ਧੀ ਕਿਵੇਂ ਬਣੇ ਚੰਗੀ ਨੂੰਹ ?

ਧੀ ਕਿਵੇਂ ਬਣੇ ਚੰਗੀ ਨੂੰਹ ?

ਆਮ ਤੌਰ ‘ਤੇ ਘਰ ਵਿੱਚ ਨਾਨੀਆਂ-ਦਾਦੀਆਂ ਨੂੰ ਦੋਹਤੀਆਂ-ਪੋਤੀਆਂ ਨੂੰ ਮੱਤ ਦਿੰਦੇ ਸੁਣਿਆ ਹੈ- ਧੀਓ ਕੋਈ ਕੰਮ-ਕਾਰ ਸਿੱਖ ਲਓ, ਅਗਲੇ ਘਰ ਜਾਣਾ ਹੈ, ਸੁਖੀ ਰਹੋਗੀਆਂ। ਕੋਲ ਬੈਠੀਆਂ ਮਾਵਾਂ ਦਾ ਜੁਆਬ ਹੁੰਦਾ-‘ਕੋਈ ਨਾ ਸਿੱਖ ਲਊਗੀ ਕੰਮ, ਨਿਆਣੀ ਏਂ, ਸਾਰੀ ਉਮਰ ਕੰਮ ਹੀ ਕਰਨਾ ਏਂ।’ ਦੂਸਰੇ ਪਾਸੇ ਜੇ ਉਸੇ ਉਮਰ ਦੀ ਕੁੜੀ ਘਰ ਨੂੰਹ ਬਣ ਕੇ ਆ ਜਾਏ ਅਤੇ ਸ਼ੁਰੂ ਵਿੱਚ ਭੁੱਲ-ਭੁਲੇਖੇ ਕੋਈ ਗ਼ਲਤੀ ਹੋ ਜਾਏ ਜਾਂ ਕੰਮ ਕਰਨਾ ਨਾ ਆਏ ਤਾਂ ਉਹੀ ਮਾਂ ਦਾ ਕਹਿਣ ਦਾ ਰੰਗ-ਢੰਗ ਬਦਲ ਜਾਂਦਾ ਹੈ- ‘ਵਿਆਹੀ ਵਰ੍ਹੀ ਏਂ, ਸਿਆਣੀ-ਬਿਆਣੀ, ਇੰਨਾ ਕੰਮ ਕਰਨਾ ਵੀ ਨਹੀਂ ਆਉਂਦਾ। ਮਾਂ ਨੇ ਸਿਖਾਇਆ ਨਹੀਂ ਕੁਝ।’ ਇੱਕ ਔਰਤ ਦਾ ਮਾਂ ਦਾ ਰੂਪ ਹੋਰ ਤੇ ਸੱਸ ਦਾ ਹੋਰ, ਆਪਣੀ ਧੀ-ਨਿਆਣੀ ਜਾਪਦੀ ਹੈ ਤੇ ਉਸੇ ਉਮਰ ਦੀ ਦੂਸਰੇ ਦੀ ਧੀ ਨੂੰ ਸਿਆਣੀ-ਬਿਆਣੀ ਕਹਿ ਕੇ ਵਿਅੰਗ ਕਸਿਆ ਜਾਂਦਾ ਹੈ। ਜੇ ਅਸੀਂ ਆਪਣੀ ਧੀ ਦੀਆਂ ਅਨੇਕਾਂ ਗ਼ਲਤੀਆਂ ਅਣਗੌਲਿਆਂ ਕਰ ਸਕਦੇ ਹਾਂ ਤਾਂ ਨੂੰਹ ਦੀ ਇੱਕ ਗ਼ਲਤੀ ਮੁਆਫ਼ ਕਿਉਂ ਨਹੀਂ ਕੀਤੀ ਜਾ ਸਕਦੀ? ਅੱਜ ਲੋੜ ਹੈ ਅਜਿਹੀ ਮਾਨਸਿਕਤਾ ਨੂੰ ਬਦਲਣ ਦੀ।
