ਰੁਝਾਨ ਖ਼ਬਰਾਂ
ਹਾਈ ਕੋਰਟ ਦੀ ਘੂਰੀ ਪਿੱਛੋਂ ਬਾਦਲਾਂ ਦੀਆਂ ਬੱਸਾਂ ਨੂੰ ਖੂੰਜੇ ਲਾਉਣ ਦੀ ਤਿਆਰੀ

ਹਾਈ ਕੋਰਟ ਦੀ ਘੂਰੀ ਪਿੱਛੋਂ ਬਾਦਲਾਂ ਦੀਆਂ ਬੱਸਾਂ ਨੂੰ ਖੂੰਜੇ ਲਾਉਣ ਦੀ ਤਿਆਰੀ

ਬਾਦਲ ਪਰਿਵਾਰ ਦੀ ਬੱਸ ਸੇਵਾ ਦੇ ਲੰਮੇ ਰੂਟ ਹੁਣ ਮੁੱਠੀ ‘ਚ ਬੰਦ ਹੋਣਗੇ। ਅਕਾਲੀ ਰਾਜ ਦੌਰਾਨ ਬਾਦਲਾਂ ਦੇ ਬੱਸ ਰੂਟਾਂ ‘ਚ ਕ੍ਰਿਸ਼ਮਈ ਵਾਧਾ ਹੋਇਆ ਸੀ। ਜਿਵੇਂ ਜਿਵੇਂ ਵੱਡਿਆਂ ਦੇ ਬੱਸ ਰੂਟ ਫੈਲਦੇ ਗਏ, ਜਨਤਕ ਟਰਾਂਸਪੋਰਟ ਦੀ ਕਮਾਈ ਸੁੰਗੜਦੀ ਗਈ। ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਗੈਰਕਾਨੂੰਨੀ ਪਰਮਿਟਾਂ ਖਿਲਾਫ਼ ਫੈਸਲੇ ਵੀ ਆ ਗਏ।
ਕੈਪਟਨ ਸਰਕਾਰ ਦੀ ਨਵੀਂ ਟਰਾਂਸਪੋਰਟ ਨੀਤੀ ਡੇਢ ਵਰ੍ਹੇ ਤੋਂ ਕਿਸੇ ਤਣ ਪੱਤਣ ਨਹੀਂ ਲੱਗ ਰਹੀ। ਜਦੋਂ ਹੁਣ ਹਾਈ ਕੋਰਟ ‘ਚ ਅਗਲੀ ਪੇਸ਼ੀ 10 ਅਕਤੂਬਰ ਨੂੰ ਹੈ ਤਾਂ ਉਸ ਤੋਂ ਪਹਿਲਾਂ ਟਰਾਂਸਪੋਰਟ ਮਹਿਕਮਾ ਵੱਡਿਆਂ ਦੀ ਗੱਡੀ ਸੜਕ ਤੋਂ ਭੁੰਜੇ ਲਾਹੁਣ ਦੇ ਰਾਹ ਪਿਆ ਹੈ। ਸੱਚਮੁੱਚ ਗੱਲ ਕਿਸੇ ਸਿਰੇ ਲੱਗੀ ਤਾਂ ਸਭ ਤੋਂ ਵੱਡੀ ਸੱਟ ਬਾਦਲਾਂ ਦੀ ਬੱਸ ਕੰਪਨੀਆਂ ਵੱਜੇਗੀ। ਪ੍ਰਮੁੱਖ ਟਰਾਂਸਪੋਰਟ ਸਕੱਤਰ ਨੇ 25 ਸਤੰਬਰ ਨੂੰ ਇਕ ਉਚ ਪੱਧਰੀ ਮੀਟਿੰਗ ਕੀਤੀ ਹੈ ਜਿਸ ‘ਚ ਫੈਸਲਾ ਹੋਇਆ ਹੈ ਕਿ ਜੋ ਨਵੇਂ ਸਾਂਝੇ ਟਾਈਮ ਟੇਬਲ ਬਣਨਗੇ, ਉਨ੍ਹਾਂ ਵਿਚ ਗੈਰਕਾਨੂੰਨੀ ਤੌਰ ਉਤੇ ਵਧਾਏ ਬੱਸ ਰੂਟਾਂ ਤੇ ਪਰਮਿਟਾਂ ਨੂੰ ਆਊਟ ਕੀਤਾ ਜਾਣਾ ਹੈ ਜਿਸ ਤੋਂ ਸਾਫ ਹੈ ਕਿ ਔਰਬਿਟ ਤੇ ਡੱਬਵਾਲੀ ਬੱਸ ਕੰਪਨੀ ਦੇ ਕਰੀਬ 50 ਫੀਸਦੀ ਲੰਬਾਈ ਵਾਲੇ ਰੂਟ ਉੱਡ ਜਾਣਗੇ। ਪੰਜਾਬ ਭਰ ‘ਚ ਰਿਜਨਲ ਟਰਾਂਸਪੋਰਟ ਅਥਾਰਿਟੀਜ਼ ਨੇ ਗੈਰਕਾਨੂੰਨੀ ਐਲਾਨੇ ਕਰੀਬ 7531 ਪਰਮਿਟਾਂ ਨੂੰ ਕੈਂਸਲ ਕਰਨ ਲਈ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜੋ ਕਰੀਬ 100 ਬੱਸ ਕੰਪਨੀਆਂ ਦੇ ਹਨ। ਹੁਣ ਤੱਕ ਪ੍ਰਕਿਰਿਆ ਕੀੜੀ ਚਾਲ ਚੱਲਦੀ ਰਹੀ ਹੈ। ਹਾਈ ਕੋਰਟ ਦੇ ਡੰਡੇ ਕਰਕੇ ਟਰਾਂਸਪੋਰਟ ਅਫਸਰਾਂ ਹੁਣ ਅੱਗੇ ਵਧੇ ਹਨ। ਟਰਾਂਸਪੋਰਟ ਵਿਭਾਗ ਨੇ ਕਰੀਬ 684 ਪਰਮਿਟ ਕੈਂਸਲ ਕਰਨੇ ਹਨ ਜਿਨ੍ਹਾਂ ‘ਤੇ ਰੂਟ ਪਰਮਿਟਾਂ ਵਿਚ 1840 ਵਾਧੇ ਹੋਏ ਹਨ ਜਿਨ੍ਹਾਂ ਵਿਚ 50 ਫੀਸਦੀ ਵਾਧੇ ਇਕੱਲੇ ਬਾਦਲ ਪਰਿਵਾਰ ਦੀਆਂ ਬੱਸ ਕੰਪਨੀਆਂ ਦੇ ਹਨ। ਰਿਜਨਲ ਟਰਾਂਸਪੋਰਟ ਅਥਾਰਿਟੀ ਪਟਿਆਲਾ ਨੇ 26 ਸਤੰਬਰ ਨੂੰ ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਦੇ 9 ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਪੱਤਰ ਲਿਖਿਆ ਹੈ ਕਿ ਜੋ ਨਵੇਂ ਸਾਂਝੇ ਟਾਈਮ ਟੇਬਲ ਬਣਨੇ ਹਨ, ਉਨ੍ਹਾਂ ਵਿਚ ਸਿਰਫ ਉਨ੍ਹਾਂ ਪਰਮਿਟਾਂ ਨੂੰ ਹੀ ਜਗ੍ਹਾ ਦਿੱਤੀ ਜਾਵੇ ਜਿਨ੍ਹਾਂ ਦੀ ਐਕਸਟੈਂਸ਼ਨ ਇਕ ਵਾਰ ਤੋਂ ਵੱਧ (24 ਕਿਲੋਮੀਟਰ) ਨਾ ਹੋਈ ਹੋਵੇ। ਟਰਾਂਸਪੋਰਟ ਵਿਭਾਗ ਨੇ ਨਵੇਂ ਸਾਂਝੇ ਟਾਈਮ ਟੇਬਲ ਬਣਾਉਣ ਦੇ ਅਧਿਕਾਰ ਪੀ.ਆਰ.ਟੀ.ਸੀ. ਦੇ ਟਾਈਮ ਟੇਬਲ ਇੰਸਪੈਕਟਰ ਨੂੰ ਦੇ ਦਿੱਤੇ ਹਨ। ਟਾਈਮ ਟੇਬਲ ਇੰਸਪੈਕਟਰ ਸਮਾਂ ਸੂਚੀ ਫਰੇਮ ਕਰੇਗਾ ਅਤੇ ਟਰਾਂਸਪੋਰਟ ਵਿਭਾਗ ਉਸ ਨੂੰ ਅਪਰੂਵ ਕਰੇਗਾ। ਸਾਂਝੇ ਟਾਈਮ ਟੇਬਲ ਵਿਚ ‘ਇਕ ਬੱਸ ਇਕ ਪਰਮਿਟ’ ਨੀਤੀ ਅਮਲ ਵਿਚ ਲਿਆਂਦੀ ਜਾ ਰਹੀ ਹੈ। ਹਰ ਟਾਈਮ ਉਤੇ ਇਕ ਪਰਮਿਟ ਤੇ ਇਕ ਬੱਸ ਦੇ ਨੰਬਰ ਦਾ ਇੰਦਰਾਜ ਹੋਵੇਗਾ।
