ਵਿਚੋਲਗੀ (ਵਿਅੰਗ)

ਵਿਚੋਲਗੀ (ਵਿਅੰਗ)

– ਪਿੰਡ ਦੀ ਸੱਥ ਵਿੱਚੋਂ

ਫੱਗਣ ਦੇ ਪਿਛਲੇ ਪੱਖ ਦਾ ਦੁਪਹਿਰਾ ਢਲਦਿਆਂ ਹੀ ਸੱਥ ‘ਚ ਬੈਠਿਆਂ ਦੇ ਕੰਨਾਂ ‘ਚ ਜਿਉਂ ਹੀ ਸਪੀਕਰ ‘ਚੋਂ ਲਾਲ ਚੰਦ ਯਮਲੇ ਜੱਟ ਦਾ ਧਾਰਮਿਕ ਗੀਤ ‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ’ ਵੱਜਿਆ ਤਾਂ ਸੱਥ ਵਾਲਿਆਂ ਨੇ ਇੱਕਦਮ ਕੰਨ ਚੁੱਕ ਲਏ। ਸਪੀਕਰ ਦੀ ਆਵਾਜ਼ ਸੁਣਦਿਆਂ ਹੀ ਸੀਤਾ ਮਰਾਸੀ ਟਿੱਚਰ ‘ਚ ਬੋਲਿਆ, ”ਆਹ ਕੀਹਦੇ ਵੱਜ ਗਿਆ ਬਈ ਘਰਿੰਗ ਵਾਜਾ?”
ਬਾਬੇ ਸੁਰਜਨ ਸਿਉਂ ਨੇ ਮਰਾਸੀ ਦੇ ਹੱਡ ‘ਤੇ ਮਾਰੀ। ਕਹਿੰਦਾ, ”ਓ ਮੀਰ! ਜੇ ਸੂਰਾਂ ਨੂੰ ਚਿੱਕੜ ਦਾ ਤੇ ਭੱਠੇ ਦਾ ਗਧਿਆਂ ਨੂੰ ਨਾ ਪਤਾ ਹੋਊ ਤਾਂ ਹੋਰ ਕੀਹਨੂੰ ਪਤਾ ਹੋਊ। ਜੇ ਪਿੰਡ ‘ਚ ਸੋਨੂੰ ਮਰਾਸੀਆਂ ਨੂੰ ਈਂ ਨ੍ਹੀ ਕਿਸੇ ਦੇ ਵਿਆਹ ਮੰਗਣੇ ਦਾ ਇਲਮ ਜਿੰਨ੍ਹਾਂ ਨੂੰ ਘਰ ਘਰ ਦੇ ‘ਕੱਲੇ ‘ਕੱਲੇ ਜੀਅ ਦਾ ਵੀ ਪਤਾ ਬਈ ਕੀਹਦੇ ਕੈ ਜੁਆਕ ਐ ਕੀਹਦੇ ਘਰੇ ਕੈ ਬੁੜ੍ਹੇ ਐ ਤਾਂ ਹੋਰ ਖੱਬਿਆਂ ਆਲੇ ਪ੍ਰਸਿੰਨੇ ਨੂੰ ਪਤਾ ਹੋਊ।”
ਨਾਥਾ ਅਮਲੀ ਕਹਿੰਦਾ, ”ਜੱਗਾ ਵਚੋਲਾ ਕਈਆਂ ਦਿਨਾਂ ਦਾ ਇਉਂ ਭੱਜਿਆ ਫਿਰਦਾ ਸੀ ਜਿਮੇਂ ਬਾਂਦਰੀ ਦੀ ਪੂਛ ਨੂੰ ਅੱਗ ਲੱਗੀ ਹੁੰਦੀ ਐ। ਉਹਨੇ ਬੰਨ੍ਹ ‘ਤਾ ਹੋਣਾ ਕਿਸੇ ਨਾ ਕਿਸੇ ਆਲਾ ਮੱਕੂ। ਦੂਰੋਂ ਨੇੜਿਉਂ ਸਾਕ ਕਰਾ ‘ਤਾ ਹੋਣਾ ਕਿਸੇ ਦੇ। ਅਗਲਿਆਂ ਨੇ ਮੁੰਡੇ ਦੇ ਮੰਗਣੇ ਮੁੰਗਣੇ ਦਾ ਦਿਨ ਪੱਕਾ ਕਰਕੇ ਢੋਲ ‘ਚ ਗੁੜ ਦਾ ਗੱਟਾ ਪਾ ‘ਤਾ ਹੋਣੈ। ਹੁਣ ਰੋਪਣਾ ਦਾ ਦਿਨ ਆਏ ਤੋਂ ਜੋੜ ਕੇ ਕੋਠੇ ‘ਤੇ ਮੰਜੇ, ਦਿਆਲਪੁਰੇ ਆਲੇ ਚੇਤ ਦਾ ਲਿਆ ਸਪੀਕਰ ਖੜਕਾਅ ‘ਤਾ। ਹੋਰ ਕਿਤੇ ਬੁੜ੍ਹੇ ਦੇ ਮਰਨੇ ‘ਤੇ ਤਾਂ ਨ੍ਹੀ ਸਪੀਕਰ ਵੱਜਦਾ ਹੁੰਦਾ। ਤੁਸੀਂ ਵੀ ਸੱਥ ਆਲੇ ਹੱਦ ਈ ਕਰਦੇ ਉਂ। ਸਪੀਕਰ ਈ ਵੱਜਿਆ ਕਿਤੇ ਬੋਦੀ ਆਲਾ ਤਾਰਾ ਤਾਂ ਨ੍ਹੀ ਚੜ੍ਹ ਗਿਆ। ਤੇਰੇ ਵੀ ਬਾਬਾ ਹੁਣ ਕੁੱਤੇ ਜੇ ਦਿਨੋ ਦਿਨ ਫੇਲ੍ਹ ਹੋਈ ਜਾਂਦੇ ਲੱਗਦੇ ਐ।”
ਸੀਤੇ ਮਰਾਸੀ ਨੇ ਫੇਰ ਲਈ ਵਾਰੀ। ਕਹਿੰਦਾ, ”ਆਪ ਤਾਂ ਜੱਗੇ ਨੂੰ ਹਜੇ ਤੱਕ ਨ੍ਹੀ ਸਾਕ ਹੋਇਆ, ਚਾਲ੍ਹੀਆਂ ਤੋਂ ਵੀ ਟੱਪ ਗਿਆ। ਕਿਸੇ ਨੂੰ ਕਿਥੋਂ ਲਿਆਦੂ ਤਖਤ ਹਜਾਰਿਉਂ ਡੋਲ਼ਾ।”
ਬਾਬਾ ਸੁਰਜਨ ਸਿਉਂ ਮਰਾਸੀ ਦੀ ਗੱਲ ਸੁਣ ਕੇ ਹੱਸ ਕੇ ਕਹਿੰਦਾ, ”ਤਖਤ ਹਜਾਰਾ ਤਾਂ ਰਾਂਝੇ ਦਾ ਪਿੰਡ ਸੀ ਮੀਰ, ਜਾਂ ਤਾਂ ਸਿਆਲਾਂ ਦਾ ਨਾਉਂ ਲੈਣਾ ਸੀ ਜਿੱਥੋਂ ਦੀ ਹੀਰ ਸੀ।”
ਮਰਾਸੀ ਬਾਬੇ ਨੂੰ ਵੀ ਇਉਂ ਭੱਜ ਕੇ ਪੈ ਗਿਆ ਜਿਮੇਂ ਲੋਹੇ ਨੂੰ ਚੁੰਬਕ ਚਿੰਬੜਦਾ ਹੁੰਦਾ। ਕਹਿੰਦਾ, ”ਆਪਾਂ ਕੀ ਲੈਣਾ ਬਾਬਾ ਹੀਰ ਰਾਝਿਆਂ ਤੋਂ, ਉਹ ਤਾਂ ਸਾਲੇ ਕਮੂਤ ਲਾਣੇ ਸੀ। ਗੱਲ ਤਾਂ ਆਪਾਂ ਆਹ ਜਿਹੜਾ ਸਪੀਕਰ ਵੱਜੀ ਜਾਂਦਾ ਇਹਦੀ ਕਰਦੇ ਆਂ, ਤੂੰ ਹੋਰ ਈ ਕਵੀਸ਼ਰੀ ਛੇੜ ਲੀ।”
