ਘਾਤਕ ਮਨੂੰਵਾਦ  ਦੇ ਖ਼ਤਰੇ

ਘਾਤਕ ਮਨੂੰਵਾਦ  ਦੇ ਖ਼ਤਰੇ

ਮਨੂੰਵਾਦ ਨੇ ਭਾਰਤੀ ਲੋਕਾਂ ਨੂੰ ਸਦੀਆਂ ਤੱਕ ਗ਼ੁਲਾਮੀ ਦੀ ਚੱਕੀ ਵਿਚ ਪਿਸਵਾਇਆ ਹੈ। ਕਾਂਗਰਸ ਦੇ ਰਾਜ ਦੇ ਸਮੇਂ ਇਹ ਇੰਨਾ ਭਾਰੂ ਨਹੀਂ ਸੀ ਜਿੰਨਾ ਇਹ ਹੁਣ ਭਾਰਤੀ ਜਨਤਾ ਪਾਰਟੀ ਸਮੇਂ ਹੈ। ਇਤਿਹਾਸ ਗਵਾਹ ਹੈ ਕਿ ਇਸਦੇ ਨਤੀਜੇ ਭਾਰਤ ਲਈ ਭਿਆਨਕ ਹੋਏ ਸਨ ਅਤੇ ਹੁਣ ਵੀ ਹੋਣਗੇ। ਮਸ਼ਹੂਰ ਵਿਦਿਵਾਨ ਅਲਬਰੂਨੀ ਅਨੁਸਾਰ ਬ੍ਰਾਹਮਣ ਘੁਮੰਡੀ, ਅਭਿਮਾਨੀ, ਆਪਣੇ ਆਪ ਨੂੰ ਵੱਡਾ ਸਮਝਣ ਵਾਲਾ ਅਤੇ ਉਲੂ ਦਾ ॥। ਹੈ। ਇਸ ਨੂੰ ਗ਼ਲਤ ਵਹਿਮ ਹੈ ਕਿ ਇਸ ਦੇ ਦੇਸ਼ ਵਰਗਾ ਨਾ ਕੋਈ ਦੇਸ਼, ਨਾ ਕੋਈ ਕੌਮ, ਨਾ ਕੋਈ ਰਾਜਾ ਅਤੇ ਨਾ ਹੀ ਕੋਈ ਸਾਇੰਸ ਹੈ। ਭਾਵੇਂ ਉੇਸ ਸਮੇਂ ਮੁਸਲਮਾਨਾਂ ਨੇ ਭਾਰਤ ਵਿਚ ਇਕ ਅਤਿਆਚਾਰੀ ਸੈਨਿਕ ਸ਼ਾਸਨ ਸਥਾਪਿਤ ਕੀਤਾ ਹੋਇਆ ਸੀ, ਇਕ ਪ੍ਰੇਖਕ ਅਨੁਸਾਰ ‘ਕੋਈ ਹਿੰਦੂ ਸਿਰ ਉੱਚਾ ਨਹੀਂ ਕਰ ਸਕਦਾ ਸੀ ਤੇ ਉਨ੍ਹਾਂ ਦੇ ਘਰਾਂ ਵਿਚ ਸੋਨੇ ਚਾਂਦੀ ਜਾਂ ਹੋਰ ਕਿਸੇ ਵਾਧੂ ਚੀਜ਼ ਦੀ ਨਿਸ਼ਾਨੀ ਤਕ ਨਹੀਂ ਸੀ। ਕਰ ਉਗਰਾਹਣ ਲਈ ਮਾਰ ਕੁਟਾਈ, ਕਾਠ ਮਾਰਨਾ, ਕੈਦ ਤੇ ਜੰਜ਼ੀਰਾਂ, ਸਭ ਕੁਝ ਵਰਤਿਆ ਜਾਂਦਾ ਸੀ।’
ਆਓ ਦੇਖੀਏ ਇਹ ਲਾਹਨਤ ਕਿੱਥੋਂ ਆਈ ਹੈ?
ਹਿੰਦੂ ਲਫ਼ਜ਼ ਨਾ ਹੀ ਸੰਸਕ੍ਰਿਤ ਅਤੇ ਨਾ ਹੀ ਭਾਰਤ ਦੇ ਕਿਸੇ ਜ਼ੁਬਾਨ ਦਾ ਹੈ। ਅੱਠਵੀਂ ਸਦੀ ਵਿਚ ਅਰਬਾਂ ਨੇ ਭਾਰਤ ਵਿਚ ਵਸਦੇ ਲੋਕਾਂ ਲਈ, ਇਹ ਲਫ਼ਜ਼ ਪਹਿਲੀ ਵਾਰ ਵਰਤਿਆ ਸੀ। ਅਸਲ ਵਿਚ ਸਿੰਧ ਦਰਿਆ ਦੇ ਲਾਗੇ ਵਸਦੇ ਲੋਕੀ ਆਪਣੇ ਆਪ ਨੂੰ ਸਿੰਧੂ ਕਹਿਲਾਉਂਦੇ ਸਨ। ਅਰਬਾਂ ਨੇ ਸਿੰਧੂ ਲਫ਼ਜ਼ ਨੂੰ ਹਿੰਦੂ ਸਮਝ ਲਿਆ ਸੀ। ਬਾਅਦ ਵਿਚ ਕੁਝ ਲੋਕਾਂ ਨੇ ਹਿੰਦੂ ਲਫ਼ਜ਼ ਨੂੰ ਹਿੰਦੂ ਧਰਮ ਨਾਲ ਜੋੜ ਲਿਆ। ਹਿੰਦੂ ਧਰਮ ਨੂੰ ਕਿਸੇ ਇਤਿਹਾਸਕ ਉੱਘੇ ਪੈਗੰਬਰ ਜਾਂ ਵਿਅਕਤੀ ਨੇ ਨਹੀਂ ਚਲਾਇਆ ਅਤੇ ਨਾ ਹੀ ਕਿਸੇ ਕਿਤਾਬ ਨੂੰ ਇਹ ਧਰਮ ਧੁਰ ਦੀ ਬਾਣੀ ਮੰਨਦਾ ਹੈ। ਅਸਲ ਵਿਚ ਹਿੰਦੂ ਧਰਮ ਕੋਈ ਇਕ ਮਤ ਨਹੀਂ। ਇਹ ਕਈ ਪ੍ਰਕਾਰ ਦੇ ਵਿਸ਼ਵਾਸਾਂ ਅਤੇ ਰੀਤੀ-ਕਰਮਾਂ ਦਾ ਸੰਗ੍ਰਹਿ ਹੈ, ਜੋ ਹੋਰ ਕਈ ਗੱਲਾਂ ਵਿਚ ਵੱਖਰੇ ਪਰ ਤਿੰਨਾਂ ਗੱਲਾਂ ਵਿਚ ਮਿਲਦੇ ਹਨ; ਗਊ ਦੀ ਪੂਜਾ, ਆਵਾਗਵਣ ਵਿਚ ਵਿਸ਼ਵਾਸ ਅਤੇ ਬ੍ਰਾਹਮਣਾਂ ਦੀ ਅਗਵਾਈ ਵਿਚ ਯਕੀਨ। ਪੁਰੋਹਿਤ ਜਾਣੀ ਪੁਜਾਰੀ ਜਮਾਤ ਨੇ ਵੱਖਰੀਆਂ ਵੱਖਰੀਆਂ ਰਸਮਾਂ ਨੂੰ ਮਿਲਾ ਕੇ ਪੂਜਾ ਪਾਠ ਦੇ ਢੰਗਾਂ ਵਿਚ ਢਾਲ ਕੇ ਲੋਕਾਂ ਵਿਚ ਹਰਮਨ ਪਿਆਰਾ ਬਣਾਇਆ।
