ਇੰਡੋਨੇਸ਼ੀਆ ‘ਚ ਭੂਚਾਲ ਅਤੇ ਸੁਨਾਮੀ ਦੀ ਦੋਹਰੀ ਆਫ਼ਤ

ਵਾਨੀ : ਇੰਡੋਨੇਸ਼ੀਆ ਵਿੱਚ ਆਈ ਭੂਚਾਲ ਤੇ ਸੁਨਾਮੀ ਦੀ ਤਬਾਹੀ ਕਾਰਨ ਮਰਨ ਵਾਲਿਆਂ ਦੀ ਸੰਖਿਆ ਵਧ ਕੇ 1400 ਹੋ ਗਈ ਹੈ ਅਤੇ ਬਚਾਓ ਕਾਰਜਾਂ ਲਈ ਸਮਾਂ ਬੀਤਦਾ ਜਾ ਰਿਹਾ ਹੈ ਤੇ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਨੇ ਦਿੱਤੀ ਹੈ ਕਿ ਸਥਿਤੀ ਦੇ ਟਾਕਰੇ ਲਈ ਬਹੁਤ ਸਾਰੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਕੌਮੀ ਆਫ਼ਤ ਟਾਕਰਾ ਏਜੰਸੀ ਦੇ ਤਰਜਮਾਨ ਸੁਤੋਪੋ ਪੁਰਵੋ ਨੁਗਰੋਹੋ ਨੇ ਕਿਹਾ ਕਿ ਤਹਿਸ ਨਹਿਸ ਹੋਏ ਸਾਹਿਲੀ ਸ਼ਹਿਰ ਪਾਲੂ ਦੇ ਆਸ ਪਾਸ ਚਾਰ ਖੇਤਰਾਂ ਵਿੱਚ ਮਰਨ ਵਾਲਿਆਂ ਦੀ ਸੰਖਿਆ ਵਧ ਕੇ 1407 ਹੋ ਗਈ ਹੈ ਅਤੇ 519 ਮ੍ਰਿਤਕ ਦੇਹਾਂ ਦਾ ਪਹਿਲਾਂ ਹੀ ਸਸਕਾਰ ਕੀਤਾ ਜਾ ਚੁੱਕਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬਚਾਓ ਕਾਰਜਾਂ ਲਈ ਅੰਤਮ ਸਮਾਂ ਸੀਮਾ ਸ਼ੁੱਕਰਵਾਰ ਹੈ ਤਦ ਤੱਕ ਇਸ ਤਬਾਹੀ ਵਿੱਚ ਜ਼ਿੰਦਾ ਬਚੇ ਲੋਕਾਂ ਨੂੰ ਲੱਭਣ ਦੀ ਸੰਭਾਵਨਾ ਨਾਂਹ ਦੇ ਕਰੀਬ ਰਹਿ ਜਾਵੇਗੀ। ਸਰਕਾਰੀ ਬਚਾਓ ਕਰਮੀ ਸ਼ਹਿਰ ਦੇ ਆਲੇ ਦੁਆਲੇ ਚਾਰ ਥਾਵਾਂ ‘ਤੇ ਜੁਟੇ ਹੋਏ ਹਨ ਜਿਨ੍ਹਾਂ ਵਿੱਚ ਹੋਟਲ ਰੋਆ ਰੋਆ ਜਿੱਥੇ ਅਜੇ ਵੀ 60 ਦੇ ਕਰੀਬ ਲੋਕ ਦਬੇ ਹੋਏ ਹਨ, ਇਕ ਸ਼ਾਪਿੰਗ ਮਾਲ, ਇਕ ਰੈਸਤਰਾਂ ਅਤੇ ਬਾਲਾਰੋਆ ਇਲਾਕਾ ਜਿੱਥੇ ਭੂਚਾਲ ਦੀ ਮਾਰ ਕਾਰਨ ਜ਼ਮੀਨ ਦਲ ਦਲ ਵਿੱਚ ਤਬਦੀਲ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਘੱਟੋ ਘੱਟ 150 ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋ ਸਕਦੇ ਹਨ।
ਸੰਯੁਕਤ ਰਾਸ਼ਟਰ ਦੇ ਮਾਨਵੀ ਵਿਭਾਗ ਨੇ ਕਿਹਾ ਕਿ ਲਗਪਗ ਦੋ ਲੱਖ ਲੋਕਾਂਂ ਨੂੰ ਫੌਰੀ ਸਹਾਇਤਾ ਦੀ ਲੋੜ ਹੈ ਜਿਨ੍ਹਾਂ ਵਿੱਚ ਹਜ਼ਾਰਾਂ ਬੱਚੇ ਹਨ । ਇਕ ਅਨੁਮਾਨ ਮੁਤਾਬਕ ਭੂਚਾਲ ਕਾਰਨ 66000 ਘਰ ਤਬਾਹ ਹੋ ਗਏ ਜਾਂ ਨੁਕਸਾਨੇ ਗਏ ਹਨ। ਇੰਡੋਨੇਸ਼ੀਆ ਸਰਕਾਰ ਵੱਲੋਂ ਵਿਦੇਸ਼ੀ ਰਾਹਤ ਟੀਮਾਂ ਨੂੰ ਅਪੀਲ ਕਰਨ ਦੇ ਬਾਵਜੂਦ ਡੌਂਗਲਾ ਸੂਬੇ ਦੇ ਵਾਨੀ ਜਿਹੇ ਦੂਰ ਦਰਾਜ਼ ਖੇਤਰਾਂ ਵਿੱਚ ਅਜੇ ਤਾਈਂ ਮਦਦ ਨਹੀਂ ਪਹੁੰਚੀ।
ਮਰਨ ਵਾਲਿਆਂ ਦੀ ਗਿਣਤੀ 1400 ਤੋਂ ਪਾਰ
ਇੰਡੋਨੇਸ਼ੀਆ ਵਿਚ ਆਏ ਭੂਚਾਲ ਤੇ ਸੁਨਾਮੀ ਨਾਲ ਮਰਨ ਵਾਲਿਆਂ ਦੀ ਗਿਣਤੀ ਕਰੀਬ 1400 ਹੋ ਗਈ ਹੈ। ਸੁਲਾਵੇਸੀ ਇਲਾਕੇ ‘ਚ ਆਈ ਇਸ ਕੁਦਰਤੀ ਆਫ਼ਤ ਦੀ ਮਾਰ ਤੋਂ ਬਚੇ ਹੋਏ ਲੋਕਾਂ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਸਥਾਨਕ ਪੁਲੀਸ ਨੇ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਲਈ ਯਤਨ ਕਰਨੇ ਆਰੰਭ ਦਿੱਤੇ ਹਨ। ਪਾਲੂ ਦੇ ਕਈ ਇਲਾਕਿਆਂ ਵਿਚ ਪੁਲੀਸ ਨੇ ਲੋਕਾਂ ਨੂੰ ਦੁਕਾਨਾਂ ਲੁੱਟਣ ਤੋਂ ਰੋਕਣ ਲਈ ਚਿਤਾਵਨੀ ਵਜੋਂ ਫਾਇਰ ਵੀ ਕੀਤੇ ਹਨ ਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਹਨ। ਸੰਯੁਕਤ ਰਾਸ਼ਟਰ ਮੁਤਾਬਕ ਇਸ ਵੇਲੇ ਲਗਭਗ ਦੋ ਲੱਖ ਲੋਕਾਂ ਨੂੰ ਤੁਰੰਤ ਮਦਦ ਦੀ ਲੋੜ ਹੈ। ਇਨ੍ਹਾਂ ਵਿਚ ਵੱਡੀ ਗਿਣਤੀ ਬੱਚੇ ਵੀ ਸ਼ਾਮਲ ਹਨ। ਆਫ਼ਤ ਦੀ ਮਾਰ ਤੋਂ ਬਚੇ ਹੋਏ ਲੋਕ ਭੁੱਖ ਤੇ ਪਿਆਸ ਨਾਲ ਜੂਝ ਰਹੇ ਹਨ। ਇਸ ਤੋਂ ਇਲਾਵਾ ਖਾਧ ਪਦਾਰਥਾਂ ਤੇ ਸਾਫ਼ ਪਾਣੀ ਦੀ ਵੀ ਵੱਡੀ ਕਮੀ ਹੈ। ਸਥਾਨਕ ਹਸਪਤਾਲਾਂ ਵਿਚ ਜ਼ਖ਼ਮੀਆਂ ਦੀ ਵੱਡੀ ਭੀੜ ਲੱਗੀ ਹੋਈ ਹੈ। ਪੁਲੀਸ ਨੇ ਦੁਕਾਨਾਂ ਵਿਚੋਂ ਖਾਧ ਪਦਾਰਥ ਤੇ ਪਾਣੀ ਚੋਰੀ ਕਰਨ ਵਾਲੇ ਕਰੀਬ 35 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਕੌਮੀ ਡਿਪਟੀ ਮੁਖੀ ਅਰੀ ਦੋਨੋ ਸੁਕਮੰਟੋ ਨੇ ਕਿਹਾ ਕਿ ਪਹਿਲੇ ਦੋ ਦਿਨ ਤਕ ਤਾਂ ਲੋਕਾਂ ਨੂੰ ਇਨ੍ਹਾਂ ਵਸਤਾਂ ਦੀ ਲੋੜ ਸੀ, ਪਰ ਹੁਣ ਕੰਮ ਹੱਦੋਂ ਵਧ ਗਿਆ ਹੈ ਤੇ ਕਾਰਵਾਈ ਕਰਨੀ ਪਈ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤਾਂ ਦੀ ਸਪਲਾਈ ਹੁਣ ਕੀਤੀ ਜਾ ਰਹੀ ਹੈ। ਇਕ ਸਥਾਨਕ ਵਿਅਕਤੀ ਨੇ ਕਿਹਾ ਕਿ ਸਰਕਾਰੀ ਅਫ਼ਸਰ ਤਾਂ ਖ਼ਬਰ ਲੈਣ ਆ ਰਹੇ ਹਨ, ਪਰ ਪਾਣੀ ਤੇ ਖਾਣੇ ਦੀ ਬੇਹੱਦ ਲੋੜ ਹੈ। ਮਸ਼ੀਨਰੀ ਦੀ ਘਾਟ ਹੋਣ ਕਾਰਨ ਕੁਝ ਥਾਵਾਂ ‘ਤੇ ਬਚਾਅ ਤੇ ਰਾਹਤ ਕਾਰਜ ਪ੍ਰਭਾਵਿਤ ਹੋਏ ਹਨ।