ਮਾਹਲਾ ਨੰਬਰਦਾਰ ਵੀ ਬੋਲਿਆ, ”ਹੋਰ ਵੀ ਕਿਸੇ ਨੂੰ ਵਾਰੀ ਲੈ ਲੈਣ ਦਿਉ, ਆਪ ਈ ਬੋਲੀ ਜਾਨੇਂ ਉਂ ਬਿਨਾਂ ਬਰੇਕਾਂ ਤੋਂ।”
ਨਾਥਾ ਅਮਲੀ ਕਹਿੰਦਾ, ”ਇੱਥੇ ਕਿਹੜਾ ਸਰਕਸ ਲੱਗੀ ਵੀ ਐ ਬਈ ਟਿਕਟ ਲੈਣੀ ਪੈਣੀ ਐਂ। ਸੰਘ ਈ ਟੱਡਣਾ ਭੋਰਾ ਤੂੰ ਟੱਡ ਲਾ ਅਸੀਂ ਚੁੱਪ ਕਰ ਜਾਨੇਂ ਆਂ।”
ਸੂਬੇਦਾਰ ਸੱਜਣ ਸਿਉਂ ਕਹਿੰਦਾ, ”ਕਿਉਂ ਯਾਰ ਫਾਲਤੂ ਜਾ ਬੋਲੀ ਜਾਨੇਂ ਉਂ। ਜਿਹੜੀ ਗੱਲ ਕਰਨ ਆਲੀ ਐ ਉਹ ਕਰੋ ਬਈ ਆਹ ਸਪੀਕਰ ਕੀਹਦੇ ਵੱਜਦਾ? ਗੱਲ ਤਾਂ ਇਹ ਐ ਕਰਨ ਆਲੀ। ਤੁਸੀਂ ਆਵਦਾ ਈ ਸਪੀਕਰ ਖੜਕਾਉਣ ਬਹਿ ਗੇ। ਜੇ ਤੁਸੀਂਉਂ ਈਂ ਰੌਲਾ ਪਾਉਣਾ ਤਾਂ ਆਹ ਜਿਹੜਾ ਸਪੀਕਰ ਵੱਜੀ ਜਾਂਦਾ ਇਹ ਬੰਦ ਕਰਾ ਦਿਓ ਜਾਂ ਫਿਰ ਤੁਸੀਂ ਚੁੱਪ ਕਰ ਜੋ।”
ਨਾਥਾ ਅਮਲੀ ਕਹਿੰਦਾ, ”ਗੱਲ ਤਾਂ ਫੌਜੀਆ ਉਹੀ ਕਰਦੇ ਆਂ। ਜੇ ਐਨਾਂ ਈਂ ਪਤਾ ਹੋਵੇ ਬਈ ਇਹ ਵੱਜਦਾ ਕੀਹਦੇ ਐ ਫੇਰ ਸੱਥ ‘ਚ ਰੌਲ਼ਾ ਕਿਉਂ ਪਵੇ।”
ਜਦੋਂ ਅਮਲੀ ਨੇ ਸੂਬੇਦਾਰ ਸੱਜਣ ਸਿਉਂ ਨੂੰ ਫੌਜੀ ਕਿਹਾ ਤਾਂ ਸੂਬੇਦਾਰ ਅਮਲੀ ਨੂੰ ਭੱਖੜੇ ਦੇ ਕੰਡੇ ਵਾਂਗੂੰ ਚਿੰਬੜ ਗਿਆ। ਕਹਿੰਦਾ, ”ਮੈਂ ਸੂਬੇਦਾਰੀ ਪੈਨਸ਼ਨ ਆਇਆਂ ਓਏ ਨਕਲੀਆ ਜਿਐ, ਤੂੰ ਹਰੇਕ ਗੱਲ ‘ਤੇ ਮੈਨੂੰ ਫੌਜੀ-ਫੌਜੀ ਕਹੀ ਜਾਨੈਂ।”
ਸੂਬੇਦਾਰ ਨੂੰ ਹਰਖਿਆ ਵੇਖ ਕੇ ਨਾਥਾ ਅਮਲੀ ਨੀਵੀਂ ਜੀ ਪਾ ਕੇ ਇਉਂ ਚੁੱਪ ਕਰ ਗਿਆ ਜਿਮੇਂ ਧੌਣ ‘ਤੇ ਡੰਡਾ ਮਾਰੇ ਤੋਂ ਗਧਾ ਪੂਛ ਦੇ ਵਲ਼ ਕੱਢ ਜਾਂਦਾ। ਗਰਮੀ ‘ਚ ਢਿੱਲੇ ਜੇ ਹੋਏ ਗੁੜ ਵਾਂਗੂੰ ਭੋਲ਼ਾ ਜਾ ਹੋ ਕੇ ਅਮਲੀ ਫੇਰ ਬੋਲਿਆ ਹੌਲੀ ਹੌਲੀ ਜਿਮੇਂ ਸੈਲ ਡਾਊਨ ਹੋਇਆਂ ਤੋਂ ਰੇਡੀਓ ਘਰੜ-ਘਰੜ ਜੀ ਕਰਦਾ ਹੁੰਦਾ।
ਕਹਿੰਦਾ, ”ਮੈਂ ਤਾਂ ਇਉਂ ਕਹਿਨੈਂ ਬਈ ਜਦੋਂ ਸਪੀਕਰ ਖੜਕਿਐ ਤਾਂ ਮਰਾਸੀ ਨੇ ਈ ਪੁੱਛਿਆ ਪਹਿਲਾਂ ਬਈ ਆਹ ਘੜਿੰਗ ਵਾਜਾ ਕੀਹਦੇ ਵੱਜ ਪਿਆ? ਬਾਬਾ ਸੁਰਜਨ ਸਿਉਂ ਕਹਿੰਦਾ ‘ਜੇ ਸੋਨੂੰ ਮਰਾਸੀਆਂ ਨੂੰ ਨ੍ਹੀ ਪਤਾ ਬਈ ਪਿੰਡ ‘ਚ ਕੀਹਦੇ ਕੀ ਐ ਤਾਂ ਹੋਰ ਕੀਹਨੂੰ ਪਤਾ ਹੋਊ। ਇਨ੍ਹਾਂ ਦੇ ਹੋਰ ਈ ਪਾਸੇ ਸੰਗਲ ਖੁੱਲ੍ਹ ਗੇ। ਗੱਲ ਤਾਂ ਇਉਂ ਕਰਦੇ ਆਂ।”
ਸੂਬੇਦਾਰ ਫੇਰ ਪੈ ਗਿਆ ਅਮਲੀ ਨੂੰ ਗਲੋਟੇ ਵਾਂਗੂੰ ਉੱਧੜ ਕੇ, ”ਗੱਲ ਕਰਨੀ ਐ ਤੂੰ ਕਰੀ ਜਾਹ, ਬਿੰਦੇ ਝੱਟੇ ਮੈਨੂੰ ਫੌਜੀ-ਫੌਜੀ ਕਹਿ ਕੇ ਬਲਾਉਣ ਕੋਈ ਲੋੜ ਨ੍ਹੀ?”
ਬਾਬਾ ਸੁਰਜਨ ਸਿਉਂ ਸੂਬੇਦਾਰ ਨੂੰ ਕਹਿੰਦਾ, ”ਤੂੰ ਤਾਂ ਸੱਜਣ ਸਿਆਂ ਲਿਖਿਆ ਪੂੰਝਿਆ ਬੰਦੈਂ, ਇਹ ਅਣਪੜ੍ਹ ਲੋਕ। ਇਨ੍ਹਾਂ ਨਾਲ ਕਾਹਦੀ ਬਰਾਬਰੀ ਐ ਤੇਰੀ?”
ਜਦੋਂ ਬਾਬੇ ਨੇ ਸੂਬੇਦਾਰ ਨੂੰ ਲਿਖਿਆ ਪੂੰਝਿਆ ਕਿਹਾ ਤਾਂ ਸੂਬੇਦਾਰ ਬਾਬੇ ਨੂੰ ਵੀ ਇਉਂ ਟੁੱਟ ਕੇ ਪੈ ਗਿਆ ਜਿਮੇਂ ਗਿਰਝ ਕੁਕੜੀ ਦੇ ਚੂਚਿਆਂ ਨੂੰ ਪੈ ਗਈ ਹੋਵੇ। ਕਹਿੰਦਾ,
”ਆਹ ਵੇਖ ਲੋ ਆ ਗਿਆ ਬਾਹਲ਼ਾ ਪੜ੍ਹਿਆ ਲਿਖਿਆ, ਅਕੇ ਲਿਖਿਆ ਪੂੰਝਿਆ! ਹੋਰ ਸੁਣ ਲੋ ਇਨ੍ਹਾਂ ਬੁੱਧੂ ਲੋਕਾਂ ਦੀ। ਮੈਂ ‘ਠਾਈ ਸਾਲ ਫੌਜ ‘ਚ ਲਾ ਆਇਆਂ, ਆਹ ਪੂੰਝਿਆ ਪਾਂਝਿਆ ਜਾ ਤਾਂ ਕਿਤੇ ਮਨ੍ਹੀ ਸੁਣਿਆਂ। ਪਤਾ ਨ੍ਹੀ ਇਹ ਪੇਂਡੂ ਲੋਕਾਂ ਨੂੰ ਕਿਸੇ ਗੱਲ ਦਾ ਪਤਾ ਹੈ ਕੁ ਨ੍ਹੀ।”
ਨਾਥਾ ਅਮਲੀ ਕਹਿੰਦਾ, ”ਪਤਾ ਕਿਉਂ ਨ੍ਹੀ, ਸਭ ਕੁਸ ਪਤਾ, ਤੂੰ ਈਂ ਪਤਾ ਨ੍ਹੀ ਕਿਹੜੀ ਪਿਸਤੋ ਬੋਲਦਾ ਰਹਿਨੈਂ।”
ਬਾਬਾ ਸੁਰਜਨ ਸਿਉਂ ਕਹਿੰਦਾ, ”ਛੱਡੋ ਯਾਰ ਇਹ ਜਾਭਾਂ ਦੇ ਭੇੜ। ਤੂੰ ਦੱਸ ਅਮਲੀਆ ਆਹ ਸਪੀਕਰ ਕੀਹਦੇ ਖੜਕਦਾ?”
ਏਨੇ ਚਿਰ ਨੂੰ ਹਰੀ ਕੂਕੇ ਕਾ ਗੇਲਾ ਸੱਥ ‘ਚ ਆ ਕੇ ਕਹਿੰਦਾ, ”ਜੱਗੇ ਵਚੋਲੇ ਨੇ ਚਾੜ੍ਹ ਈ ਦਿੱਤਾ ਬਈ ਟਿੱਬੇ ‘ਤੇ ਪਾਣੀ। ਓਧਰਲੇ ਦੋਨਾਂ ਤਿੰਨਾਂ ਗੁਆੜਾਂ ‘ਚ ਫਿਰਦੇ ਫਰਾਉਂਦੇ ਨੇ ਸੰਤੋਖੇ ਮੱਦੀ ਦੇ ਮੁੰਡੇ ਨੂੰ ਆ ਕਰਾਇਆ ਸਾਕ।”
ਨਾਥਾ ਅਮਲੀ ਬਾਬੇ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਕਿਉਂ ਬਾਬਾ! ਕਿਹਾ ਸੀ ਨਾ ਤੈਨੂੰ ਬਈ ਜੱਗੇ ਨੇ ਚਾੜ੍ਹਿਆ ਹੋਣਾ ਚੰਦ, ਉਹ ਭੱਜਿਆ ਫਿਰਦਾ ਸੀ।”
ਸੀਤਾ ਮਰਾਸੀ ਕਹਿੰਦਾ, ”ਸਾਕ ਤਾਂ ਜੱਗਾ ਹੋਰ ਵੀ ਬਥੇਰੇ ਕਰਾ ਦੇ, ਪਰ ਕੰਜਰ ਦੇ ਨੂੰ ਝੂਠ ਤਪਾਣ ਨ੍ਹੀ ਮਾਰਨੇ ਆਉਂਦੇ ਬਹੁਤੇ। ਇਹ ਕੰਮ ਝੂਠ ਨਾਲ ਬਾਹਲ਼ੇ ਸਿਰੇ ਚੜ੍ਹਦੇ ਐ। ਬੱਛੀ ਮਾਰਾਂ ਦੇ ਵਜੀਰ ਬੁੜ੍ਹੇ ਨੇ ਪਾਥੀਆਂ ਨੂੰ ਗੁੜ ਦੀਆਂ ਭੇਲੀਆਂ ਦੱਸ ਦੱਸ ਈ ਚਾਰੇ ਮੁੰਡੇ ਵਿਆਹ ਲੇ ਸੀ।”
