ਰੁਝਾਨ ਖ਼ਬਰਾਂ
ਕੁਝ ਘੰਟੇ ਦਾ ਸਰਵਰ ਡਾਊਨ ਜ਼ਕਰਬਰਗ ਨੂੰ ਪਿਆ 7 ਅਰਬ ਡਾਲਰ ‘ਚ

ਕੁਝ ਘੰਟੇ ਦਾ ਸਰਵਰ ਡਾਊਨ ਜ਼ਕਰਬਰਗ ਨੂੰ ਪਿਆ 7 ਅਰਬ ਡਾਲਰ ‘ਚ

ਵਾਸ਼ਿੰਗਟਨ : ਬੀਤੇ ਦਿਨੀਂ ਫੇਸਬੁੱਕ, ਇੰਸਟਾਗ੍ਰਾਮ ਅਤੇ ਵੱਟਸਐਪ ਸਰਵਰ ਡਾਊਨ ਹੋਣ ਕਾਰਨ ਦੁਨੀਆ ਭਰ ਵਿਚ ਇਸ ਦੀ ਵਰਤੋਂ ਕਰਨ ਵਾਲੇ ਕਰੋੜਾਂ ਲੋਕਾਂ ਨੂੰ ਕਈ ਘੰਟੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਸ ਸਾਰੇ ਘਟਨਾਕ੍ਰਮ ਕਾਰਨ ਕੁਝ ਘੰਟਿਆਂ ਵਿਚ ਹੀ ਮਾਰਕ ਜ਼ੁਕਰਬਰਗ ਦੀ ਨਿੱਜੀ ਜਾਇਦਾਦ ‘ਚ 7 ਅਰਬ ਡਾਲਰ ਦੀ ਭਾਰੀ ਗਿਰਾਵਟ ਆ ਗਈ, ਜਿਸ ਨਾਲ ਜ਼ੁਕਰਬਰਗ ਦੁਨੀਆ ਦੇ ਅਮੀਰ ਲੋਕਾਂ ਦੀ ਸੂਚੀ ਵਿਚ ਇਕ ਨੰਬਰ ਹੇਠਾਂ ਆ ਗਿਆ। ਫੇਸਬੁੱਕ ਕੰਪਨੀ ਦਾ ਸ਼ੇਅਰ ਤਕਰੀਬਨ 5 ਪ੍ਰਤੀਸ਼ਤ ਡਿਗ ਗਿਆ। ਸਟਾਕ ਸਲਾਈਡ ਨੇ ਜ਼ੁਕਰਬਰਗ ਦੀ ਕੁੱਲ ਸੰਪਤੀ 120.9 ਅਰਬ ਡਾਲਰ ਤੱਕ ਪਹੁੰਚਾ ਦਿੱਤੀ, ਜਿਸ ਨਾਲ ਉਹ ਹੁਣ ਨੰਬਰ 5 ‘ਤੇ ਆ ਗਿਆ। ਇੰਡੈਕਸ ਅਨੁਸਾਰ ਉਸ ਨੇ 13 ਸਤੰਬਰ ਤੋਂ ਅੱਜ ਤੱਕ 19 ਅਰਬ ਡਾਲਰ ਦੀ ਸੰਪਤੀ ਗੁਆ ਲਈ ਹੈ, ਜਦੋਂ ਕਿ ਪਹਿਲਾਂ ਉਸ ਦੀ ਕੀਮਤ 140 ਅਰਬ ਡਾਲਰ ਦੀ ਸੀ। ਅੱਜ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਅੱਜ ਫੇਸਬੁੱਕ, ਵੱਟਸਐਪ ਅਤੇ ਇੰਸਟਾਗ੍ਰਾਮ ਦੇ ਬੰਦ ਹੋਣ ਕਾਰਨ ਆਪਣੇ ਕਰੋੜਾਂ ਲੋਕਾਂ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਹੈ ਕਿ ਸਾਡਾ ਸਿਸਟਮ ਬੰਦ ਹੋਣ ਕਾਰਨ ਤੁਸੀਂ ਆਪਣੇ ਪਿਆਰਿਆਂ ਨਾਲ ਨਹੀਂ ਜੁੜ ਸਕੇ, ਜਿਸ ਕਾਰਨ ਤੁਹਾਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਗੋਂ ਅਜਿਹਾ ਨਾ ਹੋਵੇ ਇਸ ਦੇ ਪ੍ਰਬੰਧ ਕੀਤੇ ਜਾ ਰਹੇ ਹਨ।