ਸੰਯੁਕਤ ਰਾਸ਼ਟਰ ਵਲੋਂ ਮੋਦੀ ਨੂੰ ‘ਚੈਂਪੀਅਨਜ਼ ਆਫ ਦਿ ਅਰਥ’ ਪੁਰਸਕਾਰ

ਸੰਯੁਕਤ ਰਾਸ਼ਟਰ ਵਲੋਂ ਮੋਦੀ ਨੂੰ
‘ਚੈਂਪੀਅਨਜ਼ ਆਫ ਦਿ ਅਰਥ’ ਪੁਰਸਕਾਰ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਨਾਲ ਸਬੰਧਤ ਸਿਰਮੌਰ ਪੁਰਸਕਾਰ ‘ਚੈਂਪੀਅਨਜ਼ ਆਫ ਦਿ ਅਰਥ’ ਨਾਲ ਸਨਮਾਨ ਕੀਤਾ ਗਿਆ। ਪੁਰਸਕਾਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਵੱਲੋਂ ਪ੍ਰਦਾਨ ਕੀਤਾ ਗਿਆ। ਇਹ ਪੁਰਸਕਾਰ ਸ੍ਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੂੰ ਸਾਂਝੇ ਤੌਰ ਉੱਤੇ ਪ੍ਰਦਾਨ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਸਾਫ਼ ਸੁਥਰਾ ਅਤੇ ਹਰਿਆ ਭਰਿਆ ਵਾਤਾਵਰਨ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਦਾ ਬੁਨਿਆਦੀ ਆਧਾਰ ਹੈ। ਇਸ ਮੌਕੇ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੈਸਾਂ ਦਾ ਰਿਸਾਅ ਸਾਲ 2005 ਦੇ ਮੁਕਾਬਲੇ ਅਗਲੇ ਦੋ ਸਾਲ ਵਿੱਚ 20 ਤੋਂ 25 ਫੀਸਦੀ ਘਟਾਉਣ ਦੇ ਲਈ ਯਤਨਸ਼ੀਲ ਹੈ ਤੇ ਸਰਕਾਰ ਸਾਲ 2030 ਤੱਕ ਇਸ ਨੂੰ 30 ਤੋਂ 35 ਫੀਸਦੀ ਤੱਕ ਘਟਾਏਗੀ। ਮੋਦੀ ਅਤੇ ਮੈਕਰੌਂ ਨੂੰ ਇਹ ਪੁਰਸਕਾਰ ਉਨ੍ਹਾਂ ਵੱਲੋਂ ਅੰਤਰਰਾਸ਼ਟਰੀ ਸੌਰ ਊਰਜਾ ਅਤੇ ਵਾਤਾਵਰਨ ਕਾਰਜ ਕਰਨ ਵਾਸਤੇ ਨਵੇਂ ਖੇਤਰਾਂ ਨੂੰ ਉਤਸ਼ਾਹਤ ਕਰਨ ਲਈ ਕੀਤੇ ਗੱਠਜੋੜ ਲਈ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (ਯੂਐੱਨਈਪੀ) ਵੱਲੋਂ ਜਾਰੀ ਬਿਆਨ ਵਿੱਚ ਕੀਤਾ ਗਿਆ ਹੈ।