ਬੁੱਘਰ ਦਖਾਣ ਕਹਿੰਦਾ, ”ਓਧਰਲੇ ਗੁਆੜ ਆਲੇ ਬਾਬੇ ਨੰਦ ਸਿਉਂ ਨੇ ਚਾਰ ਪੰਜ ਸਾਲ ਸਬ੍ਹਾਤ ਨੂੰ ਲਾ ਕੇ ਮੁੱਠੀ ਜਿੰਦਰਾ ਦੋਨੇ ਮੁੰਡਿਆਂ ਨੂੰ ਇੱਕੋ ਘਰੋਂ ਸਾਕ ਲੈ ਲਿਆ, ਨਾਲੇ ਉਹ ਕਿਹੜਾ ਵਚੋਲਪੁਣਾ ਕਰਦਾ ਸੀ। ਕਹਿੰਦੇ ਇਹਨੂੰ ਆਂ ਸਾਰੇ ਜੱਗਾ ਵਚੋਲਾ, ਪਰ ਸਾਕ ਇਹਤੋਂ ਹਜੇ ਤੱਕ ਕੋਈ ਸਿਰੇ ਨ੍ਹੀ ਚੜ੍ਹਿਆ।”
ਸੀਤਾ ਮਰਾਸੀ ਕਹਿੰਦਾ, ”ਵਚੋਲਗੀ ‘ਚ ਤਾਂ ਭਾਨੀ ਮਾਰਾਂ ਦਾ ਪ੍ਰੀਤਾ ਮਾਹਰ ਐ। ਇੱਕ ਵਾਰੀ ਕਿਸੇ ਦੀ ਦੇਹਲ਼ੀ ਟੱਪ ਜੇ ਸਹੀ, ਇੱਕ ਬਿੰਦ ‘ਚ ਮਾਰਦਾ ਖਾਖੀ ਗਲੋਟੇ ਆਂਗੂ ਵੱਟ ਕੇ। ਇਹ ਜੱਗੇ ਦੇ ਕੋਲੇ ਤਾਂ ਇੱਕੋ ਈ ਗੱਪ ਐ। ਤਿੰਨ ਚਾਰ ਵਾਰੀ ਪਿੰਡ ‘ਚੋਂ ਕੁੱਟ ਖਾ ਹਟਿਆ ਵਚੋਲਗੀ ‘ਚ ਝੂਠ ਮਾਰ ਕੇ।”
ਨਾਥਾ ਅਮਲੀ ਕਹਿੰਦਾ, ”ਕੇਰਾਂ ਗੇਲੇ ਰਾਗੀ ਕਿਆਂ ਨੇ ਬਣਾ ‘ਤੀ ਸੀ ਕੱਤਣੀ। ਉਨ੍ਹਾਂ ਨੇ ਘਰੇ ਸੱਦ ਕੇ ਅੰਦਰ ਤਾੜ ਲਿਆ, ਜਿੰਨਾਂ ਚਿਰ ਨੱਕ ਨਾਲ ਲਖੀਰਾਂ ਨ੍ਹੀ ਨਾਂ ਕੱਢੀਆਂ, ਅਗਲਿਆਂ ਨੇ ਅੰਦਰੋਂ ਨ੍ਹੀ ਕੱਢਿਆ। ਜਦੋਂ ਕਿਸੇ ਨੂੰ ਮੁੰਡੇ ਦੀ ਦੱਸ ਪਾਉਂਦਾ ਤਾਂ ਕੁੜੀ ਆਲਾ ਪਹਿਲਾਂ ਪਾਣੀ ਦੀ ਵਾਰੀ ਪੁੱਛਦਾ ਬਈ ਨਹਿਰੀ ਪਾਣੀ ਦੀ ਵਾਰੀ ਕਿੰਨੀ ਐਂ। ਉੱਥੋਂ ਅਗਲੇ ਨੂੰ ਜਮੀਨ ਦਾ ਵੀ ਪਤਾ ਲੱਗ ਜਾਂਦੈ। ਤਿੰਨ ਚਾਰ ਮਹੀਨਿਆਂ ਦੀ ਗੱਲ ਐ। ਆਪਣੇ ਪਿੰਡ ਆਲੇ ਦੇਵ ਪਟਵਾਰੀ ਨੂੰ ਆਵਦੀ ਸਕੀਰੀ ‘ਚ ਮੁੰਡੇ ਦੀ ਦੱਸ ਪਾ ‘ਤੀ। ਪਟਵਾਰੀ ਨੇ ਕਿਤੇ ਪੁੱਛ ਲਿਆ ਬਈ ਨਹਿਰੀ ਪਾਣੀ ਦੀ ਕਿੰਨੀ ਵਾਰੀ ਐ? ਇਹ ਉਹਨੂੰ ਕਹਿੰਦਾ ਹਾੜ੍ਹ ਦੀ ਅੱਠ ਪਹਿਰੀ ਵਾਰੀ ਐ। ਪਟਵਾਰੀ ਨੇ ਸੋਚਿਆ ਬਈ ਜੇ ਹਾੜ੍ਹ ਦੀ ਅੱਠ ਪਹਿਰੀ ਐ ਤਾਂ ਜਮੀਨ ਵੀ ਤਕੜੀ ਹੋਊ। ਪਟਵਾਰੀਆਂ ਤੋਂ ਬਾਬਾ ਕੀ ਭੁੱਲਿਆ ਹੁੰਦਾ। ਉਹਨੇ ਇਸ ਗੱਲ ਦਾ ਪਤਾ ਕਰਾ ਲਿਆ। ਕਿਸੇ ਨੇ ਦੱਸ ‘ਤਾ ਬਈ ਇਨ੍ਹਾਂ ਕੋਲੇ ਤਾਂ ਸਾਰੇ ਈ ਗਿਆਰਾਂ ਮਿੰਟ ਐ ਪਾਣੀ ਦੀ ਵਰੀ। ਪਟਵਾਰੀ ਨੇ ਸ੍ਹਾਬ ਕਤਾਬ ਲਾ ਲਿਆ ਬਈ ਗਿਆਰਾਂ ਮਿੰਟਾਂ ਦੀ ਤਾਂ ਢਾਈ ਕਨਾਲਾਂ ਈ ਜਮੀਨ ਬਣਦੀ ਐ। ਪਟਵਾਰੀ ਕਿਆਂ ਨੇ ਜੱਗੇ ਨੂੰ ਘਰੇ ਸੱਦ ਕੇ ਮਾਰ ਮਾਰ ਚਪੇੜਾਂ ਮੂੰਹ ਘਮਾ ‘ਤਾ। ਬੱਸ ਇੱਕੋ ਇਹੀ ਗੱਪ ਐ ਜੱਗੇ ਕੋਲੇ। ਸਾਕ ਕਰਾਉਣ ਵੇਲੇ ਕਿਸੇ ਨੂੰ ਪਾਣੀ ਦੀ ਅੱਠ ਪਹਿਰੀ ਵਾਰੀ ਦੱਸੂ ਕਿਸੇ ਨੂੰ ਪੰਜ ਪਹਿਰੀ।”
ਬਾਬਾ ਕਹਿੰਦਾ, ”ਸਾਕ ਤਾਂ ਇਹਤੋਂ ਕੋਈ ਸਿਰੇ ਚੜ੍ਹਿਆ ਨ੍ਹੀ ਫਿਰ ਇਹ ਵਚੋਲਾ ਕਾਹਦਾ ਵੱਜਦਾ?”
ਨਾਥਾ ਅਮਲੀ ਕਹਿੰਦਾ, ”ਕੁੱਟ ਖਾਣਾ ਵਚੋਲਾ ਫਿਰ ਤਾਂ ਇਹੇ।”
ਸੀਤਾ ਮਰਾਸੀ ਕਹਿੰਦਾ, ”ਆਹ ਸੰਤੋਖੇ ਮੱਦੀ ਕਿਆਂ ਦੀ ਤਾਂ ਪਤੰਗੀ ਚਾੜ੍ਹ ‘ਤੀ ਲੱਗਦੀ ਐ।”
ਮਾਹਲਾ ਨੰਬਰਦਾਰ ਕਹਿੰਦਾ, ”ਹਜੇ ਤਾਂ ਮੰਗਣਾ ਈ ਹੋਣੇ, ਖਾਣੀ ਰੋਪਣਾਂ ਤੋਂ ਪਹਿਲਾਂ ਈ ਨਾ ਕਿਤੇ ਗੁਡੀਆਂ ਪਟੋਲੇ ਖਿੰਡ ਜਾਣ। ਜਦੋਂ ਨੂੰ ਵਿਆਹ ਦਾ ਟੈਮ ਆਉਣਾ ਉਦੋਂ ਨੂੰ ਖਾਣੀ ਜੱਗੇ ਦੇ ਗੱਪ ਨੇ ਸਾਰੀ ਤਾਣੀਉਂ ਈਂ ਉਲਝਾ ਦੇਣੀ ਐ। ਗੱਪ ਤਾਂ ਸਾਲੇ ਨੇ ਇਉਂ ਮਾਰ ‘ਤਾ ਜਿਮੇਂ ਮੰਗਣਾ ਕਰਨ ਆਲੇ ਗਾਹਾਂ ਰੋਹਤਕੋਂ ਹੁੰਦੇ ਐ।”
ਬਾਬੇ ਨੇ ਪੁੱਛਿਆ, ”ਹੋਰ ਕਿੱਥੋਂ ਐਂ ਨੰਬਰਦਾਰਾ?”
