ਰੁਝਾਨ ਖ਼ਬਰਾਂ
ਸਿੱਖ ਧਰਮ ਵਿਚ ਵੱਧ ਰਿਹਾ ਡੇਰਾਵਾਦ ਦਾ ਜਾਲ

ਸਿੱਖ ਧਰਮ ਵਿਚ ਵੱਧ ਰਿਹਾ ਡੇਰਾਵਾਦ ਦਾ ਜਾਲ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਬਾਬੇ ਨਾਨਕ ਨੇ ਸੱਚੇ ਸੌਦੇ ਦੀ ਗੱਲ ਕੀਤੀ ਤੇਰਾ ਤੇਰਾ ਬੋਲ ਸਭ ਨੂੰ ਬਰਾਬਰ ਤੋਲਿਆ, ਨਾ ਹੀ ਬਾਬੇ ਨਾਨਕ ਨੇ ਕਿਸੇ ਕੋਲੋਂ ਰਿਸ਼ਵਤ ਲਈ ਤੇ ਨਾ ਹੀ ਮੱਥਾ ਟਕਾਇਆ। ਸਰਬ ਧਰਮਾਂ ਨੂੰ ਏਕਤਾ ਦਾ ਸੰਦੇਸ ਦੇਣ ਵਾਲੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦਾ ਸਬੰਧ ਤਾਂ ਸਿੱਧਾ ਰੂਹਾਨੀਅਤ ਨਾਲ ਹੈ। ਬਾਬੇ ਨਾਨਕ ਨੇ ਪੰਡਤਾਂ ਨੂੰ ਸੂਰਜ ਨੂੰ ਪਾਣੀ ਦੇਣ ਤੋ ਵਰਜਿਆ। ਪਰ ਅਜੋਕੇ ਸਮੇਂ ਦਾ ਸਿੱਖ ਤਾਂ ਜਿਹੜੇ ਵੀ ਤੀਰਥ ਅਸਥਾਨਾਂ ਤੇ ਜਾਂਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਏ ਤੋ ਬਿਨਾਂ ਸਰੋਵਰ ਵਿਚੋਂ ਇਸ਼ਨਾਨ ਕਰ ਸਰੋਵਰ ਤੋ ਹੀ ਜਲ ਦੀ ਕੈਂਨੀ ਭਰ ਲੈਂਦੇ ਹਨ। ਸਿੱਖੀ ਨਾਲ ਸਬੰਧਿਤ ਇਤਿਹਾਸਿਕ ਥਾਵਾਂ ਤੇ ਇਹੋ ਜਿਹਾ ਇਤਿਹਾਸ ਨਿਰੰਤਰ ਸਿਰਜਿਆ ਜਾ ਰਿਹਾ ਹੈ। ਜਿਸ ਨਾਲ ਸਿੱਖ ਇਤਿਹਾਸ ਦਾ ਝੁਕਾ ਮਨੂੰਵਾਦ ਤੇ ਪਰੋਹਤ ਵਾਦ ਵੱਲ ਨੂੰ ਜਾਂਦਾ ਸਿੱਧਾ ਨਜ਼ਰ ਆਉਂਦਾ ਹੈ।