ਦੁਨੀਆਂ ਵਾਲੇ ਬੁਰੇ

ਦੁਨੀਆਂ ਵਾਲੇ ਬੁਰੇ

ਦੁਨੀਆਂ ਵਾਲੇ ਬੁਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !
ਭੋਲੇ ਭੋਲੇ ਨੈਣ ਜਿਨ੍ਹਾਂ ਦੇ,
ਮਿੱਠੇ ਮਿੱਠੇ ਬੈਨ ਜਿਨ੍ਹਾਂ ਦੇ,
ਸੰਨ੍ਹਾਂ ਮਾਰਨ ਤੁਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !
ਦਿਨ ਨੂੰ ਚਿੜੀਆਂ ਕੋਲੋਂ ਡਰਦੇ,
ਰਾਤ ਪਵੇ ਤੇ ਨਦੀਆਂ ਤਰਦੇ,
ਲਭਦੇ ਖੋਜ ਨਾ ਖੁਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !
ਗਲ ਵਿਚ ਮਾਲਾ ਤਿਲਕਾਂ ਵਾਲੇ,
ਉਪਰੋਂ ਬਗਲੇ ਅੰਦਰੋਂ ਕਾਲੇ,
ਬਗਲਾਂ ਦੇ ਵਿਚ ਛੁਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !
ਜਿੰਨੇ ਦਰਦੀ ਓਨੇ ਵੈਰੀ,
ਜਿੰਨੇ ਛੋਟੇ ਓਨੇ ਜ਼ਹਿਰੀ,
‘ਨੂਰਪੁਰੀ’ ਰਹੁ ਉਰੇ ।
ਓਏ ਬਾਬਾ ! ਦੁਨੀਆਂ ਵਾਲੇ ਬੁਰੇ !
‘ਨੰਦ ਲਾਲ ਨੂਰਪੁਰੀ’