Copyright & copy; 2019 ਪੰਜਾਬ ਟਾਈਮਜ਼, All Right Reserved
ਨਹੁੰ ਤੰਦਰੁਸਤ ਤਾਂ ਤੁਸੀਂ ਵੀ ਤੰਦਰੁਸਤ

ਨਹੁੰ ਤੰਦਰੁਸਤ ਤਾਂ ਤੁਸੀਂ ਵੀ ਤੰਦਰੁਸਤ

ਸਿਹਤ ਦੇ ਮਾਮਲੇ ਵਿਚ ਨਹੁੰਆਂ ਦਾ ਵਿਸ਼ੇਸ਼ ਮਹੱਤਵ ਪਹਿਲਾਂ ਵੀ ਸੀ ਅਤੇ ਅੱਜ ਵੀ ਹੈ। ਡਾਕਟਰ ਰੋਗੀ ਦਾ ਮੁਆਇਨਾ ਕਰਦੇ ਸਮੇਂ ਮਹਿੰਗੀਆਂ ਸੂਖਮਦਰਸ਼ੀ ਮਸ਼ੀਨਾਂ ਦੀ ਵਰਤੋਂ ਕਰਨ ਜਾਂ ਨਾ ਕਰਨ ਪਰ ਉਹ ਹਰ ਰੋਗੀ ਦੇ ਨਹੁੰਆਂ ਦਾ ਮੁਆਇਨਾ ਜ਼ਰੂਰ ਕਰਦੇ ਹਨ। ਨਹੁੰਆਂ ਨੂੰ ਪਿਆਰ ਨਾਲ ਤਰਾਸ਼ੋ ਅਤੇ ਕੋਮਲਤਾ ਨਾਲ ਸੰਵਾਰੋ। ਇਹ ਤੰਦਰੁਸਤ ਹਨ ਤਾਂ ਇਸ ਦਾ ਅਰਥ ਹੈ ਕਿ ਤੁਸੀਂ ਵੀ ਤੰਦਰੁਸਤ ਹੋ।
ਨਹੁੰਆਂ ਦੀ ਤੰਦਰੁਸਤੀ ਦੇ ਵਿਸ਼ੇ ਵਿਚ ਲਾਪ੍ਰਵਾਹੀ ਨਾ ਵਰਤੋ, ਕਿਉਂਕਿ ਇਹ ਅੰਦਰੂਨੀ ਗੜਬੜੀਆਂ ਦੇ ਸਭ ਤੋਂ ਵੱਡੇ ਲੱਛਣ ਹੁੰਦੇ ਹਨ। ਤੰਦਰੁਸਤ ਨਹੁੰ ਬਿਨਾਂ ਮਹਿੰਗੀ ਸਜਾਵਟ ਦੇ ਵੀ ਮੋਤੀਆਂ ਵਰਗੀ ਹਲਕੀ ਅਤੇ ਖੁਸ਼ਨੁਮਾ ਚਮਕ ਦੇ ਨਾਲ ਸੁੰਦਰ ਦਿਖਾਈ ਦਿੰਦੇ ਹਨ।
ਕੀ ਤੁਸੀਂ ਜਾਣਦੇ ਹੋ ਕਿ ਕਿਊਟੀਕਲ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਣ ‘ਤੇ ਨਹੁੰਆਂ ਦਾ ਆਧਾਰ ਵੀ ਕਮਜ਼ੋਰ ਹੋ ਜਾਂਦਾ ਹੈ। ਜਦੋਂ ਕਮਜ਼ੋਰ ਜਾਂ ਨੁਕਸਾਨਿਆ ਕਿਊਟੀਕਲ ਉਖੜਨ ਲਗਦਾ ਹੈ ਤਾਂ ਉਸੇ ਜਗ੍ਹਾ ਤੋਂ ਨਹੁੰਆਂ ਦੇ ਅੰਦਰ ਸੰਕ੍ਰਮਣ ਹੋ ਸਕਦਾ ਹੈ, ਜੋ ਸਿਰਫ ਨਹੁੰ ਹੀ ਨਹੀਂ, ਪੂਰੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨਹੁੰਆਂ ਦਾ ਬੁਰਾ ਹਾਲ ਨਜ਼ਰ ਆਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਰੀਰ ਵਿਚ ਪ੍ਰੋਟੀਨ ਦੀ ਕਮੀ ਹੈ। ਸਾਡੇ ਲਈ ਭੋਜਨ ਵਿਚ ਹਮੇਸ਼ਾ ਭਰਪੂਰ ਪ੍ਰੋਟੀਨ ਲੈਣਾ ਜ਼ਰੂਰੀ ਹੈ। ਸਰੀਰ ਵਿਚ ਖੂਨ ਦੀ ਕਮੀ ਦਾ ਨਹੁੰਆਂ ਦੀ ਹਾਲਤ ਤੋਂ ਪਤਾ ਲੱਗ ਜਾਂਦਾ ਹੈ। ਇਥੋਂ ਤੱਕ ਕਿ ਪੀਲੀਏ ਦੇ ਲੱਛਣ ਵੀ ਨਹੁੰਆਂ ਤੋਂ ਪਤਾ ਲੱਗ ਜਾਂਦੇ ਹਨ।
ਫੂਹੜਪਨ ਨਾਲ ਲਗਾਤਾਰ ਨਹੁੰ ਕੁਤਰਦੇ ਜਾਂ ਚਬਾਉਂਦੇ ਰਹਿਣ ਨਾਲ ਨਹੁੰਆਂ ਵਿਚ ‘ਮਾਈਕ੍ਰੋਟ੍ਰੋਮਾ’ ਨਾਮਕ ਗੜਬੜੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਇਕ ਤਾਂ ਨਹੁੰਆਂ ਦੀ ਸਤਹ ਖਰਾਬ ਹੁੰਦੀ ਹੈ, ਦੂਜਾ ਕਦੇ-ਕਦੇ ਪੂਰਾ ਨਹੁੰ ਹੀ ਡਿਗ ਜਾਂਦਾ ਹੈ। ਨਹੁੰਆਂ ‘ਤੇ ਖੜ੍ਹੀਆਂ-ਖੜ੍ਹੀਆਂ ਧਾਰੀਆਂ ਇਸ ਗੱਲ ਦੀਆਂ ਸੂਚਕ ਹਨ ਕਿ ਸਾਡੇ ਹੱਥ ਸਖ਼ਤ ਸਾਬਣ ਦੇ ਸੰਪਰਕ ਵਿਚ ਬਰਾਬਰ ਆ ਰਹੇ ਹਨ।
ਹਮੇਸ਼ਾ ਗੰਦੇ ਪਾਣੀ ਦੇ ਸੰਪਰਕ ਨਾਲ ਵੀ ਨਹੁੰ ਖੁਰਦਰੇ ਅਤੇ ਬਦਸੂਰਤ ਹੋ ਜਾਂਦੇ ਹਨ। ਚਮੜੀ ਹਮੇਸ਼ਾ ਗਿੱਲੀ ਰਹੇ ਤਾਂ ਉੱਥੇ ਇਕ ਤਰ੍ਹਾਂ ਦੀ ਉੱਲੀ ਪੈਦਾ ਹੋ ਕੇ ਨਹੁੰਆਂ ਨੂੰ ਖਰਾਬ ਕਰ ਦਿੰਦੀ ਹੈ।
ਨਹੁੰ ਹਰ ਰੋਜ਼ ਵਧਦੇ ਹਨ। ਇਹ ਗਰਮੀ ਵਿਚ, ਸਰਦੀਆਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਵਧਦੇ ਹਨ। ਜਵਾਨੀ ਵਿਚ ਵਾਧਾ ਜ਼ਿਆਦਾ ਹੁੰਦਾ ਹੈ ਅਤੇ ਬੁਢਾਪੇ ਵਿਚ ਘੱਟ। ਇਨ੍ਹਾਂ ਬਾਰੇ ਇਕ ਦਿਲਚਸਪ ਗੱਲ ਇਹ ਵੀ ਹੈ ਕਿ ਲੰਬੇ ਲੋਕਾਂ ਦੇ ਨਹੁੰ ਤੇਜ਼ੀ ਨਾਲ ਵਧਦੇ ਹਨ ਅਤੇ ਮਧਰਿਆਂ ਦੇ ਹੌਲੀ। ਲੰਬੀਆਂ ਉਂਗਲੀਆਂ ਹੋਣ ਤਾਂ ਵਾਧਾ ਤੇਜ਼ੀ ਨਾਲ ਹੁੰਦਾ ਹੈ, ਇਸੇ ਕਰਕੇ ਵਿਚਕਾਰਲੀ ਉਂਗਲੀ ਦਾ ਨਹੁੰ ਸਭ ਤੋਂ ਤੇਜ਼ੀ ਨਾਲ ਵਧਦਾ ਹੈ, ਕਿਉਂਕਿ ਉਹ ਸਭ ਤੋਂ ਲੰਬੀ ਹੁੰਦੀ ਹੈ।
ਨਹੁੰਆਂ ਦੀ ਦੇਖਭਾਲ ਕਿਵੇਂ ਕਰੀਏ?
