Copyright & copy; 2019 ਪੰਜਾਬ ਟਾਈਮਜ਼, All Right Reserved
ਮਾਪਿਆਂ ਵਲੋਂ ਬੱਚਿਆਂ ਦੇ ਉੱਜਵਲ ਭਵਿੱਖ ਪ੍ਰਤੀ ਸੰਜੋਏ ਸੁਪਨੇ ਸਾਰਥਿਕ ਹੋਣ ਕਿਵੇਂ?

ਮਾਪਿਆਂ ਵਲੋਂ ਬੱਚਿਆਂ ਦੇ ਉੱਜਵਲ ਭਵਿੱਖ ਪ੍ਰਤੀ ਸੰਜੋਏ ਸੁਪਨੇ ਸਾਰਥਿਕ ਹੋਣ ਕਿਵੇਂ?

ਅਕਸਰ ਹਰ ਮਾਂ-ਬਾਪ ਨੇ ਦਿਲੀ ਸੁਪਨੇ ਸੰਜੋਏ ਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਤੰਦਰੁਸਤ, ਸੂਝਵਾਨ, ਆਗਿਆਕਾਰੀ ਹੋਣ। ਚੰਗਾ ਪੜ੍ਹ-ਲਿਖ ਕੇ ਅਫਸਰ, ਡਾਕਟਰ ਜਾਂ ਸਫ਼ਲ ਬਿਜ਼ਨੈਸਮੈਨ ਬਣਨ। ਉਨ੍ਹਾਂ ਦਾ ਭਵਿੱਖ ਉੱਜਵਲ ਹੋਵੇ ਅਤੇ ਉਹ ਮਾਪਿਆਂ ਦੇ ਬੁਢਾਪੇ ਦੀ ਮਜ਼ਬੂਤ ਲਾਠੀ ਵਾਲਾ ਰੋਲ ਵੀ ਭਲੀਭਾਂਤ ਅਦਾ ਕਰਨ। ਜੇ ਦੇਖਿਆ ਜਾਵੇ ਤਾਂ ਘਰ ਵਿਚ ਬੱਚਿਆਂ ਦੇ ਸਭ ਤੋਂ ਪਹਿਲੇ ਅਤੇ ਪ੍ਰਪੱਕ ਰੋਲ ਮਾਡਲ ਮਾਪੇ ਹੀ ਹੁੰਦੇ ਹਨ। ਜੋ ਮਾਪੇ ਆਪਣਾ ਇਹ ਰੋਲ ਸਹੀ ਤਰੀਕੇ ਨਾਲ ਨਿਭਾਅ ਪਾਉਂਦੇ ਹਨ, ਉਨ੍ਹਾਂ ਦੇ ਬੱਚੇ ਜਿਥੇ ਸਫਲਤਾ ਦੀਆਂ ਮੰਜ਼ਿਲਾਂ ਸਹਿਜੇ ਹੀ ਸਰ ਕਰ ਜਾਂਦੇ ਹਨ, ਉਥੇ ਹੀ ਸਭ ਦੇ ਦਿਲਾਂ ‘ਤੇ ਰਾਜ ਵੀ ਕਰਦੇ ਹਨ। ਆਦਰਸ਼ ਮਾਪਿਆਂ ਦੇ ਬੱਚਿਆਂ ਪ੍ਰਤੀ ਕੀ ਫਰਜ਼ ਹਨ? ਚੰਗੀ ਤਰ੍ਹਾਂ ਜਾਨਣ-ਸਮਝਣ ਦੀ ਲੋੜ ਹੈ।
ਮੰਨ ਲਵੋ… ਤੁਹਾਡਾ ਬੱਚਾ ਛੋਟਾ ਹੈ ਯਾਨੀ ਕਿ ਜਨਮ ਤੋਂ 5 ਸਾਲ ਦੀ ਉਮਰ ਵਿਚਾਲੇ ਹੈ ਤਾਂ ਉਸ ਨੂੰ ਖੂਬ ਲਾਡ-ਪਿਆਰ ਦੀ ਲੋੜ ਹੁੰਦੀ ਹੈ। 5 ਤੋਂ 10 ਸਾਲ ਉਮਰ ਵਿਚ ਹੈ ਤਾਂ ਉਸ ਵਲੋਂ ਕੀਤੀ ਗ਼ਲਤੀ ਦਾ ਪਿਆਰ ਪੂਰਵਕ ਅਹਿਸਾਸ ਕਰਵਾਉਂਦਿਆਂ ਹਰ ਗੱਲ ਸਮਝਾਓ। ਬੱਚਾ 10 ਤੋਂ 20 ਸਾਲ ਦੀ ਉਮਰ ਵਿਚ ਹੈ ਤਾਂ ਚੰਗੇ ਦੋਸਤ ਬਣ ਕੇ ਉਸ ਦਾ ਸਾਥ ਨਿਭਾਓ। ਕਈ ਘਰਾਂ ਵਿਚ ਤਾਂ ਬੱਚੇ ਦੇ ਮਨ ਵਿਚ ਪਿਤਾ ਦਾ ਡਰ ਹਊਆ ਬਣਾ ਕੇ ਹੀ ਰੱਖਿਆ ਜਾਂਦਾ ਹੈ, ਜੋ ਕਿ ਗ਼ਲਤ ਹੈ, ਕਿਉਂਕਿ ਜੇਕਰ ਬੱਚੇ ਦੇ ਮਨ ਵਿਚ ਇਹ ਡਰ ਇਕ ਵਾਰੀ ਬੈਠ ਗਿਆ ਤਾਂ ਉਹ ਆਪਣੇ ਪਿਤਾ ਨਾਲ ਨਜ਼ਰਾਂ ਮਿਲਾਉਣ ਅਤੇ ਦਿਲ ਦੀ ਕੋਈ ਵੀ ਗੱਲ ਸਾਂਝੀ ਕਰਨ ਤੋਂ ਕੰਨੀ ਕਤਰਾਉਂਦਾ ਹੀ ਰਹੇਗਾ। ਇਥੇ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਮਾਪਿਆਂ ਵਲੋਂ ਆਪਣੇ ਬੱਚਿਆਂ ਨੂੰ ਕਾਮਯਾਬ ਸ਼ਖ਼ਸੀਅਤ ਬਣਾਉਣ ਅਤੇ ਉੱਜਵਲ ਭਵਿੱਖ ਸਿਰਜਣ ਪ੍ਰਤੀ ਜੋ ਸੁਪਨੇ ਆਪਣੇ ਮਨਾਂ ‘ਚ ਸੰਜੋਏ ਹੁੰਦੇ ਹਨ, ਉਨ੍ਹਾਂ ਦਾ ਬੱਚਿਆਂ ‘ਤੇ ਕੀ ਅਸਰ ਹੁੰਦਾ ਹੈ? ਅਤੇ ਮਾਪੇ ਆਪਣਾ ਬਣਦਾ ਰੋਲ ਕਿਵੇਂ ਨਿਭਾਉਣ? ਮਾਪਿਆਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਲਈ ਲੋੜੀਂਦਾ ਸਮਾਂ ਕੱਢਦਿਆਂ ਉਨ੍ਹਾਂ ਸਮੇਤ ਘੁੰਮਣ-ਫਿਰਨ, ਖ਼ਰੀਦਦਾਰੀ ਅਤੇ ਛੁੱਟੀਆਂ ਮਨਾਉਣ ਲਈ ਜਾਣ ਅਤੇ ਉਨ੍ਹਾਂ ਦੀ ਪਸੰਦ-ਨਾ ਪਸੰਦ ਦਾ ਖਿਆਲ ਰੱਖਣ। ਇਸ ਤਰ੍ਹਾਂ ਜਿਥੇ ਬੱਚਿਆਂ ਦਾ ਤੁਹਾਡੇ ਨਾਲ ਮੋਹ-ਪਿਆਰ ਦਾ ਰਿਸ਼ਤਾ ਗੂੜ੍ਹਾ ਹੋਵੇਗਾ, ਉਥੇ ਹੀ ਉਨ੍ਹਾਂ ਦੇ ਦਿਲਾਂ ਵਿਚ ਸਮਾਜ ਅਤੇ ਤੁਹਾਡੇ ਪ੍ਰਤੀ ਪ੍ਰਤੀਬੱਧਤਾ ਵੀ ਪੈਦਾ ਹੋਵੇਗੀ। ਕਈ ਵਾਰ ਤਾਂ ਦੇਖਣ-ਸੁਣਨ ਵਿਚ ਆਉਂਦਾ ਹੈ ਕਿ ਕੁਝ ਮਾਪੇ ਆਪਣੇ ਬੱਚਿਆਂ ਦੀ ਅੰਦਰੂਨੀ ਸਮਰੱਥਾ, ਯੋਗਤਾ ਤੋਂ ਕਈ ਗੁਣਾ ਵਧੇਰੇ ਆਸ ਕਰਦਿਆਂ ਪੜ੍ਹਾਈ ‘ਚੋਂ ਪਹਿਲੇ ਨੰਬਰ, ਮੈਰਿਟ ‘ਚ ਆਉਣ ਜਾਂ ਖੇਡਾਂ ‘ਚੋਂ ਪੁਜ਼ੀਸ਼ਨ ਹਾਸਲ ਕਰਨ ਆਦਿ ਸਬੰਧੀ ਬੇਲੋੜਾ ਦਬਾਅ ਬਣਾ ਕੇ ਰੱਖਦੇ ਹਨ, ਜਿਸ ਸਦਕਾ ਜਿਥੇ ਬੱਚਾ ਸਹਿਮਿਆ, ਤਣਾਅ, ਹੀਣਭਾਵਨਾ ਗ੍ਰਸਤ, ਚਿੜਚਿੜਾ ਅਤੇ ਚੁੱਪਚਾਪ ਜਿਹਾ ਰਹਿਣ ਲਗਦਾ ਹੈ, ਉਥੇ ਹੀ ਇਹ ਅਗਿਆਨਤਾਵੱਸ ਪਾਇਆ ਜਾ ਰਿਹਾ ਦਬਾਅ ਬੱਚੇ ਦੇ ਪੈਰਾਂ ਲਈ ਇਕ ਤਰ੍ਹਾਂ ਦੀ ਬੇੜੀ ਵੀ ਬਣ ਸਕਦਾ ਹੈ। ਮੁੱਕਦੀ ਗੱਲ ਹੈ ਕਿ ਮਾਪੇ ਬੱਚਿਆਂ ਲਈ ਮੁਢਲੇ ਅਤੇ ਭਰੋਸੇਯੋਗ ਰਾਹ ਦਸੇਰੇ ਹਨ। ਜੇ ਉਹ ਆਪਣਾ ਇਹ ਰੋਲ ਸਿਆਣਪ ਨਾਲ ਨਿਭਾਉਣ ਵਿਚ ਸਫਲ ਹੁੰਦੇ ਹਨ ਤਾਂ ਆਪਣੇ ਮਨਾਂ ਵਿਚ ਬੱਚਿਆਂ ਦੇ ਉਜਵਲ ਭਵਿੱਖ ਪ੍ਰਤੀ ਸੰਜੋਏ ਸੁਪਨੇ ਇੰਨ-ਬਿੰਨ ਸਿਰਜ ਅਤੇ ਸਾਕਾਰ ਕਰ ਲੈਂਦੇ ਹਨ।