ਅਸਲ ਵਿਚ ਆਰੀਅਨ ਲੋਕ ਪੁਰੋਹਿਤ ਸ਼੍ਰੇਣੀ ਨਾਲ ਲੈ ਕੇ ਆਏ ਸਨ, ਜਿਨ੍ਹਾਂ ਦਾ ਪਹਿਲਾਂ ਪਹਿਲਾਂ ਕੰਮ ਵੇਦ (ਗਿਆਨ) ਪੜ੍ਹਨ ਅਤੇ ਯੱਗ ਕਰਨਾ ਸੀ। ਪੁਰੋਹਿਤ ਯੱਗ ਹਵਨਾਂ ਦੀ ਦੱਖਣਾ ਨਾਲ ਬੜੇ ਧਨਵਾਨ ਬਣ ਗਏ ਸਨ। ਪੁਰੋਹਿਤ ਕਹਿੰਦੇ ਸਨ ‘ਸਾਰਾ ਸੰਸਾਰ ਇਕ ਬਲੀ ਯੱਗ ਤੋਂ ਉਤਪੰਨ ਹੋਇਆ, ਇਸੇ ਯੱਗ ਤੋਂ ਦੇਵਤੇ ਵੀ ਉਪਜੇ ਸਨ। ਨਿਸ਼ਚੇ ਹੀ ਜੇ ਬ੍ਰਾਹਮਣ ਯੱਗ ਨਾ ਕਰਾਵੇ ਤਾਂ ਸੂਰਜ ਵੀ ਨਾ ਚੜ੍ਹੇ।’
ਬ੍ਰਾਹਮਣਾਂ ਦੇ ਅਧਿਕ ਧਨ ਕਾਰਨ ਉਨ੍ਹਾਂ ਦਾ ਪਤਨ ਹੋਇਆ, ਉਨ੍ਹਾਂ ਦੀ ਥਾਂ ਨਵੇਂ ਬ੍ਰਾਹਮਣ ਪੈਦਾ ਹੋਏ। ਉਪਨਿਸ਼ਦ (ਜਿਸ ਦਾ ਭਾਵ ਹੈ ਕੋਲ ਬੈਠਣਾ) ਰਿਸ਼ੀਆਂ ਅਤੇ ਮੁਨੀਆਂ ਦੇ ਰਚੇ ਸੰਵਾਦ ਹਨ। ਇਹ ਅਜਿਹੇ ਪ੍ਰਸ਼ਨਾਂ ਦੇ ਉੱਤਰ ਦੇਣ ਦਾ ਪ੍ਰਯਾਸ ਕਰਦੇ ਹਨ: ਅਸੀਂ ਕਿੱਥੋਂ ਪੈਦਾ ਹੋਏ? ਅਸੀਂ ਕਿੱਥੇ ਰਹਿੰਦੇ ਹਾਂ? ਅਸਾਂ ਕਿੱਧਰ ਜਾਣਾ ਹੈ? ਫਿਰ ਜੈਨ ਅਤੇ ਬੁੱਧ ਮਤ ਪੈਦਾ ਹੋਏ ਜਿਨ੍ਹਾਂ ਨੂੰ ਬ੍ਰਾਹਮਣਾਂ ਨੇ ਕਾਫਿਰ ਆਖਿਆ, ਕਿਉਂਕਿ ਇਨ੍ਹਾਂ ਨੇ ਬ੍ਰਾਹਮਣਾਂ ਦੀਆਂ ਰਸਮਾਂ ਨੂੰ ਭੰਡਿਆ ਸੀ। ਇਸ ਸਦਕੇ ਤ੍ਰਿਮੂਰਤੀ ਸਿਧਾਂਤ ਪੈਦਾ ਹੋਇਆ, ਜਾਣੀ ਬ੍ਰਹਮਾ (ਸ੍ਰਸ਼ਟਾ), ਵਿਸ਼ਨੂੰ (ਵਿਧਾਤਾ) ਅਤੇ ਸ਼ਿਵ (ਸੰਘਾਰ ਕਰਤਾ)। ਮਨੂੰਵਾਦ ਬਹੁਤ ਚਲਾਕ ਅਤੇ ਫ਼ਰੇਬੀ ਹੈ, ਇਸ ਨੇ ਭਾਰਤ ਵਿਚ ਪੈਦਾ ਹੋਏ ਹਰ ਮਤ ਨੂੰ ਹੜਪ ਲਿਆ। ਜੈਨ ਅਤੇ ਬੁੱਧ ਮਤਾਂ ਨੇ ਬ੍ਰਾਹਮਣਾਂ ਦੀਆਂ ਰਸਮਾਂ ਨੂੰ ਲਲਕਾਰਿਆ ਪਰ ਇਸ ਨੇ ਜਵਾਬ ਵਿਚ ਬੁੱਧ ਅਤੇ ਮਹਾਂਵੀਰ ਨੂੰ ਪਗੰਬਰ ਬਣਾ ਕੇ ਉਨ੍ਹਾਂ ਦੀਆਂ ਚੁਣੌਤੀਆਂ ਨੂੰ ਖੁੰਢਾ ਕਰ ਦਿੱਤਾ। ਦਰਾਵੜਾਂ ਦੇ ਪਗੰਬਰਾਂ ਨੂੰ ਵੀ ਆਪਣੇ ਵਿਚ ਸਮੋ ਲਿਆ। ਇਸ ਤਰ੍ਹਾਂ ਇਸ ਨੇ ਸਿੱਖ ਲਹਿਰ ਨੂੰ ਢਾਹ ਲਾਈ। ਗੁਰੂਆਂ (ਅਧਿਆਪਕਾਂ) ਨੂੰ ਰੱਬ ਬਣਾ ਦਿੱਤਾ।
ਮਨੂੰਵਾਦ ਨੂੰ ਕਈ ਲਲਕਾਰਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੇ ਹਿਮਾਇਤੀਆਂ ਨੇ ਭਾਰਤ ਦੇ ਲੋਕਾਂ ਉੱਤੇ ਇਸਦੀ ਪਕੜ ਢਿੱਲੀ ਨਹੀਂ ਪੈਣ ਦਿੱਤੀ। ਭਗਵਤ ਗੀਤਾ ਨੇ ਕਰਮ ਦਾ ਸਿਧਾਂਤ ਹਿੰਦੂ ਧਰਮ ਦਾ ਪ੍ਰਮੁੱਖ ਹਿੱਸਾ ਬਣਾ ਦਿੱਤਾ ਅਤੇ ਨਾਲ ਹੀ ਧਰਮ ਦੀ ਪਰਖ ਦਾ ਜੱਜ ਬ੍ਰਾਹਮਣ ਨੂੰ ਸਥਾਪਤ ਕਰ ਦਿੱਤਾ। ਇਸ ਤਰ੍ਹਾਂ ਧਰਮ ਬ੍ਰਾਹਮਣ ਦੀ ਇਜਾਰੇਦਾਰੀ ਬਣ ਗਿਆ।

ਲੋਕਾਂ ਵਿਚ ਵੰਡ ਪਾ ਕੇ ਆਪ ਵੱਡਾ ਬਣਨਾ
ਪੁਰੋਹਿਤ ਨੇ ਭਾਰਤੀ ਲੋਕਾਂ ਨੂੰ ਚਾਰ ਵਰਣਾਂ ਵਿਚ ਵੰਡਿਆ ਅਤੇ ਆਪਣੇ ਆਪ ਨੂੰ ਬ੍ਰਾਹਮਣ ਬਣਾ ਕੇ ਪਹਿਲੇ ਨੰਬਰ ‘ਤੇ ਰੱਖ ਲਿਆ। ਚੌਥਾ ਵਰਣ ਸ਼ੂਦਰ (ਦਾਸ-ਗ਼ੁਲਾਮ) ਸਮਾਜ ਵਿੱਚੋਂ ਛੇਕੇ ਹੋਏ ਜਾਂ ਅਛੂਤ ਸਮਝੇ ਜਾਂਦੇ ਸਨ। ਵਰਣ ਦਾ ਅਰਥ ਰੰਗ ਹੈ। ਅਸਲ ਵਿਚ ਇਹ ਲੋਕ ਦਰਾਵੜ ਸਨ, ਜਿਨ੍ਹਾਂ ਦਾ ਰੰਗ ਆਰੀਅਨ ਲੋਕਾਂ ਨਾਲੋਂ ਕਾਲਾ ਸੀ। ਇਸ ਤਰ੍ਹਾਂ ਹੋਰ ਵੀ ਲੋਕ ਸਨ, ਜਿਨ੍ਹਾਂ ਨੂੰ ਸਵਰਨ ਕਹਿੰਦੇ ਸਨ। ਇਨ੍ਹਾਂ ਲਈ ਕੇਵਲ ਮੁਰਦਿਆਂ ਦਾ ਉਤਾਰ ਪਹਿਨਣਾ, ਖਾਣ ਲਈ ਟੁੱਟੇ ਹੋਏ ਭਾਂਡੇ ਵਰਤਣਾ, ਲੋਹੇ ਦੇ ਗਹਿਣੇ ਪਾਉਣਾ ਹੀ ਯੋਗ ਸੀ ਅਤੇ ਇਨ੍ਹਾਂ ਲਈ ਕਿਸੇ ਇਕ ਥਾਉਂ ਪੱਕੇ ਨਿਵਾਸ ਦੀ ਮਨਾਹੀ ਸੀ।
ਮਨੂੰਵਾਦ ਨੇ ਵਿਦੇਸ਼ੀਆਂ ਦੇ ਹਮਲਿਆਂ ਤੋਂ ਬਹੁਤ ਮਾਰ ਤਾਂ ਖਾਧੀ ਪਰ ਵਿਦੇਸ਼ੀਆਂ ਨਾਲ ਲੜਨ ਲਈ ਭਾਰਤੀ ਲੋਕਾਂ ਵਿਚ ਏਕਤਾ ਨਹੀਂ ਬਣਾਈ ਕਿਉਂਕਿ ਉਨ੍ਹਾਂ ਨੂੰ ਨੀਵੀਂਆਂ ਜਾਤਾਂ ਤੋਂ ਨਫ਼ਰਤ ਸੀ। ਮਹਿਮੂਦ ਗਜ਼ਨੀ ਨੇ 1005 ਤੋਂ ਲੈ ਕੇ 1021 ਤਕ 17 ਹਮਲੇ ਕੀਤੇ। ਇਕ ਵਾਰੀ ਉਸ ਨੇ, ਰਾਤ ਹੋਣ ਕਰਕੇ ਜਦ ਲੜਾਈ ਬੰਦ ਸੀ, ਆਪਣੇ ਜਸੂਸ ਭੇਜੇ। ਜਸੂਸਾਂ ਨੇ ਉਸ ਨੂੰ ਦੱਸਿਆ ਕਿ ਦੁਸ਼ਮਣਾਂ ਦੀ ਗਿਣਤੀ ਤਾਂ ਬਹੁਤ ਹੈ ਪਰ ਉਨ੍ਹਾਂ ਦੇ ਚੁੱਲ੍ਹੇ ਚਾਰ ਹਨ। ਗਜ਼ਨੀ ਨੇ ਭਵਿੱਸ਼ ਬਾਣੀ ਕੀਤੀ, ”ਜਿਹੜੇ ਲੋਕ ਇਕ ਚੁੱਲ੍ਹੇ ਵਿੱਚੋ ਨਹੀਂ ਖਾ ਸਕਦੇ, ਉਹ ਕਿਵੇਂ ਇਕੱਠੇ ਹੋ ਕੇ ਲੜ ਸਕਦੇ ਹਨ?” ਇਹ ਸੱਚ ਸਾਬਤ ਹੋਇਆ।
ਇਸੇ ਤਰ੍ਹਾਂ ਹੀ ਮੁਹੰਮਦ ਗੌਰੀ ਨੇ 1175 ਤੋਂ ਲੈ ਕੇ 1205 ਤਕ 7 ਹਮਲੇ ਕੀਤੇ ਅਤੇ ਭਾਰਤ ਨੂੰ ਲੁਟਿਆ।

