ਅਕਾਲੀ ਦਲ ਦੇ ‘ਬਾਗੀਆਂ’ ਨੂੰ ਆਪਣੇ ਕਾਕਿਆਂ ਦੇ ਭਵਿੱਖ ਦੀ ਚਿੰਤਾ

ਅਕਾਲੀ ਦਲ ਦੇ ‘ਬਾਗੀਆਂ’ ਨੂੰ ਆਪਣੇ ਕਾਕਿਆਂ ਦੇ ਭਵਿੱਖ ਦੀ ਚਿੰਤਾ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਸੁਰ ਦਿਖਾਉਣ ਵਾਲੇ ਸੀਨੀਅਰ ਆਗੂਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਉਨ੍ਹਾਂ ਦੇ ਬੱਚਿਆਂ ਦਾ ਸਿਆਸੀ ਭਵਿੱਖ ਹੈ। ਲੰਬੇ ਸਮੇਂ ਤੋਂ ਹਰ ਆਗੂ ਨੂੰ ਇਸੇ ਤਾਣੇ-ਬਾਣੇ ਦਾ ਹਿੱਸਾ ਬਣਾ ਚੁੱਕੇ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੀ ਇਸ ਕਮਜ਼ੋਰੀ ਨੂੰ ਵਰਤਣ ਦੇ ਮੂਡ ਵਿੱਚ ਹਨ। ਹਾਲਾਂਕਿ ਬਹੁਤ ਸਾਰੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਵੇਲੇ ਤੋਂ ਹੀ ਨਾਖ਼ੁਸ਼ ਹਨ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਸੰਭਾਲ ਲੈਣ ਦੀ ਅਪੀਲ ਉਸ ਵਕਤ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਕੀਤੀ ਗਈ ਸੀ। ਬਾਦਲ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ ਸੀ। ਸੂਤਰਾਂ ਅਨੁਸਾਰ ਸੁਖਬੀਰ ਵੱਲੋਂ ਪਾਰਟੀ ਨੂੰ ਸੀਈਓ ਵਾਂਗ ਚਲਾਉਣ ਦਾ ਤਰੀਕਾ ਵੱਖ-ਵੱਖ ਮੋਰਚਿਆਂ ਵਿੱਚ ਜੇਲ੍ਹ ਗਏ ਆਗੂਆਂ ਦੇ ਗਲੇ ਨਹੀਂ ਉੱਤਰ ਰਿਹਾ ਸੀ ਪਰ ਇੱਕ ਰਣਨੀਤੀ ਤਹਿਤ ਲਗਪਗ ਸਾਰੇ ਸੀਨੀਅਰ ਆਗੂਆਂ ਦੇ ਬੱਚਿਆਂ ਨੂੰ ਵਿਧਾਇਕ ਜਾਂ ਹੋਰ ਅਹੁਦੇ ਮਿਲਣ ਕਾਰਨ ਉਹ ਲੰਬਾ ਸਮਾਂ ਖਾਮੋਸ਼ ਰਹੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮੁੱਦੇ ਉੱਤੇ ਰਾਇ ਮਸ਼ਵਰੇ ਤੋਂ ਬਿਨਾਂ ਜਿਸ ਤਰ੍ਹਾਂ ਸਟੈਂਡ ਲਏ ਗਏ, ਉਹ ਅਕਾਲੀ ਸਿਆਸਤ ਦੇ ਜਾਣਕਾਰ ਆਗੂਆਂ ਲਈ ਖੁਸ਼ਗਵਾਰ ਨਹੀਂ ਸਨ। ਡੇਰਾ ਮੁਖੀ ਨੂੰ ਫ਼ਲਿਮ ਚਲਾਉਣ ਕਾਰਨ ਦਿੱਤੀ ਮੁਆਫ਼ੀ ਅਤੇ ਲੋਕ ਰੋਹ ਕਾਰਨ ਵਾਪਸ ਲੈਣ ਤੋਂ ਬਾਅਦ ਆਪਣੇ ਹਰ ਫੈਸਲੇ ਨੂੰ ਦਰੁਸਤ ਠਹਿਰਾਇਆ ਗਿਆ ਅਤੇ ਗ਼ਲਤੀ ਮੰਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਧਾਰਮਿਕ ਸੰਸਥਾਵਾਂ ਉੱਤੇ ਕਬਜ਼ੇ ਕਾਰਨ ਸ਼ਾਇਦ ਸਭ ਕੁਝ ਕੰਟਰੋਲ ਵਿੱਚ ਹੈ, ਵਾਲੀ ਮਾਨਸਿਕਤਾ ਨੇ ਅਜਿਹਾ ਨਹੀਂ ਹੋਣ ਦਿੱਤਾ। ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਕੇਵਲ 15 ਸੀਟਾਂ ਤੱਕ ਸਿਮਟ ਜਾਣ ਤੋਂ ਬਾਅਦ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਢੀਂਡਸਾ ਨੇ ਖੁਦ ਬਾਦਲ ਨੂੰ ਕਿਹਾ ਸੀ ਕਿ ਉਹ ਪਾਰਟੀ ਦੀ ਕਮਾਨ ਮੁੜ ਇੱਕ ਵਾਰ ਆਪਣੇ ਹੱਥ ਲੈ ਲੈਣ। ਕੋਰ ਕਮੇਟੀ ਦੇ ਇੱਕ ਹੋਰ ਮੈਂਬਰ ਤੋਂ ਅਕਾਲੀ ਦਲ ਦੀ ਹਾਰ ਦਾ ਕਾਰਨ ਪੁੱਛਿਆ ਗਿਆ ਤਾਂ ਜਵਾਬ ਸੁਣ ਕੇ ਬਾਦਲ ਖਾਮੋਸ਼ ਹੋ ਗਏ ਸਨ ਕਿ ਅਕਾਲੀ ਦਲ ਹੈ ਹੀ ਨਹੀਂ ਸੀ, ਜੋ ਹਾਰ ਗਿਆ। ਪਹਿਲਾਂ ਅਕਾਲੀ ਦਲ ਦੇ ਸਰਕਲ ਪੱਧਰ ਤੱਕ ਦੇ ਕਾਰਕੁਨਾਂ ਦੀ ਟਿਕਟਾਂ ਵੇਲੇ ਸੁਣੀ ਜਾਂਦੀ ਸੀ। ਫਿਰ ਜ਼ਿਲ੍ਹਾ ਜਥੇਦਾਰਾਂ ਦੀ ਸ਼ਮੂਲੀਅਤ ਨਾਲ ਹਰ ਫੈਸਲਾ ਹੁੰਦਾ ਸੀ।
ਸੁਖਦੇਵ ਸਿੰਘ ਢੀਂਡਸਾ ਨਾਲ ਗੱਲ ਕਰਨ ਲਈ ਉਸ ਦੇ ਪੁੱਤਰ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਆਸਟਰੇਲੀਆ ਤੋਂ ਵਾਪਸ ਬੁਲਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਮਨਾਉਣ ਲਈ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਚਲੇ ਗਏ। ਮਾਝੇ ਦੇ ਵੱਡੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਉੱਤੇ ਸਿੱਧੇ ਸੁਆਲ ਕੀਤੇ ਹਨ ਅਤੇ ਬਿਕਰਮ ਮਜੀਠੀਆ ਬਾਰੇ ਤਾਂ ਅਸਿੱਧੇ ਤੌਰ ਉੱਤੇ ਉਹ ਬਹੁਤ ਕੁਝ ਕਹਿ ਰਹੇ ਹਨ। ਬ੍ਰਹਮਪੁਰਾ ਅਤੇ ਅਜਨਾਲਾ ਦੇ ਪੁੱਤਰ ਵੀ ਵਿਧਾਇਕ ਰਹਿ ਚੁੱਕੇ ਹਨ। ਪਾਰਟੀ ਦੀ ਕੋਰ ਕਮੇਟੀ ਦੇ ਇੱਕ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੂੰ ਸੁਖਬੀਰ ਨਾਲ ਕੋਈ ਸਮੱਸਿਆ ਨਹੀਂ ਪਰ ਉਹ ਵੀ ਅਕਾਲੀ ਸਿਆਸਤ ਤੋਂ ਅਣਜਾਣ ਹਨ। ਇਸ ਤੌਰ ਤਰੀਕੇ ਨਾਲ ਅਕਾਲੀ ਦਲ ਨਹੀਂ ਚੱਲ ਸਕੇਗਾ। ਜਥੇਦਾਰ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਬਹੁਤ ਸਾਰੇ ਆਗੂਆਂ ਦੇ ਪੁੱਤਰ ਵੀ ਸਰਗਰਮ ਸਿਆਸਤ ਵਿੱਚ ਹਨ। ਇਸ ਕਮਜ਼ੋਰੀ ਨੂੰ ਇੱਕ ਆਗੂ ਨੇ ਬੇਬਾਕੀ ਨਾਲ ਸਵੀਕਾਰ ਵੀ ਕੀਤਾ ਪਰ ਉਸ ਦਾ ਕਹਿਣਾ ਸੀ ਕਿ ਸਮੁੱਚੀ ਪਾਰਟੀ ਬਚੇਗੀ ਤਦ ਹੀ ਬੱਚਿਆਂ ਦਾ ਭਵਿੱਖ ਬਚੇਗਾ।