ਪੰਜਾਬ ਤਾਂ ਕੈਨੇਡਾ ਜਾਂ ਕੈਲੀਫੋਰਨੀਆਂ ਨਹੀਂ ਬਣ ਸਕਿਆ ਪਰ ਕੈਨੇਡਾ ਨੂੰ ਪੰਜਾਬ ਬਣਾਉਣ ‘ਚ ਰੁੱਝੇ ਪ੍ਰਵਾਸੀ ਸਿਆਸਤਦਾਨ ਪੱਬਾਂ ਭਾਰ

ਪੰਜਾਬ ਤਾਂ ਕੈਨੇਡਾ ਜਾਂ ਕੈਲੀਫੋਰਨੀਆਂ ਨਹੀਂ ਬਣ ਸਕਿਆ ਪਰ ਕੈਨੇਡਾ ਨੂੰ ਪੰਜਾਬ ਬਣਾਉਣ ‘ਚ ਰੁੱਝੇ ਪ੍ਰਵਾਸੀ ਸਿਆਸਤਦਾਨ ਪੱਬਾਂ ਭਾਰ

ਸਥਾਨਕ ਚੋਣਾਂ ਤੋਂ ਫੈਡਰਲ ਤੱਕ ਚੋਣਾਂ ‘ਚ ਪੈਣ ਲੱਗੀ ਪੰਜਾਬ ਦੀ ਝਲਕ

ਵੈਨਕੂਵਰ : (ਬਰਾੜ-ਭਗਤਾ ਭਾਈ ਕਾ) ਪੰਜਾਬ ਦੀਆਂ ਸਰਕਾਰਾਂ ਪੰਜਾਬ ਨੂੰ ਕੈਨੇਡਾ ਜਾਂ ਫਿਰ ਕੈਲੀਫੋਰਨੀਆਂ ਬਣਾਉਣ ਦੇ ਲਾਰੇ ਲਾ ਲਾ ਕੇ ਵੋਟਾਂ ਵਟੋਰ ਕੇ ਜਿੱਤ ਜਾਣ ਪਿੱਛੋਂ ਕੀਤੇ ਸਾਰੇ ਵਾਅਦਿਆਂ ਨੂੰ ਭੁੱਲ ਜਾਂਦੀਆਂ ਰਹੀਆਂ, ਪਰ ਅਜੇ ਤੱਕ ਪੰਜਾਬ ਨਾ ਤਾਂ ਕੈਨੇਡਾ ਬਣ ਸਕਿਆ ਤੇ ਨਾ ਕੀ ਕੈਲੀਫੋਰਨੀਆਂ।
ਪਿਛਲੇ ਡੇਢ ਦਹਾਕੇ ਤੋਂ ਪਰਵਾਸੀ ਪੰਜਾਬੀ ਕੈਨੇਡਾ ਦੀ ਸਿਆਸਤ ‘ਚ ਪੰਜਾਬ ਵਾਲੀਆਂ ਗਤੀਵਿਧੀਆਂ ਨੂੰ ਅਪਣਾਉਂਦੇ ਆ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਪਿਛਲੀਆਂ ਚੋਣਾਂ ‘ਚ ਕਈ ਜਗ੍ਹਾ ਸ਼ਰਾਬ ਵੀ ਵਰਤਾਏ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਤੋਂ ਇਲਾਵਾ ਸ਼ਰਾਬ ਨਾਲ ਅਫੀਮ ਵਰਗੇ ਨਸ਼ੇ ਵੀ ਖਾਣ ਨੂੰ ਮਿਲੇ ਦੱਸੇ ਜਾਂਦੇ ਗਏ ਸਨ। ਇਹ ਸਭ ਕੁਝ ਪੰਜਾਬੀਆਂ ਵੱਲੋਂ ਚੋਣਾਂ ਜਿੱਤਣ ਲਈ ਕੀਤਾ ਗਿਆ ਸੀ ਅਤੇ ਉਸ ਤੋਂ ਪਿੱਛੋਂ ਬੀ.ਸੀ. ਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੌਰਾਨ ਵੀ ਅਜਿਹਾ ਕਾਫੀ ਕੁਝ ਦੇਖਣ ਨੂੰ ਮਿਲਿਆ ਜਿਹੜਾ ਕਿ ਪੰਜਾਬ ‘ਚ ਚੋਣਾਂ ਵੇਲੇ ਆਮ ਹੀ ਹੁੰਦਾ ਹੈ, ਜਿਵੇਂ ਕਿ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਵਰਤਾਏ ਜਾਣਾ, ਘਰ ਘਰ ਜਾ ਕੇ ਰੱਤ ਨੂੰ ਰੁਪਏ ਵੰਡਣੇ, ਖੇਤਾਂ ‘ਚੋਂ ਪੱਠੇ ਵਢਾਉਣੇ, ਘਰੋਂ ਕਣਕ ਚੁਕਵਾਉਣੀ, ਹਰ ਕਿਸਮ ਦੀਆਂ ਘਰਾਂ ‘ਚ ਆਮ ਵਰਤਣ ਵਾਲੀਆਂ ਵਸਤਾਂ ਲੈ ਕੇ ਦੇਣੀਆਂ ਅਤੇ ਕੁੜੀਆਂ ਮੁੰਡਿਆਂ ਦੇ ਵਿਆਹਾਂ ‘ਚ ਪੈਸੇ ਖਰਚਣੇ ਆਦਿ ਸ਼ਾਮਲ ਹਨ। ਖਾਸ ਕਰਕੇ ਸਰੀ ਅਤੇ ਐਬਟਸਫੋਰਡ ‘ਚ ਅਜਿਹਾ ਕੁਝ ਤਾਂ ਹਰ ਚੋਣਾਂ ‘ਚ ਆਮ ਹੀ ਦੇਖਿਆ ਜਾ ਸਕਦਾ ਹੈ। ਇਸ ਪਿੱਛੋਂ ਪੰਜਾਬੀ ਉਮੀਦਵਾਰਾਂ ਨੇ 2015 ਦੀਆਂ ਫੈਡਰਲ ਚੋਣਾਂ ‘ਚ ਉਮੀਦਵਾਰੀ ਹਾਸਲ ਕਰਨ ਲਈ ਨੌਮੀਨੇਸ਼ਨ ਚੋਣਾਂ ‘ਚ ਜਾਅਲੀ ਵੋਟਾਂ ਬਣਾ ਕੇ ਨੌਮੀਨੇਸ਼ਨ ਚੋਣ ਜਿੱਤਣ ਦੀ ਕੋਸ਼ਿਸ ਵੀ ਕੀਤੀ ਗਈ ਸੀ, ਚੋਣ ਜਿੱਤ ਵੀ ਗਏ ਪਰ ਇਸ ਦੁਰਵਰਤੋਂ ਦੀ ਡੂੰਘਾਈ ਨਾਲ ਕੀਤੀ ਗਈ ਪੜਤਾਲ ਤੋਂ ਜਿੱਤੇ ਹੋਏ ਨੌਮੀਨੇਟਰ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ।
ਹੁਣ 20 ਅਕਤੂਬਰ ਨੂੰ ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਵੱਖ ਵੱਖ ਸ਼ਹਿਰਾਂ ‘ਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੇ ਪੂਰਾ ਜ਼ੋਰ ਫੜ੍ਹਿਆ ਹੋਇਆ ਹੈ ਜਿਸ ਵਿੱਚ ਪੰਜਾਬੀ ਉਮੀਦਵਾਰਾਂ ਨੇ ਚੋਣਾਂ ਜਿੱਤਣ ਲਈ ਇਸ ਵਾਰ ਤਾਂ ਹੱਦਾਂ ਹੀ ਪਾਰ ਕਰ ਦਿੱਤੀਆਂ। ਕਿਸੇ ਤੇਜ ਦਿਮਾਗ ਦੀ ਕਾਢ ਦਾ ਉਸ ਵੇਲੇ ਪਰਦਾ ਫਾਸ਼ ਹੋ ਗਿਆ ਜਦੋਂ ਪਤਾ ਲੱਗਿਆ ਕਿ ਘਰ ਬੈਠਿਆਂ ਨੂੰ ਫਾਰਮ ਭੇਜ ਕੇ ਆਪਣੇ ਹੱਕ ‘ਚ ਵੋਟਾਂ ਹਾਸਲ ਕਰਨ ਦਾ ਇੱਕ ਅਨੋਖਾ ਤਰੀਕਾ ਜੱਗ ਜਾਹਰ ਹੋ ਗਿਆ। ਇਨ੍ਹਾਂ ਚੋਣਾਂ ‘ਚ ਤਾਂ ਪੰਜਾਬੀ ਚੋਣਾਂ ਜਿੱਤਣ ਲਈ ਉਹ ਸਾਰੇ ਤਰੀਕੇ ਵਰਤ ਰਹੇ ਹਨ ਜਿਹੜੇ ਕਿ ਪੰਜਾਬ ‘ਚ ਵਰਤੇ ਜਾਂਦੇ ਹਨ। ਇਸ ਵਾਰ ਇੰਨ੍ਹਾਂ ਸਿਟੀ ਅਤੇ ਸਕੂਲ ਟਰੱਸਟੀ ਚੋਣਾਂ ਦੌਰਾਨ ਸਰੀ ‘ਚ ਸਿਟੀ ਵੱਲੋਂ ਕਈ ਉਨ੍ਹਾਂ ਉਮੀਦਵਾਰਾਂ ਦੇ ਬੋਰਡ ਵੀ ਪੁੱਟ ਦਿੱਤੇ ਗਏ ਜਿਹੜੇ ਕਿ ਸਿਟੀ ਦੀ ਜਗ੍ਹਾ ‘ਚ ਨਜ਼ਾਇਜ ਲੱਗੇ ਹੋਏ ਸਨ। ਚੋਣਾਂ ਹੋਣ ਵਿੱਚ ਅਜੇ ਦੋ ਹਫ਼ਤੇ ਦਾ ਸਮਾਂ ਰਹਿੰਦਾ ਹੈ। ਵੇਖਦੇ ਹਾਂ ਉਦੋਂ ਤੱਕ ਕਿਹੜਾ ਘਿਉ ਕਪੂਰੀ ਰੰਗ ਉਘੜੇਗਾ ਅਤੇ ਪਰਵਾਸੀ ਪੰਜਾਬੀ ਕਿਹੜਾ ਗਲੋਟਾ ਉਧੇਣਗੇ।