ਲੋਕਾਂ ਦਾ ਦੋਖੀ
ਗੌਰੀ ਲੰਕੇਸ਼ ਤੇ ਤਰਕਵਾਦੀ ਲੋਕਾਂ ਦੇ ਕਤਲਾਂ ਤੋਂ ਸਾਬਤ ਹੋ ਗਿਆ ਹੈ ਕਿ ਜਥੇਬੰਦ ਹਿੰਦੂਤਵ ਨੇ ਹਿੰਸਾ ਅਤੇ ਅਸਹਿਣਸ਼ੀਲਤਾ ਦਾ ਭਿਅੰਕਰ ਤਰੀਕਾ ਅਪਣਾ ਲਿਆ ਹੈ। ਕੁੱਟ ਕੁੱਟ ਕੇ ਮਾਰਨ ਦੀ ਗੱਲ ਹੋਵੇ ਜਾਂ ਗਊ ਰੱਖਿਆ ਦੀ, ਹੁਣ ਹਿੰਦੂਤਵ ਦੀ ਇਹ ਖਾਸੀਅਤ ਬਣ ਗਈ ਹੈ। ਤਰਕਵਾਦੀ, ਸਮਝਦਾਰ, ਨੀਵੀਂਆਂ ਜਾਤਾਂ ਅਤੇ ਘੱਟ ਗਿਣਤੀ ਦੇ ਲੋਕ ਇਸ ਦੇ ਨਿਸ਼ਾਨੇ ‘ਤੇ ਹਨ। ਮੋਦੀ ਸਰਕਾਰ ਦੀ ਪੁਲੀਸ ਹਿੰਦੂਤਵਾਂ ਦੀ ਪਿੱਠ ‘ਤੇ ਹੈ। ਪਹਿਲਾਂ ਮਨੂੰਵਾਦ ਨੇ ਜਿਹੜਾ ਕੰਮ ਕੀਤਾ ਸੀ, ਅੱਜ ਫਿਰ ਉਹੀ ਕੰਮ ਹਿੰਦੂਤਵ ਕਰ ਰਿਹਾ ਹੈ। ਇਕ ਰਿਪੋਰਟ ਅਨੁਸਾਰ ਮੋਦੀ ਨੇ 14 ਕੱਟੜ ਹਿੰਦੂ ਵਿਦਿਵਾਨਾਂ ਨੂੰ ਕਿਹਾ ਹੈ ਕਿ ਉਹ ਸਕੂਲਾਂ ਦੀਆਂ ਕਿਤਾਬਾਂ ਵਿਚ ਰਮਾਇਣ ਅਤੇ ਮਹਾਂ ਭਾਰਤ ਨੂੰ ਹਕੀਕੀ ਘਟਨਾਵਾਂ ਬਣਾ ਕੇ ਪੇਸ਼ ਕਰਨ। ਇਸ ਤਰ੍ਹਾਂ ਹੀ ਪਾਕਿਸਤਾਨ ਵਿਚ ਵੀ ਹੋਇਆ ਸੀ, ਜਦ ਜ਼ਿਆ ਨੇ ਸਕੂਲਾਂ ਦੀਆਂ ਕਿਤਾਬਾਂ ਵਿਚ ਕੱਟੜ ਇਸਲਾਮ ਨੂੰ ਠੋਸਿਆ ਸੀ, ਜਿਸ ਸਦਕੇ ਅੱਜ ਪਾਕਿਸਤਾਨ ਟੁੱਟਣ ਦੇ ਕਿਨਾਰੇ ਹੈ। (ਪੜ੍ਹੋ ਕੇ। ਕੇ। ਅਜੀਜ਼ ਦੀ ਕਿਤਾਬ ਇਤਿਹਾਸ ਦਾ ਕਤਲ)। ਮੋਦੀ ਭਾਰਤ ਨੂੰ ਪਾਕਿਸਤਾਨ ਬਣਾ ਦੇਵੇਗਾ।
