ਸਿੱਧੂ ਮੂਸੇਵਾਲਾ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਏ ਲੱਖਾਂ ਲੋਕ

ਸਿੱਧੂ ਮੂਸੇਵਾਲਾ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਏ ਲੱਖਾਂ ਲੋਕ

ਮਾਨਸਾ, : ਅੰਤਾਂ ਦੀ ਗਰਮੀ ਤੋਂ ਬੇਪ੍ਰਵਾਹ ਲੱਖਾਂ ਲੋਕ ਅੱਜ ਸਿੱਧੂ ਮੂਸੇਵਾਲਾ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਏ ਅਤੇ ਆਪਣੇ ਮਹਿਬੂਬ ਗਾਇਕ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਮਾਨਸਾ ਦੀ ਪੁਰਾਣੀ ਅਨਾਜ ਮੰਡੀ ਵਿਚ ਹਰ ਪਾਸੇ ਲੋਕਾਂ ਦੇ ਇਕੱਠ ਨਜ਼ਰ ਆ ਰਿਹਾ ਸੀ ਜੋ ਸਿਰਫ਼ ਪੰਜਾਬ ਹੀ ਨਹੀਂ ਸਗੋਂ ਮੁਲਕ ਦੇ ਕੋਨੇ ਕੋਨੇ ਤੋਂ ਪੁੱਜੇ ਹੋਏ ਸਨ।
ਪਿਤਾ ਬਲਕੌਰ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅੱਜ ਤੱਕ ਨਹੀਂ ਪਤਾ ਕਿ ਸ਼ੁਭਦੀਪ ਸਿੰਘ ਦਾ ਕਤਲ ਆਖਰ ਕਿਉਂ ਕੀਤਾ ਗਿਆ ਪਰ ਨਾਲ ਹੀ ਜ਼ੋਰ ਦੇ ਕੇ ਆਖਿਆ ਕਿ ਇਨਸਾਫ਼ ਵਾਸਤੇ ਲੜਾਈ ਅੰਤ ਤੱਕ ਜਾਰੀ ਰਹੇਗੀ।
ਬਲਕੌਰ ਸਿੰਘ ਨੇ ਪੰਜਾਬ ਸਰਕਾਰ ਵਿਚ ਉਚ ਅਹੁਦਿਆਂ ‘ਤੇ ਬੈਠੇ ਲੋਕਾਂ ਨੂੰ ਸੁਚੇਤ ਕੀਤਾ ਕਿ ਅੱਜ ਮੇਰਾ ਪੁੱਤ ਗਿਆ ਹੈ, ਕਲ ਨੂੰ ਤੁਹਾਡਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਪਤਨੀ ਨਾਲ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨ ਦਾ ਯਤਨ ਕਰਨਗੇ।
ਸ਼ੁਭਦੀਪ ਸਿੰਘ ਦੇ ਬਚਪਨ ਦੀਆਂ ਗੱਲਾਂ ਚੇਤੇ ਕਰਦਿਆਂ ਉਨ੍ਹਾਂ ਆਖਿਆ ਕਿ ਜਦੋਂ ਉਸ ਨੇ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਪਿੰਡ ਤੋਂ ਸਿੱਧੀ ਬੱਸ ਮਾਨਸਾ ਨਹੀਂ ਜਾਂਦੀ ਸੀ ਅਤੇ ਉਹ ਸਾਈਕਲ ‘ਤੇ ਉਸ ਨੂੰ ਸਕੂਲ ਛੱਡਣ ਜਾਂਦੇ।