ਨਹੁੰਆਂ ਦੀ ਦੇਖਭਾਲ ਸਬੰਧੀ ਕੁਝ ਪੁਰਾਣੀਆਂ ਅਤੇ ਕੁਝ ਇਕਦਮ ਨਵੀਆਂ ਜਾਣਕਾਰੀਆਂ ਇਸ ਤਰ੍ਹਾਂ ਹਨ-
– ਨਹੁੰਆਂ ਨੂੰ ਤੰਦਰੁਸਤ ਰੱਖਣ ਲਈ ਉਨ੍ਹਾਂ ਨੂੰ ਨਿਯਮਤ ਕੱਟਦੇ ਰਹੋ। ਹੱਥਾਂ ਅਤੇ ਪੈਰਾਂ ਦੋਵਾਂ ਦੇ ਹੀ ਨਹੁੰਆਂ ਨੂੰ ਕਿਨਾਰਿਆਂ ਤੋਂ ਗੋਲ ਨਾ ਕੱਟੋ, ਸਗੋਂ ਸਿੱਧਾ ਹੀ ਕੱਟੋ।
– ਇਨ੍ਹਾਂ ਨੂੰ ਹਮੇਸ਼ਾ ਇਮਰੀ ਬੋਰਡ ਨਾਲ ਹੀ ਫਾਈਲ ਕਰੋ।
– ਜੇ ਨਹੁੰ ਬਦਰੰਗ ਜਿਹੇ ਲਗਦੇ ਹੋਣ ਤਾਂ ਹਰ ਹਾਲਤ ਵਿਚ ਇਨ੍ਹਾਂ ਨੂੰ ਇਕ-ਦੋ ਮਹੀਨੇ ਤੱਕ ਬਿਲਕੁਲ ਖੁੱਲ੍ਹਾ, ਰੰਗ ਮੁਕਤ ਹੀ ਛੱਡੋ।
– ਨਹੁੰਆਂ ਨੂੰ ਪਾਣੀ ਦੇ ਜ਼ਿਆਦਾ ਸੰਪਰਕ ਤੋਂ ਬਚਾਓ। ਹਰ ਵਾਰ ਪਾਣੀ ਨਾਲ ਕੰਮ ਕਰਨ ਤੋਂ ਬਾਅਦ ਹੱਥ ਪੂੰਝ ਕੇ ਇਨ੍ਹਾਂ ਨੂੰ ਸੁਕਾਓ।
– ਨਹੁੰਆਂ ਨੂੰ ਸੰਦਾਂ ਦੀ ਤਰ੍ਹਾਂ ਕਦੇ ਵੀ ਨਾ ਵਰਤੋ। ਇਨ੍ਹਾਂ ਨੂੰ ਖੁਰਚਣ, ਖੋਦਣ ਜਾਂ ਡੱਬੇ ਖੋਲ੍ਹਣ ਦੇ ਕੰਮ ਵਿਚ ਨਾ ਲਿਆਓ।
– ਗਰਮ ਜਾਂ ਠੰਢੇ ਤਰਲ ਨੂੰ ਚੈੱਕ ਕਰਨ ਲਈ ਹਰ ਵਾਰ ਨਹੁੰਆਂ ਨੂੰ ਹੀ ਡੁਬਾਉਣਾ ਗ਼ਲਤ ਹੈ।
– ਦੰਦਾਂ ਨਾਲ ਨਹੁੰਆਂ ਨੂੰ ਚਬਾਉਣਾ ਅਸ਼ੁੱਭ ਹੈ। ਅਜਿਹੀ ਆਦਤ ਛੱਡ ਦਿਓ।
ਨਹੁੰਆਂ ਦਾ ਵੀ ਓਨਾ ਹੀ ਖਿਆਲ ਰੱਖੋ, ਜਿੰਨਾ ਤੁਸੀਂ ਉਂਗਲੀਆਂ ਦਾ ਰੱਖਦੇ ਹੋ। ਨਹੁੰਆਂ ਨੂੰ ਪਿਆਰ ਨਾਲ ਤਰਾਸ਼ੋ ਅਤੇ ਕੋਮਲਤਾ ਨਾਲ ਸੰਵਾਰੋ। ਇਹ ਤੰਦਰੁਸਤ ਹਨ ਤਾਂ ਇਸ ਦਾ ਅਰਥ ਹੈ ਕਿ ਤੁਸੀਂ ਵੀ ਤੰਦਰੁਸਤ ਹੋ।