ਬੇਸ਼ਰਮ ਅਤੇ ਮੌਕਾਪ੍ਰਸਤ ਸਿਆਸੀ ਜਮਾਤਾਂ ਤੋਂ ਸਾਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ। ਇਸ ਭਿਅੰਕਰ ਹਿੰਦੂਤਵ ਨੂੰ ਰੋਕਣ ਲਈ ਲੋਕ ਲਹਿਰ ਪੈਦਾ ਕਰਨੀ ਪਵੇਗੀ ਨਹੀਂ ਤਾਂ ਭਾਰਤ ਨੂੰ ਕੱਟੜ ਹਿੰਦੂ ਧਾਰਮਿਕ ਦੇਸ਼ ਬਣਨ ਤੋਂ ਕੋਈ ਰੋਕ ਨਹੀਂ ਸਕੇਗਾ।

ਆਪਣੇ ਹਿੱਤ ਲਈ ਪਾਠ ਪੂਜਾ ਵਿਚ ਮਗ਼ਰੂਰ
ਦੁਸ਼ਮਣਾਂ ਦੇ ਹਮਲਿਆਂ ਨੂੰ ਰੋਕਣ ਲਈ ਵੀ ਬ੍ਰਾਹਮਣਾਂ ਨੇ ਪਾਠ ਪੂਜਾ ਨੂੰ ਤਰਜੀਹ ਦਿੱਤੀ ਕਿਉਂਕਿ ਇਹ ਉਨ੍ਹਾਂ ਦੀ ਕਮਾਈ ਦਾ ਵਸੀਲਾ ਸੀ। ਇਕ ਵਾਰ ਜਦ ਪਤਾ ਲੱਗ ਚੁੱਕਾ ਸੀ ਕਿ ਗਜ਼ਨੀ ਨੇ ਹਮਲਾ ਕਰਨਾ ਹੈ, ਬ੍ਰਾਹਮਣਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਐਸੀ ਪਾਠ ਪੂਜਾ ਕਰਨਗੇ ਕਿ ਗਜ਼ਨੀ ਭਾਗਵਾਨ ਦੇ ਘਰ ਅੰਦਰ ਨਹੀਂ ਆ ਸਕੇਗਾ। ਲੋਕ ਸੋਮਨਾਥ ਮੰਦਰ ਵਿਚ ਜਾ ਵੜੇ। ਬ੍ਰਾਹਮਣ ਜਿੰਦਾ ਕੁੰਡਾ ਲਾ ਕੇ ਮੰਦਰ ਅੰਦਰ ਪਾਠ ਪੂਜਾ ਕਰਨ ਲੱਗ ਪਏ। ਗਜ਼ਨੀ ਆਇਆ, ਜਿੰਦਾ ਤੋੜਿਆ, 50 ਹਜ਼ਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ। ਸੁਹਣੀਆਂ ਅਤੇ ਮੁਟਿਆਰ ਕੁੜੀਆਂ ਨੂੰ ਅਗਵਾ ਕੀਤਾ ਅਤੇ ਮੰਦਰ ਤੋਂ ਸੋਨਾ ਅਤੇ ਧਨ ਲੁੱਟ ਕੇ ਚਲੇ ਗਿਆ। ਭਾਗਵਾਨ ਵੀ ਗਜ਼ਨੀ ਨੂੰ ਰੋਕ ਨਾ ਸਕਿਆ।

