ਸ਼ਹਿਰ ਦਾ ਭਵਿੱਖ ਨੌਜਵਾਨਾਂ ਦੇ ਹੱਥ ਦੇਣ ਲਈ ‘ਯੂਥ ਕੌਂਸਲ’ ਦਾ ਕੀਤਾ ਜਾਵੇਗਾ ਗਠਨ : ਟੌਮ ਗਿੱਲ

ਸ਼ਹਿਰ ਦਾ ਭਵਿੱਖ ਨੌਜਵਾਨਾਂ ਦੇ ਹੱਥ ਦੇਣ ਲਈ ‘ਯੂਥ ਕੌਂਸਲ’ ਦਾ ਕੀਤਾ ਜਾਵੇਗਾ ਗਠਨ : ਟੌਮ ਗਿੱਲ

ਸਰ੍ਹੀ : (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼): ਸਰੀ ਫਸਟ ਤੋਂ ਮੇਅਰ ਲਈ ਚੋਣ ਲੜ੍ਹ ਰਹੇ ਉਮੀਦਵਾਰ ਟੋਮ ਗਿੱਲ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ 20 ਅਕਤੂਬਰ ਨੂੰ ਸਰ੍ਹੀ ਨਿਵਾਸੀਆਂ ਵਲੋਂ ਉਨ੍ਹਾਂ ਦੀ ਟੀਮ ਨੂੰ ਚੁਣਿਆ ਜਾਂਦਾ ਹੈ ਤਾਂ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਸਰ੍ਹੀ ਦਾ ਭਵਿੱਖ ਨੌਜਵਾਨਾਂ ਦੇ ਹੱਥ ਹੈ। ਉਨ੍ਹਾਂ ਕਿਹਾ ਕਿ ਸਰ੍ਹੀ ਫਸਟ ਵਲੋਂ ‘ਯੂਥ ਕੌਂਸਲ’ ਤਿਆਰ ਕੀਤਾ ਜਾਵੇਗਾ ਜੋ ਕਿ ਆਪਣੇ ਭਾਈਚਾਰੇ ਦੇ ਭਵਿੱਖ ਲਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਬਿਹਤਰ ਕੰਮ ਕਰਨਗੇ। ਟੋਮ ਗਿੱਲ ਨੇ ਕਿਹਾ ਕਿ ਸਰ੍ਹੀ ਸ਼ਹਿਰ ਕੋਲ ਬਹੁਤ ਕੁਝ ਅਜਿਹਾ ਹੈ ਜਿਸ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ, ਉਨ੍ਹਾਂ ਵਿਚੋਂ ਹੀ ਇੱਕ ਹਨ ਸਾਡੇ ਨੌਜਵਾਨ। ਉਨ੍ਹਾਂ ਕਿਹਾ ਸਰ੍ਹੀ ਦੇਸ਼ ਦਾ ਤੀਜਾ ਅਜਿਹਾ ਸ਼ਹਿਰ ਹੈ ਜਿਥੇ 19 ਸਾਲ ਤੋਂ ਘੱਟ ਉਮਰ ਵਾਲੇ ਸਭ ਜ਼ਿਆਦਾ ਨੌਜਵਾਨਾਂ ਹਨ, ਅਤੇ ਮੈਂ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਸਾਡੇ ਸ਼ਹਿਰ ਦੇ ਦਾਅਵੇਦਾਰ ਨੌਜਵਾਨ ਹੋਣ। ਉਨ੍ਹਾਂ ਕਿਹਾ ਕਿ ਕੈਲਗਰੀ, ਬੋਸਟਨ, ਲੌਸ ਐਂਜਲਸ ਅਤੇ ਟਰਾਂਟੋ ਵਰਗੇ ਸ਼ਹਿਰਾਂ ‘ਚ ਇਸੇ ਤਰ੍ਹਾਂ ਦੀ ਯੂਥ ਕੌਂਸਲਾਂ ਹਨ ਅਤੇ ਹੁਣ ਸਰੀ ਫਸਟ ਵਲੋਂ ਵੀ ਸ਼ਹਿਰ ‘ਚ ਨੌਜਵਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ, ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਦੀ ਵਕਾਲਤ ਲਈ ਨੌਜਵਾਨ ਕੌਂਸਲ ਦਾ ਗਠਨ ਕੀਤਾ ਜਾਵੇਗਾ। ਯੂਥ ਕੌਂਸਲ ਦੇ ਮੈਬਰਾਂ ਦੀ ਉਮਰ 16 ਤੋਂ 24 ਸਾਲ ਹੋਵੇਗੀ ਅਤੇ ਉਨ੍ਹਾਂ ਦੀ ਚੋਣ ਸ਼ਹਿਰ ਦੀ ਨਾਮਜ਼ਦਗੀ ਪ੍ਰਕਿਰਿਆ ਦੁਆਰਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਯੂਥ ਕੌਂਸਲਾਂ ਦੂਜੇ ਕਈ ਸ਼ਹਿਰਾਂ ‘ਚ 20 ਸਾਲਾਂ ਤੋਂ ਚੱਲ ਰਹੀਆਂ ਹਨ ਜੋ ਕਿ ਘਰਾਂ ਦੇ ਮਾਲਕਾਂ, ਉਦਮੀਆਂ, ਵਰਕਰਾਂ, ਟੈਕਸ ਦੇਣ ਵਾਲਿਆਂ ਅਤੇ ਮਾਪਿਆਂ-ਬੱਚਿਆਂ ਲਈ ਗੰਂਭੀਰ ਚਰਚਾ ਕਰਨ ਲਈ ਇੱਕ ਚੰਗਾ ਵਿਕਲਪ ਸਾਬਤ ਹੋਈਆਂ ਹਨ। ਟੋਮ ਗਿੱਲ ਨੇ ਕਿਹਾ ਕਿ ਉਹ ਮਾਰਚ ਤੱਕ 10 ਮੈਂਬਰੀ ਯੂਥ ਕੌਂਸਲ ਦਾ ਗਠਨ ਕਰਨਗੇ ਜਿਨ੍ਹਾਂ ਲਈ ਪੂਰੇ ਸ਼ਹਿਰ ‘ਚੋਂ ਨਾਮਜ਼ਦਗੀਆਂ ਲਈਆਂ ਜਾਣਗੀਆਂ। ਮੇਅਰ ਦੀ ਯੂਥ ਕੌਂਸਲ ਲਈ ਸਲਾਨਾ ਬਜਟ 1 ਮਿਲੀਅਨ ਡਾਲਰ ਅਤੇ ਪੰਜ ਸਾਲ ਲਈ 30 ਮਿਲੀਅਨ ਡਾਲਰ ਦੀ ਜਨਤਕ ਸੁਰੱਖਿਆ ਯੋਜਨਾ ਨੂੰ ਇਸ ਦਾ ਹਿੱਸਾ ਬਣਾਉਣ ਦਾ ਟੀਚਾ ਮਿਥਿਆ ਜਾਵੇਗਾ।