ਗੁਰੂ ਨਾਨਕ ਸਾਹਿਬ ਜੀ ਨੇ ਤਾਂ ਪਾਂਡੇ ਨੂੰ ਇਹੋ ਜਿਹਾ ਜਨੇਊ ਪਾਉਣ ਲਈ ਕਿਹਾ ਸੀ ਜਿਸ ਵਿਚ ਸਰਵ ਸੰਤੋਖ ਹੋਵੇ ਪਰ ਅੱਜ ਦਾ ਸਿੱਖ ਤਾਂ ਸਿੱਧਾ ਹੀ ਬਾਣੀ ਤੇ ਬਾਣੇ ਦਾ ਘਾਣ ਕਰਦਾ ਨਜ਼ਰ ਆਉਂਦਾ ਹੈ। ਕਈ ਗੁਰਧਾਮਾਂ ਤੇ ਗੁਰਦੁਆਰਿਆਂ ਵਿਚ ਆਮ ਤੌਰ ਤੇ ਹੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਪੂਰੇ ਸਿੰਘ ਸੱਜੇ ਗ੍ਰੰਥੀ ਸਿੰਘ ਹੀ ਲੋਕਾਂ ਨੂੰ ਧੂਫ਼, ਪੇੜੇ, ਮਿਸ਼ਰੀ ਤੇ ਇਲਾਇਚੀ ਆਦਿ ਕਰ ਕੇ ਦਿੰਦੇ ਦੇਖੇ ਜਾ ਸਕਦੇ ਹਨ ਇਹ ਦੇਖ ਗੁਰੂ ਦੇ ਪੂਰਨ ਰਹਿਤ ਮਰਿਆਦਾ ਵਾਲੇ ਸਿੱਖ ਨੂੰ ਤਾਂ ਬੜਾ ਦੁੱਖ ਹੁੰਦਾ ਹੋਵੇਗਾ।ਇੰਜ ਜਾਪਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਅਜੋਕਾ ਸਿੱਖ ਆਪਣੀ ਤੋਰੀ ਫੁਲਕਾ ਚਲਾਉਣ ਲਈ ਇਹੋ ਜਿਹਾ ਢੌਂਗ ਵੀ ਰਚਾਉਂਦਾ ਜਾ ਰਿਹਾ ਹੈ।
ਅਸੀਂ ਵਿਗਿਆਨ ਦੇ ਯੁੱਗ ਵਿਚ ਜੀਅ ਰਹੇ ਹਾਂ ਜੋ ਕਿ ਤਕਨਾਲੋਜੀ ਦੇ ਯੁੱਗ ਵਜੋਂ ਜਾਣਿਆ ਜਾਂਦਾ ਹੈ ਆਦਮੀ/ਮਨੁੱਖ ਨੇ ਮੰਗਲ ਗ੍ਰਹਿ ਤੇ ਧਰਤੀ ਦੇ ਪਾਣੀ ਦੀ ਖੋਜ ਤੱਕ ਕਰ ਲਈ ਹੈ ਪਰ ਫੇਰ ਵੀ ਅਜੋਕੀ ਨਵੀਂ ਪੜ੍ਹੀ ਲਿਖੀ ਸਿੱਖ ਨੋਜੁਆਨ ਪੀੜੀ ਵਹਿਮਾਂ ਭਰਮਾਂ ਵਿਚ ਫਸ ਡੇਰਾਵਾਦ ਦੇ ਪਿੱਛੇ ਲੱਗ ਤੁਰੀ ਹੈ ਥਾਂ ਥਾਂ ਤੇ ਇੰਨਾ ਠਗਾਂ ਨੇ ਧਰਮ ਦੇ ਨਾਂ ਤੇ ਆਪਣੀਆਂ ਦੁਕਾਨਾਂ ਖ਼ੋਲ ਰੱਖਿਆਂ ਹਨ। ਮਾਮੂਲੀ ਜ਼ਿੰਦਗੀ ਤੋ ਦੁਖੀ ਹੋਇਆ ਅਤੇ ਆਪਣੇ ਪਰਵਾਰਿਕ ਮੈਂਬਰਾਂ ਨੂੰ ਪਰੇਸ਼ਾਨ ਕਰਨ ਵਾਲਾ ਆਮ ਆਦਮੀ ਅੱਜ ਭਗਵਾਨ ਦਾ ਦਰਜਾ ਪ੍ਰਾਪਤ ਕਰੀ ਬੈਠਾ ਹੈ। ਅਜਿਹੇ ਅਖੌਤੀ ਬਾਬਿਆਂ ਨੂੰ ਮਿਲਣ ਲਈ ਮੂਰਖ ਲੋਕ ਲੱਖਾਂ ਰੁਪਏ ਬਰਬਾਦ ਕਰਦੇ ਜਾ ਰਹੇ ਹਨ ਅਜਿਹੇ ਅਖੌਤੀ ਬਾਬੇ ਜੋ ਆਪਣੀ ਜ਼ਿੰਦਗੀ ਤੇ ਆਪਣਿਆਂ ਨੂੰ ਪਰੇਸ਼ਾਨ ਕਰਨ ਵਾਲੇ, ਕੰਮ ਤੋ ਵਿਹਲਿਆਂ ਨੇ ਅਣਖੀ ਸਿੱਖ ਨੌਜੁਆਨ ਪੀੜੀ ਨੂੰ ਡੇਰਾਵਾਦ ਵੱਲ ਭਰਮਾਉਣ ਦਾ ਬਖ਼ੂਬੀ ਰੋਲ ਨਿਭਾਇਆ ਹੈ। ਇਹ ਅਖੌਤੀ ਬਾਬੇ ਦੋ ਵੇਲੇ ਦੀ ਰੋਟੀ ਤੋ ਭੁੱਖੇ ਅੱਜ ਅਰਬਾਂ ਪਤੀ ਬਣੇ ਪਏ ਹਨ। ਇਹਨਾਂ ਦੀਆਂ ਇਹ ਦੁਕਾਨਾਂ ਸ਼ਹਿਰਾਂ ਤੇ ਪਿੰਡਾਂ ਵਿਚ ਆਪਣਾ ਰੋਲ ਬਾਖ਼ੂਬੀ ਨਿਭਾ ਰਹੀਆਂ ਹਨ। ਜੇਕਰ ਇਹਨਾਂ ਦੇ ਚਰਿੱਤਰ ਵੱਲ ਜਾਂ ਪਿਛੋਕੜ ਵਲ ਧਿਆਨ ਦਿੱਤਾ ਜਾਵੇ ਤਾਂ ਉਹ ਵੀ ਕੋਈ ਜ਼ਿਆਦਾ ਚੰਗਾ ਨਹੀਂ ਹੁੰਦਾ। ਸਿੱਖ ਪੀੜੀ ਦਾ ਝੁਕਾ ਦਿਨ ਪ੍ਰਤੀ ਦਿਨ ਇਹਨਾਂ ਵੱਲ ਵਧਦਾ ਜਾ ਰਿਹਾ ਹੈ ਜੋ ਕਿ ਅਤਿ ਚਿੰਤਾ ਦਾ ਵਿਸ਼ਾ ਹੈ ਅੱਜ ਡੇਰਿਆਂ ਵਿਚ ਲੱਖਾਂ ਪੜੇ ਲਿਖੇ ਤੇ ਅੰਮ੍ਰਿਤਧਾਰੀ ਸਿੱਖ ਤੇ ਬੀਬੀਆਂ ਆਮ ਹੀ ਅਜਿਹੇ ਅਖੌਤੀ ਬਾਬਿਆਂ ਦੇ ਗੋਡੇ ਘੁੱਟਦੇ ਨਜ਼ਰ ਆਉਂਦੇ ਹਨ ਕਿਸੇ ਨੇ ਬਾਹਰ ਜਾਣਾ ਹੋਵੇ , ਵਿਆਹ ਨਾ ਹੁੰਦਾ ਹੋਵੇ , ਨੌਕਰੀ ਵਿਚ ਤਰੱਕੀ ਨਾ ਹੁੰਦੀ ਹੋਵੇ ਆਦਿ ਹੋਰ ਕੰਮਾਂ ਲਈ ਥਾਂ ਥਾਂ ਖੁੱਲ੍ਹੇ ਜੋਤਸ਼ ਕੇਂਦਰਾਂ ਵਿਚ ਜਨਤਾ ਦਾ ਇਕੱਠ ਆਮ ਦੇਖਣ ਨੂੰ ਮਿਲ ਜਾਂਦਾ ਹੈ ਜਿਸ ਵਿਚ ਵੱਡੀ ਗਿਣਤੀ ਵਿਚ ਗੁਰੂ ਦੇ ਸਜੇ ਸਿੰਘਾ ਦੀ ਵੀ ਹੁੰਦੀ ਹੈ। ਚਾਰ ਕਿਤਾਬਾਂ ਲਈ ਬੈਠੇ ਪਾਂਡੇ ਕਾਗ਼ਜ਼ ਤੇ ਪੈੱਨ ਨਾਲ ਚਾਰ ਲੀਕਾਂ ਵਾਹ ਅਜਿਹੇ ਭਰਮਾਂ ਵਿਚ ਪਾਉਂਦੇ ਹਨ ਕਿ ਉਸ ਤੋ ਬਾਅਦ ਬੰਦੇ ਦੀ ਪੂਰੀ ਮੁੰਜ ਲਾ ਛੱਡਦੇ ਹਨ। ਇਸੇ ਕਾਰਨ ਕਰ ਕੇ ਸਿੱਖ ਪਰਿਵਾਰਾਂ ਦਾ ਝੁਕਾ ਬ੍ਰਾਹਮਣਵਾਦ ਡੇਰਾਵਾਦ ਵੱਲ ਵਧਦਾ ਜਾਣਾ ਦੁੱਖ ਜਾ ਵਿਸ਼ਾ ਬਣਦਾ ਜਾ ਰਿਹਾ ਹੈ। ਕੀ ਸਾਡਾ ਬਾਬੇ ਨਾਨਕ ਦੀ ਬਾਣੀ ਊਤੋ ਵਿਸ਼ਵਾਸ ਤੇ ਯਕੀਨ ਹੀ ਉੱਠ ਚੁਕਾ ਹੈ?॥॥॥॥ ਡੇਰਾਵਾਦ ਵੱਲ ਝੁਕਾ ਕਾਰਨ ਪਿਛਲੇ ਕਈ ਸਾਲਾਂ ਵਿਚ ਮੰਗਤਾਂਵਾਦ ਵਿਚ ਵੀ ਬਹੁਤ ਵਾਧਾ ਹੋਇਆ ਹੈ ਪਿੰਡਾ ਤੇ ਸ਼ਹਿਰਾਂ ਵਿਚ ਜਾਤ ਪਾਤ ਬਰਾਦਰੀਆਂ ਦੇ ਆਪਣੇ ਅਲੱਗ ਅਲੱਗ ਗੁਰੂਘਰ ਹਨ ਇਹਨਾਂ ਗੁਰਦੁਆਰਿਆਂ ਦੇ ਨਾਮ ਤੇ ਅਸੀਂ ਆਮ ਦੇਖਦੇ ਹਾਂ ਕਿ ਪਿੰਡਾ ਤੇ ਸ਼ਹਿਰਾਂ ਵਿਚ ਵੱਖ ਵੱਖ ਸੁਸਾਇਟੀਆਂ ਵਾਲੇ ਚੰਦਾ ਇਕੱਠਾ ਕਰਦੇ ਹਨ। ਕੀ ਇਕੱਠਾ ਹੋਇਆ ਚੰਦਾ ਅਨਾਜ ਕੱਪੜਾ ਲੱਥਾ ਉਨ੍ਹਾਂ ਗੁਰਦੁਆਰਿਆਂ ਵਿਚ ਹੀ ਲਗਾਇਆ ਜਾਂਦਾ ਹੈ? ਜਵਾਬ ਹੋਵੇਗਾ ਨਹੀਂ॥॥। ਸਾਡੇ ਬਾਬੇ ਨਾਨਕ ਨੇ ਤਾਂ ਮਿਹਨਤ ਕਰ ਤੇ ਵੰਡ ਛਕਣ ਦਾ ਫੁਰਮਾਣ ਦਿੱਤਾ ਨਾ ਕਿ ਮੰਗ ਕਿ ਖਾਣ ਦਾ॥॥॥। ਇਹ ਸਿੱਖ ਭਾਈ ਆਪਣਾ ਆਪ ਚਲਾਉਣ ਲਈ ਵੱਖ ਵੱਖ ਸੁਸਾਇਟੀਆਂ ਤੇ ਕਮੇਟੀਆਂ ਬਣਾਉਂਦੇ ਹਨ ਇਸ ਦਾ ਕੀ ਕਾਰਨ ਹੈ? ਕੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਸਿੰਘ ਡੇਰਾਵਾਦ ਦਾ ਪ੍ਰੇਮੀ ਹੁੰਦਾ ਜਾ ਰਿਹਾ ਹੈ? ਗੁਰੂ ਜੀ ਨੇ ਤਾਂ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਉਣ ਲਈ ਕਿਹਾ ਹੈ ਫਿਰ ਉਸ ਦਾ ਸਿੱਖ ਕਿਉਂ ਮੜ੍ਹੀਆਂ ਮਸਾਨੀਆਂ ਦਾ ਪੁਜਾਰੀ ਬਣਦਾ ਜਾ ਰਿਹਾ ਹੈ? ਕਿਉਂ ਬ੍ਰਾਹਮਣਾਂ ਤੇ ਪੰਡਤਾਂ ਦੇ ਚੱਕਰ ਕੱਢ ਰਿਹਾ ਹੈ? ਇਸ ਅਧਿਐਨ ਤੋ ਪਤਾ ਲੱਗਦਾ ਹੈ ਕਿ ਅਜੋਕੇ ਯੁੱਗ ਵਿਚ ਕਿਸੇ ਕੋਲ ਇਹਨਾਂ ਸਮਾਂ ਹੀ ਨਹੀਂ ਕਿ ਉਹ ਗੁਰੂ ਜੀ ਦੇ ਪੰਜ ਕੱਕੇ ਧਾਰਨ ਕਰ ਸਕੇ, ਰਹਿਤ ਮਰਿਆਦਾ ਰੱਖ ਸਕੇ, ਦਸਵੰਧ ਕੱਢ ਸਕੇ, ਨਸ਼ੇ ਤਿਆਗ ਸਕੇ, ਸਵੇਰੇ ਉੱਠ ਪੰਜਾਂ ਬਾਣੀਆਂ ਦਾ ਪਾਠ ਕਰ ਸਕੇ, ਸਾਮ ਨੂੰ ਚੈਨ ਨਾਲ ਬੈਠ ਰਹਿਰਾਸ ਸਾਹਿਬ ਦਾ ਪਾਠ ਕਰ ਸਕੇ ਪਰ ਡੇਰਾਵਾਦ ਵਿਚ ਕੁੱਝ ਵੀ ਵਰਜਿਤ ਨਹੀਂ ਸਿੱਖਾਂ ਦੀ ਸਭ ਤੋ ਵੱਡੀ ਧਾਰਮਿਕ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਕੌਮ ਦੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਲੜਾਈ ਤੇ ਰਾਜਨੀਤੀ ਨੂੰ ਪਹਿਲ ਦੇਣ ਦੀ ਥਾਂ ਧਰਮ-ਪ੍ਰਚਾਰ ਵੱਲ ਧਿਆਨ ਦੇਣ। ਸਿੱਖ ਮਰਿਆਦਾ ਨੂੰ ਸਭ ਤੋ ਵੱਧ ਠੇਸ ਉਦੋਂ ਪਹੁੰਚਦੀ ਹੈ ਜੱਦੋ ਗੁਰਦੁਆਰਿਆਂ ਅੰਦਰ ਹੀ ਵੱਖ ਵੱਖ ਥਾਵਾਂ ਤੇ ਅਲੱਗ ਜਗਾ ਬਣਾ ਕਰਮਕਾਂਡ ਤੇ ਪਾਖੰਡ ਬਣਾਏ ਜਾਂਦੇ ਹਨ ਗੁਰਦੁਆਰਿਆਂ ਅੰਦਰ ਗੁਰੂ ਗ੍ਰੰਥ ਸਾਹਿਬ ਵਾਂਗ ਹੀ ਜੁੱਤੀਆਂ ਚੋਲ੍ਹਿਆਂ ਅਤੇ ਹੋਰ ਸਮਾਨ ਨੂੰ ਮਨਮਤ ਅਨੁਸਾਰ ਪੁੱਜਿਆ ਜਾਂਦਾ ਹੈ ਇਹ ਚੀਜ਼ਾਂ ਇਤਿਹਾਸ ਵਾਂਗ ਸਜਾ ਕੇ ਰੱਖੀਆਂ ਜਾਂਦੀਆਂ ਹਨ ਸ਼੍ਰੋਮਣੀ ਕਮੇਟੀ ਦੇ ਹੇਠਾਂ ਚੱਲ ਰਹੀਆਂ ਬੇਅੰਤ ਕਮੇਟੀਆਂ ਵੱਲੋਂ ਵਲੋਂ ਵੀ ਕਈ ਅਜਿਹੇ ਕਦਮ ਚੁੱਕੇ ਗਏ ਜਿਸ ਨੇ ਸਿੱਖ ਨੂੰ ਸਿੱਖੀ ਤੋ ਦੂਰ ਕਰਨ ਵਿਚ ਅਹਿਮ ਰੋਲ ਨਿਭਾਇਆ ਹੈ ਇਨ੍ਹਾਂ ਕਮੇਟੀਆਂ ਨੇ ਮਰਿਆਦਾ ਨਾ ਨਿਭਾਏ ਜਾਣ ਦੇ ਨਾਂ ਤੇ ਕਈ ਸਿੱਖ ਪਰਿਵਾਰਾਂ ਦੇ ਘਰੋ ਗੁਰੂ ਸਾਹਿਬ ਦੇ ਸਰੂਪ ਚੁੱਕੇ ਤੇ ਪਰਿਵਾਰਾਂ ਨੂੰ ਬੇਇੱਜ਼ਤ ਵੀ ਕੀਤਾ। ਇਸ ਦਾ ਕਾਰਨ ਸੀ ਉਨ੍ਹਾਂ ਦੇ ਘਰਾਂ ਵਿਚ ਪੂਰੀ ਰਹਿਤ ਮਰਿਆਦਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਕੋਈ ਵੱਖਰਾ ਕਮਰਾ, ਰੁਮਾਲੇ , ਚੰਦੋਆ, ਚਾਨਣੀ, ਬੈੱਡ ਆਦਿ ਨਹੀਂ ਸਨ ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਸੰਸਾਰ ਵਿਚ ਕਿੰਨੇ ਸਿੱਖ ਪਰਿਵਾਰ ਸਿੱਖੀ ਨਾਲ ਜੁੜ ਸਕਣਗੇ ਜੋ ਪੂਰੀ ਸਿੱਖ ਮਰਿਆਦਾ ਨਿਭਾ ਸਕਣ? ਸੰਗਤ ਜੀ ਕਹਿਣ ਦੇਣਾ ਬਲਕਿ ਹੋਣਾ ਤਾਂ ਇੰਜ ਚਾਹੀਦਾ ਸੀ ਕਿ ਹਰ ਸਿੱਖ ਦੇ ਘਰ ਗੁਰੂ ਸਾਹਿਬ ਦਾ ਸਰੂਪ ਹੋਵੇ ਚਾਹੇ ਉਹ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਤੇ ਚਾਹੇ ਸੈਂਚੀਆਂ ਦੇ ਰੂਪ ਵਿਚ ਹੀ ਅਤੇ ਉਸ ਦੀ ਸਾਂਭ ਸਭਾਂਲ ਲਈ ਪੂਰਨ ਮਰਿਆਦਾ ਦੀ ਜਾਣਕਾਰੀ ਦੇਣਾ ਪਹਿਲ ਦੇ ਆਧਾਰ ਤੇ ਹੋਣਾ। ਉਸ ਦੇ ਰੱਖਣ ਲਈ ਸਾਫ਼ ਸੁਥਰੇ ਰੁਮਾਲੇ ਉਚਿੱਤ ਸਾਫ਼ ਸੁਥਰਾ ਅਸਥਾਨ ਵਾਲੇ ਕਮਰਾ। ਡੇਰਾਵਾਦ ਦੁਆਰਾ ਹੋ ਰਿਹਾ ਸਿੱਖੀ ਦਾ ਘਾਣ ਰੋਕਣ ਲਈ ਹਰ ਅਹਿਮ ਕਦਮ ਉਠਾਏ ਜਾਣੇ ਚਾਹੀਦੇ ਹਨ ਇਸ ਸਬੰਧੀ ਸਿੱਖ ਕੌਮ ਨੂੰ ਜਾਗਰਿਤ ਕਰਨ ਲਈ ਢਾਡੀ ਵਾਰਾਂ, ਵੀਰ-ਰਸ ਨਾਟਕ ਕਰਵਾਏ ਜਾਣੇ ਚਾਹੀਦੇ ਹਨ ਬਾਬੇ ਨਾਨਕ ਦੇ ਸੱਚੇ ਸੌਦੇ ਵਾਲੀ ਦੁਕਾਨ ਤੋ ਭਟਕੇ ਸਿੱਖਾਂ ਤੋ ਡੇਰਾਵਾਦ, ਵਹਿਮ, ਭਰਮ, ਧਾਗੇ, ਤਵੀਤ, ਕਾਲੇ ਜਾਦੂ ਵਰਗੇ ਸੌਦੇ ਲੈਣ ਤੋ ਰੋਕਿਆ ਜਾਵੇ ਤੇ ਇਹ ਕਦਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਦੁਆਰਾ ਜਾਂ ਸਿੱਖ ਪ੍ਰਚਾਰਕਾਂ ਦੁਆਰਾ ਸਿੱਖੀ ਮਰਿਆਦਾ, ਸਿੱਖੀ ਇਤਿਹਾਸ ਬਾਰੇ ਜਾਗਰੂਕ ਕਰਨ ਦੇ ਫ਼ੈਸਲਿਆਂ ਉੱਪਰ ਨਿਰਭਰ ਕਰਦਾ ਹੈ। ਜੇਕਰ ਕੌਮ ਨੂੰ ਦਿਸ਼ਾ ਦੇਣ ਵਾਲੇ ਜਥੇਦਾਰਾਂ ਤੇ ਪ੍ਰਚਾਰਕਾਂ ਵੱਲੋਂ ਸਖ਼ਤ ਫ਼ੈਸਲੇ ਲਏ ਜਾਣ ਤਾਂ ਹੀ ਸਿੱਖਾਂ ਨੂੰ ਡੇਰਾਵਾਦ ਤੇ ਪੰਡਤ ਵਾਦ ਤੋ ਮੋੜਿਆ ਜਾ ਸਕਦਾ ਹੈ। ਸਿੱਖ ਸੰਗਤ ਨੂੰ ਬੇਨਤੀ ਹੈ ਕਿ ਡੇਰਾਵਾਦ ਤੇ ਪੰਡਤ ਵਾਦ ਤੋ ਮੁਕਤ ਹੋਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕਿ ਬਾਣੀ ਦੁਆਰਾ ਆਪਣੀਆਂ ਸਮੱਸਿਆਵਾਂ ਦਾ ਹੱਲ ਭਾਣੇ ਵਿਚ ਰਹਿ ਕਿ ਕਰਨਾ ਚਾਹੀਦਾ ਹੈ ।
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ

– ਹਰਮਿੰਦਰ ਸਿੰਘ ਭੱਟ