Copyright © 2019 - ਪੰਜਾਬੀ ਹੇਰਿਟੇਜ
ਸਰੀਰਕ ਤੇ ਮਾਨਸਿਕ ਥਕਾਵਟ ਦੂਰ ਕਿਵੇਂ ਹੋਵੇ?

ਸਰੀਰਕ ਤੇ ਮਾਨਸਿਕ ਥਕਾਵਟ ਦੂਰ ਕਿਵੇਂ ਹੋਵੇ?

ਥਕਾਵਟ ਦੇ ਕਈ ਕਾਰਨ ਹਨ। ਸਾਰਾ ਦਿਨ ਭੱਜ-ਦੌੜ ਦੀ ਜ਼ਿੰਦਗੀ ਕਾਰਨ ਬਹੁਤੇ ਲੋਕ ਆਪਣੇ-ਆਪ ਨੂੰ ਥੱਕੇ ਹੋਏ ਮਹਿਸੂਸ ਕਰਦੇ ਹਨ। ਅਸੀਂ ਇਨ੍ਹਾਂ ਨੂੰ ਦੋ ਹਿੱਸਿਆਂ ਵਿਚ ਵੰਡ ਸਕਦੇ ਹਾਂ। ਪਹਿਲਾਂ ਉਹ ਲੋਕ ਆਉਂਦੇ ਹਨ ਜੋ ਸਰੀਰਕ ਮਿਹਨਤ ਵਧੇਰੇ ਕਰਦੇ ਹਨ ਅਤੇ ਦੂਸਰੇ ਉਹ ਲੋਕ ਹਨ, ਜੋ ਦਿਮਾਗੀ ਮਿਹਨਤ ਵਧੇਰੇ ਕਰਦੇ ਹਨ। ਇਸ ਲਗਾਤਾਰ ਭੱਜ-ਦੌੜ ਦੀ ਆਧੁਨਿਕ ਜ਼ਿੰਦਗੀ ਵਿਚ ਸਰੀਰਕ ਅਤੇ ਮਾਨਸਿਕ ਥਕਾਨ ਨੂੰ ਦੂਰ ਕਰਨ ਦੇ ਲਈ ਅਸੀਂ ਮਨੋਰੰਜਨ ਅਤੇ ਆਰਾਮ ਦਾ ਸਹਾਰਾ ਲੈਂਦੇ ਹਾਂ, ਫਿਰ ਵੀ ਸਾਨੂੰ ਤਾਜ਼ਗੀ ਨਹੀਂ ਮਿਲਦੀ। ਕੁਝ ਲੋਕ ਸਮਝਦੇ ਹਨ ਕਿ ਅਸੀਂ ਕੰਮ ਕਰਨ ਨਾਲ ਥੱਕਦੇ ਹਾਂ ਪਰ ਅਜਿਹਾ ਨਹੀਂ ਹੈ, ਕਿਉਂਕਿ ਵਿਹਲੇ ਬੈਠਣ ਵਾਲਾ ਵਿਅਕਤੀ ਵੀ ਥੱਕ ਜਾਂਦਾ ਹੈ।
ਦਰਅਸਲ ਸਾਨੂੰ ਥਕਾਵਟ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਸਾਡੀ ਕੰਮ ਕਰਨ ਦੀ ਯੋਗਤਾ ਘਟ ਜਾਂਦੀ ਹੈ ਪਰ ਮਨੋਵਿਗਿਆਨਕ ਥਕਾਨ ਦਾ ਕਾਰਨ ਰੁਚੀ ਅਤੇ ਅਣਇੱਛਾ ਨਾਲ ਕੰਮ ਕਰਵਾਉਣਾ ਮੰਨਦੇ ਹਨ। ਸਰੀਰਕ ਥਕਾਨ ਸਾਨੂੰ ਤਦ ਹੁੰਦੀ ਹੈ ਜਦੋਂ ਅਸੀਂ ਆਪਣੇ ਅੰਗਾਂ ਦੁਆਰਾ ਆਪਣੀ ਸ਼ਕਤੀ ਤੋਂ ਜ਼ਿਆਦਾ ਕੰਮ ਕਰਦੇ ਹਾਂ। ਨਤੀਜੇ ਵਜੋਂ ਸਾਡੇ ਅੰਗ ਢਿੱਲੇ ਪੈ ਜਾਂਦੇ ਹਨ ਅਤੇ ਸਰੀਰ ਵਿਚ ਚੁਸਤੀ ਖਤਮ ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਸਾਡੀਆਂ ਮਾਸਪੇਸ਼ੀਆਂ ਅਤੇ ਦਿਮਾਗ ਵਿਚ ਲੈਕਟਿਕ ਐਸਿਡ ਨਾਂਅ ਦਾ ਤੱਤ ਬਣਨ ਲਗਦਾ ਹੈ ਅਤੇ ਜੇਕਰ ਇਸ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਸਰੀਰ ਨੂੰ ਭਿਆਨਕ ਬਿਮਾਰੀ ਲੱਗਣ ਦਾ ਖਤਰਾ ਰਹਿੰਦਾ ਹੈ। ਵੈਸੇ ਸਰੀਰ ਦੀ ਅਜਿਹੀ ਹਾਲਤ ਹੁੰਦੀ ਹੈ ਕਿ ਸਰੀਰ ਵਿਚ ਆਇਆ ਵਿਕਾਰ ਆਪਣੇ-ਆਪ ਹੀ ਕੁਝ ਸਮੇਂ ਬਾਅਦ ਖਤਮ ਹੋ ਜਾਂਦਾ ਹੈ।
ਮਾਨਸਿਕ ਥਕਾਨ ਅਣਮੰਨੇ ਮਨ ਨਾਲ ਕੰਮ ਕਰਨ ਕਰਕੇ ਹੁੰਦੀ ਹੈ। ਜਾਂ ਬਿਮਾਰੀ ਦੀ ਹਾਲਤ ਵਿਚ ਕੰਮ ਕਰਨ ਨਾਲ ਹੁੰਦੀ ਹੈ ਜਾਂ ਸਮਰੱਥਾ ਤੋਂ ਵੱਧ ਕੰਮ ਕਰਨ ਨਾਲ ਹੋ ਸਕਦੀ ਹੈ। ਇਹ ਬਿਰਧ ਅਵਸਥਾ ਵਿਚ ਵੀ ਹੋ ਸਕਦੀ ਹੈ। ਇਨ੍ਹਾਂ ਕਾਰਨਾਂ ਤੋਂ ਇਲਾਵਾ ਮਾਨਸਿਕ ਥਕਾਨ ਕਈ ਬਿਮਾਰੀਆਂ ਕਰਕੇ ਵੀ ਹੁੰਦੀ ਹੈ, ਜਿਵੇਂ ਖੂਨ ਦੀ ਕਮੀ, ਕਬਜ਼, ਮਾਨਸਿਕ ਅਸਥਿਰਤਾ, ਥਾਇਰਾਇਡ ਆਦਿ ਨਾਲ ਪਰ ਕੁਝ ਸਾਡੀਆਂ ਗਲਤ ਆਦਤਾਂ ਕਰਕੇ ਵੀ ਥਕਾਨ ਹੁੰਦੀ ਹੈ, ਜਿਵੇਂ ਗਰਮ ਅਤੇ ਉਤੇਜਿਕ ਪਦਾਰਥਾਂ ਦਾ ਸੇਵਨ, ਅਸੰਤੁਲਤ ਭੋਜਨ ਲੈਣਾ, ਕਈ ਕੰਮ ਇਕੋ ਸਮੇਂ ਕਰ ਲੈਣਾ। ਥਕਾਨ ਤੋਂ ਬਚਣ ਦੇ ਕਈ ਆਸਾਨ ਉਪਾਅ ਹਨ ਪਰ ਬਹੁਤੇ ਲੋਕ ਮਾਨਸਿਕ ਅਤੇ ਸਰੀਰਕ ਥਕਾਨ ਨੂੰ ਦੂਰ ਭਜਾਉਣ ਦੇ ਲਈ ਕੜਕ ਚਾਹ, ਸਿਗਰਿਟ, ਤੰਬਾਕੂ, ਪਾਨ, ਤਰ੍ਹਾਂ-ਤਰ੍ਹਾਂ ਦੇ ਡਰਿੰਕਸ, ਸ਼ਰਾਬ, ਭੰਗ ਆਦਿ ਦਾ ਸਹਾਰਾ ਲੈਂਦੇ ਹਨ ਪਰ ਇਹ ਸਭ ਕੁਝ ਸਮੇਂ ਲਈ ਲਾਭ ਪਹੁੰਚਾਉਂਦੇ ਹਨ ਅਤੇ ਸਿਹਤ ‘ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਥਕਾਨ ਦੂਰ ਕਰਨ ਦੇ ਲਈ ਸਾਨੂੰ ਆਪਣੇ ਕੰਮਾਂ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ। ਜ਼ਰੂਰੀ ਕੰਮਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਇਕ-ਇਕ ਕਰਕੇ ਨਿਪਟਾਉਣਾ ਚਾਹੀਦਾ ਹੈ। ਜੇਕਰ ਕੰਮ ਕਰਦੇ ਸਮੇਂ ਥਕਾਨ ਮਹਿਸੂਸ ਹੋਵੇ ਤਾਂ ਥੋੜ੍ਹਾ ਆਰਾਮ ਕਰ ਲੈਣਾ ਚਾਹੀਦਾ ਹੈ। ਇਨ੍ਹਾਂ ਸਭ ਤੋਂ ਇਲਾਵਾ ਥਕਾਨ ਦੂਰ ਕਰਨ ਦਾ ਉਪਾਅ ਮਨੋਰੰਜਨ ਵੀ ਹੈ, ਜਿਸ ਦੇ ਲਈ ਹੇਠ ਲਿਖੇ ਢੰਗ ਅਪਣਾਏ ਜਾ ਸਕਦੇ ਹਨ-
ਆਪਣੀ ਮਨਪਸੰਦ ਦੀ ਖੇਡ ਖੇਡਣਾ, ਕਿਤਾਬ ਪੜ੍ਹਨਾ, ਮਨਪਸੰਦ ਦੀ ਕੋਈ ਚੀਜ਼ ਪੀਣਾ, ਟੀ. ਵੀ.-ਸਿਨੇਮਾ ਦੇਖਣਾ ਅਤੇ ਚੰਗੀ ਨੀਂਦ ਲੈਣਾ ਆਦਿ। ਪੌਸ਼ਟਿਕ ਭੋਜਨ, ਦੁੱਧ, ਛੋਲੇ, ਪਪੀਤਾ, ਹਰੀਆਂ ਸਬਜ਼ੀਆਂ, ਫਲ ਆਦਿ ਲੈਣੇ ਚਾਹੀਦੇ ਹਨ। ਥਕਾਨ ਬਹੁਤੀ ਹੋਣ ‘ਤੇ ਡਾਕਟਰ ਤੋਂ ਚੈਕਅੱਪ ਕਰਵਾਓ। ਇਕ ਹੀ ਕੰਮ ਨੂੰ ਬਹੁਤ ਦੇਰ ਤੱਕ ਨਾ ਕਰੋ, ਕਿਉਂਕਿ ਮਨ ਉਸ ਕੰਮ ਤੋਂ ਅੱਕ ਜਾਂਦਾ ਹੈ। ਰੋਜ਼ ਠੰਢੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਸਵੇਰੇ ਖੁੱਲ੍ਹੀ ਹਵਾ ਵਿਚ ਟਹਿਲਣਾ ਚਾਹੀਦਾ ਹੈ। ਨਸ਼ੀਲੇ ਪਦਾਰਥਾਂ ਨੂੰ ਤਿਆਗ ਦਿਉ। ਨਿੰਬੂ ਜਾਂ ਔਲੇ ਦਾ ਸੇਵਨ, ਮਨੋਰੰਜਨ ਆਦਿ ਥਕਾਵਟ ਦੂਰ ਕਰਨ ਦੇ ਉਪਾਅ ਹਨ।