ਇੱਕ ਧੀ ਕਿਵੇਂ ਇੱਕ ਚੰਗੀ ਨੂੰਹ ਬਣੇ, ਇਸ ਬਾਰੇ ਮਾਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ, ਕਦਮ-ਕਦਮ ‘ਤੇ ਚੰਗੀ ਸਿੱਖਿਆ ਤੇ ਸੰਸਕਾਰ ਦੇਣ ਦੀ ਲੋੜ ਹੈ ਤਾਂ ਕਿ ਉਸ ਨੂੰ ਕਿਸੇ ਤਰ੍ਹਾਂ ਦੇ ਵਿਅੰਗ ਜਾਂ ਟੋਕਾ-ਟਾਕੀ ਦਾ ਸ਼ਿਕਾਰ ਨਾ ਹੋਣਾ ਪਵੇ। ਨਿਰਸੰਦੇਹ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮੁੰਡੇ-ਕੁੜੀਆਂ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿੱਚ ਹਨ। ਪੜ੍ਹਾਈ ਪੂਰੀ ਹੁੰਦਿਆਂ ਹੀ ਨੌਕਰੀ ਕਰਨ ਦਾ ਰੁਝਾਨ ਵੀ ਵਧਦਾ ਜਾ ਰਿਹਾ ਹੈ। ਨੌਕਰੀ ਕਰਦੀ ਲੜਕੀ ਕੋਲ ਸਮੇਂ ਦੀ ਘਾਟ ਹੁੰਦੀ ਹੈ। ਅਜਿਹੇ ਹਾਲਾਤ ਵਿੱਚ ਲੜਕੀਆਂ ਦੇ ਮਾਪਿਆਂ ਕੋਲ ਇੱਕ ਬਹਾਨਾ ਹੁੰਦਾ ਹੈ ਕਿ ਕਿਸ ਵੇਲੇ ਘਰ ਦਾ ਕੰਮ-ਕਾਜ ਸਿਖਾਇਆ ਜਾਏ। ਪਰ ਸੁਚੱਜੀਆਂ ਮਾਵਾਂ ਛੁੱਟੀ ਵਾਲੇ ਦਿਨ ਮੌਕਾ ਵੇਖ ਕੇ ਧੀਆਂ ਨੂੰ ਕੰਮ-ਕਾਜ ਵਿੱਚ ਮਾਹਿਰ ਕਰ ਲੈਂਦੀਆਂ ਹਨ। ਘਰ ਦਾ ਕੰਮ ਤੇ ਰੋਟੀ-ਪਾਣੀ ਕਰਨਾ ਤਾਂ ਪਰਿਵਾਰ ਦੀਆਂ ਮੁੱਢਲੀਆ ਲੋੜਾਂ ਹਨ। ਜੇ ਇਨ੍ਹਾਂ ਕੰਮਾਂ ਲਈ ਨੌਕਰਾਣੀ ਰੱਖ ਵੀ ਲਈ ਜਾਏ ਤਾਂ ਵੀ ਉਸ ਨੂੰ ਗਾਈਡ ਕਰਨ ਦੀ ਲੋੜ ਪੈਂਦੀ ਹੈ। ਕੰਮ ਵੀ ਤਾਂ ਹੀ ਕਰਵਾਇਆ ਜਾ ਸਕਦਾ ਹੈ ਜੇ ਆਪ ਨੂੰ ਕੁਝ ਆਉਂਦਾ ਹੋਵੇਗਾ। ਹਰ ਧੀ ਵਿੱਚ ਇੱਕ ਸੁੱਘੜ-ਸੁਚੱਜੀ ਧੀ, ਭੈਣ, ਪਤਨੀ ਤੇ ਮਾਂ ਦੇ ਗੁਣ ਹੋਣੇ ਲੋੜੀਂਦੇ ਹਨ ਤਾਂ ਕਿ ਕੱਲ੍ਹ ਨੂੰ ਇੱਕ ਸੋਹਣੇ-ਸੁਚੱਜੇ ਘਰ ਦੀ ਮਾਲਕਣ, ਇੱਕ ਸੰਸਕਾਰੀ ਨੂੰਹ ਬਣਨ ਦੇ ਕਾਬਲ ਹੋਵੇ। ਜੇ ਇੱਕ ਧੀ ਚਾਹੁੰਦੀ ਹੈ ਕਿ ਉਸ ਦੇ ਮਾਪਿਆਂ ਦੀ ਸੇਵਾ-ਸੰਭਾਲ ਤੇ ਸਤਿਕਾਰ ਹੋਵੇ ਤਾਂ ਇਹੀ ਨਿਯਮ ਉਸ ਉੱਤੇ ਵੀ ਲਾਗੂ ਹੁੰਦਾ ਹੈ ਕਿ ਉਹ ਆਪਣੇ ਸੱਸ-ਸਹੁਰੇ ਦੀ ਦੇਖ-ਭਾਲ ਤਨਦੇਹੀ ਨਾ ਕਰੇ। ਪਰ ਯਾਦ ਰਹੇ ਕਿ ਇਹ ਸੰਸਕਾਰ ਉਸ ਨੇ ਮਾਪਿਆਂ ਦੇ ਘਰੋਂ ਗ੍ਰਹਿਣ ਕਰਨੇ ਹੁੰਦੇ ਹਨ।
ਜੇ ਇੱਕ ਧੀ ਕਿਤੇ ਨੂੰਹ ਦਾ ਤੇ ਕਿਤੇ ਧੀ ਦਾ ਫਰਜ਼ ਨਿਭਾਉਂਦੀ ਹੈ ਤਾਂ ਦੂਸਰੇ ਪਾਸੇ ਇੱਕ ਮਾਂ ਹੀ ਸੱਸ ਬਣਦੀ ਹੈ। ਲੋੜ ਹੈ ਮਾਂ ਇਸ ਰਿਸ਼ਤੇ ਵਿੱਚ ਸੰਤੁਲਨ ਕਾਇਮ ਰੱਖੇ ਅਤੇ ਧੀ ਤੇ ਨੂੰਹ ਵਿੱਚ ਅੰਤਰ ਨਾ ਕਰਕੇ ਵਧੀਆ ਰੋਲ ਅਦਾ ਕਰੇ ਤੇ ਦੋਹਾਂ ਨੂੰ ਚੰਗੀ ਸਿੱਖਿਆ ਦੇਵੇ। ਕਿਸੇ ਨੇ ਸੱਚ ਕਿਹਾ ਹੈ ਕਿ ਔਰਤ ਬਿਨਾਂ ਘਰ ਨਹੀਂ ਬਣਦੇ ਅਤੇ ਪਰਮਾਤਮਾ ਨੇ ਉਸ ਨੂੰ ਏਨਾ ਵਿਸ਼ਾਲ ਹਿਰਦਾ ਦਿੱਤਾ ਹੈ ਕਿ ਦਿਨ-ਰਾਤ ਖ਼ੁਸ਼ੀ-ਖ਼ੁਸ਼ੀ ਪਰਿਵਾਰਕ ਜ਼ਿੰਮੇਵਾਰੀ ਨਿਭਾਉਂਦੀ ਹੋਈ ਵੀ ਮੱਥੇ ਵੱਟ ਨਹੀਂ ਪਾਉਂਦੀ। ਪਰ ਜੇ ਬਦਲੇ ਵਿੱਚ ਉਸ ਨੂੰ ਥੋੜ੍ਹੀ ਜਿਹੀ ਪ੍ਰਸ਼ੰਸਾ ਮਿਲ ਜਾਏ ਤਾਂ ਉਸ ਦਾ ਹੌਸਲਾ ਦੁੱਗਣਾ ਹੋ ਜਾਂਦਾ ਹੈ। ਅਜੋਕੀ ਪੜ੍ਹੀ-ਲਿਖੀ ਔਰਤ ਨੇ ਆਪਣੀ ਲਗਨ, ਮਿਹਨਤ ਤੇ ਯੋਗਤਾ ਨਾਲ ਸਿੱਧ ਕਰ ਦਿੱਤਾ ਹੈ ਕਿ ਘਰ ਹੋਵੇ ਜਾਂ ਬਾਹਰ, ਉਹ ਆਪਣੀ ਪ੍ਰਤਿਭਾ ਦਾ ਸਿੱਕਾ ਜਮਾ ਰਹੀ ਹੈ। ਬਸ ਉਹ ਇੰਨਾ ਹੀ ਚਾਹੁੰਦੀ ਹੈ ਕਿ ਉਸ ਨੂੰ ਘਰ ਵਿੱਚ ਬਣਦਾ ਮਾਣ-ਸਨਮਾਨ ਤੇ ਚੰਗੀ ਨੂੰਹ ਦਾ ਦਰਜਾ ਮਿਲੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਇੱਕ ਧੀ, ਇੱਕ ਨੂੰਹ ਹੀ ਘਰ ਦੀ ਹੋਂਦ ਨੂੰ ਮਜ਼ਬੂਤ ਤੇ ਸ਼ਕਤੀਸ਼ਾਲੀ ਬਣਾਉਂਦੀ ਹੈ, ਉਹ ਸਮਾਜਿਕ ਰਿਸ਼ਤਿਆਂ ਦੀ ਧਰੋਹਰ ਹੈ, ਘਰ ਦਾ ਸੰਕਲਪ ਉਸ ਨਾਲ ਜੁੜਿਆ ਹੋਇਆ ਹੈ ਤਾਂ ਹੀ ਉਸ ਨੂੰ ਘਰਵਾਲੀ ਦਾ ਰੁਤਬਾ ਹਾਸਲ ਹੈ। ਕੁਰਬਾਨੀ ਦੇ ਮਹਾਨ ਜਜ਼ਬੇ ਸਦਕਾ ਹੀ ਉਹ ਦੋਹਰੀ ਜ਼ਿੰਮੇਵਾਰੀ ਨਿਭਾਅ ਕੇ ਪਰਿਵਾਰ ਨੂੰ ਖ਼ੁਸ਼ਹਾਲ ਰੱਖਣ ਦਾ ਯਤਨ ਕਰਦੀ ਹੈ, ਪਰ ਨੋਕ-ਝੋਕ ਕਰਨ ਵਾਲੇ ਪਰਿਵਾਰਾਂ ਵਿੱਚ ਉਸਦੀ ਉਹ ਕਦਰ ਨਹੀਂ ਪੈਂਦੀ, ਜਿਸ ਦੀ ਉਹ ਹੱਕਦਾਰ ਹੈ। ਕਈ ਤਾਂ ਇੱਥੋਂ ਤਕ ਕਹਿ ਦਿੰਦੇ ਹਨ ਕਿ ਔਰਤਾਂ ਵਿਹਲੀਆਂ ਨੂੰ ਸਾਰਾ ਦਿਨ ਕੰਮ ਹੀ ਕੀ ਹੈ? ਕੋਈ ਉਨ੍ਹਾਂ ਨੂੰ ਪੁੱਛੇ ਤੁਸੀਂ ਇੱਕ ਦਿਨ ਸਾਰੀ ਜ਼ਿੰਮੇਵਾਰੀ ਚੁੱਕ ਕੇ ਤਾਂ ਵੇਖੋ ਫਿਰ ਪਤਾ ਲੱਗੇਗਾ ਕਿ ਨੌਕਰੀ ਤੇ ਘਰ-ਪਰਿਵਾਰ ਵਿੱਚ ਸੰਤੁਲਨ ਰੱਖਣਾ ਕਿੰਨਾ ਕੁ ਸੌਖਾ ਹੈ?
