ਮਾਂ ਦਾ ਹੀ ਅਕਸ ਹੈ ਧੀ

ਮਾਂ ਦਾ ਹੀ ਅਕਸ ਹੈ ਧੀ

ਧੀ ਅਤੇ ਪੁੱਤਰ ਕੁਦਰਤ ਦੀ ਨਿਆਮਤ ਹਨ, ਪਰ ਇੱਕ ਮਾਂ ਅਤੇ ਧੀ ਦੀ ਸਾਂਝ ਹੀ ਨਿਰਾਲੀ ਹੁੰਦੀ ਹੈ। ਉਹ ਧੀ ਦੇ ਜ਼ਰੀਏ ਆਪਣਾ ਆਪ ਦੁਬਾਰਾ ਜਿਉਂਦੀ ਹੈ। ਉਹ ਬਚਪਨ ਦੀਆਂ ਸ਼ਰਾਰਤਾਂ ਅਤੇ ਜਵਾਨੀ ਦੀਆਂ ਉਮੰਗਾਂ ਧੀ ਜ਼ਰੀਏ ਹੀ ਇੱਕ ਵਾਰ ਫਿਰ ਤੋਂ ਮਾਣਦੀ ਹੈ। ਉਸ ਨੂੰ ਧੀ ਵਿੱਚ ਆਪਣਾ ਹੀ ਰੂਪ ਨਜ਼ਰ ਆਉਂਦਾ ਹੈ।
ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਕਿ ਇੱਕ ਮਾਂ ਸਿਰਫ਼ ਆਪਣੀ ਧੀ ਨਾਲ ਹੀ ਕਰ ਸਕਦੀ ਹੈ। ਘਰ ਵਿੱਚ ਅਜਿਹਾ ਕੋਈ ਹੋਰ ਹੁੰਦਾ ਹੀ ਨਹੀਂ ਜਿਸ ਨਾਲ ਉਹ ਬੇਪਰਵਾਹ ਹੋ ਕੇ ਸੁਖ-ਦੁਖ ਸਾਝਾਂ ਕਰ ਸਕੇ। ਇਹੀ ਦਿਲੀ ਸਾਂਝ ਇਸ ਰਿਸ਼ਤੇ ਨੂੰ ਹੋਰ ਵੀ ਮਿੱਠਾ ਅਤੇ ਨਿੱਘਾ ਬਣਾ ਦਿੰਦੀ ਹੈ। ਭਾਵੇਂ ਅੱਜ ਬਹੁਗਿਣਤੀ ਲੋਕ ਧੀਆਂ ਜੰਮਣ ਤੋਂ ਇਨਕਾਰੀ ਹੋ ਗਏ ਹਨ, ਪਰ ਕੁਝ ਘਰ ਅਜਿਹੇ ਵੀ ਹਨ ਜਿੱਥੇ ਧੀਆਂ ਨੂੰ ਪਿਆਰ, ਸਤਿਕਾਰ ਨਾਲ ਨਿਵਾਜਿਆ ਜਾਂਦਾ ਹੈ। ਬਿਨਾਂ ਕਿਸੇ ਵਿਤਕਰੇ ਤੋਂ ਪਾਲਿਆ ਜਾਂਦਾ ਹੈ। ਉਨ੍ਹਾਂ ਘਰਾਂ ਵਿੱਚ ਹਮੇਸ਼ਾਂ ਬਰਕਤਾਂ ਬਰਕਰਾਰ ਰਹਿੰਦੀਆਂ ਹਨ। ਅੱਜ ਦੇ ਪਦਾਰਥਵਾਦੀ ਅਤੇ ਨਿਰਮੋਹ ਭਰੇ ਜ਼ਮਾਨੇ ਵਿੱਚ ਜਿਸ ਘਰ ਦੀ ਨੂੰਹ, ਧੀ ਅਤੇ ਮਾਂ ਬੈਠ ਕੇ ਠਹਾਕਿਆਂ ਦੀ ਸਾਂਝ ਪਾਉਂਦੀਆਂ ਹਨ। ਉਹ ਭਾਗਾਂ ਭਰਿਆ ਵਿਹੜਾ ਕਿਸੇ ਸਵਰਗ ਤੋਂ ਘੱਟ ਨਹੀਂ।
ਇੱਕ ਸਿਆਣੀ ਅਤੇ ਸੁਚੱਜੀ ਮਾਂ ਹਮੇਸ਼ਾਂ ਆਪਣੀ ਧੀ ਨੂੰ ਕੰਮਕਾਜ ਵਿੱਚ ਨਿਪੁੰਨ, ਸਮਝਦਾਰ ਅਤੇ ਜ਼ਿੰਮੇਵਾਰ ਬਣਾਉਣਾ ਲੋਚਦੀ ਹੈ ਕਿਉਂਕਿ ਜ਼ਿੰਦਗੀ ਦੇ ਅਗਲੇ ਪੰਧ ਵਿੱਚ ਉਸ ਨੇ ਸਹੁਰੇ ਘਰ ਵਿੱਚ ਵਿਚਰਦਿਆਂ ਨਵੇਂ ਰਿਸ਼ਤਿਆਂ ਨਾਲ ਸਾਂਝ ਪਾਉਣੀ ਹੁੰਦੀ ਹੈ ਅਤੇ ਆਪਣੀ ਲਿਆਕਤ ਨਾਲ ਸਹੁਰੇ ਘਰ ਵਿੱਚ ਨਿਵੇਕਲੀ ਪਛਾਣ ਬਣਾਉਣੀ ਹੁੰਦੀ ਹੈ। ਇਸ ਪੰਧ ‘ਤੇ ਗੈਰ-ਜ਼ਿੰਮੇਵਾਰ ਹੁੰਦਿਆਂ ਸਭ ਤੋਂ ਪਹਿਲਾਂ ਉਸ ਨੂੰ ਇਹੀ ਮਿਹਣਾ ਮਾਰਿਆ ਜਾਂਦਾ ਹੈ ਕਿ ‘ਤੇਰੀ ਮਾਂ ਨੇ ਤੈਨੂੰ ਕੁਝ ਸਿਖਾਇਆ ਨਹੀਂ’? ਇੱਕ ਮਾਂ ਦੀ ਸਮੁੱਚੀ ਸ਼ਖ਼ਸੀਅਤ ਦਾ ਧੀ ਉੱਤੇ ਬੜਾ ਡੂੰਘਾ ਅਸਰ ਹੁੰਦਾ ਹੈ ਕਿਉਂਕਿ ਬਚਪਨ ਤੋਂ ਜਵਾਨੀ ਤਕ ਦੇ ਸਫ਼ਰ ਦੌਰਾਨ ਧੀ ਆਪਣੀ ਮਾਂ ਦੀ ਛਤਰ-ਛਾਇਆ ਹੇਠ ਹੀ ਪਲਦੀ ਹੈ। ਜਿਸ ਬਦਕਿਸਮਤ ਧੀ ਦੀ ਮਾਂ ਸਮੇਂ ਤੋਂ ਪਹਿਲਾਂ ਹੀ ਉਸ ਦਾ ਸਾਥ ਛੱਡ ਜ਼ਿੰਦਗੀ ਦਾ ਪੰਧ ਮੁਕਾ ਜਾਂਦੀ ਹੈ, ਉਹ ਧੀ ਅਕਸਰ ਆਪਣੀ ਉਮਰ ਨਾਲੋਂ ਜ਼ਿਆਦਾ ਸਿਆਣੀ ਹੋ ਨਿਬੜਦੀ ਹੈ। ਇੱਕ ਆਗਿਆਕਾਰੀ, ਸੁਚੱਜੀ ਅਤੇ ਹੋਣਹਾਰ ਧੀ ਕਿਸੇ ਖ਼ਜ਼ਾਨੇ ਨਾਲੋਂ ਘੱਟ ਨਹੀਂ ਹੁੰਦੀ। ਜਦੋਂ ਇੱਕ ਮਾਂ ਆਪਣੀ ਧੀ ਨੂੰ ਆਪਣੇ ਪੈਰਾਂ ‘ਤੇ ਖਲੋ ਕੇ ਜ਼ਿੰਦਗੀ ਵਿੱਚ ਕੋਈ ਮੁਕਾਮ ਹਾਸਿਲ ਕਰਦੇ ਹੋਏ ਤੱਕਦੀ ਹੈ, ਉਦੋਂ ਮਾਂ ਲਈ ਇਸ ਤੋਂ ਵੱਡੀ ਮਾਣ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ।
ਜਦੋਂ ਧੀ ਬਾਬਲ ਦਾ ਵਿਹੜਾ ਛੱਡ ਸਹੁਰੇ ਘਰ ਦਾ ਸ਼ਿੰਗਾਰ ਬਣਦੀ ਹੈ, ਉਦੋਂ ਮਾਂ ਦੇ ਦਿਲ ਦੇ ਵੈਰਾਗ ਨੂੰ ਕੁਝ ਵੀ ਠੱਲ ਨਹੀਂ ਪਾ ਸਕਦਾ, ਕਈ ਦਿਨ ਘਰ ਸੁੰਨਾ ਪ੍ਰਤੀਤ ਹੁੰਦਾ ਹੈ, ਪਰ ਮਾਂ ਦੇ ਦਿਲ ਨੂੰ ਤਸੱਲੀ ਹੁੰਦੀ ਹੈ ਕਿ ਧੀ ਦਾ ਕਾਰਜ ਨਿਰਵਿਘਨ ਮੁਕੰਮਲ ਹੋ ਗਿਆ। ਜਿਸ ਤਰ੍ਹਾਂ ਇੱਕ ਮਾਲੀ ਲਈ ਸਭ ਤੋਂ ਸੁਖਦਾਈ ਪਲ ਉਹ ਹੁੰਦਾ ਹੈ,ਜਦੋਂ ਉਸ ਦੇ ਲਗਾਏ ਅਤੇ ਪਾਲੇ ਹੋਏ ਬੂਟੇ ਨੂੰ ਫ਼ਲ ਲੱਗਦਾ ਹੈ, ਉਸੇ ਤਰ੍ਹਾਂ ਇੱਕ ਮਾਂ ਲਈ ਉਹ ਪਲ ਭਾਗਾਂ ਭਰੇ ਹੁੰਦੇ ਹਨ, ਜਦੋਂ ਉਹ ਨਾਨੀ ਜਾਂ ਦਾਦੀ ਬਣਦੀ ਹੈ। ਇਸ ਮੌਕੇ ਧੀ ਆਪਣੀ ਮਾਂ ਦੇ ਸਾਥ ਨੂੰ ਸਭ ਤੋਂ ਜ਼ਿਆਦਾ ਲੋਚਦੀ ਹੈ ਕਿਉਂਕਿ ਹੁਣ ਉਹ ਖ਼ੁਦ ਵੀ ਇੱਕ ਮਾਂ ਬਣ ਚੁੱਕੀ ਹੁੰਦੀ ਹੈ।