ਹੀਰ

ਹੀਰ

ਆਉਣ ਦੇ ਨੀ ‘ਸਹਿਤੀਏ’,
ਜੋਗੀ ਨੂੰ ਅਗੇ ਆਉਣ ਦੇ ।
ਡੁਬੇ ਹੋਏ ਬੰਦਿਆਂ ਦੇ,
ਬੇੜੇ ਬੰਨੇ ਲਾਉਣ ਦੇ ।
‘ਰਾਂਝਣ’ ਦੇ ਬੋਲ ਵਾਂਗ,
ਏਸ ਦਾ ਭੀ ਬੋਲ ਵੇ ।
ਸੁਣਦਿਆਂ ਈ ਵਾਜ ਮੇਰੀ,
ਜਿੰਦ ਗਈ ਡੋਲ ਵੇ ।
ਮੇਰੀ ਖਲ ਲਾਹ ਕੇ ਇਹਨੂੰ,
ਜੁਤੀਆਂ ਮੜ੍ਹੌਣ ਦੇ ।
ਆਉਣ ਦੇ ਨੀ ‘ਸਹਿਤੀਏ’,
ਜੋਗੀ ਨੂੰ ਅਗੇ ਆਉਣ ਦੇ ।
ਡੁਬੇ ਹੋਏ ਬੰਦਿਆਂ ਦੇ,
ਬੇੜੇ ਬੰਨੇ ਲਾਉਣ ਦੇ ।
ਲਾਹ ਕੇ ਇਹਦੀ ਅਲਫੀ,
ਦੁਸ਼ਾਲੇ ਗਲ ਪਾ ਦਿਆਂ ।
ਪਾਟੀ ਜਿਹੀ ਗੋਦੜੀ ਨੂੰ,
ਹੀਰੇ ਪੰਨੇ ਲਾ ਦਿਆਂ ।
ਇਕ ਵਾਰੀ ਹੀਰੇ ਹੀਰੇ
ਕਹਿ ਕੇ ਤੇ ਬੁਲਾਉਣ ਦੇ ।
ਆਉਣ ਦੇ ਨੀ ‘ਸਹਿਤੀਏ’,
ਜੋਗੀ ਨੂੰ ਅਗੇ ਆਉਣ ਦੇ ।
ਡੁਬੇ ਹੋਏ ਬੰਦਿਆਂ ਦੇ,
ਬੇੜੇ ਬੰਨੇ ਲਾਉਣ ਦੇ ।
ਚਿਪੀ ਇਹਦੀ ਭਰਦਿਆਂ,
ਮੈਂ ਪਾ ਕੇ ਰੂਪ ਆਪਣਾ ।
‘ਨੂਰਪੁਰੀ’ ਅੱਖੀਆਂ ਨਾ,
ਰਹਿੰਦੀਆਂ ਨੇ ਪਾਪਣਾਂ ।
ਗਲ ਨਾਲ ਲਾ ਕੇ ਸਾਨੂੰ,
ਮਾਹੀ ਨੂੰ ਹੰਢਾਉਣ ਦੇ ।
ਆਉਣ ਦੇ ਨੀ ‘ਸਹਿਤੀਏ’,
ਜੋਗੀ ਨੂੰ ਅਗੇ ਆਉਣ ਦੇ।
ਡੁਬੇ ਹੋਏ ਬੰਦਿਆਂ ਦੇ,
ਬੇੜੇ ਬੰਨੇ ਲਾਉਣ ਦੇ ।

‘ਨੰਦ ਲਾਲ ਨੂਰਪੁਰੀ’