਂ ਚੀਕਾਂ ਵਾਲਾ ਰੱਖਿਆ ਹੋਇਆ ਸੀ। ਪਰ ਉਸ ਦੀ ਇੱਕ ਕੈਸਿਟ ਜੋ ਬਹੁਤ ਮਸ਼ਹੂਰ ਨਹੀਂ ਸੀ ਹੋਈ ਸੀ ਉਸ ਦਾ ਇੱਕ ਗੀਤ ਸੀ ਆਹ ਲੈ ਫੜ ਸਿਰਵਾਨਾਂ, ਚਿੱਠੀ ਸਾਨੂੰ ਪਾ ਦਿਆ ਕਰੀਂ ਵੇ। ਦਿਨ ਨੂੰ ਧੂਅ ਪਾਉਣ ਵਾਲਾ ਸੀ। ਵੈਸੇ ਸਾਰੀ ਕੈਸਿਟ ਸਹਿਤਕ ਤੇ ਉੱਚ ਪਾਏ ਸੀ। ਪਤਾ ਨਹੀਂ ਕਿਹੜੇ ਮਨਹੂਸ ਪਲਾਂ ਨੇ ਸਾਡੇ ਤੇ ਸਾਡੇ ਪਿਆਰੇ ਜਿਹੇ ਗਾਇਕ ਨੂੰ ਸਦਾ ਲਈ ਖੋਹ ਲਿਆ। ਉਸਦੇ ਬੇ-ਵਕਤ ਤੁਜ ਜਾਣ ਦੀ ਖਬਰ ਪੜ੍ਹੀ ਤਾਂ ਦਿਲ ‘ਚੋਂ ਧਾਹਾਂ ਨਿਕਲ ਗਈਆਂ। ਯਕੀਨ ਹੀ ਨਹੀਂ ਸੀ ਆ ਰਿਹਾ ਕਿ ਧਰਮਪ੍ਰੀਤ ਸਾਡੇ ਤੋਂ ਵਿਛੜ ਚੁੱਕਾ ਹੈ। ਕਿਸੇ ਸ਼ਾਇਰ ਨੇ ਹੀ ਕਿਹਾ ਹੈ ਕਿ “ਘਰ ‘ਚੋਂ ਚੁੱਕਿਆ ਮਨ ਅੰਦਰ ਵਿਛ ਜਾਂਦੇ ਨੇ, ਏਦਾਂ ਦੇ ਵੀ ਯਾਰ ਸੱਥਰ ਹੁੰਦੇ ਨੇ

-ਅੰਮ੍ਰਿਤਪਾਲ, 86996-93680