ਧੀ ਸ਼ਬਦ ਹੀ ਅਜਿਹਾ ਹੈ, ਜਿਸ ਨਾਲ ਕਈ ਰਿਸ਼ਤੇ ਜੁੜੇ ਹੁੰਦੇ ਹਨ ਜੋ ਉਹ ਸਾਰੀ ਉਮਰ ਨਿਭਾਉਂਦੀ ਹੈ। ਅਕਸਰ ਘਰਾਂ ਵਿੱਚ ਮਾਂ ਛੋਟੀ ਉਮਰ ਤੋਂ ਹੀ ਧੀ ਨੂੰ ਛੋਟੇ-ਛੋਟੇ ਕੰਮ ਕਰਨ ਨੂੰ ਕਹਿੰਦੀ ਰਹਿੰਦੀ ਹੈ ਤਾਂ ਕਿ ਸਹੁਰੇ ਘਰ ਜਾ ਕੇ ਧੀ ਨੂੰ ਪਰੇਸ਼ਾਨੀ ਨਾ ਹੋਵੇ। ਘਰ ਦੇ ਕੰਮਾਂ ਤੋਂ ਇਲਾਵਾ ਉਸ ਨੂੰ ਰਿਸ਼ਤੇ ਬਣਾਉਣ ਤੇ ਨਿਭਾਉਣ ਦੀ ਸਿੱਖਿਆ ਵੀ ਮਾਂ ਕੋਲੋਂ ਹੀ ਮਿਲਦੀ ਹੈ। ਜਿਹੜੀ ਧੀ ਸਮਝਦਾਰ ਹੁੰਦੀ ਹੈ ਉਹ ਤਾਂ ਮਾਂ ਦੀਆਂ ਸਿੱਖਿਆਵਾਂ ਨੂੰ ਪੱਲੇ ਬੰਨ੍ਹ ਕੇ ਸਹੁਰੇ ਘਰ ਕਦਮ ਰੱਖਦੀ ਹੈ। ਮਾਂ ਦਾ ਫਰਜ਼ ਬਣਦਾ ਹੈ ਕਿ ਧੀ ਦੇ ਗ਼ਲਤ ਵਿਵਹਾਰ ਉੱਤੇ ਉਸ ਨੂੰ ਟੋਕੇ ਤੇ ਸਹੀ ਮਾਰਗ-ਦਰਸ਼ਨ ਕਰੇ ਤਾਂ ਜੋ ਉਹ ਆਪਣੇ ਰਿਸ਼ਤੇ ਤੇ ਜ਼ਿੰਮੇਵਾਰੀਆਂ ਬਾਖੂਬੀ ਨਿਭਾਅ ਸਕੇ। ਵਿਆਹ ਉਪਰੰਤ ਸ਼ੁਰੂ ਵਿੱਚ ਪਰਿਵਾਰ ਦੇ ਮੈਂਬਰਾਂ ਦੇ ਸੁਭਾਅ ਤੇ ਆਦਤਾਂ ਨੂੰ ਸਮਝਣ ਲਈ ਸਮਾਂ ਜ਼ਰੂਰ ਲੱਗਦਾ ਹੈ, ਗ਼ਲਤ-ਫਹਿਮੀਆਂ ਵੀ ਪੈਦਾ ਹੋ ਜਾਂਦੀਆਂ ਹਨ, ਪਰ ਜਿਉਂ-ਜਿਉਂ ਸਮਾਂ ਬੀਤਦਾ ਹੈ ਦੋਹਾਂ ਧਿਰਾਂ ਨੂੰ ਸਮਝ ਆ ਜਾਂਦੀ ਹੈ ਕਿ ਸਮਝੌਤਿਆਂ ਦਾ ਨਾਂ ਹੀ ਜ਼ਿੰਦਗੀ ਹੈ ਅਤੇ ਹਾਲਾਤ ਮੁਤਾਬਕ ਢਲਣਾ ਹੀ ਸਮਝਦਾਰੀ ਹੈ। ਗ੍ਰਹਿਸਥ ਜੀਵਨ ਵਿੱਚ ਪਿਆਰ ਤੇ ਭਰੋਸਾ ਕਾਇਮ ਰੱਖਣਾ ਜ਼ਰੂਰੀ ਹੁੰਦਾ ਹੈ। ਜੇ ਪਰਿਵਾਰਕ ਮੈਂਬਰਾਂ ਤੇ ਪਤੀ-ਪਤਨੀ ਵਿੱਚ ਇਹ ਭਾਵਨਾ ਪੈਦਾ ਹੋ ਜਾਏ ਕਿ ਸਾਰੇ ਇੱਕ-ਦੂਸਰੇ ਦਾ ਸਨਮਾਨ ਕਰਨ, ਕਿਸੇ ਉੱਤੇ ਹੰਕਾਰ ਭਾਰੂ ਨਾ ਹੋਵੇ, ਇੱਕ-ਦੂਸਰੇ ਦੀ ਸਹਿਮਤੀ ਨਾਲ ਸਾਰੇ ਕੰਮ ਕੀਤੇ ਜਾਣ, ਪੈਸੇ ਦੇ ਮਾਮਲੇ ਵਿੱਚ ਤੇਰ-ਮੇਰ ਨਾ ਹੋਵੇ, ਕਿਸੇ ਤਰ੍ਹਾਂ ਦੀ ਗ਼ਲਤੀ ਹੋਣ ‘ਤੇ ਮੁਆਫੀ ਮੰਗ ਲਈ ਜਾਏ, ਇੱਕ-ਦੂਸਰੇ ਦੀਆਂ ਗ਼ਲਤੀਆਂ ਉਛਾਲਣ ਦੀ ਬਜਾਏ ਸੁਧਾਰਨ ਦਾ ਮੌਕਾ ਦਿੱਤਾ ਜਾਏ, ਭਰੋਸਾ ਕਾਇਮ ਰੱਖਿਆ ਜਾਵੇ ਅਤੇ ਚੰਗੇ ਕੰਮ ਕਰਨ ‘ਤੇ ਇੱਕ-ਦੂਸਰੇ ਦੀ ਪ੍ਰਸ਼ੰਸਾ ਕੀਤੀ ਜਾਏ ਤਾਂ ਮਨਾਂ ਵਿੱਚ ਪਿਆਰ ਤੇ ਸਤਿਕਾਰ ਵਧਦਾ ਹੈ। ਜੇ ਧੀਆਂ ਨੂੰ ਅਜਿਹੇ ਨੇਕ ਵਿਚਾਰ ਤੇ ਸੰਸਕਾਰ ਦੇ ਕੇ ਸਹੁਰੇ ਘਰ ਤੋਰਾਂਗੇ ਤਾਂ ਮੈਨੂੰ ਨਹੀਂ ਜਾਪਦਾ ਕਿ ਉਹ ਇੱਕ ਚੰਗੀ ਨੂੰਹ ਹੋਣ ਦਾ ਮਾਣ ਹਾਸਲ ਕਰਨ ਤੋਂ ਵਾਂਝੀ ਰਹੇਗੀ ਅਤੇ ਇੱਕ ਸੱਸ ਉਸ ਨਾਲ ਮਾਂ ਵਾਲਾ ਵਿਵਹਾਰ ਕਰਨ ਤੋਂ ਗੁਰੇਜ਼ ਕਰੇਗੀ।

– ਡਾ. ਜਗਦੀਸ਼ ਕੌਰ ਵਾਡੀਆ