ਅਮਲੀ ਕਹਿੰਦਾ, ”ਮੈਂ ਦੱਸ ਦਿੰਨਾ, ਤਿੰਨ ਗਰਾਈਆਂ ਤੋਂ ਐਂ।”
ਬਾਬਾ ਹੱਸ ਕੇ ਕਹਿੰਦਾ, ”ਪੰਜ ਗਰਾਈਆਂ ਤਾਂ ਸੁਣਿਐ, ਆਹ ਤਿੰਨ ਗਰਾਈਆਂ ਨਮਾਂ ਈ ਨਾਂਅ ਧਰਕੇ ਬਹਿ ਗਿਐਂ ਅਮਲੀਆ ਓਏ।
ਏਨੇ ਚਿਰ ਨੂੰ ਹਾਕਮ ਮਹਿਰਾ ਸੱਥ ‘ਚ ਆ ਕੇ ਬਾਬੇ ਸੁਰਜਨ ਸਿਉਂ ਨੂੰ ਕਹਿੰਦਾ, ”ਬਾਬਾ ਜੀ! ਸੋਨੂੰ ਪੰਜ ਚਾਰ ਬੰਦਿਆਂ ਨੂੰ ਬਾਬੇ ਸੰਤੋਖੇ ਮੱਦੀ ਕਿਆਂ ਨੇ ਘਰੇ ਸੱਦਿਆ।”
ਹਾਕਮ ਮਹਿਰਾ ਤਾਂ ਏਨੀ ਗੱਲ ਕਹਿ ਕੇ ਮੁੜ ਗਿਆ। ਅਮਲੀ ਬਾਬੇ ਨੂੰ ਕਹਿੰਦਾ, ”ਲੈ ਬਈ ਬਾਬਾ ਸਿਆਂ, ਸਿਆਪਾ ਤਾਂ ਪੈ ਗਿਆ ਲੱਗਦਾ ਹਾੜੂ ਅੱਠ ਪਹਿਰੀ ਵਾਰੀ ਦਾ। ਜੱਗੇ ਦਾ ਝੂਠ ਫੜਿਆ ਗਿਆ ਹੋਣਾ, ਕੁੜੀ ਆਲਿਆਂ ਨੇ ਸਾਕ ਤੋਂ ਜਵਾਬ ਭੇਜ ‘ਤਾ ਹੋਣਾ, ਹੁਣ ਵੇਲਣੇ ‘ਚ ਬਾਂਹ ਬਾਬੇ ਸੁਰਜਨ ਸਿਉਂ ਦੀ ਦੇ ਦਿਉ।”
ਸੰਤੋਖੇ ਮੱਦੀ ਕਿਆਂ ਦੀਆਂ ਗੱਲਾਂ ਕਰਦੇ-ਕਰਦੇ ਬਾਬਾ ਤੇ ਪੰਜ ਸੱਤ ਜਾਣੇ ਹੋਰ ਜਦੋਂ ਸੱਥ ‘ਚੋਂ ਉੱਠ ਕੇ ਸੰਤੋਖੇ ਕੇ ਘਰ ਨੂੰ ਤੁਰ ਪਏ ਤਾਂ ਬਾਕੀ ਦੇ ਵੀ ਸੱਥ ‘ਚੋਂ ਉੱਠ ਕੇ ਇਉਂ ਤੁਰ ਪਏ ਜਿਮੇਂ ਉਹ ਸੰਤੋਖੇ ਮੱਦੀ ਦੇ ਮੁੰਡੇ ਦੀ ਰੋਪਣਾਂ ‘ਤੇ ਜਾਂਦੇ ਹੋਣ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
1-604-751-1113 (ਕੈਨੇਡਾ)