ਖੁਦਗਰਜ਼
ਗਜ਼ਨੀ, ਜਿਸ ਨੇ ਉੱਤਰੀ ਭਾਰਤ ਦੀ ਅੰਨ੍ਹੇਵਾਹ ਤਬਾਹੀ ਕੀਤੀ ਅਤੇ ਹਿੰਦੂ ਧਰਮ ਅਤੇ ਮੰਦਰਾਂ ਦਾ ਮਖੌਲ ਉਡਾਇਆ, ਉਸ ਨੇ ਭਾਰਤ ਵਿਚ ਆਪਣੇ ਲਈ ਹਿੰਦੂਆਂ ਦੀ ਫੌਜ ਬਣਾਈ ਅਤੇ, ਇਕ ਹਿੰਦੂ ਨਾਮੀ ਤਿਲਕ, ਨੂੰ ਜਰਨੈਲ ਬਣਾਇਆ। ਜਦ ਮੁਸਲਮਾਨਾਂ ਨੇ ਗਜ਼ਨੀ ਵਿਚ ਉਸ ਦੇ ਵਿਰੁੱਧ ਬਗਾਵਤ ਕੀਤੀ, ਤਦ ਇਹ ਤਿਲਕ ਹੀ ਸੀ ਜਿਸ ਨੇ ਬਗਾਵਤ ਨੂੰ ਦਬਾਇਆ। ਕਹਿਣ ਲਈ ਮਨੂੰਵਾਦ ਵਿਦੇਸ਼ੀ ਹਾਕਮਾਂ ਨੂੰ ਨਫ਼ਰਤ ਕਰਦਾ ਸੀ ਪਰ ਫ਼ਾਰਸੀ, ਉਰਦੂ ਅਤੇ ਅੰਗਰੇਜ਼ੀ ਸਿੱਖ ਕੇ ਵਿਦੇਸ਼ੀ ਹਾਕਮਾਂ ਦੀਆਂ ਨੌਕਰੀਆਂ ਕਰਨ ਵਿਚ ਮੋਹਰਲੀਆਂ ਕਿਤਾਰਾਂ ਵਿਚ ਸੀ। ਸੱਚ ਇਹ ਹੈ ਕਿ ਇਸ ਨੇ ਵਿਦੇਸ਼ੀ ਰਾਜਿਆਂ ਦੇ, ਆਪਣੇ ਸੌੜੇ ਹਿਤਾਂ ਖ਼ਾਤਰ, ਰਾਜ ਚਲਾਉਣ ਵਿਚ ਮਦਦ ਕੀਤੀ। ਮਨੂੰਵਾਦ ਨੇ ਨਾ ਤਾਂ ਮੁਸਲਮਾਨਾਂ ਅਤੇ ਨਾ ਹੀ ਅੰਗਰੇਜ਼ਾਂ ਦੇ ਰਾਜ ਸਮੇਂ ਕਿਸੇ ਵੀ ਅਜ਼ਾਦੀ ਦੀ ਲਹਿਰ ਵਿਚ ਹਿੱਸਾ ਨਹੀਂ ਪਾਇਆ।
ਲੜਾਕੇ ਰਾਜਪੂਤਾਂ ਦੀ ਹਾਰ
ਗਜ਼ਨੀ ਤੋਂ ਰਾਜਪੂਤ ਇਸ ਲਈ ਹਾਰੇ ਸਨ ਕਿ ਉਹ ਮਹੂਰਤ ਕਢਾਉਣ ਵਿਚ ਰੁੱਝੇ ਹੋਏ ਸਨ ਜਦ ਗਜ਼ਨੀ ਨੇ ਉਨ੍ਹਾਂ ‘ਤੇ ਹਮਲਾ ਕੀਤਾ। ਇਹ ਹੈ ਮਨੂੰਵਾਦ ਦਾ ਭਾਰਤੀ ਜੀਵਨ ਦੇ ਹਰ ਪਹਿਲੂ ‘ਤੇ ਭਾਰੂ ਹੋਣ ਦਾ ਨਤੀਜਾ।

– ਜਗਤਾਰ ਸਹੋਤਾ