Copyright © 2019 - ਪੰਜਾਬੀ ਹੇਰਿਟੇਜ
ਟਰੰਪ ਨੂੰ 2020 ਦੀਆਂ ਚੋਣਾਂ ‘ਚ ਜ਼ਰੂਰ ਹਰਾ ਦਿੰਦੀ : ਹਿਲੇਰੀ

ਟਰੰਪ ਨੂੰ 2020 ਦੀਆਂ ਚੋਣਾਂ ‘ਚ ਜ਼ਰੂਰ ਹਰਾ ਦਿੰਦੀ : ਹਿਲੇਰੀ

ਵਾਸ਼ਿੰਗਟਨ  : ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਜ਼ਾਕ ਉਡਾ ਕੇ ਉਨ੍ਹਾਂ ਦੇ ਵਿਅੰਗ ਦਾ ਜਵਾਬ ਦਿੱਤਾ ਹੈ। ਅਸਲ ‘ਚ ਟਰੰਪ ਨੇ ਇਕ ਟਵੀਟ ‘ਚ ਕਲਿੰਟਨ ਨੂੰ 2020 ਦੀ ਰਾਸ਼ਟਰਪਤੀ ਚੋਣ ‘ਚ ਸ਼ਾਮਲ ਹੋਣ ਦੀ ਚੁਣੌਤੀ ਦਿੱਤੀ ਸੀ। ਇਕ ਇੰਟਰਵਿਊ ਦੌਰਾਨ ਮਜ਼ਾਕੀਆ ਲਹਿਜ਼ੇ ‘ਚ ਇਸਦਾ ਜਵਾਬ ਦਿੰਦੇ ਹੋਏ ਕਲਿੰਟਨ ਨੇ ਕਿਹਾ, ‘ਬਿਲਕੁਲ, ਮੈਂ ਉਨ੍ਹਾਂ ਨੂੰ ਫਿਰ ਤੋਂ ਹਰਾ ਸਕਦੀ ਹਾਂ।’ 2016 ਦੀ ਚੋਣ ‘ਚ ਹਿਲੇਰੀ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਰਹੇ ਸਨ। 2008 ‘ਚ ਵੀ ਉਨ੍ਹਾਂ ਨੇ ਦਾਅਵੇਦਾਰੀ ਠੋਕੀ ਸੀ। ਇਨ੍ਹਾਂ ਦੋ ਨਾਕਾਮ ਕੋਸ਼ਿਸ਼ਾਂ ਦੇ ਬਾਅਦ ਹਿਲੇਰੀ ਨੇ ਇਸ ਵਾਰੀ ਖੁਦ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਅਲੱਗ ਕਰ ਲਿਆ ਹੈ। ਆਪਣੇ ਉੱਪਰ ਮਹਾਦੋਸ਼ ਦੀ ਜਾਂਚ ਨੂੰ ਲੈ ਕੇ ਟਰੰਪ ਲਗਾਤਾਰ ਡੈਮੋਕ੍ਰੇਟਿਕ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਮੰਗਲਵਾਰ ਨੂੰ ਕਲਿੰਟਨ ‘ਤੇ ਵਿਅੰਗ ਕਰਦੇ ਹੋਏ ਟਰੰਪ ਨੇ ਟਵੀਟ ਕੀਤਾ, ‘ਮੈਨੂੰ ਲੱਗਦਾ ਹੈ ਕਿ ਹਿਲੇਰੀ ਕਲਿੰਟਨ ਨੂੰ ਫਿਰ ਤੋਂ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਸ਼ਾਮਲ ਹੋਣਾ ਚਾਹੀਦਾ ਹੈ। ਇਸਦੇ ਲਈ ਸਿਰਫ਼ ਇਕ ਹੀ ਸ਼ਰਤ ਹੈ। ਉਨ੍ਹਾਂ ਨੂੰ ਆਪਣੇ ਸਾਰੇ ਅਪਰਾਧਾਂ ‘ਤੇ ਸਫਾਈ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਕਹਿਣਾ ਚਾਹੀਦਾ ਹੈ ਕਿ ਸੰਮਨ ਮਿਲਣ ‘ਤੇ ਉਨ੍ਹਾਂ ਨੇ 33 ਹਜ਼ਾਰ ਈਮੇਲ ਨੂੰ ਡਿਲੀਟ ਕਿਉਂ ਕਰ ਦਿੱਤਾ ਸੀ।’ ਹਿਲੇਰੀ ਨੇ ਟਰੰਪ ਦੀ ਇਸ ਗੱਲ ਦਾ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ, ‘ਮੈਨੂੰ ਨਾ ਸਿਖਾਓ। ਆਪਣਾ ਕੰਮ ਕਰੋ। ਮੈਨੂੰ ਕੋਈ ਸੰਮਨ ਨਹੀਂ ਮਿਲਿਆ। ਜਾਂ ਤਾਂ ਉਹ ਝੂਠ ਬੋਲ ਰਹੇ ਹਨ ਜਾਂ ਭਰਮ ਦਾ ਸ਼ਿਕਾਰ ਹਨ।’ ਉਨ੍ਹਾਂ ਇਹ ਵੀ ਕਿਹਾ ਕਿ ਸ਼ਾਇਦ ਟਰੰਪ ਨੂੰ ਨਿੱਜੀ ਨਫ਼ਰਤਾਂ ਤੋਂ ਹੀ ਪ੍ਰਰੇਰਣਾ ਮਿਲਦੀ ਹੈ। ਹਿਲੇਰੀ ਨੇ ਟਰੰਪ ‘ਤੇ ਦੇਸ਼ ਦੀ ਪ੍ਰਭੂਸੱਤਾ ਕਮਜ਼ੋਰ ਕਰਨ ਅਤੇ ਵਿਦੇਸ਼ ਨੀਤੀ ਨੂੰ ਪਲਟਣ ਦਾ ਵੀ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਟਰੰਪ ‘ਤੇ ਮਹਾਦੋਸ਼ ਬਾਰੇ ਚੱਲ ਰਹੀ ਜਾਂਚ ਦੀ ਹਮਾਇਤ ਵੀ ਕੀਤੀ। ਹਿਲੇਰੀ ਨੇ ਕਿਹਾ ਕਿ ਸੰਸਦ ਨਿਯਮ ਦੇ ਤਹਿਤ ਕੰਮ ਕਰ ਰਹੀ ਹੈ ਅਤੇ ਸਾਰਿਆਂ ਨੂੰ ਉਸਦੀ ਪ੍ਰਕਿਰਿਆ ਦਾ ਸਨਮਾਨ ਕਰਨਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇਕ ਵ੍ਹਿਸਲ ਬਲੋਅਰ ਦੀ ਸ਼ਿਕਾਇਤ ਦੇ ਕਾਰਨ ਸੰਸਦ ਟਰੰਪ ਖ਼ਿਲਾਫ਼ ਜਾਂਚ ਕਰ ਰਹੀ ਹੈ।