ਇਕ ਸੀ ਪਰੀ ਮਹਿਕਮਣੀ

ਪਿਆਰੇ ਬੱਚਿਓ! ਪੁਰਾਣੇ ਸਮਿਆਂ ਦੀ ਗੱਲ ਹ। ਦੱਖਣ ਦਿਸ਼ਾ ਵਿਚ ਇਕ ਸਾਹਰਦੀਪ ਨਾਂਅ ਦਾ ਦੇਸ਼ ਸੀ . ਉਸ ਦੇਸ਼ ਦੇ ਇਕ ਵਿਸ਼ਾਲ ਅਤੇ ਸੰਘਣੇ ਜੰਗਲ ਵਿਚ ਇਕ ਮਹਿਕਮਣੀ ਨਾਂਅ ਦੀ ਪਰੀ ਇਕ ਚੰਦਨ ਦੇ ਰੁੱਖ ‘ਤੇ ਰਹਿੰਦੀ ਸੀ . ਪਰੀ ਮਹਿਕਮਣੀ ਜਿਥੇ ਵੀ ਜਾਂਦੀ, ਦੂਰ-ਦੂਰ ਤੱਕ ਆਲਾ-ਦੁਆਲਾ ਮਹਿਕ ਉਠਦਾ ਸੀ। ਉਸ ਦੀ ਸੁੰਦਰਤਾ ਦੀ ਚਰਚਾ ਦੇਸ਼ ਦੀਆਂ ਚਾਰੇ ਦਿਸ਼ਾਵਾਂ ਵਿਚ ਫੈਲੀ ਹੋਈ ਸੀ। ਦੂਜੇ ਦੇਸ਼ਾਂ ਦੇ ਅਨੇਕਾਂ ਰਾਜਕੁਮਾਰ ਉਸ ਨਾਲ ਵਿਆਹ ਕਰਵਾਉਣ ਲਈ ਅਕਸਰ ਉਸ ਨੂੰ ਲੱਭਦੇ ਹੋਏ ਉਸ ਜੰਗਲ ਵਿਚ ਪਹੁੰਚ ਜਾਂਦੇ ਸਨ। ਮਹਿਕਮਣੀ ਕਿਸੇ ਨੂੰ ਨਹੀਂ ਮਿਲਦੀ ਸੀ। ਉਹ ਲੋਕਾਂ ਤੋਂ ਬਚਣ ਲਈ ਚੰਦਨ ਦੇ ਦਰੱਖਤ ਵਿਚ ਬਣੇ ਆਪਣੇ ਘਰ ਵਿਚ ਲੁਕ ਜਾਂਦੀ ਸੀ।
ਇਕ ਦਿਨ ਭੰਵਰਮਾਨ ਦੇਸ਼ ਦੇ ਰਾਜੇ ਦਾ ਪੁੱਤਰ ਭੰਵਰਾ ਆਪਣੇ ਮਨ ਵਿਚ ਪੱਕਾ ਫ਼ੈਸਲਾ ਕਰਕੇ ਕਿ ਉਹ ਜਾਂ ਤਾਂ ਪਰੀ ਮਹਿਕਮਣੀ ਨੂੰ ਲੱਭ ਕੇ ਉਸ ਨਾਲ ਵਿਆਹ ਕਰੇਗਾ ਜਾਂ ਆਪਣੀ ਜਾਨ ਦੇ ਦੇਵੇਗਾ, ਆਪਣੇ ਘਰੋਂ ਚੱਲ ਪਿਆ। ਉਸ ਦੇ ਮਾਤਾ-ਪਿਤਾ, ਭੈਣ-ਭਰਾਵਾਂ ਨੇ ਉਸ ਨੂੰ ਬਹੁਤ ਸਮਝਾਇਆ। ਪੱਕੇ ਇਰਾਦੇ ਅਤੇ ਪਹਾੜ ਵਰਗੇ ਬੁਲੰਦ ਹੌਸਲੇ ਵਾਲਾ ਨੌਜਵਾਨ ਰਾਜਕੁਮਾਰ ਭੰਵਰਾ ਬਿਨਾਂ ਕਿਸੇ ਦੀ ਗੱਲ ਸੁਣੇ ਮਹਿਕਮਣੀ ਦੇ ਵਾਸ ਵਾਲੇ ਜੰਗਲ ਦੇ ਰਾਹ ਪੈ ਗਿਆ। ਜਦੋਂ ਉਹ ਜੰਗਲ ‘ਚ ਪਹੁੰਚਿਆ ਤਾਂ ਉਸ ਨੂੰ ਇਕ ਜੋਗੀ ਦਿਸਿਆ। ਉਹ ਜੋਗੀ ਪਰਮਾਤਮਾ ਦੀ ਅਰਾਧਨਾ ਵਿਚ ਲੀਨ ਸਮਾਧੀ ਲਾਈ ਬੈਠਾ ਸੀ। ਉਸ ਨੇ ਉਸ ਜੋਗੀ ਨੂੰ ਮੱਥਾ ਟੇਕਿਆ। ਫਿਰ ਚੁੱਪ-ਚਾਪ ਇਕ ਪਾਸੇ ਬੈਠ ਉਹ ਜੋਗੀ ਦੀ ਸਮਾਧੀ ਖੁੱਲ੍ਹਣ ਦੀ ਉਡੀਕ ਕਰਨ ਲੱਗਾ। ਉਹ ਜੋਗੀ ਤੋਂ ਮਹਿਕਮਣੀ ਦੀ ਪ੍ਰਾਪਤੀ ਲਈ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦਾ ਸੀ। ਇਕ ਦਿਨ, ਦੋ ਦਿਨ, ਤਿੰਨ ਦਿਨ ਪਰ ਜੋਗੀ ਦੀ ਸਮਾਧੀ ਨਾ ਖੁੱਲ੍ਹੀ। ਭੰਵਰਾ ਵੀ ਪੱਕੇ ਇਰਾਦੇ ਦਾ ਮਾਲਕ ਸੀ। ਉਥੋਂ ਨਾ ਹਿੱਲਿਆ। ਜੋਗੀ ਰੱਬ ਦੀ ਭਗਤੀ ਹਿਤ ਸਮਾਧੀ ਲਾਈ ਬੈਠਾ ਸੀ, ਜਦ ਕਿ ਭੰਵਰੇ ਨੇ ਵੀ ਉਸ ਜੋਗੀ ਵਿਚ ਧਿਆਨ ਲਗਾ ਕੇ ਸਮਾਧੀ ਲਾ ਲਈ। ਸਮਾਧੀ ਲਗਾ ਕੇ ਉਹ ਮਨ ਹੀ ਮਨ ਜੋਗੀ ਨੂੰ ਬੇਨਤੀ ਕਰਨ ਲੱਗਾ ਕਿ ਜੋਗੀ ਮਹਾਰਾਜ! ਮੈਂ ਤੁਹਾਡਾ ਬੱਚਾ, ਤੁਹਾਡਾ ਦਾਸ ਹਾਂ। ਮੇਰੀ ਮਦਦ ਕਰੋ। ਦਸ ਦਿਨ ਬਾਅਦ ਉਸ ਦੀ ਬੇਨਤੀ ਉਸ ਜੋਗੀ ਦੀ ਆਤਮਾ ਤੱਕ ਪਹੁੰਚ ਗਈ। ਜੋਗੀ ਨੇ ਅੱਖਾਂ ਖੋਲ੍ਹ ਕੇ ਉਸ ਨੂੰ ਪ੍ਰਸੰਨ ਚਿੱਤ ਹੋ ਕੇ ਪੁਕਾਰਿਆ ਅਤੇ ਕਿਹਾ, ‘ਬੱਚਾ, ਦੱਸ ਮੈਂ ਤੇਰੀ ਕੀ ਮਦਦ ਕਰ ਸਕਦਾ ਹਾਂ?’
ਭੰਵਰੇ ਨੇ ਆਪਣੀ ਇੱਛਾ ਦੱਸੀ। ਜੋਗੀ ਨੇ ਕਿਹਾ ਕਿ ਚੰਦਨ ਦੇ ਰੁੱਖਾਂ ‘ਚੋਂ ਉਹ ਰੁੱਖ ਲੱਭਣਾ ਅਤਿ ਕਠਿਨ ਹੈ, ਜਿਸ ਵਿਚ ਪਰੀ ਮਹਿਕਮਣੀ ਵਾਸ ਕਰਦੀ ਹ। ਤੇਰੀ ਪ੍ਰੇਮ ਨਾਲ ਭਿੱਜੀ ਲਗਨ ਨੇ ਮੈਨੂੰ ਪ੍ਰਭਾਵਿਤ ਕੀਤਾ। ਇਸ ਲਈ ਤੇਰੀ ਮਦਦ ਹਿਤ ਮੈਂ ਤੈਨੂੰ ਕੌਡੀ ਦਿੰਦਾ ਹਾਂ। ਜਦੋਂ ਇਹ ਕੌਡੀ ਤੂੰ ਚੰਦਨ ਦੇ ਦਰੱਖਤਾਂ ਨਾਲ ਛੂਹਾਏਾਗਾ ਤਾਂ ਜਿਸ ਦਰੱਖਤ ਵਿਚ ਪਰੀ ਰਹਿੰਦੀ ਹੋਵੇਗੀ, ਤੈਨੂੰ ਆਪਣੇ-ਆਪ ਨਜ਼ਰ ਆ ਜਾਵੇਗੀ। ਉਹ ਚੰਦਨ ਦੇ ਉਸ ਜੰਗਲ ਦੇ ਹਜ਼ਾਰਾਂ ਰੁੱਖਾਂ ਨਾਲ ਕੌਡੀ ਛੁਹਾ ਕੇ ਦੇਖਣ ਲੱਗਾ। ਭੁੱਖਾ-ਪਿਆਸਾ ਉਹ ਕਈ ਦਿਨ ਚੰਦਨ ਦੇ ਰੁੱਖਾਂ ਨਾਲ ਇਹ ਚਮਤਕਾਰੀ ਕੌਡੀ ਛੁਹਾ ਕੇ ਦੇਖਦਾ ਰਿਹਾ ਪਰ ਉਸ ਨੂੰ ਪਰੀ ਮਹਿਕਮਣੀ ਦਿਖਾਈ ਨਾ ਦਿੱਤੀ। ਭੰਵਰੇ ਨੇ ਹਿੰਮਤ ਨਾ ਹਾਰੀ। ਇਕ ਦਿਨ ਇਕ ਰੁੱਖ ‘ਚ ਪਰੀ ਉਸ ਨੂੰ ਦਿਸ ਪਈ, ਜੋ ਕਿ ਚੋਰੀ-ਚੋਰੀ ਰਾਜਕੁਮਾਰ ਭੰਵਰੇ ਨੂੰ ਦੇਖਦੀ ਰਹੀ ਸੀ। ਉਹ ਉਸ ਦੇ ਪ੍ਰੇਮ ਲਗਨ ਅਤੇ ਪੱਕੇ ਇਰਾਦੇ ਤੋਂ ਪ੍ਰਭਾਵਿਤ ਸੀ। ਜਦੋਂ ਬੇਹੱਦ ਬਿਹਬਲਤਾ ਨਾਲ ਭੰਵਰੇ ਨੇ ਉਸ ਨੂੰ ਪੁਕਾਰਿਆ ਤਾਂ ਉਹ ਖੁਦ ਨੂੰ ਰੋਕ ਨਾ ਸਕੀ। ਰੁੱਖ ਤੋਂ ਬਾਹਰ ਆ ਕੇ ਉਸ ਨੇ ਭੰਵਰੇ ਦਾ ਪਿਆਰ ਸਵੀਕਾਰ ਕਰ ਲਿਆ। ਭੰਵਰਾ ਖੁਸ਼ੀ-ਖੁਸ਼ੀ ਉਸ ਨੂੰ ਆਪਣੇ ਮਹਿਲਾਂ ਵਿਚ ਲੈ ਆਇਆ ਅਤੇ ਉਸ ਨਾਲ ਵਿਆਹ ਕਰਾ ਲਿਆ। ਸੋ ਪਿਆਰੇ ਬੱਚਿਓ! ਇਸ ਤਰ੍ਹਾਂ ਸੱਚੇ ਪ੍ਰੇਮ, ਪੱਕੇ ਇਰਾਦੇ, ਬੁਲੰਦ ਹੌਸਲੇ ਅਤੇ ਲਗਨ ਦੀ ਅੰਤ ਵਿਚ ਜਿੱਤ ਹੋਈ।

-ਸੁਰਿੰਦਰ ਸਿੰਘ ਕਰਮ ਲਧਾਣਾ