ਬਾਦਲ ਪਰਿਵਾਰ ਦੀ ਚੌਧਰ ਨੂੰ ਚੁਣੌਤੀ, ਸੀਨੀਅਰ ਆਗੂਆਂ ਵਲੋਂ ਲਾਮਬੰਦੀ

ਬਾਦਲ ਪਰਿਵਾਰ ਦੀ ਚੌਧਰ ਨੂੰ ਚੁਣੌਤੀ, ਸੀਨੀਅਰ ਆਗੂਆਂ ਵਲੋਂ ਲਾਮਬੰਦੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿਚੋਂ ਬਾਦਲ ਪਰਿਵਾਰ ਦੀ ਸਰਦਾਰੀ ਖੁੱਸਣ ਦਾ ਮੁੱਢ ਬੱਝ ਗਿਆ ਹੈ। ਹੁਣ ਤੱਕ ਅੰਦਰਖਾਤੇ ਗਿਲੇ-ਸ਼ਿਕਵੇ ਕਰਨ ਵਾਲੇ ਟਕਸਾਲੀ ਆਗੂਆਂ ਨੇ ਮੋਰਚਾ ਸੰਭਾਲ ਲਿਆ ਜਾਪਦਾ ਹੈ। ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਪਿੱਛੋਂ ਹੁਣ ਘੁਟਣ ਮਹਿਸੂਸ ਕਰ ਰਹੇ ਸੀਨੀਅਰ ਆਗੂ ਖੁੱਲ੍ਹ ਕੇ ਬੋਲਣ ਲੱਗੇ ਹਨ। ਇਥੋਂ ਤੱਕ ਕਿ ਮਾਝੇ ਦੇ ਜਰਨੈਲ ਵਜੋਂ ਚਰਚਿਤ ਹੋਏ ਬਿਕਰਮ ਸਿੰਘ ਮਜੀਠੀਆ ਦੀ ਜਰਨੈਲੀ ਖੋਹਣ ਦੀ ਤਿਆਰੀ ਵੀ ਚੱਲ ਪਈ ਹੈ। ਢੀਂਡਸਾ ਪਿੱਛੋਂ ਬਾਦਲ ਨਾਲ ਜੇਲ੍ਹਾਂ ਕੱਟਣ ਵਾਲੇ ਬਜ਼ੁਰਗ ਟਕਸਾਲੀ ਆਗੂ ਤੇ ਸਾਬਕਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਮਾਖਾ ਨੇ ਸਰਗਰਮ ਸਿਆਸਤ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਨੂੰ ਬਠਿੰਡਾ ਹਲਕੇ ‘ਚੋਂ ਉਠੀ ਬਗਾਵਤੀ ਸੁਰ ਦੱਸਿਆ ਜਾ ਰਿਹਾ ਹੈ।
ਮਾਝੇ ਦੇ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਸਮੇਤ ਹੋਰ ਸੀਨੀਅਰ ਆਗੂਆਂ ਨੇ ਅਕਾਲੀ ਦਲ ਨੂੰ ਇਹ ਦਿਨ ਵਿਖਾਉਣ ਵਾਲਿਆਂ ਨੂੰ ਬਾਹਰ ਕਰਨ ਦੀ ਮੰਗ ਚੁੱਕ ਲਈ ਹੈ। ਇਨ੍ਹਾਂ ਆਗੂਆਂ ਵਲੋਂ ਦਿੱਤੇ ਸੰਕੇਤ ਦੱਸ ਰਹੇ ਹਨ ਕਿ ਆਉਂਦੇ ਦਿਨਾਂ ਵਿਚ ਅਕਾਲੀ ਦਲ ਵਿਚ ਬਾਦਲ ਪਰਿਵਾਰ ਦਾ ਸਿੰਘਾਸਣ ਡੋਲ ਸਕਦਾ ਹੈ। ਇਨ੍ਹਾਂ ਆਗੂਆਂ ਨੇ ਭਾਵੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਂ ਤਾਂ ਨਹੀਂ ਲਿਆ ਪਰ ਗੱਲਾਂ-ਗੱਲਾਂ ਵਿਚ ਆਖ ਦਿੱਤਾ ਹੈ ਕਿ ਹੁਣ ਕੁਝ ਕਰਨ ਦਾ ਵੇਲਾ ਹੈ। ਇਨ੍ਹਾਂ ਆਗੂਆਂ ਨੇ ਸਾਫ ਆਖ ਦਿੱਤਾ ਕਿ ਇਸ ਵੇਲੇ ਅਕਾਲੀ ਵਿਚ ਕੁਝ ਵੀ ਚੰਗਾ ਨਹੀਂ ਅਤੇ ਸੁਖਬੀਰ ਸਿੰਘ ਬਾਦਲ ਬਾਰੇ ਤਾਂ ਪੁੱਛੋ ਹੀ ਕੁਝ ਨਾ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਸੰਕਟ ਦੀ ਇਸ ਘੜੀ ਵਿਚ ਆਪਣੇ ਪੁੱਤਰ ਦੇ ਬਚਾਅ ਲਈ ਮੈਦਾਨ ਵਿਚ ਨਿੱਤਰਨਾ ਪੈ ਰਿਹਾ ਹੈ। ਢੀਂਡਸਾ ਵਲੋਂ ਕੀਤੇ ਫੈਸਲੇ ਨੂੰ ਬਾਦਲ ਸਭ ਤੋਂ ਵੱਡਾ ਸਿਆਸੀ ਝਟਕਾ ਮੰਨ ਰਹੇ ਹਨ। ਇਸ ਤੋਂ ਪਹਿਲਾਂ ਪਾਰਟੀ ਵਿਚ ਜਦੋਂ ਕਦੇ ਵੀ ਪ੍ਰਕਾਸ਼ ਸਿੰਘ ਬਾਦਲ ‘ਤੇ ਸਿਆਸੀ ਸੰਕਟ ਆਇਆ ਤਾਂ ਸੁਖਦੇਵ ਸਿੰਘ ਢੀਂਡਸਾ ਬਾਦਲ ਦੇ ਪੱਖ ਵਿਚ ਖੜ੍ਹਦੇ ਰਹੇ ਹਨ ਅਤੇ ਐਤਕੀਂ ਉਨ੍ਹਾਂ ਸਭ ਤੋਂ ਪਹਿਲਾਂ ਅਸਤੀਫਾ ਦੇ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਸੀਨੀਅਰ ਅਕਾਲੀ ਲੀਡਰ ਹੁਣ ‘ਸੁਖਬੀਰ ਮਾਡਲ ਸਿਆਸਤ’ ਖਿਲਾਫ ਖੁੱਲ੍ਹ ਕੇ ਬੋਲਣ ਲੱਗੇ ਹਨ। ਹੁਣ ਚਰਚਾ ਹੈ ਕਿ ਟਕਸਾਲੀ ਲੀਡਰ ਪਾਰਟੀ ਨੂੰ ਬਾਦਲ ਪਰਿਵਾਰ ਦੀ ਅਜ਼ਾਰੇਦਾਰੀ ਤੋਂ ਮੁਕਤ ਕਰਾਉਣ ਲਈ ਹੰਭਲਾ ਮਾਰੇ ਰਹੇ ਹਨ। ਸਿਆਸੀ ਵਿਸ਼ਲੇਸ਼ਕ ਮੰਨਦੇ ਹਨ ਕਿ ਯਾਦ ਰਹੇ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੌਰਾਨ ਅਕਾਲੀ ਦਲ ਦਾ ਪੰਥਕ ਚਿਹਰਾ ਦਾਗਦਾਰ ਹੋਇਆ ਹੈ।
ਦਰਅਸਲ, ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਨਿਰੋਲ ਸਿਆਸਤ ਵੱਲ ਧੱਕ ਦਿੱਤਾ ਜਿਥੇ ਸੱਤਾ ‘ਤੇ ਜਿੱਤ ਹੀ ਸਭ ਕੁਝ ਹੈ। ਉਸ ਦੀ ਇਸ ਸਿਆਸਤ ਤੋਂ ਸਿੱਖ ਮੁੱਦਿਆਂ ਦੀ ਸਮਝ ਰੱਖ ਵਾਲੇ ਖੁਸ਼ ਨਹੀਂ ਸਨ। ਪਾਰਟੀ ਦੀ ਟਕਸਾਲੀ ਲੀਡਰਸ਼ਿਪ ਨੂੰ ਵੀ ‘ਸੁਖਬੀਰ ਮਾਡਲ ਸਿਆਸਤ’ ਰਾਸ ਨਹੀਂ ਆ ਰਹੀ ਸੀ ਪਰ ਪਾਰਟੀ ਦੀਆਂ ਸਾਰੀਆਂ ਤਾਕਤਾਂ ਬਾਦਲ ਪਰਿਵਾਰ ਕੋਲ ਹੋਣ ਕਰਕੇ ਕੋਈ ਵੀ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ। ਜਦੋਂ ਤੋਂ ਸੁਖਬੀਰ ਬਾਦਲ ਦੇ ਹੱਥ ਪਾਰਟੀ ਦੀ ਕਮਾਨ ਆਈ ਹੈ, ਉਦੋਂ ਤੋਂ ਹੀ ਢੀਂਡਸਾ ਸਣੇ ਸਾਰੇ ਟਕਸਾਲੀ ਲੀਡਰ ਖੁਦ ਨੂੰ ਨੁੱਕਰੇ ਲੱਗਿਆ ਮਹਿਸੂਸ ਕਰ ਰਹੇ ਹਨ। ਪਾਰਟੀ ਵਿਚ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਦੀ ਹੀ ਤੂਤੀ ਬੋਲਦੀ ਹੈ। ਹੁਣ ਤਾਂ ਹਾਲਾਤ ਇਹ ਹੋ ਗਏ ਸੀ ਕਿ ਪ੍ਰਕਾਸ਼ ਸਿੰਘ ਬਾਦਲ ਵੀ ਸੀਨੀਅਰ ਲੀਡਰਾਂ ਨੂੰ ਕਹਿ ਦਿੰਦੇ ਹਨ ਕਿ ਸੁਖਬੀਰ ਬਾਦਲ ਕੋਲ ਜਾਓ। ਟਕਸਾਲੀ ਲੀਡਰ ਇਸ ਗੱਲੋਂ ਵੀ ਦੁਖੀ ਹਨ ਕਿ ਜਦੋਂ ਵੀ ਕੋਈ ਪੰਥਕ ਸੰਕਟ ਆਉਂਦਾ ਹੈ ਤਾਂ ਉਨ੍ਹਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ; ਉਂਜ, ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ। ਉਹ ਵਾਰ-ਵਾਰ ਪੰਥਕ ਮੁੱਦਿਆਂ ‘ਤੇ ਸਲਾਹ ਦਿੰਦੇ ਹਨ ਪਰ ਉਨ੍ਹਾਂ ਦੀ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ।
ਬਗਾਵਤ ਪਿੱਛੇ ਆਈ. ਐਸ. ਆਈ. ਦਾ ਹੱਥ?
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ ‘ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਟਕਸਾਲੀ ਅਕਾਲੀ ਆਗੂਆਂ ਵਲੋਂ ਕੀਤੀ ਬਗਾਵਤ ਬਾਰੇ ਸੁਖਬੀਰ ਨੇ ਚੁੱਪ ਧਾਰ ਲਈ ਹੈ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਅਕਾਲੀ ਦਲ ਦੀ ਬਗਾਵਤ ਪਿੱਛੇ ਕਿਤੇ ਆਈ.ਐਸ਼ਆਈ. ਦਾ ਹੱਥ ਤਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਸਿਰਫ ਜੀਜਾ-ਸਾਲਾ ਦੀ ਕੰਪਨੀ ਬਣ ਕੇ ਰਹਿ ਜਾਵੇਗੀ। ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਦਲ ਦਾ ਥੰਮ੍ਹ ਕਰਾਰ ਦਿੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਜਦੋਂ ਥੰਮ੍ਹ ਹੀ ਡਿੱਗ ਗਿਆ ਤਾਂ ਬਚੇਗਾ ਕੀ?
ਬਾਦਲ ਦੀ ਫੁਰਤੀ ਤੋਂ ਸਾਰੇ ਹੈਰਾਨ
ਸਿਹਤ ਠੀਕ ਨਾ ਹੋਣ ਕਾਰਨ ਸਿਆਸਤ ਤੋਂ ਸਨਿਆਸ ਲੈਣ ਦੀ ਤਿਆਰੀ ਕਰੀ ਬੈਠੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਨ੍ਹੀਂ ਦਿਨੀਂ ਵਿਖਾਈ ਜਾ ਰਹੀ ਫੁਰਤੀ ਤੋਂ ਹਰ ਕੋਈ ਹੈਰਾਨ ਹੈ। ਬਾਦਲ ਦਿਨ ਰਾਤ 7 ਅਕਤੂਬਰ ਨੂੰ ਪਟਿਆਲਾ ਵਿਚ ਅਕਾਲੀ ਦਲ ਦੀ ਹੋਣ ਵਾਲੀ ਰੈਲੀ ਲਈ ਜੁਟੇ ਹੋਏ ਹਨ। ਦੱਸ ਦਈਏ ਕਿ ਪਿੱਛੇ ਮਹੀਨੇ ਡਾਕਟਰਾਂ ਨੇ ਬਾਦਲ ਨੂੰ ਸਿਹਤ ਦਾ ਹਵਾਲਾ ਦੇ ਕੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਤੇ ਹੁਣ ਉਹ ਆਪਣੇ ਜੱਦੀ ਹਲਕੇ ਤੱਕ ਹੀ ਸੀਮਤ ਸਨ ਪਰ ਅਕਾਲੀ ਦਲ ਵਿਚ ਉਠੀ ਬਗਾਵਤ ਨੇ ਉਨ੍ਹਾਂ ਨੂੰ ਮੁੜ ਸਰਗਰਮ ਹੋਣ ਲਈ ਮਜਬੂਰ ਕਰ ਦਿੱਤਾ।