ਮੋਟਰ ਵਹੀਕਲ ਐਕਟ ਅਨੁਸਾਰ ਇਕ ਬੱਸ ਪਰਮਿਟ ਦੇ ਰੂਟ ਵਿਚ ਸਿਰਫ ਇਕ ਵਾਰ ਐਕਸਟੇਸ਼ਨ ਕਰ ਕੇ 24 ਕਿਲੋਮੀਟਰ ਦਾ ਵਾਧਾ ਕੀਤਾ ਜਾ ਸਕਦਾ ਹੈ ਪਰ ਵੱਡੇ ਘਰਾਣਿਆਂ ਦੀਆਂ ਬੱਸਾਂ ਨੇ ਨਿਯਮਾਂ ਤੋਂ ਉਲਟ ਕਈ ਕਈ ਵਾਰ ਰੂਟਾਂ ਵਿਚ ਵਾਧਾ ਕਰ ਲਿਆ ਹੈ। ਕਾਂਗਰਸੀ ਲੀਡਰਾਂ ਦੀਆਂ ਬੱਸਾਂ ਨੂੰ ਵੀ ਮਾਰ ਪਵੇਗੀ। ਬਾਦਲਾਂ ਵੱਲੋਂ ਵਧਾਏ ਰੂਟਾਂ ਦਾ ਨਮੂਨਾ ਦੇਖੋ। ਇਸ ਘਰਾਣੇ ਕੋਲ ਇਕ ਮੂਲ ਰੂਟ ਪਰਮਿਟ ਨਾਭਾ ਤੋਂ ਪਟਿਆਲਾ ਸੀ ਜੋ ਕਿ ਹੁਣ ਵਧਾ ਕੇ ਬਠਿੰਡਾ ਤੋਂ ਪਟਿਆਲਾ ਹੋ ਗਿਆ ਹੈ। ਜਲਾਲਾਬਾਦ ਤੋਂ ਸੁਨਾਮ ਵਾਲਾ ਰੂਟ ਵਾਧੇ ਮਗਰੋਂ ਮੁਕਤਸਰ ਸਾਹਿਬ ਤੋਂ ਲੁਧਿਆਣਾ ਦਾ ਹੋ ਗਿਆ ਹੈ। ਸੰਗਰੂਰ ਤੋਂ ਪਟਿਆਲਾ ਵਾਲਾ ਰੂਟ ਵਾਧੇ ਮਗਰੋਂ ਪਟਿਆਲਾ ਤੋਂ ਬਠਿੰਡਾ ਹੋ ਗਿਆ ਹੈ। ਇਵੇਂ ਪਟਿਆਲਾ ਤੋਂ ਚੰਨੂ ਵਾਲਾ ਰੂਟ ਹੁਣ ਅਬੋਹਰ ਤੋਂ ਪਟਿਆਲਾ ਦਾ ਹੋ ਗਿਆ ਹੈ। ਬਠਿੰਡਾ ਨਵਾਂ ਸ਼ਹਿਰ ਰੂਟ ਹੁਣ ਫਾਜ਼ਿਲਕਾ ਤੋਂ ਨੰਗਲ ਡੈਮ ਹੋ ਗਿਆ ਹੈ। ਇਸੇ ਤਰ੍ਹਾਂ ਨਵੀਂ ਟਰਾਂਸਪੋਰਟ ਨੀਤੀ ਦੇ ਅਮਲ ਵਿਚ ਆਉਣ ਮਗਰੋਂ ਕਰੀਬ 6700 ਮਿੰਨੀ ਬੱਸਾਂ ਦੇ ਰਾਹ ਵੀ ਬੰਦ ਹੋ ਜਾਣੇ ਹਨ। ਔਰਬਿਟ ਅਤੇ ਡੱਬਵਾਲੀ ਬੱਸ ਕੰਪਨੀ ਦੇ ਲੁਧਿਆਣਾ, ਜਲੰਧਰ ਅਤੇ ਸੰਗਰੂਰ ਲਈ ਕਰੀਬ 34 ਰੂਟ ਬਠਿੰਡਾ ਤੋਂ ਹੀ ਚੱਲਦੇ ਹਨ। ਪਟਿਆਲਾ ਚੰਡੀਗੜ੍ਹ ਦੇ ਰੂਟ ਵੱਖਰੇ ਹਨ। ਵੇਰਵਿਆਂ ਅਨੁਸਾਰ ਪੀ.ਆਰ.ਟੀ.ਸੀ ਕੋਲ ਇਸ ਵੇਲੇ ਕਰੀਬ 1150 ਅਤੇ ਪੰਜਾਬ ਰੋਡਵੇਜ਼ ਕੋਲ ਕਰੀਬ 1800 ਬੱਸਾਂ ਹਨ।